ਮਹਿਲ ਕਲਾਂ, 7 ਦਸੰਬਰ (ਅਵਤਾਰ ਸਿੰਘ ਅਣਖੀ)-ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮਹਿਲ ਕਲਾਂ ਤੋਂ ਆਪ ਉਮੀਦਵਾਰ ਬੀਬੀ ਕੁਲਦੀਪ ਕੌਰ ਖੜਕੇ ਕੇ ਪਤਨੀ ਸਰਪੰਚ ਸਰਬਜੀਤ ਸਿੰਘ ਸ਼ੰਭੂ ਦੇ ਮਹਿਲ ਕਲਾਂ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕਰ ਕੇ ਸਰਬ ਸੰਮਤੀ ਚੁਣੇ ਗਏ ਬਲਾਕ ਸੰਮਤੀ ਮੈਂਬਰ ਰਛਪਾਲ ਸਿੰਘ ਬੱਟੀ ਅਤੇ ਮੇਲਾ ਸਿੰਘ ਮਾਹਮਦਪੁਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਵਿਧਾਇਕ ਪੰਡੋਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ, ਜੰਗੀ ਪੱਧਰ 'ਤੇ ਚੱਲ ਰਹੇ ਵਿਕਾਸ ਕਾਰਜਾਂ ਦੇ ਬਲਬੂਤੇ ਸਾਰੇ ਜ਼ੋਨਾਂ ਤੋਂ ਆਪ ਉਮੀਦਵਾਰ ਸ਼ਾਨਦਾਰ ਫ਼ਤਿਹ ਹਾਸਲ ਕਰਨਗੇ | ਵਿਧਾਇਕ ਪੰਡੋਰੀ ਨੇ ਸਪਸ਼ਟ ਕਿਹਾ ਕਿ ਕਿਸੇ ਵੀ ਉਮੀਦਵਾਰ ਨਾਲ ਕੋਈ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ | ਉਹ ਹਲਕੇ ਦੇ ਸਾਰੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋਣ ਦੇ ਨਾਤੇ ਹਰ ਇਕ ਦਾ ਮਾਣ ਸਤਿਕਾਰ ਕਰਦੇ ਹਨ | ਕਿਸੇ ਵੀ ਉਮੀਦਵਾਰ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿਆਂਗੇ | ਉਨ੍ਹਾਂ ਦਾਅਵੇ ਨਾਲ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਾਨ ਨਾਲ ਜਿੱਤ ਕੇ ਵਿਧਾਨ ਸਭਾ ਚੋਣਾਂ 2027 'ਚ ਦੁਬਾਰਾ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਸਰਕਾਰ ਬਣਾਉਣ ਦਾ ਮੁੱਢ ਬੰਨ੍ਹਣਗੇ | ਵਿਧਾਇਕ ਪੰਡੋਰੀ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ 14 ਦਸੰਬਰ ਨੂੰ ਝਾੜੂ ਨਿਸ਼ਾਨ 'ਤੇ ਮੋਹਰ ਲਾ ਕੇ ਸਮੂਹ ਆਪ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਸਫਲ ਬਣਾਉਣ | ਇਸਤਰੀ ਵਿੰਗ ਆਗੂ ਰਮਨਦੀਪ ਕੌਰ, ਪ੍ਰਧਾਨ ਟਰੱਕ ਯੂਨੀਅਨ ਅਰਸ਼ਦੀਪ ਸਿੰਘ ਬਿੱਟੂ, ਗੋਬਿੰਦਰ ਸਿੰਘ ਸਿੱਧੂ, ਸਰਪੰਚ ਗੁਰਦੀਪ ਸਿੰਘ ਛਾਪਾ, ਰਣਜੀਤ ਸਿੰਘ ਰਾਣਾ, ਸੋਮਨਾਥ ਨਿਹਾਲੂਵਾਲ, ਸਰਪੰਚ ਹਰਪਾਲ ਸਿੰਘ, ਅਰੁਣ ਕੁਮਾਰ ਬਾਂਸਲ, ਰਘਬੀਰ ਸਿੰਘ ਗੰਗੋਹਰ, ਹਰਗੋਪਾਲ ਸਿੰਘ, ਤੇਜਿੰਦਰਦੇਵ ਸਿੰਘ ਮਿੰਟੂ, ਗੁਰਦੇਵ ਸਿੰਘ ਰਾਹਲ, ਅਮਰਜੀਤ ਸਿੰਘ ਸੋਢਾ, ਤਰਸੇਮ ਸਿੰਘ ਆਦਿ ਆਗੂ ਹਾਜ਼ਰ ਸਨ |