ਤਪਾ ਮੰਡੀ, 23 ਦਸੰਬਰ (ਪ੍ਰਵੀਨ ਗਰਗ)-ਇਲਾਕੇ ਅੰਦਰ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਇਸ ਕਦਰ ਵੱਧ ਰਹੀਆਂ ਹਨ ਕਿ ਲੁਟੇਰੇ ਨਿਰਵਿਘਨ ਪੁਲਿਸ ਦੇ ਬਿਨਾਂ ਕਿਸੇ ਡਰ ਤੋਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ | ਜਿਨ੍ਹਾਂ ਅੱਗੇ ਪੁਲਿਸ ਵੀ ਬੇਵੱਸ ਦਿਖਾਈ ਦੇ ਰਹੀ ਹੈ | ਅਜਿਹੀ ਹੀ ਇਕ ਹੋਰ ਲੁੱਟ ਖੋਹ ਦੀ ਘਟਨਾ ਤਪਾ ਜੇਠੂਕੇ ਰੇਲਵੇ ਲਾਈਨ ਨਜ਼ਦੀਕ ਵਾਪਰੀ, ਜਦੋਂ ਲੁਟੇਰੇ ਮੱਝਾਂ ਦੇ ਵਪਾਰੀ ਤੋਂ 90 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਦਿੰਦੇ ਹੋਏ ਗੁਰਨੈਬ ਸਿੰਘ ਪੁੱਤਰ ਮਹਿਲਾ ਸਿੰਘ ਵਾਸੀ ਦਰਾਜ਼ ਨੇ ਦੱਸਿਆ ਕਿ ਉਹ ਤਪਾ ਵਿਖੇ ਬਿਜਲੀ ਦਾ ਕੰਮ ਕਰਦਾ ਹੈ ਅਤੇ ਉਸ ਦੇ ਪਿਤਾ ਮੱਝਾਂ ਦੇ ਵਪਾਰੀ ਹਨ, ਜੋ ਪਿੰਡ ਜੇਠੂਕੇ ਵਿਖੇ ਮੱਝ ਦੇਖ ਕੇ ਆਏ ਸੀ ਦਾ ਸੌਦਾ ਲਗਭਗ 91 ਹਜ਼ਾਰ ਰੁਪਏ ਵਿਚ ਤੈਅ ਹੋਇਆ, ਸਬੰਧੀ ਇਕ ਹਜ਼ਾਰ ਰੁਪਏ ਸਾਈ ਉਕਤ ਵਿਅਕਤੀਆਂ ਨੂੰ ਦੇ ਦਿੱਤੀ | ਜਿਸ ਤੋਂ ਬਾਅਦ ਮੇਰੇ ਪਿਤਾ ਮਹਿਲਾ ਸਿੰਘ ਮੇਰੇ ਪਾਸ ਤਪਾ ਵਿਖੇ ਦੁਕਾਨ 'ਤੇ ਆ ਗਏ, ਜਿਨ੍ਹਾਂ ਨੂੰ ਮੈ ਬਾਕੀ ਰਹਿੰਦੀ ਰਕਮ ਲਗਭਗ 90 ਹਜ਼ਾਰ ਰੁਪਏ ਦਿੱਤੇ ਅਤੇ ਮੱਝ ਲੈ ਕੇ ਆਉਣ ਲਈ ਕਿਹਾ | ਮੇਰੇ ਪਿਤਾ ਤਪਾ ਵਿਖੇ ਬਿਜਲੀ ਦਾ ਬਿੱਲ ਭਰਨ ਉਪਰੰਤ ਮੱਝ ਲੈਣ ਲਈ ਤਪਾ ਜੇਠੂਕੇ ਰੇਲਵੇ ਲਾਈਨ ਹੋ ਕੇ ਜੇਠੂਕੇ ਜਾ ਰਹੇ ਸਨ ਤਾਂ ਪਿੱਛੋਂ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਜਿਨ੍ਹਾਂ ਆਪਣੇ ਮੂੰਹ ਲਪੇਟੇ ਹੋਏ ਸਨ ਨੇ ਜੇਬ 'ਤੇ ਝਪਟ ਮਾਰ ਕੇ 90 ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋ ਗਏ | ਉਨ੍ਹਾਂ ਤੁਰੰਤ ਇਸ ਘਟਨਾ ਸਬੰਧੀ ਸਬੰਧਿਤ ਪੁਲਿਸ ਨੂੰ ਸੂਚਨਾ ਦਿੱਤੀ | ਫ਼ਿਲਹਾਲ ਇਸ ਘਟਨਾ ਨੂੰ ਲੈ ਕੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ |