07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਵਿਰਾਸਤੀ ਧਰੋਹਰ ਦਸਮੇਸ਼ ਪਿਤਾ ਦੀ ਬਖਸ਼ਿਸ਼ 'ਗੰਗਾ ਸਾਗਰ'

Ad Position 21
repet_subhas-goyals [Copy P29]
ਅਜੀਤ ਡੈਸਕ 29-12-2025

ਅਨੇਕ ਮਹੱਤਵਪੂਰਨ ਘਟਨਾਵਾਂ ਤੇ ਵਿਰਾਸਤੀ ਵਸਤਾਂ, ਜੋ ਆਪਣੇ ਕਾਲ ਦੌਰਾਨ ਜਾਂ ਪਿੱਛੋਂ ਮਹੱਤਵਪੂਰਨ ਰਹੀਆਂ ਹੋਣ, ਜਦ ਸਮੇਂ ਦੀ ਧੂੜ ਹੇਠ ਦੱਬ ਜਾਣ ਤਾਂ ਲੋਕਾਈ ਉਨ੍ਹਾਂ ਨੂੰ ਭੁੱਲ-ਭੁਲਾ ਜਾਂਦੀ ਹੈ। ਅਜਿਹਾ ਕੁਝ ਵਾਪਰਿਆ ਹੈ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਪਣੇ ਅਨਿਨ ਸੇਵਕ ਰਿਆਸਤ ਰਾਏਕੋਟ ਦੇ ਮਾਲਕ ਰਾਏ ਕੱਲ੍ਹਾ ਦੀ ਸੇਵਾ ਤੋਂ ਖੁਸ਼ ਹੋ ਕੇ ਉਸ ਨੂੰ ਬਖ਼ਸ਼ੀਆਂ ਨਿੱਜੀ ਵਸਤਾਂ- ਗੰਗਾ ਸਾਗਰ, ਰੇਹਲ ਤੇ ਕਿਰਪਾਨ ਨਾਲ। ਪੁਰਾਤਨ ਲਿਖਤਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਰਾਏਕੋਟ ਪਧਾਰਨ ਅਤੇ ਰਾਏ ਕੱਲ੍ਹਾ ਦੀ ਸੇਵਾ ਤੋਂ ਖੁਸ਼ ਹੋ ਕੇ ਉਸ ਨੂੰ ਇਹ ਬਖ਼ਸ਼ਿਸ਼ਾਂ ਕਰਨ ਦੀ ਸਾਖੀ ਮਿਲਦੀ ਹੈ। 18ਵੀਂ-19ਵੀਂ ਸਦੀ ਵਿਚ ਲੱਕੜ ਦੇ ਰੱਖ-ਰਖਾਅ ਲਈ ਦਵਾਈਆਂ ਦੀ ਵਰਤੋਂ ਨਾ ਹੋਣ ਕਾਰਨ ਲੱਕੜ ਦੀ ਰੇਹਲ ਅਉਧ ਪੂਰੀ ਹੋਣ 'ਤੇ ਪੂਰੀ ਹੋ ਗਈ, ਇਤਿਹਾਸਿਕ ਤੇ ਵਿਰਾਸਤ ਪੱਖੋਂ ਅਣਮੁੱਲੀ ਕਿਰਪਾਨ ਰਾਏ ਪਰਿਵਾਰ ਤੋਂ ਅੰਗਰੇਜ਼ ਹਾਕਮਾਂ ਨੇ ਹਥਿਆ ਲਈ। ਫਲਸਰੂਪ ਰਹਿ ਗਿਆ ਇਕੱਲਾ ਪਵਿੱਤਰ ਗੰਗਾ ਸਾਗਰ, ਜਿਸ ਨੂੰ ਰਾਏ ਪਰਿਵਾਰ ਨੇ ਪੂਰਨ ਸਤਿਕਾਰ ਸਹਿਤ ਸ਼ਰਧਾ ਨਾਲ ਸਾਂਭਿਆ ਹੋਇਆ ਹੈ। ਇਹ ਜਾਣਕਾਰੀ ਮਿਲਦੀ ਹੈ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਸਜਣ ਵਾਲੇ ਸਾਲਾਨਾ ਜੋੜ-ਮੇਲੇ ਦੇ ਇਕ ਦਿਨ ਸਮੂਹ ਸੰਗਤ ਵਲੋਂ ਸ਼ਬਦ ਪੜ੍ਹਦਿਆਂ ਰਾਏ ਪਰਿਵਾਰ ਦੀ ਹਵੇਲੀ ਤੱਕ ਜਾਣ ਅਤੇ ਉੱਥੇ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ ਕਰਕੇ ਵਾਪਸ ਆਉਣ ਦੀ ਰਵਾਇਤ ਸੀ ਪਰ ਜਾਪਦਾ ਹੈ ਕਿ ਵੰਡ ਮੌਕੇ ਇਨ੍ਹਾਂ ਯਾਦਗਾਰੀ ਵਸਤਾਂ ਤੇ ਇਨ੍ਹਾਂ ਦੇ ਸੰਭਾਲਣਹਾਰ ਰਾਏ ਪਰਿਵਾਰ ਦੇ ਪਾਕਿਸਤਾਨ ਚਲੇ ਜਾਣ ਕਾਰਨ ਪ੍ਰਚੱਲਿਤ ਰਵਾਇਤ ਬੰਦ ਹੋ ਗਈ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸਿੱਖ ਜਗਤ ਨੂੰ ਰਾਏ ਪਰਿਵਾਰ ਨਾਲ ਆਪਣੀ ਸਾਂਝ ਤੇ ਇਨ੍ਹਾਂ ਬਖਸ਼ਿਸ਼ਾਂ ਦੀ ਯਾਦ ਵਿਸਰ ਗਈ। ਸ਼ਾਇਦ ਇਹੋ ਕਾਰਨ ਸੀ ਕਿ ਸ. ਗੰਡਾ ਸਿੰਘ ਵਲੋਂ ਸੰਸਾਰ ਦੇ ਪ੍ਰਸਿੱਧ ਮਿਸਲਖਾਨਿਆਂ, ਲਾਇਬ੍ਰੇਰੀਆਂ, ਗੁਰਦੁਆਰਾ ਸਾਹਿਬਾਨ ਆਦਿਕ ਵਿਚ ਅਤੇ ਨਾਲ ਹੀ ਪ੍ਰਮੁੱਖ ਸ਼ਖ਼ਸੀਅਤਾਂ ਕੋਲ ਸੁਰੱਖਿਅਤ ਗੁਰੂੁ ਸਾਹਿਬਾਨ ਨਾਲ ਸੰਬੰਧਿਤ ਯਾਦਗਾਰਾਂ ਦੀ ਬਣਾਈ ਸੂਚੀ, ਜਿਸ ਨੂੰ ਸਿੱਖ ਹਿਸਟਰੀ ਸੁਸਾਇਟੀ ਅੰਮ੍ਰਿਤਸਰ ਨੇ ਜੂਨ 1950 ਵਿਚ ਪੁਸਤਕ 'ਸਿੱਖ ਇਤਿਹਾਸਕ ਯਾਦਗਾਰਾਂ' ਵਿਚ ਪ੍ਰਕਾਸ਼ਿਤ ਕੀਤਾ, ਵਿਚ ਗੰਗਾ ਸਾਗਰ ਦਾ ਜ਼ਿਕਰ ਨਹੀਂ ਹੈ।
ਸਿੱਖ ਵਿਰਾਸਤ ਦੀ ਅਣਮੁੱਲੀ ਵਸਤ 'ਗੰਗਾ ਸਾਗਰ' ਨਾਲ ਸਿੱਖ ਸੰਗਤ ਦੀ ਸਾਂਝ ਨੂੰ ਮੁੜ ਸੁਰਜੀਤ ਕਰਨ ਦਾ ਵਡਮੁੱਲਾ ਕਾਰਜ ਰਾਏ ਕੁਨਬੇ ਦੇ ਪਾਕਿਸਤਾਨ ਦੇ ਵਸਨੀਕ ਵਰਤਮਾਨ ਮੁਖੀ ਰਾਏ ਅਜ਼ੀਜ਼ ਉੱਲਾ ਖ਼ਾਂ ਨੇ ਕੀਤਾ, ਜਦ 1994 ਵਿਚ ਉਹ ਇੰਗਲੈਂਡ ਦੀ ਸਿੱਖ ਸੰਗਤ ਦੇ ਸੱਦੇ 'ਤੇ 'ਗੰਗਾ ਸਾਗਰ' ਲੈ ਕੇ ਉੱਥੇ ਪਹੁੰਚੇ। ਇੰਗਲੈਂਡ ਵਿਚ ਇਸ ਦੀ ਚਰਚਾ ਪਿੱਛੋਂ ਸੰਸਾਰ ਦੇ ਹਰ ਛੋਟੇ-ਵੱਡੇ ਦੇਸ਼ ਵਿਚ ਵਸਦੇ ਸਿੱਖਾਂ ਦੇ ਮਨ ਵਿਚ ਇਸ 'ਗੰਗਾ ਸਾਗਰ' ਦੇ ਦਰਸ਼ਨ ਕਰਨ ਦੀ ਤਾਂਘ ਉਪਜੀ, ਜਿਸ ਨੂੰ ਪੂਰਾ ਕਰਨ ਵਿਚ ਰਾਏ ਅਜ਼ੀਜ਼ ਉੱਲਾ ਖ਼ਾਨ ਨੇ ਪੂਰਾ ਸਹਿਯੋਗ ਦਿੱਤਾ। ਸੰਸਥਾਵਾਂ ਵਲੋਂ ਦਿੱਤੇ ਸੁਝਾਅ ਨੂੰ ਪ੍ਰਵਾਨ ਕਰਦਿਆਂ ਉਨ੍ਹਾਂ ਨੇ ਭੇਟਾ ਦੀ ਰਾਸ਼ੀ ਇਕ ਵੱਖਰੇ ਖਾਤੇ ਵਿਚ ਰੱਖਣੀ ਸ਼ੁਰੂ ਕੀਤੀ ਹੋਈ ਹੈ, ਜਿਸ ਦੀ ਵਰਤੋਂ ਧਰਮ, ਦੇਸ਼ ਆਦਿ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਧਰਮਾਰਥ ਕਾਰਜਾਂ ਲਈ ਕੀਤੀ ਜਾਂਦੀ ਹੈ।
ਰਾਏ ਅਜ਼ੀਜ਼ ਉੱਲਾ ਖ਼ਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਰਾਏਕੋਟ ਤਸ਼ਰੀਫ ਲਿਆਉਣ ਦੀ ਸਾਖੀ ਨਾਲ ਖੱਬਤ ਦੀ ਹੱਦ ਤੱਕ ਲਗਾਅ ਹੈ। ਇਸ ਲਈ ਉਨ੍ਹਾਂ ਨੂੰ ਪੜ੍ਹਦਿਆਂ-ਸੁਣਦਿਆਂ ਜਿੱਥੇ ਕਿਧਰੇ ਵੀ ਇਸ ਸਾਖੀ ਦੇ ਲਿਖੇ ਹੋਣ ਦੀ ਸ਼ੋਅ ਮਿਲੀ, ਉਸ ਨੂੰ ਲੱਭ ਕੇ ਉਸ ਦੀ ਨਕਲ ਪ੍ਰਾਪਤ ਕਰਨੀ ਉਨ੍ਹਾਂ ਦਾ ਨਿਸ਼ਾਨਾ ਬਣ ਗਿਆ। ਆਪਣੀ ਇਸ ਲਗਨ ਸਦਕਾ ਉਹ ਅਜਿਹੀ ਚੋਖੀ ਸਮੱਗਰੀ ਇਕੱਤਰ ਕਰਨ ਵਿਚ ਸਫਲ ਹੋਏ ਹਨ। ਉਨ੍ਹਾਂ ਦੇ ਇਸ ਸੰਗ੍ਰਹਿ ਵਿਚ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ (ਲੁਧਿਆਣਾ) ਦੀ ਪ੍ਰਬੰਧਕੀ ਕਮੇਟੀ ਵਲੋਂ ਪ੍ਰਕਾਸ਼ਿਤ ਦੋਪੱਤਰੇ ਤੋਂ ਲੈ ਕੇ ਪਿਆਰਾ ਸਿੰਘ ਪਦਮ ਵਲੋਂ ਸੰਪਾਦਿਤ ਭਾਈ ਸਵਰੂਪ ਸਿੰਘ ਕੋਸ਼ਿਸ਼ ਲਿਖਤ 'ਗੁਰੂ ਕੀਆਂ ਸਾਖੀਆਂ' ਦੇ ਪੱਤਰੇ ਸ਼ਾਮਿਲ ਸਨ। ਉਨ੍ਹਾਂ ਦੀ ਇੱਛਾ ਇਸ ਸਮੱਗਰੀ ਨੂੰ ਪੁਸਤਕ ਰੂਪ ਵਿਚ ਸੰਭਾਲਣ ਦੀ ਸੀ। ਸਰੀ (ਕੈਨੇਡਾ) ਵਿਚ ਰਹਿ ਰਹੇ ਜਨਾਬ ਅਜ਼ੀਜ਼ ਉੱਲਾ ਨੇ ਇਸ ਬਾਰੇ ਲੁਧਿਆਣੇ ਵਸਦੇ ਆਪਣੇ ਪਰਮ ਮਿੱਤਰ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਹੋਰਾਂ ਨਾਲ ਗੱਲ ਕੀਤੀ, ਤਾਂ ਪ੍ਰੋ. ਗਿੱਲ ਨੇ ਇਸ ਕਾਰਜ ਵਿਚ ਉਨ੍ਹਾਂ ਨੂੰ ਮੇਰਾ ਸਹਿਯੋਗ ਲੈਣ ਦਾ ਸੁਝਾਅ ਦਿੱਤਾ। ਸਬੱਬ ਨਾਲ ਇਨ੍ਹੀਂ ਦਿਨੀਂ (2024 ਦੀਆਂ ਗਰਮੀਆਂ 'ਚ) ਮੈਂ ਵੀ ਸਰੀ ਹੀ ਸਾਂ। ਰਾਏ ਜੀ ਨੇ ਮਿਲ ਕੇ ਇਹ ਪ੍ਰਸਤਾਵ ਮੇਰੇ ਸਾਹਮਣੇ ਰੱਖਿਆ, ਜਿਸ ਨੂੰ ਮੈਂ ਖੁਸ਼ੀ-ਖੁਸ਼ੀ ਪ੍ਰਵਾਨ ਕਰ ਲਿਆ। ਨਤੀਜੇ ਵਜੋਂ ਰਾਏ ਜੀ ਨੇ ਆਪਣੇ ਕੋਲ ਪਈ ਸਮੱਗਰੀ ਮੈਨੂੰ ਸੌਂਪ ਦਿੱਤੀ ਤੇ ਮੈਂ ਕੁਝ ਹੋਰ ਸੰਬੰਧਿਤ ਸਮੱਗਰੀ ਇਕੱਠੀ ਕਰਕੇ ਇਕ ਕਿਤਾਬ 'ਦਸਮੇਸ਼ ਪਿਤਾ ਬਖਸ਼ਿਸ਼ ਪਵਿੱਤਰ ਗੰਗਾ ਸਾਗਰ' ਪ੍ਰਕਾਸ਼ਿਤ ਕਰਵਾਈ।
ਇਸ ਕਿਤਾਬ ਦੇ ਦੋ ਭਾਗ ਹਨ। ਪਹਿਲੇ ਭਾਗ 'ਚ 'ਪਵਿੱਤਰ ਗੰਗਾ ਸਾਗਰ' ਵਿਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਰਾਏ ਕੱਲ੍ਹਾ ਨੂੰ ਇਸ ਬਖਸ਼ਿਸ਼ ਦੇਣ ਬਾਰੇ ਪ੍ਰਾਪਤ ਹਵਾਲੇ ਅਤੇ ਇਸ ਪਵਿੱਤਰ ਨਿਸ਼ਾਨੀ ਬਾਰੇ ਅਖਬਾਰੀ ਲੇਖ ਆਦਿ ਅਤੇ ਦੂਜੇ ਭਾਗ ਵਿਚ ਰਾਏ ਘਰਾਣੇ ਦਾ ਇਤਿਹਾਸ ਬਿਆਨ ਕੀਤਾ ਗਿਆ ਹੈ। ਪਿਛਲੀ ਸਦੀ ਦੇ ਅੰਤਲੇ ਦਹਾਕੇ ਇਤਿਹਾਸਕਾਰ ਨਿਰੰਜਨ ਸਿੰਘ ਸਾਥੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਨਾਂਦੇੜ ਤੱਕ ਜਾਣ ਦੀ ਯਾਤਰਾ ਨੂੰ 'ਚਰਨ ਚਲੋ ਮਾਰਗ ਗੋਬਿੰਦ' ਨਾਂਅ ਹੇਠ ਕਲਮਬੰਦ ਕੀਤਾ, ਜਿਸ ਨੂੰ 'ਅਜੀਤ' ਅਖਬਾਰ ਵਿਚ ਲੜੀਵਾਰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਵਿਚ ਰਾਏਕੋਟ ਨਾਲ ਸੰਬੰਧਿਤ ਘਟਨਾਵਾਂ ਦਾ ਬਿਆਨ ਪੜ੍ਹ ਕੇ ਇਸ ਵਿਸ਼ੇ ਬਾਰੇ ਕੁਝ ਹੋਰ ਲੇਖ 'ਅਜੀਤ' ਵਿਚ ਛਪੇ। ਇਹ ਲੇਖ ਇਸ ਪੁਸਤਕ ਦਾ ਦੂਜਾ ਅਧਿਆਇ ਬਣੇ ਹਨ। 'ਗੰਗਾ ਸਾਗਰ' ਬਾਰੇ ਰਾਏ ਅਜ਼ੀਜ਼ ਉੱਲਾ ਦੇ ਮਨੋਭਾਵਾਂ ਦਾ ਬਿਆਨ ਤੀਜੇ ਅਧਿਆਇ ਵਿਚ ਦਰਜ ਹੈ।

-ਮੋਬਾਈਲ : 94170-49417

Ad Position 22
No active advertisement
ਪਿਛਲੀ ਖ਼ਬਰ ਗੁ: ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ, ਰਾਏਕੋਟ (ਲੁਧਿਆਣਾ) ਅਗਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ ਦੀ ਕੁਰਬਾਨੀ ਨੂੰ ਯਾਦ ਕਰਦਿਆਂ
Ad Position 24