ਸਾਹਨੇਵਾਲ, 3 ਜੂਨ (ਅਮਰਜੀਤ ਸਿੰਘ ਮੰਗਲੀ)-ਪਿਛਲੇ ਛੇ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਰਕੇ ਪ੍ਰੇਸ਼ਾਨ ਫ਼ਰਦ ਕੇਂਦਰ ਦੇ ਮੁਲਾਜ਼ਮ ਅੱਜ ਹੜਤਾਲ ਤੇ ਚਲੇ ਗਏ ਜਿਸ ਕਰਕੇ ਫ਼ਰਦ ਕੇਂਦਰ ਅੰਦਰ ਕੰਮ ਕਰਾਉਣ ਆਉਣ ਵਾਲੇ ਲੋਕ ਖੱਜਲ ਖੁਆਰ ਹੁੰਦੇ ਰਹੇ | ਫ਼ਰਦ ਕੇਂਦਰ ਦੇ ਮੁਲਾਜ਼ਮ ਨਿਤਿਨ ਬਾਂਸਲ, ਹਰਪ੍ਰੀਤ ਕੌਰ, ਪੂਨਮ, ਸੰਦੀਪ ਕੁਮਾਰ, ਬਲਜਿੰਦਰ ਸਿੰਘ, ਮਨਦੀਪ ਕੌਰ ਨੇ ਦੱਸਿਆ ਕਿ ਉਹ ਇੱਕ ਪ੍ਰਾਈਵੇਟ ਕੰਪਨੀ ਦੇ ਅਧੀਨ 2011 ਤੋਂ ਫ਼ਰਦ ਕੇਂਦਰਾਂ ਵਿਚ ਕੰਮ ਕਰ ਰਹੇ ਹਨ | ਜਿੱਥੇ ਲੋਕਾਂ ਨੂੰ ਫ਼ਰਦਾਂ ਦੇ ਨਾਲ ਨਾਲ ਆਨਲਾਈਨ ਇੰਤਕਾਲ, ਗਿਰਦਾਵਰੀਆਂ ਪਿੰਡਾਂ ਦੇ ਨਕਸ਼ਿਆਂ ਸਮੇਤ ਕਈ ਹੋਰ ਕੰਮ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੀਤੇ ਜਾਂਦੇ ਹਨ ਉਹ ਪਿਛਲੇ ਕਰੀਬ 15 ਸਾਲਾਂ ਤੋਂ ਇਮਾਨਦਾਰੀ ਦੇ ਨਾਲ ਸਰਕਾਰ ਦੀਆਂ ਇਹਨਾਂ ਸਕੀਮਾਂ ਪ੍ਰਤੀ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕਰ ਰਹੇ ਹਨ ਪਰ ਕੁੱਝ ਸਮੇਂ ਤੋਂ ਸਰਕਾਰ ਵੱਲੋਂ ਕੰਪਨੀ ਨੂੰ ਬਕਾਇਆ ਬਿੱਲ ਨਾ ਦੇਣ ਕਰਕੇ ਉਨ੍ਹਾਂ ਦੀਆਂ ਤਨਖ਼ਾਹਾਂ ਰੁਕ ਚੁੱਕੀਆਂ ਹਨ | ਉਹ ਕਈ ਵਾਰ ਕੰਪਨੀ ਅਤੇ ਸਰਕਾਰ ਨੂੰ ਬੇਨਤੀ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਤਨਖ਼ਾਹਾਂ ਨਹੀਂ ਮਿਲ ਰਹੀਆਂ ਹੁਣ ਤਾਂ ਕੰਪਨੀ ਨੇ ਸਾਫ਼ ਆਖ ਦਿੱਤਾ ਹੈ ਕਿ ਉਹ ਤਨਖ਼ਾਹ ਨਹੀਂ ਦੇ ਸਕਦੇ ਜੇਕਰ ਇਹਨਾਂ ਮੁਲਾਜ਼ਮਾਂ ਨੇ ਕੰਮ ਕਰਨਾ ਹੈ ਤਾਂ ਕਰਨ ਜਾਂ ਫਿਰ ਬੰਦ ਕਰ ਦੇਣ ਇਸ ਤੋਂ ਬਾਅਦ ਅਸੀਂ ਡੀ. ਸੀ. ਲੁਧਿਆਣਾ ਅਤੇ ਏ. ਡੀ. ਸੀ. ਲੁਧਿਆਣਾ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਾਂ ਕਿ ਸਾਨੂੰ ਬੇਰੁਜ਼ਗਾਰ ਨਾ ਕੀਤਾ ਜਾਵੇ | ਇਸ ਤੇ ਏ. ਡੀ. ਸੀ. ਲੁਧਿਆਣਾ ਨਹੀਂ ਸਾਨੂੰ ਭਰੋਸਾ ਵੀ ਦਿੱਤਾ ਸੀ ਕਿ ਉਨ੍ਹਾਂ ਨੂੰ ਬੇਰੁਜ਼ਗਾਰ ਨਹੀਂ ਕੀਤਾ ਜਾਵੇਗਾ | ਡੀ. ਸੀ. ਰੇਟ ਤੇ ਉਨ੍ਹਾਂ ਨੂੰ ਤਨਖ਼ਾਹਾਂ ਦਿੱਤੀਆਂ ਜਾਣਗੀਆਂ | ਪਰ ਉਹ ਜਿਹੜੇ ਇੰਤਕਾਲ ਬਕਾਇਆ ਪਏ ਹਨ ਉਨ੍ਹਾਂ ਨੂੰ ਕੰਪਲੀਟ ਕਰਨ | ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਛੁੱਟੀ ਨਾ ਕਰਕੇ ਸਾਰੇ ਇੰਤਕਾਲ ਜਿਹੜੇ ਬਕਾਇਆ ਪਏ ਸਨ | ਉਨ੍ਹਾਂ ਨੂੰ ਮੁਕੰਮਲ ਕੀਤਾ ਹੈ ਪਰ ਹੁਣ ਵੀ ਸਾਨੂੰ ਨਾ ਤਾਂ ਸਰਕਾਰ ਵੱਲੋਂ ਅਤੇ ਨਾ ਹੀ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਕੋਈ ਭਰੋਸਾ ਮਿਲ ਰਿਹਾ ਹੈ ਕਿ ਉਨ੍ਹਾਂ ਨੂੰ ਕਿੱਥੇ ਰੋਜ਼ਗਾਰ ਮਿਲੇਗਾ |