ਤਪਾ ਮੰਡੀ, 1 ਨਵੰਬਰ (ਪ੍ਰਵੀਨ ਗਰਗ)-ਤਪਾ ਦੀ ਜੰਮਪਲ ਸ਼ਿਫਾਲੀ ਬਾਂਸਲ ਪੁੱਤਰੀ ਲੈਕਚਰਾਰ ਕਿ੍ਸ਼ਨ ਲਾਲ ਬਾਂਸਲ ਨੇ ਪਿਛਲੇ ਦਿਨੀਂ ਯੂ.ਪੀ.ਐੱਸ.ਸੀ. ਸਾਇੰਟਿਸਟ ਦੇ ਨਤੀਜਿਆਂ ਵਿਚ ਪੰਜਾਬ ਦਾ ਮਾਣ ਵਧਾਉਂਦੇ ਹੋਏ ਭਾਰਤ ਵਿਚੋਂ ਤੀਜਾ ਅਤੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਇਸ ਸ਼ਾਨਦਾਰ ਉਪਲਬਧੀ ਨਾਲ ਉਸ ਨੇ ਨਾ ਸਿਰਫ਼ ਆਪਣੇ ਪਰਿਵਾਰ, ਸਿੱਖਿਆ ਸੰਸਥਾ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ, ਸਗੋਂ ਨੌਜਵਾਨ ਪੀੜ੍ਹੀ ਲਈ ਪੇ੍ਰਰਨਾ ਦਾ ਸ੍ਰੋਤ ਬਣ ਗਈ ਹੈ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ਿਫਾਲੀ ਬਾਂਸਲ ਨੇ ਕਿਹਾ ਕਿ ਸਫਲ ਅਧਿਐਨ, ਨਿਰੰਤਰ ਪ੍ਰੈਕਟਿਸ ਅਤੇ ਸਹੀ ਦਿਸ਼ਾ ਵਿਚ ਕੀਤੀ ਮਿਹਨਤ ਨਾਲ ਕੋਈ ਵੀ ਲਕਸ਼ ਪ੍ਰਾਪਤ ਕੀਤਾ ਜਾ ਸਕਦਾ ਹੈ | ਉਸ ਦੀ ਇਸ ਪ੍ਰਾਪਤੀ ਦੀ ਖ਼ੁਸ਼ੀ ਵਿਚ ਅਗਰਵਾਲ ਸਭਾ ਤਪਾ ਦੇ ਪ੍ਰਧਾਨ ਮਦਨ ਲਾਲ ਗਰਗ ਅਤੇ ਚੇਅਰਮੈਨ ਜਵਾਹਰ ਲਾਲ ਬਾਂਸਲ ਦੀ ਦੇਖ-ਰੇਖ ਹੇਠ ਇਕ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿਚ ਨਗਰ ਕੌਂਸਲ ਤਪਾ ਦੇ ਪ੍ਰਧਾਨ ਸੋਨਿਕਾ ਬਾਂਸਲ ਅਤੇ ਮੀਤ ਪ੍ਰਧਾਨ ਰਿਸ਼ੂ ਰੰਗੀ ਨੇ ਵਿਦਿਆਰਥਣ ਨੂੰ ਸਨਮਾਨਿਤ ਕੀਤਾ ਗਿਆ | ਨਗਰ ਕੌਂਸਲ ਦੀ ਪ੍ਰਧਾਨ ਸੋਨਿਕਾ ਬਾਂਸਲ ਵਲੋਂ ਵਿਦਿਆਰਥਣ ਦੀ ਖ਼ੂਬ ਸ਼ਲਾਘਾ ਕੀਤੀ ਗਈ | ਪ੍ਰਧਾਨ ਨੇ ਕਿਹਾ ਕਿ ਵਿਦਿਆਰਥਣ ਨੇ ਮਿਹਨਤ ਅਤੇ ਸਮਰਪਣ ਨਾਲ ਜੋ ਪ੍ਰਾਪਤੀ ਹਾਸਲ ਕੀਤੀ ਹੈ, ਉਹ ਹਰ ਨੌਜਵਾਨ ਲਈ ਪੇ੍ਰਰਨਾ ਹੈ | ਉਨ੍ਹਾਂ ਨੇ ਕਿਹਾ ਕਿ ਅਜਿਹੇ ਯੁਵਾ ਹੀ ਦੇਸ਼ ਦਾ ਭਵਿੱਖ ਹਨ | ਇਸ ਮੌਕੇ 'ਤੇ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਅਤੇ ਸਿੱਖਿਆ ਪ੍ਰੇਮੀਆਂ ਨੇ ਵੀ ਉਸ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਸ ਦੀ ਸਫਲਤਾ 'ਤੇ ਮਾਣ ਪ੍ਰਗਟਾਇਆ | ਇਸ ਮੌਕੇ ਸੇਵਾਮੁਕਤ ਅਧਿਆਪਕ ਸ਼ਾਮ ਲਾਲ ਬਾਂਸਲ, ਡਾ: ਦੇਵ ਰਾਜ ਗਰਗ, ਅਨੀਸ਼ ਮੌੜ, ਤਰਸੇਮ ਚੰਦ ਭੋਲਾ, ਮੇਘ ਰਾਜ ਪੱਖੋ, ਅਸ਼ੋਕ ਕੁਮਾਰ ਮਿੱਤਲ, ਰਘੁਵੀਰ ਚੰਦ ਅਗਰਵਾਲ, ਸਤਪਾਲ ਮੌੜ, ਕੇਵਲ ਕਿ੍ਸ਼ਨ ਮਿੱਤਲ, ਰਮੇਸ਼ ਮੇਸ਼ੀ ਪੱਖੋ, ਮਾਸਟਰ ਪਵਨ ਬਾਂਸਲ, ਡਾ: ਵਿੱਕੀ, ਬਿੱਟੂ ਭੈਣੀ, ਸੂਰਜ ਭਾਨ ਆਲੀਕੇ ਵਾਲਾ, ਨੀਲਮ ਰਾਣੀ, ਸਤਪਾਲ ਬਾਂਸਲ ਆਦਿ ਹਾਜਰ ਸਨ |