ਤਪਾ ਮੰਡੀ, 7 ਦਸੰਬਰ (ਪ੍ਰਵੀਨ ਗਰਗ)-ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਤਪਾ ਪੁਲਿਸ ਨੇ 210 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਸਮੇਤ ਦੋ ਜਣਿਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸ਼ਰੀਫ਼ ਖ਼ਾਨ ਨੇ ਦੱਸਿਆ ਕਿ ਸਿਟੀ ਇੰਚਾਰਜ ਕਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਦਰਾਜ਼ ਡਰੇਨ ਨਜ਼ਦੀਕ ਜਾਂਦੇ ਕੱਚੇ ਰਸਤੇ ਪਰ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਦੋ ਨੌਜਵਾਨ ਬੈਠੇ ਦਿਖਾਈ ਦਿੱਤੇ, ਜੋ ਇਕ ਲਿਫ਼ਾਫ਼ੇ ਦੀ ਫਰੋਲਾ ਫਰਾਲੀ ਕਰ ਰਹੇ ਸੀ, ਪੁਲਿਸ ਪਾਰਟੀ ਨੂੰ ਸਾਹਮਣੇ ਦੇਖ ਕੇ ਇਕਦਮ ਘਬਰਾ ਗਏ ਤਾਂ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਉਕਤ ਵਿਅਕਤੀਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 210 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਮੌਕਾ ਪਰ ਕਾਬੂ ਕੀਤਾ | ਉਕਤ ਵਿਅਕਤੀਆਂ ਨੇ ਪਹਿਚਾਣ ਵਜੋਂ ਆਪਣਾ ਨਾਂਅ ਹਰਜਿੰਦਰ ਸਿੰਘ ਉਰਫ ਬਿੰਦਰ ਪੁੱਤਰ ਜੀਤ ਸਿੰਘ ਵਾਸੀ ਅਨੰਦਪੁਰ ਬਸਤੀ ਤਪਾ ਹਾਲ ਆਬਾਦ ਦਰਾਜ਼ ਰੋਡ ਤਪਾ ਅਤੇ ਕਪਿਲ ਕੁਮਾਰ ਪੁੱਤਰ ਰਾਜੀਵ ਕੁਮਾਰ ਵਾਸੀ ਆਜ਼ਾਦ ਨਗਰ ਘੁੰਨਸ ਰੋਡ ਤਪਾ ਦੱਸਿਆ | ਫ਼ਿਲਹਾਲ ਪੁਲਿਸ ਨੇ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮੌਕੇ ਸਿਟੀ ਇੰਚਾਰਜ ਕਰਮਜੀਤ ਸਿੰਘ, ਹੌਲਦਾਰ ਗੁਰਪਿਆਰ ਸਿੰਘ, ਹੌਲਦਾਰ ਗੁਰਜੀਤ ਸਿੰਘ, ਗੁਰਮੇਲ ਸਿੰਘ ਆਦਿ ਪੁਲਿਸ ਮੁਲਾਜ਼ਮ ਮੌਜੂਦ ਸਨ |