ਤਲਵੰਡੀ ਸਾਬੋ, 31 ਮਈ (ਰਣਜੀਤ ਸਿੰਘ ਰਾਜੂ)-ਗੁਰੂ ਗੋਬਿੰਦ ਸਿੰਘ ਰਿਫਾਇੰਨਰੀ ਤੋਂ ਡਿਊਟੀ ਕਰਕੇ ਬੀਤੀ ਦੇਰ ਰਾਤ ਮੋਟਰ-ਸਾਈਕਲ 'ਤੇ ਘਰ ਪਰਤ ਰਹੇ ਨੇੜਲੇ ਪਿੰਡ ਜੰਬਰ ਬਸਤੀ ਦੇ ਇੱਕ ਨੌਜਵਾਨ ਨੂੰ ਸਥਾਨਕ ਨਗਰ 'ਚ ਇਕ ਵਾਹਨ ਵਲੋਂ ਟੱਕਰ ਮਾਰ ਦਿੱਤੇ ਜਾਣ ਕਾਰਣ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਪੁਲਿਸ ਨੇ ਗੱਡੀ ਦੇ ਨੰਬਰ ਨੂੰ ਟਰੇਸ ਕਰਦਿਆਂ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ਼ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ | ਮਿਲੀ ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਨੇੜਲੇ ਪਿੰਡ ਜੰਬਰ ਬਸਤੀ (ਜਗਾ ਰਾਮ ਤੀਰਥ) ਦਾ ਵਸਨੀਕ ਨੌਜਵਾਨ ਜਗਜੀਤ ਸਿੰਘ ਪੁੱਤਰ ਗੁਰਦੀਪ ਸਿੰਘ (40) ਰਿਫਾਇੰਨਰੀ 'ਚ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ | ਬੀਤੀ ਦੇਰ ਰਾਤ ਜਦੋਂ ਉਹ ਡਿਊਟੀ ਕਰਕੇ ਘਰ ਪਰਤ ਰਿਹਾ ਸੀ ਤਾਂ ਤਲਵੰਡੀ ਸਾਬੋ ਦੀ ਰਾਮਾਂ ਰੋਡ 'ਤੇ ਸੰਗਤ ਵਾਲੇ ਚੌਰਾਹੇ ਕੋਲ ਉਸ ਦੇ ਮੋਟਰਸਾਈਕਲ ਨੂੰ ਕਿਸੇ ਵਾਹਨ ਵਲੋਂ ਟੱਕਰ ਮਾਰ ਦਿੱਤੀ ਗਈ ਜਿਸ 'ਚ ਗੰਭੀਰ ਜ਼ਖ਼ਮੀ ਜਗਜੀਤ ਸਿੰਘ ਨੇ ਬਾਅਦ 'ਚ ਦਮ ਤੋੜ ਦਿੱਤਾ | ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦੇਸ ਰਾਜ ਨੇ ਦੱਸਿਆ ਕਿ ਮੁੱਢਲੀ ਜਾਂਚ ਪੜਤਾਲ ਉਪਰੰਤ ਟੱਕਰ ਮਾਰਨ ਵਾਲੀ ਗੱਡੀ ਦਾ ਨੰਬਰ ਪਤਾ ਲਗਾ ਕੇ ਉਸੇ ਆਧਾਰ 'ਤੇ ਥਾਣਾ ਤਲਵੰਡੀ ਸਾਬੋ 'ਚ ਗੱਡੀ ਨੰਬਰ ਡੀ.ਐੱਲ 10 ਸੀ.ਸੀ 4122 ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਤੇਜ਼ ਕਰ ਦਿੱਤੀ ਹੈ | ਜਾਂਚ ਅਧਿਕਾਰੀ ਨੇ ਦਾਅਵਾ ਕੀਤਾ ਕਿ ਵਾਹਨ ਚਾਲਕ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ | ਉੱਧਰ ਮਿ੍ਤਕ ਨੌਜਵਾਨ ਆਪਣੇ ਪਿੱਛੇ ਮਾਂ, ਪਤਨੀ ਅਤੇ ਇਕ ਅੱਠ ਸਾਲ ਦਾ ਬੱਚਾ ਛੱਡ ਗਿਆ ਹੈ | ਪਿੰਡ ਦੇ ਮੁਹਤਬਰਾਂ ਨੇ ਪਿੰਡ ਦੀ ਹੀ ਵਸਨੀਕ ਹਲਕਾ ਵਿਧਾਇਕਾ ਬਲਜਿੰਦਰ ਕੌਰ ਤੋਂ ਜਿੱਥੇ ਮੰਗ ਕੀਤੀ ਹੈ ਕਿ ਪਰਿਵਾਰ ਦਾ ਇਕੱਲਾ ਕਮਾਊ ਜੀਅ ਤੁਰ ਜਾਣ ਕਰਕੇ ਪਰਿਵਾਰ ਨੂੰ ਸਰਕਾਰ ਤੋਂ ਆਰਥਿਕ ਸਹਾਇਤਾ ਦੁਆਈ ਜਾਵੇ ਉੱਥੇ ਉਨ੍ਹਾਂ ਨੇ ਰਿਫਾਇੰਨਰੀ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਪੀੜਿਤ ਪਰਿਵਾਰ ਦੀ ਬਣਦੀ ਮਦਦ ਕੀਤੀ ਜਾਵੇ |