ਮਹਿਲ ਕਲਾਂ, 28 ਦਸੰਬਰ (ਅਵਤਾਰ ਸਿੰਘ ਅਣਖੀ)-ਪ੍ਰੈੱਸ ਕਲੱਬ ਮਹਿਲ ਕਲਾਂ (ਬਰਨਾਲਾ) ਦੀ ਵਿਸ਼ੇਸ਼ ਮੀਟਿੰਗ ਕਲੱਬ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ | ਇਸ ਮੌਕੇ ਸਭ ਤੋਂ ਪਹਿਲਾ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸੂਰਬੀਰ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਿੱਜਦਾ ਕੀਤਾ ਗਿਆ | ਇਸ ਉਪਰੰਤ ਬੋਲਦਿਆਂ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਨੇ ਫ਼ੀਲਡ ਵਿਚ ਕੰਮ ਕਰਦੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਪੈਨਸ਼ਨ, ਬੀਮਾ ਯੋਜਨਾ, ਰਿਹਾਇਸ਼ ਲਈ ਪਲਾਟ, ਮਕਾਨ ਉਸਾਰੀ ਬੈਕ ਲੋਨ, ਬੱਚਿਆਂ ਦੀ ਉੱਚ ਵਿੱਦਿਆ ਲਈ ਬਿਨਾਂ ਵਿਆਜ ਕਰਜ਼ਾ ਆਦਿ ਸਹੂਲਤਾਂ ਲਾਗੂ ਕਰਨ ਦੇ ਨਾਲ-ਨਾਲ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ | ਵੱਖ-ਵੱਖ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਐਲਾਨੀ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੇ ਸਰਪ੍ਰਸਤ ਕਾਮਰੇਡ ਪ੍ਰੀਤਮ ਸਿੰਘ ਦਰਦੀ ਦੀ ਢੁਕਵੀਂ ਯਾਦਗਾਰ ਤੁਰੰਤ ਬਣਾਉਣ ਦੀ ਮੰਗ ਕੀਤੀ ਗਈ | ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਜ਼ਿਲ੍ਹਾ ਲੀਡਰਸ਼ਿਪ ਮੌਜੂਦ ਸੀ | ਪਰ ਤਿੰਨ ਸਾਲ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਕੁੱਝ ਵੀ ਨਹੀਂ ਬਣਿਆ | ਇਸ ਸਬੰਧੀ ਕਈ ਵਾਰ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਯਾਦਗਾਰ ਦਾ ਕੰਮ ਸ਼ੁਰੂ ਨਹੀਂ ਹੋਇਆ | ਆਗੂਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਾਸੋਂ ਇਸ ਮਾਮਲੇ ਸਬੰਧੀ ਤੁਰੰਤ ਧਿਆਨ ਦੇ ਕੇ ਯਾਦਗਾਰ ਦੀ ਉਸਾਰੀ ਦਾ ਕੰਮ ਛੇਤੀ ਸ਼ੁਰੂ ਕਰਵਾਉਣ ਦੀ ਮੰਗ ਕੀਤੀ | ਇਸ ਮੌਕੇ ਕਲੱਬ ਦੇ ਸਰਪ੍ਰਸਤ ਅਵਤਾਰ ਸਿੰਘ ਅਣਖੀ, ਵਿੱਤ ਸਕੱਤਰ ਬਲਵਿੰਦਰ ਸਿੰਘ ਵਜੀਦਕੇ, ਚੇਅਰਮੈਨ ਸੋਨੀ ਮਾਂਗੇਵਾਲ, ਸਕੱਤਰ ਪ੍ਰਦੀਪ ਸਿੰਘ ਲੋਹਗੜ੍ਹ, ਮੁੱਖ ਸਲਾਹਕਾਰ ਜਗਮੋਹਣ ਸ਼ਾਹ ਰਾਏਸਰ, ਕਾਰਜਕਾਰਨੀ ਮੈਂਬਰ ਰਾਜਵਿੰਦਰ ਸਿੰਘ ਖ਼ਾਲਸਾ, ਰਮਨਦੀਪ ਸਿੰਘ ਧਾਲੀਵਾਲ, ਜਥੇਬੰਦਕ ਸਕੱਤਰ ਬਲਵੰਤ ਸਿੰਘ ਚੁਹਾਣਕੇ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |