ਬਰਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨਗਰ ਕੌਂਸਲ ਦੇ ਹਾਊਸ ਦੀ ਮਿਤੀ 26 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਸ਼ਹਿਰ 'ਚ ਕਰਵਾਏ ਜਾਣ ਵਾਲੇ ਲਗਭਗ 14 ਕਰੋੜ ਰੁਪਏ ਦੇ ਨਵੇਂ ਵਿਕਾਸ ਕੰਮਾਂ ਉੱਪਰ ਮੋਹਰ ਲਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਵਲੋਂ ਸ਼ਹਿਰ ਵਿਚ ਵੱਡੀ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਇਸ ਮੀਟਿੰਗ ਵਿਚ ਜਿੱਥੇ ਬਰਨਾਲਾ ਨੂੰ ਨਗਰ ਨਿਗਮ ਬਣਾਉਣ ਸਬੰਧੀ ਮਤਾ ਪਾਇਆ ਜਾ ਰਿਹਾ ਹੈ ਉੱਥੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਪ੍ਰੀਮਿਕਸ ਤੇ ਇੰਟਰਲਾਕ ਟਾਈਲਾਂ ਦੇ ਕੰਮ, ਸ਼ਹੀਦ ਭਗਤ ਸਿੰਘ ਪਾਰਕ ਤੇ ਚਿੰਟੂ ਪਾਰਕ ਦੇ ਅਪਗ੍ਰੇਡੇਸ਼ਨ, ਸ਼ਹਿਰ ਵਿਚ ਸੀ.ਸੀ.ਟੀ.ਵੀ. ਕੈਮਰੇ ਲਾਉਣ, ਕਈ ਇਲਾਕਿਆਂ ਵਿਚ ਖੜਦੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਸੁਪਰਸੰਕਸ਼ਨ ਮਸ਼ੀਨ ਨਾਲ ਸਫ਼ਾਈ ਕਰਵਾਉਣ ਤੋਂ ਇਲਾਵਾ ਹੋਰ ਬਹੁਤ ਸਾਰੇ ਕੰਮਾਂ ਸਬੰਧੀ ਮਤੇ ਪਾਏ ਜਾ ਰਹੇ ਹਨ | ਉਨ੍ਹਾਂ ਸਪਸ਼ਟ ਕੀਤਾ ਕਿ ਵਾਰਡ ਨੰਬਰ 24 ਵਿਚ ਜੋ 1 ਕਰੋੜ 65 ਲੱਖ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਪਾਈਪਲਾਈਨ ਦਾ ਕੰਮ ਮੁਕੰਮਲ ਹੋਣ ਸਬੰਧੀ ਕੁੱਝ ਕੌਂਸਲਰਾਂ ਵਲੋਂ ਕਿਹਾ ਗਿਆ ਹੈ, ਬਿਲਕੁਲ ਗ਼ਲਤ ਹੈ ਕਿਉਂਕਿ ਅਜੇ ਤਾਂ ਇਹ ਕੰਮ ਏਜੰਡੇ ਵਿਚ ਪਾਇਆ ਗਿਆ ਹੈ ਅਤੇ ਮਤਾ ਪਾਸ ਹੋਣ ਉਪਰੰਤ ਇਸ ਦਾ ਟੈਂਡਰ ਲਾਇਆ ਜਾਵੇਗਾ | ਪ੍ਰਧਾਨ ਰਾਮਣਵਾਸੀਆ ਨੇ ਕਿਹਾ ਕਿ ਨਗਰ ਕੌਂਸਲ ਬਰਨਾਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਵੱਚਨਬੱਧ ਹੈ ਅਤੇ ਇਸੇ ਕਾਰਨ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਲੋਕ ਸ਼ਹਿਰ ਬਰਨਾਲਾ ਦੇ ਵਿਕਾਸ ਕਾਰਜਾਂ ਵਿਚ ਅੜਿੱਕਾ ਬਣ ਰਹੇ ਹਨ ਅਤੇ ਸ਼ਹਿਰ ਵਾਸੀਆਂ ਨੂੰ ਗੁੰਮਰਾਹ ਕਰ ਹਨ, ਉਨ੍ਹਾਂ ਬਾਰੇ ਜਲਦੀ ਹੀ ਉਹ ਵੱਡੇ ਖ਼ੁਲਾਸੇ ਕਰਨਗੇ |