ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਅਤੇ ਸਰਸਾ ਨਦੀ 'ਤੇ ਪਰਿਵਾਰ ਵਿਛੋੜੇ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ 'ਚੋਂ ਲੰਘਦੇ ਹੋਏ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਲਮਗੀਰ, ਹੇਰਾਂ ਤੋਂ ਹੁੰਦੇ ਹੋਏ 1705 ਈ. ਨੂੰ ਰਾਏਕੋਟ ਦੇ ਬਾਹਰਵਾਰ ਜੰਡ, ਕਰੀਰ, ਕਿੱਕਰ, ਦੱਭ ਤੇ ਅੰਬਾਂ ਦੇ ਦਰੱਖਤਾਂ ਨਾਲ ਭਰੇ ਹੋਏ ਜੰਗਲਾਂ ਵਿਚ ਡੇਰਾ ਲਗਾਇਆ, ਜਿੱਥੇ ਲੋਕ ਆਪਣੇ ਪਸ਼ੂ ਚਰਾਉਂਦੇ ਸਨ। ਉਸ ਵਕਤ ਰਾਏਕੋਟ ਦੇ ਨਵਾਬ ਰਾਏ ਕੱਲਾ ਦਾ ਚਰਵਾਹਾ ਨੂਰਾ ਮਾਹੀ ਵੀ ਇਨ੍ਹਾਂ ਜੰਗਲਾਂ 'ਚ ਪਸ਼ੂ ਚਰਾ ਰਿਹਾ ਸੀ। ਗੁਰੂ ਸਾਹਿਬ ਦੇ ਚਿਹਰੇ ਦੇੇ ਨੂਰ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸੇਵਾ ਪੁੱਛੀ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸਮੁੰਦਰ (ਦੁੱਧ) ਲਿਆਉਣ ਲਈ ਕਿਹਾ, ਜਿਸ ਦੇ ਜਵਾਬ 'ਚ ਨੂਰੇ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਉਹ ਤਾਂ ਦੁੱਧ ਹੁਣੇ ਹੀ ਚੋ ਕੇ ਆਇਆ ਹੈ। ਇਸ 'ਤੇ ਗੁਰੂ ਸਾਹਿਬ ਨੇ ਇਕ ਔਂਸਰ ਝੋਟੀ ਵੱਲ ਇਸ਼ਾਰਾ ਕਰ ਕੇ ਦੁੱਧ ਚੋਣ ਲਈ ਕਿਹਾ ਤਾਂ ਨੂਰੇ ਮਾਹੀ ਨੇ ਕਿਹਾ ਉਸ ਕੋਲ ਕੋਈ ਬਰਤਨ ਵੀ ਨਹੀਂ ਹੈ ਤਾਂ ਗੁਰੂੁ ਸਾਹਿਬ ਨੇ ਉਸ ਨੂੰ ਇਕ ਬਰਤਨ (ਗੰਗਾ ਸਾਗਰ) ਦਿੱਤਾ, ਜਿਸ ਦੇ ਆਲੇ-ਦੁਆਲੇ 288 ਛੇਕ ਸਨ। ਨੂਰੇ ਦੀ ਹੈਰਾਨੀ ਦੀ ਸੀਮਾ ਉਦੋਂ ਨਾ ਰਹੀ, ਜਦ ਉਸ ਨੇ ਦੇਖਿਆ ਕਿ ਔਂਸਰ ਝੋਟੀ ਦੁੱਧ ਦੇ ਰਹੀ ਹੈ ਤੇ ਦੁੱਧ ਉਨ੍ਹਾਂ ਛੇਕਾਂ ਵਾਲੇ ਭਾਂਡੇ 'ਚੋਂ ਬਾਹਰ ਵੀ ਨਹੀਂ ਆ ਰਿਹਾ। ਨੂਰੇ ਨੇ ਇਹ ਸਾਰੀ ਘਟਨਾ ਆਪਣੇ ਨਵਾਬ ਰਾਏ ਕੱਲਾ ਨੂੰ ਜਾ ਕੇ ਦੱਸੀ ਤਾਂ ਇਸ ਘਟਨਾ ਨੂੰ ਸੁਣਦੇ ਹੀ ਰਾਏ ਕੱਲਾ ਨੇ ਆ ਕੇ ਗੁਰੂੁ ਜੀ ਦੇ ਚਰਨਾਂ 'ਚ ਆਪਣਾ ਸੀਸ ਨਿਵਾਇਆ ਅਤੇ ਸੇਵਾ ਪੁੱਛੀ ਤਾਂ ਗੁਰੂ ਸਾਹਿਬ ਨੇ ਇਕ ਘੋੜਾ ਤੇ ਇਕ ਘੋੜ-ਸਵਾਰ ਦੀ ਮੰਗ ਕੀਤੀ ਤਾਂ ਜੋ ਸਰਹਿੰਦ ਤੋਂ ਛੋਟੇ ਸਾਹਿਬਜ਼ਦਿਆਂ ਤੇ ਮਾਤਾ ਗੁਜਰੀ ਜੀ ਦੇ ਬਾਰੇ ਪਤਾ ਮੰਗਵਾਇਆ ਜਾ ਸਕੇ। ਰਾਏ ਕੱਲਾ ਨੇ ਨੂਰੇ ਮਾਹੀ ਨੂੰ ਘੋੜਾ ਦੇ ਕੇ ਸਰਹਿੰਦ ਭੇਜ ਦਿੱਤਾ। ਉਪਰੰਤ ਗੁਰੂ ਜੀ ਕਮਾਲਪੁਰੇ ਦੀ ਪਵਿੱਤਰ ਧਰਤੀ 'ਤੇ ਚਰਨ ਪਾਉਂਦੇ ਹੋਏ ਪਿੰਡ ਲੰਮਾ-ਜੱਟਪੁਰਾ ਵਿਖੇ ਪੁੱਜੇ, ਜਿੱਥੇ ਉਨ੍ਹਾਂ ਕਈ ਦਿਨ ਵਿਸ਼ਰਾਮ ਕੀਤਾ। ਨੂਰੇ ਮਾਹੀ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਖ਼ਬਰ ਸੁਣਾਈ ਤਾਂ ਗੁਰੂ ਜੀ ਨੇ ਤੀਰ ਦੀ ਨੋਕ ਨਾਲ ਕਾਹੀ ਦੇ ਬੂਟੇ ਨੂੰ ਪੁੱਟਦਿਆਂ ਕਿਹਾ ਕਿ ਅੱਜ ਤੋਂ ਮੁਗ਼ਲ ਰਾਜ ਦੀ ਜੜ੍ਹ ਪੁੱਟੀ ਗਈ ਹੈ। ਰਾਏ ਕੱਲਾ ਨੇ ਬੇਨਤੀ ਕੀਤੀ ਕਿ ਉਹ ਵੀ ਇਕ ਮੁਸਲਮਾਨ ਹੈ ਤਾਂ ਗੁਰੂ ਸਾਹਿਬ ਨੇ ਉਸ ਨੂੰ ਇਕ ਖੰਡਾ, ਗੰਗਾ ਸਾਗਰ ਤੇ ਇਕ ਰੇਹਲ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਇਹ ਚੀਜ਼ਾਂ ਤੇਰੇ ਕੋਲ ਹਨ, ਤੇਰੇ ਰਾਜ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਇਸ ਘਟਨਾ ਤੋਂ ਕਰੀਬ ਦੋ ਸੌ ਸਾਲ ਬਾਅਦ ਸਿੰਘ ਸਭਾ ਲਹਿਰ ਵੇਲੇ ਰਾਏਕੋਟ ਦੇ ਆਸ-ਪਾਸ ਦੇ ਸਿੱਖ ਸ਼ਰਧਾਲੂਆਂ 'ਚ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਇਸ ਧਰਤੀ 'ਤੇ ਗੁਰਦੁਆਰਾ ਸਾਹਿਬ ਦੇ ਨਿਰਮਾਣ ਦਾ ਖਿਆਲ ਆਇਆ ਤੇ 1914 'ਚ ਸ਼ਰਧਾਲੂਆਂ ਦੀ ਬੇਨਤੀ 'ਤੇ 1922 ਵਿਚ ਇੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਦਾ ਕੰਮ ਸੰਤ ਬਾਬਾ ਮੱਘਰ ਸਿੰਘ ਨੇ ਸੰਭਾਲਿਆ। ਬਾਅਦ 'ਚ ਉਨ੍ਹਾਂ ਇਹ ਸੇਵਾ ਬਾਬਾ ਸੰਤਾ ਸਿੰਘ ਨੂੰ ਸੌਂਪ ਦਿੱਤੀ। ਬਾਬਾ ਸੰਤਾ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸੰਗਤਾਂ ਨੇ ਇਹ ਸੇਵਾ ਸੰਭਾਲੀ। ਫਿਰ 1952 ਵਿਚ ਸੰਤ ਨਿਰੰਜਣ ਸਿੰਘ ਮੋਹੀ ਵਾਲਿਆਂ ਨੇ ਇਹ ਸੇਵਾ ਸੰਭਾਲੀ ਤੇ ਉਨ੍ਹਾਂ ਤੋਂ ਬਾਅਦ ਸੰਤ ਨਿਹਾਲ ਸਿੰਘ ਨੇ ਪੁਰਾਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਨਾਲ ਹੀ ਨਵੇਂ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਿਰਮਾਣ ਕਰਾਇਆ। 1987 ਤੋਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਅਧੀਨ ਆ ਗਿਆ। ਕਾਰ ਸੇਵਾ ਦੌਰਾਨ ਇੱਥੇ ਦੀਵਾਨ ਹਾਲ, ਪਾਣੀ ਦੀ ਟੈਂਕੀ, ਚਾਰਦੀਵਾਰੀ, ਸਰੋਵਰ, ਨੂਰਾ ਮਾਹੀ ਯਾਤਰੀ ਸਰਾਂ, ਰਾਏ ਕੱਲਾ ਗਰੀਨ ਕਾਰ ਪਾਰਕਿੰਗ ਕਰੋੜਾਂ ਦੀ ਲਾਗਤ ਨਾਲ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਵਲੋਂ ਤਿਆਰ ਕਰਵਾਈ ਗਈ, ਜਦਕਿ ਹੁਣ ਕਾਰਸੇਵਾ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਸ੍ਰੀ ਨਾਂਦੇੜ ਸਾਹਿਬ (ਲੰਗਰਾਂ ਵਾਲੇ) ਅਤੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਦੀ ਦੇਖ-ਰੇਖ ਹੇਠ ਕਰਵਾਈ ਜਾ ਰਹੀ ਹੈ। ਇਹ ਸਾਲਾਨਾ ਜੋੜ ਮੇਲਾ 2, 3 ਤੇ 4 ਜਨਵਰੀ 2026 ਨੂੰ ਮਨਾਇਆ ਜਾ ਰਿਹਾ ਹੈ। 2 ਜਨਵਰੀ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, 3 ਜਨਵਰੀ ਨੂੰ ਢਾਡੀ-ਕਵੀਸ਼ਰ ਦਰਬਾਰ ਅਤੇ 4 ਜਨਵਰੀ ਨੂੰ ਮਹਾਨ ਕੀਰਤਨ ਦਰਬਾਰ ਸਜੇਗਾ। ਇਸ ਸਥਾਨ 'ਤੇ ਹਰ ਪੂਰਨਮਾਸ਼ੀ ਨੂੰ ਮਹਾਨ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਂਦਾ ਹੈ।
-ਪ੍ਰਤੀਨਿਧ ਰਾਏਕੋਟ।
ਮੋਬਾਈਲ : 98552-08507