ਭਦੌੜ, 1 ਜੂਨ (ਵਿਨੋਦ ਕਲਸੀ, ਰਜਿੰਦਰ ਬੱਤਾ)-ਸਿਵਲ ਸਰਜਨ ਬਰਨਾਲਾ ਡਾ: ਬਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਤੇ ਸੀਨੀਅਰ ਮੈਡੀਕਲ ਅਫ਼ਸਰ ਤਪਾ ਅਤੇ ਭਦੌੜ ਡਾ: ਇੰਦੂ ਬਾਂਸਲ ਦੀ ਅਗਵਾਈ ਹੇਠ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਕਸਬਾ ਭਦੌੜ ਵਿਖੇ ਕਮਿਊਨਿਟੀ ਹੈਲਥ ਸੈਂਟਰ ਭਦੌੜ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ ਮੈਡੀਕਲ ਅਫ਼ਸਰ ਡਾ: ਬਾਂਕੇ ਬਿਹਾਰੀ ਵਲੋਂ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਨੂੰ ਤੰਬਾਕੂਨੋਸੀ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਗਿਆ | ਉਨ੍ਹਾਂ ਦੱਸਿਆ ਕਿ ਤੰਬਾਕੂ ਸਾਡੇ ਸਰੀਰ ਲਈ ਬਹੁਤ ਹਾਨੀਕਾਰਕ ਪਦਾਰਥ ਹੈ | ਇਸ ਦਾ ਸੇਵਨ ਕਰਨ ਦਾ ਭਾਵ ਕਈ ਗੰਭੀਰ ਬਿਮਾਰੀਆਂ ਨੂੰ ਸੱਦਾ ਦੇਣਾ ਹੈ | ਇਸ ਦੀ ਵਰਤੋਂ ਨਾਲ ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ, ਟੀ.ਬੀ, ਦਮੇ ਤੇ ਦਿਲ ਦੀਆਂ ਗੰਭੀਰ ਬਿਮਾਰੀਆਂ ਲੱਗਣ ਦੇ ਆਸਾਰ ਵੱਧ ਜਾਂਦੇ ਹਨ | ਇਨ੍ਹਾਂ ਬਿਮਾਰੀਆਂ ਦੀ ਜਕੜ ਵਿਚ ਆਏ ਲੋਕਾਂ ਵਿਚੋਂ 40 ਫ਼ੀਸਦੀ ਲੋਕਾਂ ਦੀ ਮੌਤ ਹੋਣਾ ਸੁਭਾਵਿਕ ਹੈ | ਉਨ੍ਹਾਂ ਵਲੋਂ ਤੰਬਾਕੂ ਤੋਂ ਛੁਟਕਾਰਾ ਪਾਉਣ ਵਾਲੇ ਵਿਅਕਤੀਆਂ ਦੀ ਹਰ ਪੱਖੋਂ ਮਦਦ ਕਰਨ ਲਈ ਵਾਅਦਾ ਕੀਤਾ | ਉਸ ਉਪਰੰਤ ਸ੍ਰੀ ਗਿਆਨ ਸਿੰਘ ਹੈਲਥ ਸੁਪਰਵਾਈਜ਼ਰ ਵਲੋਂ ਆਪਣੀ ਟੀਮ ਨਾਲ ਵੱਖ-ਵੱਖ ਜਨਤਕ ਥਾਵਾਂ ਤੇ ਤੰਬਾਕੂਨੋਸੀ ਸਬੰਧੀ ਹਦਾਇਤਾਂ ਦੀ ਪਾਲਣਾ ਨਾ ਕਰਨ ਤੇ ਤੰਬਾਕੂ ਦੀ ਵਿੱਕਰੀ ਕਰਨ ਵਾਲਿਆਂ ਵਿਚੋਂ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ | ਇਸ ਮੌਕੇ ਬਲਜਿੰਦਰ ਪਾਲ ਸਿੰਘ ਤੇ ਗੁਰਸੇਵਕ ਸਿੰਘ ਮਲਟੀ ਪਰਪਜ਼ ਹੈਲਥ ਵਰਕਰ ਹਾਜ਼ਰ ਸਨ |