ਚਾਉਕੇ, 25 ਦਸੰਬਰ (ਮਨਜੀਤ ਸਿੰਘ ਘੜੈਲੀ)- ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਅਤੇ ਸਕੱਤਰ ਹਰਵਿੰਦਰ ਸਿੰਘ ਸੇਮਾ ਨੇ ਅੱਜ ਪਿੰਡ ਬੱਲੋ੍ਹ ਵਿਖੇ ਮਨਰੇਗਾ ਮਜ਼ਦੂਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮਨਰੇਗਾ ਕਾਨੂੰਨ ਦਾ ਨਾਂ ਜੀ ਰਾਮ ਜੀ ਕਰਕੇ ਮੋਦੀ ਸਰਕਾਰ ਨੇ ਮਜ਼ਦੂਰਾਂ ਦੇ 100 ਦਿਨ ਰੁਜ਼ਗਾਰ ਗਰੰਟੀ ਅਧਿਕਾਰ ਉੱਪਰ ਬਲਡੋਜਰ ਚਲਾ ਦਿੱਤਾ ਹੈ | ਇਸ ਲਈ ਮਜ਼ਦੂਰ ਆਪਣੇ ਰੁਜ਼ਗਾਰ ਅਧਿਕਾਰ ਨੂੰ ਬਚਾਉਣ ਲਈ ਜਥੇਬੰਦ ਹੋਣ | ਉਨ੍ਹਾਂ ਕਿਹਾ ਕਿ ਮਨਰੇਗਾ ਰੁਜ਼ਗਾਰ ਨੂੰ ਬਚਾਉਣ ਲਈ ਲੋੜ ਪਈ ਤਾਂ ਦਿੱਲੀ ਵੱਲ ਕੂਚ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਸੱਤਾ ਉੱਪਰ ਆਉਣ ਤੋਂ ਬਾਅਦ 2 ਰੁਪਏ ਵਾਲੀ ਕਣਕ ਅਤੇ 6 ਮਹੀਨੇ ਤੋਂ ਮਨਰੇਗਾ ਦੇ ਕੰਮ ਬੰਦ ਕਰਕੇ ਗ਼ਰੀਬਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਹਨ | ਜਿਸ ਤੋਂ ਸਾਫ਼ ਹੈ ਕਿ ਆਪ ਤੇ ਭਾਜਪਾ ਮਜ਼ਦੂਰਾਂ ਤੋਂ ਰੁਜ਼ਗਾਰ ਖੋਹਣ ਲਈ ਇਕ ਮੱਤ ਹਨ | ਉਨ੍ਹਾਂ ਕਿਹਾ ਕਿ ਨਵੇਂ ਕਿਰਤ ਕਾਨੂੰਨ ਲਾਗੂ ਕਰਕੇ ਕੰਮ ਘੰਟੇ 12 ਕਰਕੇ ਅਤੇ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਕੇ ਭਾਜਪਾ ਮਜ਼ਦੂਰਾਂ ਨੂੰ ਧਨਾਢਾਂ ਦੇ ਗ਼ੁਲਾਮ ਬਣਾਉਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਮਨਰੇਗਾ ਕਾਨੂੰਨ ਦਾ ਨਾਂ ਬਦਲਣ ਅਤੇ ਸੂਬਾ ਸਰਕਾਰਾਂ ਨੂੰ 40 ਪ੍ਰਤਿਸ਼ਤ ਫ਼ੰਡ ਪਾਉਣ ਦੇ ਫ਼ੈਸਲੇ ਖ਼ਿਲਾਫ਼ ਆਪ ਸਰਕਾਰ ਵਲੋਂ 30 ਦਸੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਕਰਨ ਦੇ ਡਰਾਮੇ ਕਰਨ ਦੀ ਥਾਂ ਮੁੱਖ ਮੰਤਰੀ ਮਾਨ 6 ਮਹੀਨੇ ਤੋਂ ਮਨਰੇਗਾ ਦੇ ਬੰਦ ਕੰਮਾਂ ਨੂੰ ਬਹਾਲ ਕਰੇ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਤੋਂ ਰੋਜ਼ੀ ਰੋਟੀ ਅਤੇ ਸੰਵਿਧਾਨ ਨੂੰ ਬਚਾਉਣ ਲਈ ਵੱਡੇ ਲੋਕ ਅੰਦੋਲਨ ਦੀ ਲੋੜ ਹੈ | ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਬਹਾਦਰ ਸਿੰਘ ਖ਼ਾਲਸਾ, ਮਿੱਠੂ ਸਿੰਘ ਨੇ ਵੀ ਸੰਬੋਧਨ ਕੀਤਾ |