ਸਰਹਿੰਦ ਵਿਚ ਖੁੱਲ੍ਹਮ-ਖੁੱਲ੍ਹੇ ਰੂਪ ਵਿਚ ਇਕ ਆਮ ਬੁਰਜ ਉਸਾਰਿਆ ਗਿਆ ਸੀ। ਇਸ ਆਮ ਬੁਰਜ ਨੂੰ ਉਸ ਵੇਲੇ ਇਤਿਹਾਸਕ ਰੰਗਤ ਚੜ੍ਹਨੀ ਸ਼ੁਰੂ ਹੋ ਗਈ, ਜਦ ਲਾਲਚ ਤੇ ਗ਼ਦਾਰਪੁਣੇ ਦੀ ਜ਼ਦ ਵਿਚ ਆਏ ਗੰਗੂ ਰਸੋਈਏ ਵਲੋਂ ਕੀਤੀ ਗਈ ਸ਼ਿਕਾਇਤ 'ਤੇ ਜਾਬਰ ਮੁਗ਼ਲ ਹਕੂਮਤ ਦੇ ਹੁਕਮਰਾਨਾਂ ਨੇ ਜਬਰ ਦੀ ਹੱਦ ਪਾਰ ਕਰਦਿਆਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਪੋਹ ਮਹੀਨੇ ਦੇ ਯਖ ਠੰਢੇ ਦਿਨਾਂ ਵਿਚ ਇਸ ਬੁਰਜ ਵਿਚ ਕੈਦ ਕਰ ਕੇ ਈਨ ਮਨਵਾਉਣ ਲਈ ਕਚਹਿਰੀ ਵਿਚ ਪੇਸ਼ੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਇਤਿਹਾਸਕ ਘਟਨਾਕ੍ਰਮ ਨੇਇਕ ਆਮ ਬੁਰਜ ਨੂੰ ਖ਼ਾਸ (ਪੂਜਣ ਯੋਗ) ਬਣਾ ਦਿੱਤਾ। ਸਾਹਿਬਜ਼ਾਦਿਆਂ ਤੇ ਮਾਤਾ ਜੀ ਨੇ ਠੰਢੀਆਂ ਰਾਤਾਂ ਵਿਚ ਵੀ ਜਾਬਰ ਦੇ ਜ਼ੁਲਮ ਦਾ ਸਬਰ ਨਾਲ ਡਟ ਕੇ ਚੜ੍ਹਦੀ ਕਲਾ ਵਿਚ ਮੁਕਾਬਲਾ ਕੀਤਾ। ਇਸ ਮਹਾਨ ਘਟਨਾ ਨੂੰ ਸੂਫ਼ੀ ਸ਼ਾਇਰ ਮਿਰਜ਼ਾ ਅੱਲਾ ਯਾਰ ਖ਼ਾਂ ਜੋਗੀ ਨੇ ਵੀ ਆਪਣੀ ਕਲਮ ਨਾਲ ਬਿਆਨ ਕੀਤਾ ਹੈ। ਉਨ੍ਹਾਂ ਦੀ ਕਲਮ ਅਹਿਸਾਸ ਕਰਾਉਂਦੀ ਹੈ ਕਿ ਉਹ ਘੜੀ ਕਿੰਨੀ ਔਖੀ ਤੇ ਅਸਹਿ ਹੋਵੇਗੀ। ਫਿਰ ਵੀ ਮਾਤਾ ਗੁਜਰੀ ਜੀ ਆਪਣੇ ਲਾਲ (ਦਸਮੇਸ਼) ਦੇ ਲਾਲਾਂ ਨਾਲ ਠੰਢੇ ਬੁਰਜ ਦੀ ਕੈਦ ਸਮੇਂ ਆਉਣ ਵਾਲੇ ਹੋਰ ਵੀ ਕਰੜੇ ਇਮਤਿਹਾਨਾਂ ਨੂੰ ਬੜੇ ਠਰ੍ਹੰਮੇ, ਸਬਰ ਤੇ ਹੌਸਲੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਸਨ।
ਮਨਜ਼ੂਰ ਇਸ ਘੜੀ ਜੋ ਤੁਝੇ ਇਮਤਿਹਾਨ ਹੈ।
ਹਾਜ਼ਿਰ ਬਜਾਇ ਪੋਤੋਂ ਕੇ ਦਾਦੀ ਕੀ ਜਾਨ ਹੈ।
ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੀ ਮੁਗ਼ਲ ਹਕੂਮਤ ਅੱਗੇ ਹੋਣ ਵਾਲੀ ਪੇਸ਼ੀ ਸਮੇਂ ਵਾਪਰਨ ਵਾਲੇ ਘਟਨਾਕ੍ਰਮ ਤੇ ਉਨ੍ਹਾਂ ਦੇ ਨਿਕਲਣ ਵਾਲੇ ਨਤੀਜਿਆਂ ਨੂੰ ਹਰ ਪੱਖੋਂ ਘੋਖਿਆ/ਪਰਖਿਆ ਤੇ ਵਾਪਰਨ ਵਾਲੀ ਭਿਆਨਕ ਹੋਣੀ ਨੂੰ ਭਾਂਪਦਿਆਂ ਆਪਣੇ ਪੋਤਰਿਆਂ ਨੂੰ ਗੋਦੀ ਵਿਚ ਬਿਠਾਇਆ ਅਤੇ ਸਿੱਖੀ ਸਿਦਕ ਕਮਾਉਣ ਤੇ ਹੰਢਾਉਣ ਵਾਲੇ ਆਪਣੇ ਪੁਰਖਿਆਂ ਦੇ ਮਾਣਮੱਤੇ ਇਤਿਹਾਸ ਸੁਣਾ ਕੇ ਮਾਸੂਮ ਪਰ ਮਜ਼ਬੂਤ ਦਿਲਾਂ 'ਤੇ ਚੜ੍ਹੀ ਹੋਈ ਬਹਾਦਰੀ ਦੀ ਪਾਣ ਨੂੰ ਹੋਰ ਤਿੱਖਾ ਕਰਦਿਆਂ ਜ਼ੁਲਮ ਦੇ ਟਾਕਰੇ ਲਈ ਹੋਰ ਦ੍ਰਿੜ੍ਹ ਕੀਤਾ। ਸਵੇਰ ਵੇਲੇ ਅਣਖ ਭਰੀ ਦਲੇਰਾਨਾ ਰੀਝ ਨਾਲ ਦਾਦੀ ਮਾਂ ਪੋਤਰਿਆਂ ਤੋਂ ਮਮਤਾ ਨਿਸ਼ਾਵਰ ਕਰਦੀ ਤੇ ਸਦਕੇ ਜਾਂਦੀ ਹੋਈ ਨੇ ਪੇਸ਼ੀ ਲਈ ਤਿਆਰ ਵੀ ਕੀਤਾ:-
ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ।
ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ।
ਪਯਾਰੇ ਸਰੋਂ ਪੇ ਨਨ੍ਹੀ ਸੀ ਕਲਗ਼ੀ ਸਜਾ ਤੋ ਲੂੰ।
ਮਰਨੇ ਸੇ ਪਹਲੇ ਤੁਮ ਕੋ ਮੈਂ ਦੂਲ੍ਹਾ ਬਨਾ ਤੋ ਲੂੰ।
ਸਿਰ/ਦਿਮਾਗ 'ਤੇ ਹੰਕਾਰ ਅਤੇ ਜਨੂੰਨ ਦੇ ਨਾਲ-ਨਾਲ ਹਕੂਮਤ ਦੇ ਨਸ਼ੇ ਵਿਚ ਚੂਰ ਹੋਇਆ ਸਰਹਿੰਦ ਦਾ ਸੂਬੇਦਾਰ ਨਵਾਬ ਵਜ਼ੀਦ/ਵਜ਼ੀਰ ਖ਼ਾਨ ਵਿਸ਼ੇਸ਼ ਕਚਹਿਰੀ (ਸਭਾ) ਬੁਲਾ ਕੇ ਬੈਠਾ ਹੋਇਆ ਸੀ। ਉਹ ਚਮਕੌਰ ਦੀ ਗੜ੍ਹੀ ਵਿਚ ਮਿਲੀ ਨਾਮੋਸ਼ੀ ਭਰੀ ਹਾਰ ਦਾ ਬਦਲਾ ਗੁਰੂ ਘਰ ਪਰਿਵਾਰ ਦੇ ਮਾਸੂਮਾਂ ਤੋਂ ਲੈਣ ਲਈ ਬਾਜ਼ਿੱਦ ਸੀ। ਏਸੇ ਕਰਕੇ ਸਾਹਿਬਜ਼ਾਦਿਆਂ ਦੀ ਕਚਹਿਰੀ ਵਿਚ ਪੇਸ਼ੀ ਸਮੇਂ ਇਕ ਸਾਜਿਸ਼ ਤਹਿਤ ਮੁੱਖ ਦਰਵਾਜ਼ਾ ਬੰਦ ਕਰਕੇ ਬਾਰੀ/ ਖਿੜਕੀ ਖੋਲ੍ਹੀ ਗਈ ਤਾਂ ਕਿ ਉਹ ਸਿਰ ਝੁਕਾ ਕੇ ਕਚਹਿਰੀ ਵਿਚ ਆ ਸਕਣ। ਸਾਹਿਬਜ਼ਾਦਿਆਂ ਦੀ ਪੇਸ਼ੀ ਕਰਵਾਉਣ ਵਾਲੇ ਸਿਪਾਹੀ ਸਿਰ ਝੁਕਾ ਕੇ ਅੰਦਰ ਲੰਘੇ ਤਾਂ ਕਿ ਉਹ ਬਾਲ ਵੀ ਅਜਿਹਾ ਕਰਨ ਪਰ ਸਾਹਿਬਜ਼ਾਦਿਆਂ ਨੇ ਪਹਿਲਾਂ ਪੈਰ ਅੰਦਰ ਧਰੇ, ਪਿੱਛੇ ਨੂੰ ਕੁਝ ਝੁਕ ਕੇ ਸਿਰ ਉੱਚਾ ਰੱਖਦਿਆਂ ਪ੍ਰਵੇਸ਼ ਕਰਕੇ ਬੁਲੰਦ ਆਵਾਜ਼ ਵਿਚ ਜਾ ਫ਼ਤਹਿ ਗਜਾਈ ਤਾਂ ਸਮੇਤ ਸੂਬਾ ਸਰਹਿੰਦ ਸਭ ਸੜ-ਬਲ ਉੱਠੇ। ਸਾਹਿਬਜ਼ਾਦਿਆਂ ਨੂੰ ਮਾਨਸਿਕ ਤੌਰ 'ਤੇ ਤੋੜਨ ਲਈ ਕਿਹਾ ਗਿਆ ਕਿ ਤੁਹਾਡੇ ਪਿਤਾ ਨੂੰ ਸਾਰੇ ਸਿੱਖਾਂ ਸਮੇਤ ਸ਼ਹੀਦ ਕਰ ਦਿੱਤਾ ਗਿਆ ਹੈ। ਤੁਸੀਂ ਇਕੱਲੇ ਹੀ ਰਹਿ ਗਏ ਹੋ, ਜੇ ਤਹਾਨੂੰ ਛੱਡ ਦੇਈਏ ਤਾਂ ਤੁਸੀਂ ਇਕੱਲੇ ਕੀ ਕਰ ਸਕੋਗੇ? ਅੱਗੋਂ ਦਲੇਰਾਨਾ ਜਵਾਬ ਸੀ ਕਿ ਸਾਨੂੰ ਕੋਈ ਵੀ ਆਸ-ਉਮੀਦ ਨਹੀਂ ਹੈ ਕਿ ਤੁਸੀਂ ਸਾਨੂੰ ਜ਼ਿੰਦਾ ਛੱਡ ਦੇਵੇਗੋ ਤੇ ਤੁਹਾਡੇ ਇਸ ਝੂਠੇ ਬਿਆਨ 'ਤੇ ਉੱਕਾ ਹੀ ਵਿਸ਼ਵਾਸ ਨਹੀਂ। ਹਾਂ ਜੇ ਕੋਈ ਚਾਲ ਚੱਲ ਕੇ ਅਜਿਹਾ ਕਰਮ ਕਰਨ ਵਿਚ ਸਫ਼ਲ ਵੀ ਹੋ ਗਏ ਹੋਵੋਗੇ ਤੇ ਸਾਨੂੰ ਛੱਡ ਵੀ ਦਿੰਦੇ ਹੋ ਤਾਂ ਅਸੀਂ ਬਚੇ-ਖੁਚੇ ਸਿੱਖਾਂ ਨੂੰ ਫਿਰ ਤੋਂ ਲਾਮਬੰਦ ਕਰਕੇ ਆਖ਼ਰੀ ਦਮ ਤੱਕ ਜ਼ੁਲਮ ਵਿਰੁੱਧ ਲੜਦੇ ਰਹਾਂਗੇ।
ਕਰ ਲੇ ਮੁਕਾਬਲਾ ਤੂ ਜ਼ਰਾ ਅਪਨੇ ਸ਼ਾਹ ਸੇ।
ਪਾਪੀ ਹੈ ਵੁਹ ਤੋ ਹਮ ਹੈਂ ਬਰੀ ਹਰ ਗੁਨਾਹ ਸੇ।
ਉਸ ਨੇ ਫ਼ਰੇਬ ਖੇਲਾ ਥਾ ਪੁਸ਼ਤ-ਏ-ਪਨਾਹ ਸੇ।
ਮਰਨੇ ਪਿਤਾ ਕੇ ਵਾਸਤੇ ਹਮ ਆਏ ਚਾਹ ਸੇ।
ਕਾਮ ਇਸ ਨੇ ਭਾਈਯੋਂ ਸੇ ਕੀਯਾ ਥਾ ਯਜ਼ੀਦ ਕਾ।
ਦਾਰਾ ਕਾ ਹੈ, ਮੁਰਾਦ ਕਾ ਹੈ ਰੁਤਬਾ ਸ਼ਹੀਦ ਕਾ।
ਅਜਿਹਾ ਦਲੇਰਾਨਾ ਅਣਖ ਭਰਿਆ ਜਵਾਬ ਸੁਣ ਕੇ ਸੂਬਾ ਸਰਹਿੰਦ ਦੀ ਜੀਭ ਦੰਦਾਂ ਹੇਠ ਆ ਗਈ। ਜ਼ਖ਼ਮੀ ਨਾਗ ਵਾਂਗ ਵਿਸ਼ ਘੋਲਣ ਲੱਗ ਪਿਆ। ਉੱਪਰੋਂ ਸੁੱਚੇ ਨੰਦ ਦੇ ਰੂਪ ਵਿਚ ਸ਼ੈਤਾਨੀਅਤ ਨੇ ਬਲਦੀ 'ਤੇ ਤੇਲ ਪਾਉਣ ਦਾ ਕਰਮ ਕੀਤਾ ਕਿ ਕਾਬੂ ਆਏ ਦੁਸ਼ਮਣ ਦੇ ਬੱਚਿਆਂ ਨੂੰ ਦੁਸ਼ਮਣ ਸਮਝ ਕੇ ਹੀ ਵਿਵਹਾਰ ਕਰਨਾ ਚਾਹੀਦਾ ਹੈ। ਇਨ੍ਹਾਂ ਨੂੰ ਛੱਡਣ ਦੀ ਗਲਤੀ ਹਰਗ਼ਿਜ਼ ਨਹੀਂ ਕਰਨੀ ਚਾਹੀਦੀ।
ਖੇਂਚੋ ਜ਼ਬਾਨੇਂ ਬਰ-ਸਰ-ਏ-ਬਰਬਾਰ ਐਸੋਂ ਕੀ।
ਮੇਰਾ ਜੋ ਬਸ ਚਲੇ ਹੈ ਸਜ਼ਾ ਦਾਰ ਐਸੋਂ ਕੀ।
ਮਨਜ਼ੂਰ ਜਬ ਕਿ ਸਾਂਪ ਕਾ ਸਰ ਭੀ ਹੈ ਤੋੜਨਾ।
ਬੇਜਾ ਹੈ ਫਿਰ ਤੋ ਬੱਚਾ-ਏ-ਅਫਈ ਕੋ ਛੋੜਨਾ।
ਦਸਵੇਂ ਗੁਰੂ ਕਾ ਹੈ ਜੋ ਖ਼ਜ਼ਾਨਾ ਬਟੋਰਨਾ।
ਬੱਚੇ ਕੀ ਪਹਲੇ ਬਾਪ ਸੇ ਗਰਦਨ ਮਰੋੜਨਾ।
ਸੂਬਾ ਸਰਹਿੰਦ ਨੇ ਕਾਜ਼ੀ ਨੂੰ ਫ਼ਤਵਾ ਸੁਣਾਉਣ ਲਈ ਆਖਿਆ ਤਾਂ ਮੁਹੰਮਦ ਬਿਨ ਸਈਦ ਜਾਂ ਹਾਸ਼ਿਮ ਨਾਂਅ ਦੇ ਕਾਜ਼ੀ ਨੇ ਪਹਿਲਾਂ ਇਸਲਾਮ ਦੇ ਅਸੂਲਾਂ ਦੇ ਮੱਦੇਨਜ਼ਰ ਬੇਗੁਨਾਹ ਮਾਸੂਮਾਂ ਨੂੰ ਸਜ਼ਾ ਸੁਣਾਉਣ ਤੋਂ ਕੁਝ ਪਿਛਾਂਹ ਝਿਜਕਿਆ ਤੇ ਫਿਰ ਆਕਾਵਾਂ ਦੀ ਘੂਰੀ ਨਾਲ ਧਰਮ/ਇਮਾਨ, ਸ਼ਰ੍ਹਾ ਦੇ ਅਸੂਲਾਂ ਨੂੰ ਦਰਕਿਨਾਰ ਕਰਦਿਆਂ ਉਨ੍ਹਾਂ ਨੂੰ ਖੁਸ਼ ਕਰਨ ਲਈ ਉਸ ਕਾਜ਼ੀ ਨੇ ਫ਼ਤਵਾ ਸੁਣਾ ਦਿੱਤਾ ਕਿ ਇਨ੍ਹਾਂ ਬਾਲਕਾਂ ਨੂੰ ਜਿਊਂਦੇ ਹੀ ਨੀਂਹਾਂ ਵਿਚ ਚਿਣ ਦਿੱਤਾ ਜਾਵੇ। ਫ਼ਤਵਾ ਸੁਣਦਿਆਂ ਹੀ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਦੇ ਰੂਪ ਵਿਚ ਇਨਸਾਨੀਅਤ ਤੜਫ ਉੱਠੀ ਤੇ ਹਾਅ ਦਾ ਨਾਅਰਾ ਮਾਰਿਆ, 'ਐ ਸੂਬਾ ਸਰਹਿੰਦ! ਐਹ ਕਿੱਧਰ ਦਾ ਇਨਸਾਫ਼ ਐ? ਸ਼ਰ੍ਹਾ ਦੀ ਕਿਹੜੀ ਕਿਤਾਬ ਵਿਚ ਲਿਖਿਆ ਕਿ ਕਿਸੇ ਦਾ ਬਦਲਾ ਕਿਸੇ ਤੋਂ? ਉਹ ਵੀ ਬੇਕਸੂਰ ਮਾਸੂਮਾਂ ਤੋਂ? ਐਹ ਸਭ ਘੋਰ ਬੇਇਨਸਾਫ਼ੀ ਐ।'
ਕਹਨੇ ਲਗੇ ਵੁਹ ਤੁਮ ਤੋ ਨਿਹਾਯਤ ਜ਼ਲੀਲ ਹੋ।
ਨਾਮਰਦੀ ਕੀ ਬਤਾਤੇ ਜਰੀ ਕੋ ਸਬੀਲ ਹੋ।
ਮੁਖ਼ਤਾਰ ਤੁਮ ਹਮਾਰੇ ਹੋ ਯਾ ਤੁਮ ਵਕੀਲ ਹੋ?
ਨਾਹਕ ਬਯਾਨ ਕਰਤੇ ਜੋ ਬੋਦੀ ਦਲੀਲ ਹੋ।
ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ।
ਮਹਫ਼ੂਸ ਰੱਖੇ ਹਮ ਕੋ ਖ਼ੁਦਾ ਐਸੇ ਪਾਪ ਸੇ।
ਪਰ ਚੰਡਾਲ ਸਭਾ ਵਿਚ ਸ਼ੈਤਾਨੀਅਤ ਭਾਰੂ ਰਹੀ ਤੇ ਆਖਰ ਨਿੱਕੀਆਂ ਜਿੰਦਾਂ ਵੱਡਾ ਸਾਕਾ ਵਰਤਾ ਗਈਆਂ। ਉੱਧਰ ਮਾਤਾ ਗੁਜਰੀ ਜੀ ਵੀ ਠੰਢੇ ਬੁਰਜ ਵਿਚ ਗੁਰਪੁਰੀ ਪਿਆਨਾ ਕਰ ਗਏ।
ਹਮ ਜਾਨ ਦੇ ਕੇ ਔਰੌਂ ਕੀ ਜਾਨੇਂ ਬਚਾ ਚਲੇ।
ਸਿੱਖੀ ਕੀ ਨੀਂਵ ਹਮ ਹੈਂ ਸਰੋਂ ਪਰ ਉਠਾ ਚਲੇ।
ਸਮੇਂ ਦਾ ਧਨੀ ਦੀਵਾਨ ਟੋਡਰ ਮੱਲ ਜੋ ਦਿਲ ਦਾ ਵੀ ਧਨੀ ਸੀ, ਨੇ ਸੋਨੇ ਦੀਆਂ ਖੜ੍ਹਵੀਆਂ ਮੋਹਰਾਂ ਵਿਛਾ ਕੇ ਮੁਗ਼ਲ ਹੁਕਮਰਾਨ ਤੋਂ ਜ਼ਮੀਨ ਖਰੀਦੀ ਤੇ ਸ਼ਹੀਦਾਂ ਦੇ ਅੰਤਿਮ ਸੰਸਕਾਰ ਕਰਕੇ ਇਨਸਾਨੀਅਤ ਧਰਮ ਦੀ ਪਾਲਣਾ ਕੀਤੀ। ਇਸ ਪਾਕ ਪਵਿੱਤਰ ਜਗ੍ਹਾ (ਜਿੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ) ਨੂੰ ਸਭ ਤੋਂ ਮਹਿੰਗੀ ਜਗ੍ਹਾ ਹੋਣ ਦਾ ਸਦੀਵੀ ਮਾਣ ਪ੍ਰਾਪਤ ਹੈ। ਸਾਕਾ ਸਰਹਿੰਦ ਸਮੇਂ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਵਲੋਂ ਹਾਅ ਦਾ ਨਾਅਰਾ ਮਾਰਨਾ ਅਤੇ ਦੀਵਾਨ ਟੋਡਰ ਮੱਲ ਵਲੋਂ ਸ਼ਹੀਦਾਂ ਦਾ ਅੰਤਿਮ ਸੰਸਕਾਰ ਹੋਣਾ ਇਹ ਗੱਲ ਸਪੱਸ਼ਟ ਕਰਦੇ ਹਨ ਕਿ ਇਨਸਾਨੀਅਤ ਹਮੇਸ਼ਾਂ ਹੀ ਸਭ ਤੋਂ ਉੱਚੀ ਤੇ ਸੁੱਚੀ ਰਹੀ ਹੈ ਤੇ ਰਹੇਗੀ ਵੀ।
-ਜ਼ਿਲ੍ਹਾ ਅੰਮ੍ਰਿਤਸਰ।
ਵਟਸਐਪ : 98764-74858