ਗੋਨਿਆਣਾ, 6 ਸਤੰਬਰ (ਲਛਮਣ ਦਾਸ ਗਰਗ)-ਗੋਨਿਆਣਾ ਨਿਵਾਸੀ ਅੱਜ ਕੱਲ ਬੱਸ ਆਪ੍ਰੇਟਰਾਂ ਦੀ ਨਜਾਇਜ਼ ਮਨਮਾਨੀਆਂ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਚੁੱਕੇ ਹਨ, ਕਿਉਂਕਿ ਬੱਸ ਆਪ੍ਰੇਟਰਾਂ ਨੇ ਅੱਜ-ਕੱਲ੍ਹ ਬਠਿੰਡਾ ਤੋਂ ਗੋਨਿਆਣਾ ਲਈ ਨਾ ਚੜਾਉਣਾ ਅਤੇ ਪ੍ਰੈਸ਼ਰ ਹਾਰਨਾਂ ਦੀ ਨਜਾਇਜ਼ ਵਰਤੋਂ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ, ਹਾਲਾਤ ਉਸ ਵੇਲੇ ਹੋਰ ਗੰਭੀਰ ਹੋ ਗਏ ਜਦੋਂ ਗੋਨਿਆਣਾ ਰਾਹੀਂ ਗੁਜ਼ਰਣ ਵਾਲੀਆਂ ਕਈ ਬੱਸਾਂ ਨੇ ਮੰਡੀ ਦੀਆਂ ਸਵਾਰੀਆਂ ਚੜ੍ਹਾਉਣ ਤੋਂ ਸਿੱਧਾ ਇਨਕਾਰ ਕਰ ਦਿੱਤਾ, ਜਿਸ ਨਾਲ ਸਥਾਨਕ ਲੋਕਾਂ ਵਿਚ ਭਾਰੀ ਰੋਸ ਦੀ ਲਹਿਰ ਦੌੜ ਗਈ | ਲੋਕਾਂ ਨੇ ਦਾਅਵਾ ਕੀਤਾ ਕਿ ਇਹ ਨਾ ਕੇਵਲ ਸਵਾਰੀਆਂ ਨਾਲ ਧੱਕੇਸ਼ਾਹੀ ਹੈ, ਬਲਕਿ ਟਰਾਂਸਪੋਰਟ ਨਿਯਮਾਂ ਦੀ ਸਿੱਧੀ ਉਲੰਘਣਾ ਹੈ | ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਸਮਾਜ ਸੇਵੀ ਵਿਪਿਨ ਕੁਮਾਰ ਚੀਕੂ ਨੇ ਤੁਰੰਤ ਬੱਸ ਅੱਡਾ ਦੇ ਇੰਚਾਰਜ ਖੁਸ਼ਵੰਤ ਸਿੰਘ ਜੀਦਾ ਕੋਲ ਪਹੁੰਚੇ ਅਤੇ ਸਾਰੀ ਸਥਿਤੀ ਨੂੰ ਵਿਸਥਾਰ ਨਾਲ ਰੱਖਿਆ | ਗੱਲਬਾਤ ਦੌਰਾਨ ਉਨ੍ਹਾਂ ਮੰਨਿਆ ਕਿ ਇਹ ਸ਼ਿਕਾਇਤ ਵਾਜਿਬ ਹੈ ਅਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਕਿਸੇ ਵੀ ਸਵਾਰੀ ਨਾਲ ਇਸ ਤਰ੍ਹਾਂ ਦਾ ਨਜਾਇਜ਼ ਰਵੱਈਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਜੇ ਕੋਈ ਬੱਸ ਚਾਲਕ ਜਾਂ ਅਪਰੇਟਰ ਫ਼ਿਰ ਵੀ ਇਸ ਤਰ੍ਹਾਂ ਦੀ ਹਰਕਤ ਕਰਦਾ ਪਾਇਆ ਗਿਆ ਤਾਂ ਉਸ ਦੇ ਬੱਸ ਨੰਬਰ ਦੇ ਆਧਾਰ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਵਿਪਿਨ ਕੁਮਾਰ ਨੇ ਕਰੜੇ ਸ਼ਬਦਾਂ ਵਿਚ ਚੇਤਾਵਨੀ ਦਿੰਦਿਆਂ ਕਿਹਾ ਕਿ ਗੋਨਿਆਣਾ ਮੰਡੀ ਦੇ ਲੋਕ ਆਪਣਾ ਹੱਕ ਲੈਣ ਜਾਣਦੇ ਹਨ ਅਤੇ ਜੇ ਬੱਸ ਅਪਰੇਟਰ ਮਨਮਾਨੀਆਂ ਤੋਂ ਬਾਜ ਨਾ ਆਏ ਤਾਂ ਉਹ ਲੋਕਾਂ ਨਾਲ ਮਿਲ ਕੇ ਵੱਡਾ ਸੰਘਰਸ਼ ਖੜ੍ਹਾ ਕਰਨ ਤੋਂ ਪਿੱਛੇ ਨਹੀਂ ਹਟਣਗੇ | ਉਨ੍ਹਾਂ ਕਿਹਾ ਕਿ ਸਵਾਰੀਆਂ ਨਾਲ ਬੇਇਨਸਾਫ਼ੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜ਼ਰੂਰਤ ਪਈ ਤਾਂ ਧਰਨਿਆਂ ਅਤੇ ਪ੍ਰਦਰਸ਼ਨਾਂ ਰਾਹੀਂ ਵੀ ਆਵਾਜ਼ ਬੁਲੰਦ ਕੀਤੀ ਜਾਏਗੀ | ਗੋਨਿਆਣਾ ਨਿਵਾਸੀਆਂ ਨੇ ਕਿਹਾ ਕਿ ਬੱਸ ਅਪਰੇਟਰਾਂ ਦੀ ਇਹ ਮਨਮਰਜ਼ੀ ਹੁਣ ਹੋਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜ਼ਰੂਰੀ ਹੋਇਆ ਤਾਂ ਪੂਰੀ ਮੰਡੀ ਇਕੱਠੇ ਹੋ ਕੇ ਵਿਰੋਧ ਦੀ ਤਾਕਤ ਦਿਖਾਏਗੀ |