ਭਦੌੜ, 3 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਬੀਤੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨਾਲ ਕਸਬਾ ਭਦੌੜ ਦੇ ਸਾਰੇ ਛੱਪੜ ਓਵਰ ਫਲੋਅ ਹੋਣ ਕਾਰਨ ਪਾਣੀ ਸੜਕਾਂ ਉਪਰ ਭਾਰੀ ਮਾਤਰਾ ਵਿਚ ਆਉਣ ਕਾਰਨ ਲੋਕਾਂ ਨੂੰ ਘਰਾਂ ਅੰਦਰ ਰਹਿਣ ਮਜਬੂਰ ਕੀਤਾ ਹੋਇਆ ਹੈ ਉੱਥੇ ਸਿਹਤ ਸੇਵਾਵਾਂ ਪ੍ਰਦਾਨ ਕਰਦਾ ਸੀ.ਐੱਚ.ਸੀ. ਭਦੌੜ ਅਤੇ ਸਬ-ਤਹਿਸੀਲ ਦਫ਼ਤਰ ਵੀ ਪਾਣੀ ਨਾਲ ਨੱਕੋ-ਨੱਕ ਭਰੀ ਹੋਈ ਹੈ, ਕਸਬੇ ਅੰਦਰ ਥਾਂ-ਥਾਂ ਉਪਰ ਪਾਣੀ ਭਰਨ ਦਾ ਜੇਕਰ ਮੁੱਖ ਕਾਰਨ ਜੇਕਰ ਛੱਪੜਾਂ ਉਪਰ ਹੋਏ ਨਾਜਾਇਜ਼ ਕਬਜ਼ਿਆਂ ਨੂੰ ਮੰਨ ਲਿਆ ਜਾਵੇ ਤਾਂ ਇਸ ਵਿਚ ਕੋਈ ਅੱਤਕਥਨੀ ਨਹੀਂ ਹੋਵੇਗੀ | ਭਾਵੇਂ ਦੇਰ ਰਾਤ ਤੋਂ ਬਾਅਦ ਭਾਵੇਂ ਮੀਂਹ ਨਹੀਂ ਪਿਆ ਪਰ ਭਦੌੜ ਦੇ ਸਿਵਲ ਹਸਪਤਾਲ ਵਿਚ ਤਕਰੀਬਨ ਦੋ ਤੋਂ ਤਿੰਨ ਫੱੁਟ ਪਾਣੀ ਜਮ੍ਹਾ ਹੋ ਚੁੱਕਿਆ ਹੈ ਜਿਸ ਵਿਚ ਮਰੀਜ਼ਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਐਮਰਜੈਂਸੀ ਵਾਰਡ, ਜਨਰਲ ਵਾਰਡ, ਅਪਰੇਸ਼ਨ ਰੂਮ ਤੇ ਸਟਾਫ਼ ਨਰਸ ਰੂਮ ਪਾਣੀ ਨਾਲ ਭਰ ਚੁੱਕੇ ਹਨ | ਸਬ-ਤਹਿਸੀਲ ਭਦੌੜ ਵਿਚ ਵੀ ਭਾਰੀ ਮਾਤਰਾ ਵਿਚ ਪਾਣੀ ਭਰ ਜਾਣ ਕਾਰਨ ਤਹਿਸੀਲ ਅਤੇ ਫ਼ਰਦ ਕੇਂਦਰ ਵਿਚ ਪਿਆ ਰਿਕਾਰਡ ਵੀ ਪਾਣੀ ਨਾਲ ਖ਼ਰਾਬ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ | ਤਹਿਸੀਲ ਅੰਦਰ ਬਣੀਆਂ ਦੁਕਾਨਾਂ, ਆਪਰੇਟਰ ਅਤੇ ਵਕੀਲਾਂ ਦੇ ਕਾਊਾਟਰ ਪਾਣੀ ਨੁਕਸਾਨੇ ਗਏ ਹਨ | ਵਸੀਕਾ ਨਵੀਸ ਕੀਰਤ ਸਿੰਗਲਾ, ਕਰਮਾਂ ਸਿੰਘ, ਰਾਮ ਸਿੰਘ ਮੌੜ, ਕੁਲਦੀਪ ਸਿੰਘ ਅਤੇ ਬਿੱਟੂ ਸਿੰਘ ਜੰਗੀਆਣਾ ਨੇ ਕਿਹਾ ਕਿ ਸਬ-ਤਹਿਸੀਲ ਸੜਕ ਤੋਂ ਤਕਰੀਬਨ 2 ਫੁੱਟ ਨੀਵੀਂ ਹੈ ਜੋ ਅਕਸਰ ਹੀ ਥੋੜੇ੍ਹ ਮੀਂਹ ਨਾਲ ਭਰ ਜਾਂਦੀ ਹੈ ਪਰ ਇਸ ਵਾਰ ਮੀਂਹ ਕਈ ਦਿਨਾਂ ਤੋਂ ਪੈਣ ਕਾਰਨ ਪੂਰੀ ਤਹਿਸੀਲ ਨੂੰ ਪਾਣੀ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤਹਿਸੀਲ ਨੂੰ ਉੱਚਾ ਕਰ ਕੇ ਬਣਾਉਣਾ ਚਾਹੀਦਾ ਹੈ ਤਾਂ ਜੋ ਲੋਕਾਂ ਦਾ ਪਿਆ ਰਿਕਾਰਡ ਖ਼ਰਾਬ ਨਾ ਹੋਵੇ ਅਤੇ ਮੁਲਾਜ਼ਮਾਂ ਨੂੰ ਵੀ ਦਿੱਕਤ ਨਾ ਹੋਵੇ | ਮੱਝੂਕੇ ਰੋਡ ਦੇ ਵਸਨੀਕ ਸਿਕੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਕਿਹਾ ਕਿ ਭਾਵੇਂ ਇਹ ਕੁਦਰਤੀ ਕਰੋਪੀ ਕਾਰਨ ਜ਼ਿਆਦਾ ਪਾਣੀ ਇਕੱਠਾ ਹੋਇਆ ਹੈ ਪ੍ਰੰਤੂ ਪਾਣੀ ਦੀ ਨਿਕਾਸੀ ਦਾ ਨਾ ਹੋਣਾ ਪ੍ਰਸ਼ਾਸਨ ਦੀ ਵੱਡੀ ਗ਼ਲਤੀ ਦਾ ਕਾਰਨ ਵੀ ਹੈ ਕਿਉਂਕਿ ਕਸਬੇ ਅੰਦਰ ਜਿੰਨੇ ਵੀ ਛੱਪੜ ਪਾਣੀ ਨਾਲ ਓਵਰ ਫਲੋਅ ਹੋਏ ਹਨ ਉਨ੍ਹਾਂ ਉਪਰ ਲਗਾਤਾਰ ਹੋ ਰਹੇ ਨਾਜਾਇਜ਼ ਕਬਜ਼ੇ ਮੁੱਖ ਕਾਰਨ ਹਨ ਉੱਥੇ ਸੀਵਰੇਜ ਦੀ ਨਿਕਾਸੀ ਸਹੀ ਨਾ ਹੋਣਾ ਵੀ ਵੱਡਾ ਕਾਰਨ ਹੈ |