07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਬਾਬਾ ਮੋਤੀ ਰਾਮ ਮਹਿਰਾ ਦੀ ਕੁਰਬਾਨੀ ਨੂੰ ਯਾਦ ਕਰਦਿਆਂ

Ad Position 21
repet_subhas-goyals [Copy P29]
ਅਜੀਤ ਡੈਸਕ 29-12-2025

ਸਿੱਖ ਇਤਿਹਾਸ 'ਚ ਸ਼ਹੀਦਾਂ ਦਾ ਸਤਿਕਾਰ ਸਹਿਤ ਵਰਨਣ ਮਿਲਦਾ ਹੈ। ਅਨੇਕਾਂ ਸ਼ਹੀਦ ਅਜਿਹੇ ਵੀ ਹਨ, ਜਿਨ੍ਹਾਂ ਦੀਆਂ ਜੀਵਨੀਆਂ ਤੇ ਕੁਰਬਾਨੀਆਂ ਬਾਰੇ ਇਤਿਹਾਸ 'ਚ ਕਾਫ਼ੀ ਘੱਟ ਵਰਨਣ ਹੈ। ਇਸੇ ਤਰ੍ਹਾਂ ਹੀ ਸਿੱਖ ਇਤਿਹਾਸ ਵਿਚ ਵਿਸ਼ੇਸ਼ ਸਥਾਨ ਰੱਖਣ ਵਾਲੇ ਤੇ ਸਾਰਾ ਪਰਿਵਾਰ ਗੁਰੂ ਘਰ ਅਤੇ ਕੌਮ ਦੇ ਲੇਖੇ ਲਾਉਣ ਵਾਲੇ ਬਾਬਾ ਮੋਤੀ ਰਾਮ ਮਹਿਰਾ ਜੀ ਬਾਰੇ ਵੀ ਇਤਿਹਾਸ ਵਿਚ ਬਹੁਤ ਘੱਟ ਜ਼ਿਕਰ ਆਉਂਦਾ ਹੈ। ਕੁਝ ਇਤਿਹਾਸਕਾਰਾਂ ਅਨੁਸਾਰ ਬਾਬਾ ਮੋਤੀ ਰਾਮ ਮਹਿਰਾ ਦਾ ਜਨਮ 1677 ਈ. ਦੇ ਨੇੜੇ ਪਿਤਾ ਭਾਈ ਹਰਾ ਰਾਮ ਤੇ ਮਾਤਾ ਲਧੇ ਦੇ ਘਰ ਸਰਹੰਦ ਜਾਂ ਸੰਗਤਪੁਰ ਸੋਢੀਆਂ ਵਿਖੇ ਹੋਇਆ ਮੰਨਿਆ ਜਾਂਦਾ ਹੈ। ਬਾਬਾ ਮੋਤੀ ਰਾਮ ਮਹਿਰਾ ਸੂਬਾ ਸਰਹਿੰਦ ਵਜ਼ੀਰ ਖ਼ਾਂ ਦੇ ਹਿੰਦੂਆਂ ਦੇ ਰਸੋਈਖਾਨੇ 'ਚ ਕੈਦੀਆਂ ਲਈ ਖਾਣਾ ਤਿਆਰ ਕਰਨ ਦਾ ਕੰਮ ਕਰਦੇ ਸਨ। ਉੱਧਰ ਜਦੋਂ ਗੰਗੂ ਬ੍ਰਾਹਮਣ ਵਲੋਂ ਕੀਤੀ ਮੁਖ਼ਬਰੀ 'ਤੇ ਉਸ ਦੇ ਘਰੋਂ ਮੋਰਿੰਡੇ ਦੀ ਪੁਲਿਸ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕਰਕੇ ਸਰਹਿੰਦ ਦੇ ਠੰਢੇ ਬੁਰਜ ਵਿਚ ਕੈਦ ਕਰ ਦਿੱਤਾ ਤਾਂ ਕੈਦੀਆਂ ਨੂੰ ਭੋਜਨ ਦੇਣ ਸਮੇਂ ਬਾਬਾ ਮੋਤੀ ਰਾਮ ਮਹਿਰਾ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਲਈ ਭੋਜਨ ਲੈ ਕੇ ਠੰਢੇ ਬੁਰਜ ਪੁੱਜੇ ਪਰ ਮਾਤਾ ਜੀ ਨੇ ਇਹ ਕਹਿ ਕੇ ਭੋਜਨ ਖਾਣ ਤੋਂ ਮਨ੍ਹਾਂ ਕਰ ਦਿੱਤਾ ਕਿ ਉਨ੍ਹਾਂ ਦੀ ਤਾਂ ਸੇਵਾ ਕਬੂਲ ਹੈ ਪਰ ਉਹ ਮੁਗ਼ਲਾਂ ਦੀ ਰਸੋਈ 'ਚ ਗਰੀਬਾਂ ਦੀ ਲੁੱਟ ਤੇ ਜ਼ੁਲਮ ਨਾਲ ਇਕੱਠੇ ਕੀਤੇ ਧਨ ਨਾਲ ਬਣਿਆ ਖਾਣਾ ਨਹੀ ਖਾਣਗੇ। ਬਾਬਾ ਮੋਤੀ ਰਾਮ ਮਹਿਰਾ ਚਿੰਤਾ ਅਤੇ ਚਿਹਰੇ 'ਤੇ ਉਦਾਸੀ ਲੈ ਕੇ ਘਰ ਵਾਪਸ ਆਏ ਤਾਂ ਉਨ੍ਹਾਂ ਦੀ ਮਾਤਾ ਨੇ ਕਾਰਨ ਪੁੱਛਿਆ। ਬਾਬਾ ਜੀ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਤੇ ਛੋਟੇ ਸਾਹਿਬਜ਼ਾਦੇ ਠੰਢੇ ਬੁਰਜ ਵਿਚ ਕੈਦ ਹਨ ਅਤੇ ਉਨ੍ਹਾਂ ਨੇ ਸਰਕਾਰੀ ਰਸੋਈ ਦਾ ਖਾਣਾ ਖਾਣ ਤੋਂ ਮਨ੍ਹਾਂ ਕਰ ਦਿੱਤਾ ਹੈ। ਉਨ੍ਹਾਂ ਕੋਲ ਠੰਢ ਤੋਂ ਬਚਣ ਲਈ ਕੋਈ ਗਰਮ ਕੱਪੜਾ ਵੀ ਨਹੀਂ ਹੈ ਪਰ ਮਾਤਾ ਜੀ ਤੇ ਸਾਹਿਬਜ਼ਾਦੇ ਚੜ੍ਹਦੀ ਕਲਾ 'ਚ ਹਨ। ਇਹ ਸੁਣ ਕੇ ਬਾਬਾ ਜੀ ਦੀ ਪਤਨੀ ਨੇ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਸਾਨੂੰ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਹਾਲਾਂਕਿ ਵਜ਼ੀਰ ਖ਼ਾਂ ਨੇ ਐਲਾਨ ਕੀਤਾ ਹੋਇਆ ਸੀ ਕਿ ਜੋ ਵੀ ਗੁਰੂ ਪਰਿਵਾਰ ਜਾਂ ਸਿੱਖਾਂ ਦੀ ਮਦਦ ਕਰੇਗਾ, ਉਸ ਨੂੰ ਕੋਹਲੂ ਵਿਚ ਪੀੜ ਦਿੱਤਾ ਜਾਵੇਗਾ। ਫਿਰ ਵੀ ਉਨ੍ਹਾਂ ਦੇ ਪਰਿਵਾਰ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਲਈ ਗਾਂ ਦਾ ਦੁੱਧ ਗਰਮ ਕਰਕੇ ਗੜਵਾ ਭਰ ਕੇ ਬਾਬਾ ਜੀ ਨੂੰ ਦੇ ਦਿੱਤਾ। ਬਾਬਾ ਜੀ ਨੇ ਕਿਹਾ ਕਿ ਪਹਿਰੇਦਾਰਾਂ ਨੇ ਦੁੱਧ ਅੰਦਰ ਨਹੀਂ ਲਿਜਾਣ ਦੇਣਾ ਤਾਂ ਬਾਬਾ ਜੀ ਦੀ ਮਾਤਾ ਤੇ ਪਤਨੀ ਨੇ ਆਪਣੇ ਗਹਿਣੇ ਉਤਾਰ ਕੇ ਦਿੱਤੇ ਤੇ ਕਿਹਾ ਕਿ ਪਹਿਰੇਦਾਰ ਨੂੰ ਲਾਲਚ ਦੇ ਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾ ਆਓ। ਬਾਬਾ ਜੀ ਨੇ ਜਦ ਠੰਢੇ ਬੁਰਜ ਪਹੁੰਚ ਕੇ ਪਹਿਰੇਦਾਰ ਨੂੰ ਬੇਨਤੀ ਕੀਤੀ ਤਾਂ ਉਸ ਨੇ ਸੂਬਾ ਸਰਹਿੰਦ ਦਾ ਹੁਕਮ ਯਾਦ ਕਰਾਉਂਦਿਆਂ ਅੰਦਰ ਜਾਣ ਤੋਂ ਰੋਕ ਦਿੱਤਾ। ਫਿਰ ਉਨ੍ਹਾਂ ਨੇ ਪਹਿਰੇਦਾਰ ਨੂੰ ਗਹਿਣਿਆਂ ਦਾ ਲਾਲਚ ਦਿੱਤਾ ਤਾਂ ਉਹ ਮੰਨ ਗਿਆ ਅਤੇ ਬਾਬਾ ਜੀ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਦੀ ਸੇਵਾ ਕੀਤੀ। ਪੋਹ ਦਾ ਮਹੀਨਾ ਤੇ ਅੰਤਾਂ ਦੀ ਠੰਢ ਵਿਚ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਗਰਮ ਦੁੱਧ ਛਕਿਆ। ਮਾਤਾ ਜੀ ਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਬੇਅੰਤ ਅਸੀਸਾਂ ਦਿੱਤੀਆਂ। ਇਹ ਵਰਤਾਰਾ ਲਗਾਤਾਰ ਤਿੰਨ ਰਾਤਾਂ ਚੱਲਿਆ, ਜਿਸ ਦੌਰਾਨ ਦੁੱਧ ਤੇ ਪ੍ਰਸ਼ਾਦੇ ਦੀ ਸੇਵਾ ਮੋਤੀ ਰਾਮ ਮਹਿਰਾ ਜੀ ਕਰਦੇ ਰਹੇ। ਬਾਅਦ 'ਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਮਾਤਾ ਜੀ ਵੀ ਸਰੀਰ ਤਿਆਗ ਗਏ।

ਦੀਵਾਨ ਟੋਡਰ ਮੱਲ ਨਾਲ ਸਲਾਹ ਕਰਕੇ ਮੋਤੀ ਰਾਮ ਮਹਿਰਾ ਨੇ ਅੱਤੇ ਨਾਂਅ ਦੇ ਚੰਦਨ ਦੇ ਵਪਾਰੀ ਤੋਂ ਚੰਦਨ ਦੀ ਲੱਕੜ ਖਰੀਦੀ ਤੇ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਸਸਕਾਰ ਕਰਨ ਲਈ ਜਗ੍ਹਾ ਖਰੀਦੀ ਅਤੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ। ਉੱਧਰ ਕਿਸੇ ਨੇ ਵਜ਼ੀਰ ਖ਼ਾਂ ਕੋਲ ਮੋਤੀ ਰਾਮ ਮਹਿਰਾ ਬਾਰੇ ਸਾਰਾ ਕੁਝ ਦੱਸ ਦਿੱਤਾ। ਗੁੱਸੇ 'ਚ ਆਏ ਵਜ਼ੀਰ ਖ਼ਾਂ ਨੇ ਮੋਤੀ ਰਾਮ ਮਹਿਰਾ ਨੂੰ ਪਰਿਵਾਰ ਸਮੇਤ ਪੇਸ਼ ਹੋਣ ਲਈ ਹੁਕਮ ਕੀਤਾ। ਜਦੋਂ ਬਾਬਾ ਜੀ ਪੇਸ਼ ਹੋਏ ਤਾਂ ਵਜ਼ੀਰ ਖ਼ਾਂ ਨੇ ਪੁੱਛਿਆ ਕਿ ਉਸ ਨੇ ਮੇਰੇ ਹੁਕਮ ਨੂੰ ਤੋੜਿਆ ਤਾਂ ਬਾਬਾ ਜੀ ਨੇ ਅਡੋਲ ਰਹਿ ਕੇ ਕਿਹਾ ਕਿ ਮੈਂ ਗੁਰੂ ਦਾ ਸਿੱਖ ਹਾਂ, ਇਸ ਲਈ ਮੈਂ ਅਪਣਾ ਫ਼ਰਜ਼ ਸਮਝ ਕੇ ਉਨ੍ਹਾਂ ਦੀ ਸੇਵਾ ਕੀਤੀ ਹੈ। ਇਸ 'ਤੇ ਚਿੜ੍ਹ ਕੇ ਵਜ਼ੀਰ ਖ਼ਾਂ ਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਪਰਿਵਾਰ ਸਮੇਤ ਕੋਹਲੂ 'ਚ ਪੀੜਨ ਦਾ ਹੁਕਮ ਦੇ ਦਿੱਤਾ। ਜਲਾਦਾਂ ਨੇ ਪਹਿਲਾਂ ਬਾਬਾ ਜੀ ਦੇ ਸੱਤ ਸਾਲ ਦੇ ਪੁੱਤਰ, ਫਿਰ ਮਾਤਾ ਜੀ, ਫਿਰ ਪਤਨੀ ਤੇ ਅਖੀਰ 'ਚ ਬਾਬਾ ਜੀ ਨੂੰ ਕੋਹਲੂ ਵਿਚ ਪੀੜ ਕੇ ਪਰਿਵਾਰ ਸਮੇਤ ਸ਼ਹੀਦ ਕਰ ਦਿੱਤਾ। ਇਸ ਤਰ੍ਹਾਂ ਬਾਬਾ ਜੀ ਅਤੇ ਸਾਰਾ ਪਰਿਵਾਰ ਆਪਣਾ ਜੀਵਨ ਗੁਰੂ ਤੇ ਕੌਮ ਦੇ ਲੇਖੇ ਲਾ ਕੇ ਅਮਰ ਸ਼ਹੀਦ ਹੋ ਗਏ। ਇਤਿਹਾਸਕਾਰਾਂ ਮੁਤਾਬਕ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ 30 ਦਸੰਬਰ, 1704 ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਅਗਲੇ ਸਾਲ ਪਹਿਲੀ ਜਨਵਰੀ ਨੂੰ ਵਜ਼ੀਰ ਖ਼ਾਨ ਕੋਲ ਪੇਸ਼ੀ ਹੋਈ ਅਤੇ 3 ਜਨਵਰੀ, 1705 ਨੂੰ ਪਰਿਵਾਰ ਸਮੇਤ ਸ਼ਹੀਦ ਕਰ ਦਿੱਤਾ ਗਿਆ।
ਧੰਨ ਮੋਤੀ ਮਹਿਰਾ ਜਿਸ ਪੁੰਨ ਕਮਾਇਆ,
ਗੁਰੂ ਲਾਲਾਂ ਤਾਈਂ ਦੁੱਧ ਪਿਲਾਇਆ।

-ਪਿੰਡ ਦੀਨਾ ਸਾਹਿਬ, ਜ਼ਿਲ੍ਹਾ ਮੋਗਾ।

Ad Position 22
No active advertisement
ਪਿਛਲੀ ਖ਼ਬਰ ਵਿਰਾਸਤੀ ਧਰੋਹਰ ਦਸਮੇਸ਼ ਪਿਤਾ ਦੀ ਬਖਸ਼ਿਸ਼ 'ਗੰਗਾ ਸਾਗਰ' ਅਗਲੀ ਖ਼ਬਰ ਅੱਲਾ ਯਾਰ ਖ਼ਾਂ ਜੋਗੀ ਦੀਆਂ ਨਜ਼ਰਾਂ ਵਿਚ ਸਾਹਿਬਜ਼ਾਦਿਆਂ ਦੀ ਸ਼ਹੀਦੀ
Ad Position 24