ਬਠਿੰਡਾ, 24 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪਿੰਡ ਭੋਖੜਾ ਖ਼ੁਰਦ ਦੀ ਸਰਪੰਚ ਖ਼ਿਲਾਫ਼ ਵਿਭਾਗੀ ਕਰਵਾਉਣ ਲਈ ਅੱਜ ਮਜ਼ਦੂਰ ਜਥੇਬੰਦੀਆਂ ਵਲੋਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ ਦੇ ਨਾਂਅ ਮੰਗ-ਪੱਤਰ ਸੌਂਪਿਆ ਗਿਆ, ਜਦਕਿ ਇਸ ਤੋਂ ਪਹਿਲਾਂ ਸਥਾਨਕ ਮਿੰਨੀ ਸਕੱਤਰੇਤ ਦੇ ਬਾਹਰ ਰੋਸ ਵਿਖਾਵਾ ਕੀਤਾ ਗਿਆ | ਇਸ ਮੌਕੇ ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ, ਜਸਵਿੰਦਰ ਕੌਰ ਪੰਚ ਭੋਖੜਾ, ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਅਮੀ ਲਾਲ ਬਲਾਹੜ ਮਹਿਮਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿੰਡ ਭੋਖੜਾ ਖ਼ੁਰਦ ਦੀ ਸਰਪੰਚ ਨੇ ਗਰੀਬ ਲੋਕਾਂ ਦੇ ਕੱਟੇ ਹੋਏ ਰਾਸ਼ਨ ਕਾਰਡ ਮੁੜ ਬਣਾਉਣ, ਬੈਂਕ ਤੋਂ ਕਰਜ਼ੇ ਦਿਵਾਉਣ ਅਤੇ ਬੀ.ਪੀ.ਐਲ. ਕਾਰਡ ਬਣਾਉਣ ਦੇ ਨਾਂਅ 'ਤੇ ਉਨ੍ਹਾਂ ਤੋਂ ਪੈਸੇ ਵਸੂਲ ਕੇ ਠੱਗੀ ਮਾਰੀ ਹੈ, ਜਦਕਿ ਕੋਈ ਕਾਰਡ ਵਗ਼ੈਰਾ ਨਹੀਂ ਬਣਾਏ ਗਏ | ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਅੱਜ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ ਦੇ ਨਾਂਅ ਮੰਗ-ਪੱਤਰ ਸੌਂਪ ਕੇ ਸਰਪੰਚ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਦੀ ਮੰਗ ਕੀਤੀ ਹੈ, ਅਜਿਹਾ ਹੋਣ 'ਤੇ ਤਿੱਖਾ ਸੰਘਰਸ਼ ਵਿੱਢਣਗੇ | ਉੱਧਰ ਪਿੰਡ ਭੋਖੜਾ ਖ਼ੁਰਦ ਦੀ ਸਰਪੰਚ ਨੇ ਕਿਹਾ ਕਿ ਪਿੰਡ 'ਚ ਇਕ ਡਿਪੂ 'ਤੇ ਕਣਕ ਵੰਡਣ ਆਉਂਦੇ ਇਕ ਵਿਅਕਤੀ ਨੇ ਲੋਕਾਂ ਦੇ ਉਕਤ ਕਾਰਡ ਬਣਾਉਣ ਦੀ ਹਾਮੀ ਭਰੀ ਸੀ, ਜਿਸ ਤਹਿਤ ਉਸ ਨੇ ਲੋਕਾਂ ਨੂੰ ਉਕਤ ਨਾਲ ਮਿਲਵਾਇਆ ਸੀ ਤੇ ਉਸੇ ਵਿਅਕਤੀ ਨੇ ਲੋਕਾਂ ਤੋਂ ਬਣਦੀ ਫ਼ੀਸ ਵਸੂਲੀ ਸੀ ਪਰ ਕਾਰਡ ਵਗ਼ੈਰਾ ਨਹੀਂ ਬਣਾਏ, ਜਿਸ ਦੇ ਖ਼ਿਲਾਫ਼ ਉਨ੍ਹਾਂ ਥਾਣਾ ਨੇਹੀਆਂਵਾਲਾ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ | ਸਰਪੰਚ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਨਾਲ ਕੋਈ ਠੱਗੀ ਨਹੀਂ ਕੀਤੀ |