ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 'ਚ ਅਧਿਆਪਕਾਂ ਲਈ ਡਰੈੱਸ ਕੋਡ ਜਾਰੀ
ਅਜੀਤ ਡੈਸਕ
02-11-2025
ਰਾੜਾ ਸਾਹਿਬ, 1 ਨਵੰਬਰ (ਪ੍ਰੀਤਮ ਸਿੰਘ ਮੁਕੰਦਪੁਰੀ)-ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡ ਮੁਕਾਬਲਿਆਂ ਤੋਂ ਦੋ ਦਿਨ ਪਹਿਲਾਂ ਅਣਅਧਿਕਾਰਤ ਤੌਰ 'ਤੇ ਕੁੱਝ ਪ੍ਰਬੰਧਕਾਂ ਨੇ ਸ਼ਮੂਲੀਅਤ ਕਰਨ ਵਾਲੇ ਅਧਿਆਪਕਾਂ ਲਈ ਡਰੈੱਸ ਕੋਡ ਜਾਰੀ ਕਰਕੇ ਹਾਸੋਹੀਣੀ ਸਥਿਤੀ ਪੈਦਾ ਕਰ ਦਿੱਤੀ ਹੈ | ਜਿਸ ਨੂੰ ਲੈਕੇ ਅਧਿਆਪਕ ਵਰਗ ਵਿਚ ਗ਼ੁੱਸਾ ਪਾਇਆ ਜਾ ਰਿਹਾ ਹੈ | ਦੱਸ ਦਈਏ ਕਿ ਇਹ ਖੇਡ ਮੁਕਾਬਲੇ ਤਿੰਨ-ਚਾਰ ਅਤੇ ਛੇ ਨਵੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦਾਖਾ ਵਿਖੇ ਕਰਵਾਏ ਜਾ ਰਹੇ ਹਨ | ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਸਕੂਲਾਂ ਵਲੋਂ ਵਿਦਿਆਰਥੀਆਂ ਨੂੰ ਲੈ ਕੇ ਜਾਣ ਵਾਲੇ ਅਧਿਆਪਕਾਂ ਨੰੂ ਕੁੱਝ ਸਿੱਖਿਆ ਬਲਾਕਾਂ ਨੇ ਵੱਟਸਐਪ ਰਾਹੀਂ ਵਿਸ਼ੇਸ਼ ਤਰਾਂ ਦੀ ਯੂਨੀਫ਼ਾਰਮ ਪਾਉਣ ਦੀਆਂ ਹਦਾਇਤਾਂ ਕੀਤੀਆਂ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਲੁਧਿਆਣਾ -2 ਦੇ ਡਿਊਟੀ ਵਾਲੇ ਅਧਿਆਪਕ ਨੂੰ ਚਿੱਟੀ ਕਮੀਜ਼, ਮੈਰੂਨ ਪੱਗ, (ਪੈਂਟ ਦਾ ਕਲਰ ਅਪਣੀ ਮਰਜ਼ੀ ਨਾਲ) ਅਤੇ ਮਹਿਲਾ ਅਧਿਆਪਕਾਂਵਾਂ ਨੂੰ ਗੁਲਾਬੀ ਰੰਗ ਦਾ ਸੂਟ ਪਾਉਣ ਲਈ ਕਿਹਾ ਗਿਆ ਹੈ | ਇਹ ਵੀ ਦੱਸ ਦਈਏ ਕਿ ਜਿੰਨਾਂ ਅਧਿਆਪਕਾਂ ਕੋਲ ਅਜਿਹੇ ਕੱਪੜੇ ਨਹੀਂ ਹਨ ਉਨ੍ਹਾਂ ਨੂੰ ਐਤਵਾਰ ਵਾਲੇ ਦਿਨ ਉਕਤ ਸੂਟ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ | ਇਹ ਸਬੰਧੀ ਅਧਿਆਪਕ ਆਗੂ ਸਤਵੀਰ ਸਿੰਘ ਰੌਣੀ ਨੇ ਕਿਹਾ ਕਿ ਇਹ ਵਿਭਾਗ ਦਾ ਫ਼ੈਸਲਾ ਨਹੀਂ ਹੈ | ਕੁੱਝ ਅਖੌਤੀ ਪ੍ਰਬੰਧਕਾਂ ਵੱਲੋਂ ਆਪਣੇ ਤੌਰ ਤੇ ਜਾਰੀ ਕੀਤੇ ਤਾਨਾਸ਼ਾਹੀ ਹੁਕਮਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ |