ਮਲੌਦ, 3 ਜੂਨ (ਦਿਲਬਾਗ ਸਿੰਘ ਚਾਪੜਾ)-ਥਾਣਾ ਮਲੌਦ ਅਧੀਨ ਪੈਂਦੀ ਚੌਂਕੀ ਸਿਆੜ ਦੇ ਪਿੰਡ ਜੀਰਖ ਵਿਖੇ ਇੱਕ ਵਿਆਹੁਤਾ ਪਰਮਜੀਤ ਕੌਰ (35) ਦੀ ਕਥਿਤ ਤੌਰ 'ਤੇ ਘਰੇਲੂ ਕਲੇਸ਼ ਚੱਲਦਿਆਂ ਸੱਕੀ ਹਾਲਾਤ ਵਿਚ ਮੌਤ ਹੋ ਗਈ | ਮਿ੍ਤਕਾ ਦੇ ਪਤੀ ਲਖਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਬੱਚੀਆਂ ਹਨ ਇੱਕ ਦੀ ਉਮਰ ਡੇਢ ਸਾਲ ਅਤੇ ਦੂਜੀ ਦੀ ਸੱਤ ਸਾਲ ਹੈ | ਘਰੇਲੂ ਕਲੇਸ਼ ਹੋਣ ਕਾਰਨ ਬੀਤੀ ਰਾਤ ਉਸ ਦੀ ਪਤਨੀ ਪਰਮਜੀਤ ਕੌਰ ਨੇ ਚੁਬਾਰੇ ਨੂੰ ਜਾ ਰਹੀ ਲੋਹੇ ਦੀ ਪੌੜੀ ਨਾਲ ਗਲ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ, ਜਿਸ ਦੀ ਲਮਕ ਰਹੀ ਮਿ੍ਤਕ ਦੇਹ ਨੂੰ ਮੈਂ ਸਵੇਰੇ ਖ਼ੁਦ ਆਪ ਹੀ ਉਤਾਰਿਆ ਹੈ | ਮਿ੍ਤਕਾ ਦੇ ਭਰਾ ਕੁਲਦੀਪ ਸਿੰਘ ਪੁੱਤਰ ਭਾਗ ਸਿੰਘ ਵਾਸੀ ਭੱਟੀਆਂ ਨੇ ਦੱਸਿਆ ਕਿ ਮੇਰੀ ਭੈਣ ਪਰਮਜੀਤ ਕੌਰ ਨੂੰ ਉਸ ਦੇ ਪਤੀ ਲਖਵੀਰ ਸਿੰਘ ਨੇ ਖ਼ੁਦ ਗਲਾ ਘੁੱਟ ਕੇ ਮਾਰਿਆ ਹੈ ਅਤੇ ਫਿਰ ਆਪਣੇ ਬਚਾਅ ਲਈ ਇਹ ਡਰਾਮਾ ਰਚ ਦਿੱਤਾ ਕਿ ਖ਼ੁਦ ਪਰਮਜੀਤ ਕੌਰ ਨੇ ਗਲ ਫਾਹਾ ਲਾ ਲਿਆ ਹੈ | ਉਨ੍ਹਾਂ ਅੱਗੇ ਦੱਸਿਆ ਕਿ ਲਖਵੀਰ ਸਿੰਘ ਗਲਤ ਸੰਗਤ ਵਿਚ ਪੈਣ ਕਰਕੇ ਜੂਆ ਸੱਟਾ ਲਗਾਉਂਦਾ ਰਹਿੰਦਾ ਸੀ | ਇਸ ਧੰਦੇ ਵਿਚ ਹਾਰ ਜਾਣ ਤੋਂ ਬਾਅਦ ਉਸ ਨੇ ਘਰ ਵਿਚ ਪਏ ਸੋਨੇ ਦੇ ਗਹਿਣੇ ਅਤੇ ਆਪਣੇ ਹਿੱਸੇ ਵਿਚ ਮਿਲਿਆ ਪਲਾਟ ਵੀ ਵੇਚ ਦਿੱਤਾ ਸੀ | ਲਖਵੀਰ ਸਿੰਘ ਕੁੱਝ ਦਿਨ ਪਹਿਲਾ ਹੀ ਮੇਰੇ ਪਿਤਾ ਤੋਂ ਸੱਠ ਹਜ਼ਾਰ ਰੁਪਏ ਉਧਾਰ ਲੈ ਕੇ ਆਇਆ ਸੀ, ਕਿਉਂਕਿ ਲਖਵੀਰ ਸਿੰਘ ਦੇ ਸਿਰ ਕਰਜ਼ਾ ਵੀ ਕਾਫੀ ਹੋ ਚੁੱਕਿਆ ਹੈ | ਇਸ ਘਟਨਾ ਦੀ ਖ਼ਬਰ ਮਿਲਣ 'ਤੇ ਹਰਿੰਦਰ ਕੌਰ ਡੀ. ਐੱਸ. ਪੀ. (ਵਾਧੂ ਚਾਰਜ) ਖੰਨਾ, ਸਤਨਾਮ ਸਿੰਘ ਐੱਸ. ਐੱਚ. ਓ. ਮਲੌਦ, ਚਰਨਜੀਤ ਸਿੰਘ ਚੌਂਕੀ ਇੰਚਾਰਜ ਸਿਆੜ, ਆਪਣੀ ਪੁਲਿਸ ਪਾਰਟੀ ਨਾਲ ਘਟਨਾ ਸਥਾਨ 'ਤੇ ਪੁੱਜੇ ਜਿਨ੍ਹਾਂ ਫਰਾਂਸਿਕ ਟੀਮ ਦੇ ਮਾਹਿਰਾਂ ਨਾਲ ਇਸ ਕੇਸ ਦੀ ਬਰੀਕੀ ਨਾਲ ਜਾਂਚ ਕੀਤੀ | ਡੀ. ਐਸ. ਪੀ. ਹਰਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪਰਮਜੀਤ ਕੌਰ ਦੀ ਮਿ੍ਤਕ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪਾਇਲ ਵਿਖੇ ਭੇਜ ਦਿੱਤਾ ਹੈ | ਇਸ ਸਬੰਧੀ ਸ਼ਾਮ ਨੂੰ ਫਿਰ ਡੀ. ਐਸ. ਪੀ. ਪਾਇਲ ਹੇਮੰਤ ਕੁਮਾਰ ਨੇ ਪੈੱ੍ਰਸ ਕਾਨਫ਼ਰੰਸ ਕੀਤੀ ਅਤੇ ਇਸ ਕਾਂਡ ਦਾ ਪਰਦਾਫਾਸ਼ ਕਰਦਿਆਂ ਦੱਸਿਆ ਕਿ ਪੁਲਿਸ ਤਫ਼ਤੀਸ਼ ਵਿਚ ਸਾਹਮਣੇ ਆਇਆ ਹੈ ਕਿ ਪਿੰਡ ਜੀਰਖ ਦੇ ਲਖਵੀਰ ਸਿੰਘ ਵਲੋਂ ਆਪਣੀ ਪਤਨੀ ਪਰਮਜੀਤ ਕੌਰ ਨੂੰ ਗਲਾ ਘੁੱਟ ਕੇ ਮਾਰ ਦੇਣ ਤੋਂ ਬਾਅਦ ਆਪਣੇ ਬਚਾਅ ਲਈ ਉਸ ਦੇ ਖੁਦਕਸ਼ੀ ਕਰਨ ਦਾ ਡਰਾਮਾ ਕੀਤਾ ਗਿਆ, ਪਰ ਪੁਲਿਸ ਵਲੋਂ ਬਾਰੀਕੀ ਨਾਲ ਕੀਤੀ ਜਾਂਚ ਪੜਤਾਲ ਤੋਂ ਗੱਲ ਸਾਫ਼ ਹੋ ਗਈ ਕਿ ਪਰਮਜੀਤ ਕੌਰ ਦਾ ਕਤਲ ਉਸ ਦੇ ਪਤੀ ਲਖਵੀਰ ਸਿੰਘ ਵਲੋਂ ਕੀਤਾ ਗਿਆ ਜਿਸ ਨੂੰ ਕਾਬੂ ਕਰਕੇ ਥਾਣਾ ਮਲੌਦ ਵਿਚ ਧਾਰਾ 103 (1) ਬੀ. ਐਨ. ਐਸ. ਤਹਿਤ ਮੁਕੱਦਮਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |