ਇਤਿਹਾਸਕਾਰਾਂ ਤੇ ਲੇਖਕਾਂ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵਲੋਂ ਦਿੱਲੀ ਵਿਖੇ ਦਿੱਤੀ ਗਈ ਸ਼ਹੀਦੀ ਦੇ ਕਈ ਕਾਰਨ ਬਿਆਨ ਕੀਤੇ ਹਨ ਪਰ ਸਭ ਤੋਂ ਪ੍ਰਚਾਰਿਤ ਤੇ ਪ੍ਰਚੱਲਿਤ ਕਾਰਨ ਕਸ਼ਮੀਰੀ ਪੰਡਤਾਂ ਦੀ ਗੁਰੂ ਜੀ ਕੋਲ ਧਰਮ ਦੀ ਰੱਖਿਆ ਲਈ ਕੀਤੀ ਗਈ ਫ਼ਰਿਆਦ ਨੂੰ ਮੰਨਿਆ ਗਿਆ ਹੈ। ਇਹ ਸਵਾਲ ਸੁਭਾਵਿਕ ਹੀ ਪੈਦਾ ਹੋ ਜਾਂਦਾ ਹੈ ਕਿ ਕਸ਼ਮੀਰੀ ਪੰਡਤ ਗੁਰੂ ਤੇਗ਼ ਬਹਾਦਰ ਜੀ ਕੋਲ ਹੀ ਇਹ ਫ਼ਰਿਆਦ ਲੈ ਕੇ ਕਿਉਂ ਆਏ? ਅਸੀਂ ਜਾਣਦੇ ਹਾਂ ਕਿ ਕਸ਼ਮੀਰ 'ਚ ਸਿੱਖੀ ਦਾ ਬੂਟਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਾਇਆ ਸੀ ਤੇ ਮਗਰੋਂ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਬੂਟੇ ਦੀ ਆਬਿਆਰੀ ਕੀਤੀ ਸੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਵੀ ਕਸ਼ਮੀਰੀ ਲੋਕਾਂ ਦੀ ਗੁਰੂ ਘਰ ਨਾਲ ਨੇੜਤਾ ਦੇ ਪ੍ਰਮਾਣ ਮਿਲਦੇ ਹਨ ਪਰ ਕੀ ਕੇਵਲ ਇਹ ਨੇੜਤਾ ਹੀ ਨੌਵੇਂ ਗੁਰੂ ਜੀ ਕੋਲ ਪੰਡਤਾਂ ਦੇ ਫਰਿਆਦੀ ਹੋਣ ਦਾ ਕਾਰਨ ਬਣੀ ਸੀ? ਇਸ ਸਵਾਲ ਨੂੰ ਜੇ ਹੋਰ ਗਹਿਰਾਈ 'ਚ ਜਾ ਕੇ ਵਿਚਾਰਿਆ ਜਾਵੇ ਤਾਂ ਇਸ ਦੀਆਂ ਕਈ ਹੋਰ ਪਰਤਾਂ ਮਿਲਦੀਆਂ ਹਨ।
ਜੇ ਸਿਰਫ਼ ਇਤਿਹਾਸ 'ਤੇ ਹੀ ਨਜ਼ਰ ਮਾਰੀਏ ਤਾਂ ਗੁਰੂ ਘਰ ਤੋਂ ਬਿਨਾਂ ਮੁਗ਼ਲ ਹੁਕਮਰਾਨਾਂ ਦੀ ਮਰਹੱਟਿਆਂ ਤੇ ਰਾਜਪੂਤਾਂ ਨਾਲ ਵੀ ਕਦੇ ਨਹੀਂ ਬਣੀ ਸੀ। ਅਕਬਰ ਨੇ ਰਾਜਪੂਤਾਂ 'ਚ ਆਪਣੀ ਸਦਭਾਵਨਾ ਤੇ ਉਦਾਰਤਾ ਕਾਇਮ ਕਰਨ ਲਈ ਉਨ੍ਹਾਂ ਨਾਲ ਰਿਸ਼ਤੇ ਵੀ ਗੰਢੇ ਤੇ ਰਾਜਾ ਮਾਨ ਸਿੰਘ ਸਮੇਤ ਹੋਰ ਰਾਜਪੂਤ ਸਰਦਾਰਾਂ ਨੂੰ ਉਚ ਅਹੁਦੇ ਵੀ ਬਖ਼ਸ਼ੇ ਪਰ ਹਲਦੀ ਘਾਟੀ ਦੇ ਯੁੱਧ ਨੇ ਰਾਜਪੂਤ ਸ਼ਕਤੀ ਨੂੰ ਇਕ ਤਰ੍ਹਾਂ ਨਾਲ ਖ਼ਤਮ ਕਰਕੇ ਰੱਖ ਦਿੱਤਾ ਸੀ। ਇਹੋ ਹਾਲ ਮਰਹੱਟਿਆਂ ਦਾ ਸੀ। ਕਹਿਣ ਦਾ ਭਾਵ ਇਹ ਹੈ ਕਿ ਗ਼ੈਰ-ਮੁਸਲਮਾਨ ਪਰਜਾ ਸ਼ਕਤੀਹੀਣ, ਆਗੂਹੀਣ ਤੇ ਨਿਸਤੀ ਹੋ ਕੇ ਰਹਿ ਗਈ ਸੀ। ਕਸ਼ਮੀਰੀ ਪੰਡਤਾਂ ਨੂੰ ਇਹ ਅਹਿਸਾਸ ਸੀ ਕਿ ਰਾਜਪੂਤਾਂ ਤੇ ਮਰਹੱਟਿਆਂ 'ਚ ਕੋਈ ਵੀ ਉਨ੍ਹਾਂ ਦੀ ਫ਼ਰਿਆਦ ਨਹੀਂ ਸੁਣੇਗਾ, ਰੱਖਿਆ ਤਾਂ ਕੀ ਕਰਨੀ ਸੀ। ਸੋ, ਇਹ ਇੱਧਰੋਂ ਪੂਰੀ ਤਰ੍ਹਾਂ ਨਿਰਾਸ਼ ਹੋ ਬੈਠੇ ਸਨ। ਉੱਧਰ ਅਕਬਰ ਵਲੋਂ ਮੁਆਫ਼ ਕੀਤੇ ਜਜ਼ੀਏ ਨੂੰ ਔਰੰਗਜ਼ੇਬ ਨੇ ਮੁੜ ਲਾਗੂ ਕਰਕੇ ਪੰਡਤਾਂ ਦਾ ਕਾਫੀਆ ਹੋਰ ਵੀ ਤੰਗ ਕਰ ਛੱਡਿਆ ਸੀ। ਉਹ ਪਹਿਲਾਂ ਨਾਲੋਂ ਵਧੇਰੇ ਪੀੜਤ ਮਹਿਸੂਸ ਕਰ ਰਹੇ ਸਨ। ਉੱਧਰ ਕਸ਼ਮੀਰ ਦੇ ਗਵਰਨਰ ਨੇ ਔਰੰਗਜ਼ੇਬੀ ਹੁਕਮਾਂ ਅੱਗੇ ਸਿਰ ਝੁਕਾ ਕੇ ਹੋਰ ਵੀ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ।
ਹੁਣ ਸਵਾਲ ਦਾ ਦੂਜਾ ਪਹਿਲੂ ਵੀ ਵਿਚਾਰੀਏ ਕਿ ਕੀ ਕਸ਼ਮੀਰੀ ਪੰਡਤਾਂ ਨੇ ਆਪਣੇ ਤੌਰ 'ਤੇ ਵੀ ਕੋਈ ਯਤਨ ਕੀਤਾ ਸੀ? ਪਹਿਲਾਂ ਉਨ੍ਹਾਂ ਨੇ ਧਰਮ ਦਾ ਆਸਰਾ ਤੱਕਿਆ। ਮਹਿੰਦਰ ਸਿੰਘ ਸਰਨਾ ਨੇ ਆਪਣੇ ਮਹਾਂਕਾਵਿ 'ਸਾਕਾ ਜਿਨ ਕੀਆ' ਵਿਚ ਇਕ ਘਟਨਾ ਦਰਜ ਕੀਤੀ ਹੈ ਕਿ ਪੰਡਤਾਂ ਨੇ ਹੋਰ ਕੋਈ ਚਾਰਾ ਨਾ ਚਲਦਾ ਵੇਖ ਕੇ ਔਰੰਗਜ਼ੇਬ ਕੋਲ ਦਿੱਲੀ ਸ਼ਹਿਰ ਦੇ ਸਿਰਕੱਢ ਲੋਕਾਂ ਨੂੰ ਨਾਲ ਲੈ ਕੇ ਰੋਸ ਵਿਖਾਵਾ ਕਰਨ ਦਾ ਫ਼ੈਸਲਾ ਕੀਤਾ। ਉਹ ਇਕੱਠੇ ਹੋ ਕੇ ਸ਼ਾਹੀ ਮਹੱਲ ਦੇ ਹੇਠਾਂ ਇਕੱਠੇ ਹੋਏ, ਤਾਂ ਜੋ ਉਹ ਝਰੋਖੇ 'ਚੋਂ ਹੀ ਵੇਖ ਕੇ ਉਨ੍ਹਾਂ ਦੀ ਫ਼ਰਿਆਦ ਸੁਣ ਲਵੇ। ਉਹ ਸਾਰਾ ਦਿਨ ਖੜ੍ਹੇ ਰਹੇ ਪਰ ਉਹ ਝਰੋਖੇ 'ਚ ਵੀ ਨਾ ਆਇਆ। ਜੁੰਮਾ ਹੋਣ ਕਰਕੇ ਔਰੰਗਜ਼ੇਬ ਜਦ ਲਾਲ ਕਿਲ੍ਹੇ ਤੋਂ ਬਾਹਰ ਆ ਕੇ ਨਮਾਜ਼ ਪੜ੍ਹਨ ਲਈ ਤੁਰਿਆ ਤਾਂ ਸਾਰੇ ਪੰਡਤ ਹੱਥ ਜੋੜ ਕੇ ਉਸ ਦਾ ਰਾਹ ਰੋਕਣ ਲਈ ਆ ਖੜ੍ਹੇ ਹੋਏ। ਔਰੰਗਜ਼ੇਬ ਨੇ ਇਸ ਹਰਕਤ ਦਾ ਬੁਰਾ ਮਨਾਇਆ ਤੇ ਫਰਿਆਦ ਸੁਣਨ ਦੀ ਬਜਾਇ ਹਾਥੀ ਮੰਗਵਾ ਕੇ ਉਨ੍ਹਾਂ ਨੂੰ ਕੁਚਲ ਦੇਣ ਦਾ ਹੁਕਮ ਸੁਣਾਇਆ:-
ਸ਼ਹਿਨਸ਼ਾਹ ਨੇ ਵੇਖਿਆ ਕਰਕੇ ਉੱਚੀ ਧੌਣ,
ਰੋਕਮ ਆਲਮਗੀਰ ਨੂੰ ਹੁੰਦੇ ਨੇ ਇਹ ਕੌਣ।
ਕਾਰਨ ਏਸ ਇਕੱਠ ਦਾ ਹੋਇਆ ਜਦੋਂ ਮਾਲੂਮ,
ਹੁਕਮ ਸ਼ਹਿਨਸ਼ਾਹ ਚਾੜ੍ਹਿਆ ਖਿੰਡੇ ਤੁਰਤ ਹਜ਼ੂਮ।
ਪਰ ਨਾ ਹਿੱਲਿਆ ਕੋਈ, ਕਿਸੇ ਨਾ ਦਿੱਤਾ ਰਾਹ,
ਆ ਕੇ ਤੈਸ਼ ਅਦਬ ਵਿਚ, ਭੜਕ ਉੱਠਿਆ ਸ਼ਾਹ।
ਹਾਥੀ ਮੰਗਵਾਏ ਗਏ, ਜਿਨ੍ਹਾਂ ਆਖਰਕਾਰ,
ਪੈਰੀ ਮਿੱਧ ਕੇ ਭੀੜ ਨੂੰ, ਕੀਤਾ ਸਾਫ਼ ਬਾਜ਼ਾਰ।
ਮੂਲ ਨ ਕੋਈ ਕੁਸਕਿਆ ਇਸ ਦੁਰਘਟਨਾ ਬਾਅਦ
ਮੰਨੋ ਹਿੰਦੂ ਹੋਣ ਦਾ ਮੰਨ ਲਿਆ ਅਪਰਾਧ।
ਏਸੇ ਤਰ੍ਹਾਂ ਦਾ ਹਾਲ ਕਸ਼ਮੀਰ ਦੇ ਗਵਰਨਰ ਨੇ ਵੀ ਕਰ ਰੱਖਿਆ ਸੀ। ਧਰਤੀ 'ਤੇ ਸਵਰਗ ਕਹੀ ਜਾਣ ਵਾਲੀ ਧਰਤੀ ਲਹੂ-ਲੁਹਾਣ ਹੋਈ ਪਈ ਸੀ। ਕੋਈ ਪੇਸ਼ ਨਾ ਜਾਂਦੀ ਵੇਖ ਕੇ ਵਿਦਵਾਨ ਬ੍ਰਾਹਮਣਾਂ ਨੇ ਰਾਜਨੀਤਕ ਲੋਕਾਂ ਦਾ ਆਸਰਾ ਤੱਕਣ ਨਾਲੋਂ ਧਰਮ ਦਾ ਆਸਰਾ ਲੈਣ ਦੀ ਸੋਚੀ ਪਰ ਉਹ ਉਨ੍ਹਾਂ ਨੂੰ ਆਸਰਾ ਨਾਲ ਮਿਲਿਆ।
ਪਿਆਰਾ ਸਿੰਘ ਨਿਰਛਲ ਇਕ ਪੰਥਕ ਕਵੀ ਸੀ। ਬੇਸ਼ੱਕ ਉਹ ਇਤਿਹਾਸਕਾਰ ਤਾਂ ਨਹੀਂ ਸੀ ਪਰ ਫਿਰ ਵੀ ਲੋੜੀਂਦੇ ਇਤਿਹਾਸ ਦੀ ਜਾਣਕਾਰੀ ਜ਼ਰੂਰ ਰੱਖਦਾ ਸੀ। ਗੁਰੂ ਤੇਗ ਬਹਾਦਰ ਜੀ ਦੀ ਸ਼ਰਨ 'ਚ ਆਉਣ ਤੋਂ ਪਹਿਲਾਂ ਕਸ਼ਮੀਰੀ ਪੰਡਤਾਂ ਨੇ ਜੋ-ਜੋ ਧਾਰਮਿਕ ਅਨੁਸ਼ਠਾਨ ਕੀਤੇ, ਉਨ੍ਹਾਂ ਦਾ ਕੁਝ ਵੇਰਵਾ ਉਸ ਨੇ ਆਪਣੇ ਕਾਵਿ ਸੰਗ੍ਰਹਿ 'ਅਮਰ ਕਥਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ' ਵਿਚ ਜ਼ਰੂਰ ਦਿੱਤਾ ਹੈ। ਉਹ ਲਿਖਦਾ ਹੈ:-
ਕੱਠੇ ਹੋ ਕੇ ਪੰਡਤਾਂ ਨੇ, ਹਾਅ ਦਾ ਨਾਅਰਾ ਮਾਰਿਆ,
ਸੁਣ ਫਰਿਆਦ ਸਾਡੀ, ਪਾਹਰਿਆ ਓ ਪਾਹਰਿਆ।
ਮੱਥਿਆਂ 'ਤੇ ਟਿੱਕੇ ਬੜੇ ਵੱਡੇ ਵੱਡੇ ਲਾਏ ਨੇ,
ਚੋਰੀ ਛਿਪੀ ਅਸਾਂ ਬੜੇ ਟੱਲ ਖੜਕਾਏ ਨੇ।
ਧੂਫਾਂ ਵੀ ਧੁਖਾਈਆਂ, ਕਈ ਹਮਨ ਵੀ ਕਰਾਏ ਨੇ,
ਬਹੁੜਿਆ ਨਹੀਂ ਕੋਈ, ਅਸਾਂ ਬੜੇ ਰੌਲੇ ਪਾਏ ਨੇ।
ਆਸ ਪੂਰੀ ਕਰ ਡੁੱਬੀ ਆਸ ਦੇ ਸਹਾਰਿਆ।
ਸੁਣ ਫਰਿਆਦ ਸਾਡੀ, ਪਾਹਰਿਆ ਓ ਪਾਹਰਿਆ।
ਇਸ ਸਾਰੀ ਚਰਚਾ ਦਾ ਭਾਵ ਇਹ ਹੈ ਕਿ ਪੰਡਤਾਂ ਨੇ ਪਹਿਲਾਂ ਆਪਣੇ ਤੌਰ 'ਤੇ ਗ਼ੈਰ-ਮੁਸਲਮਾਨ ਰਾਜਨੀਤਕ ਲੋਕਾਂ ਦੀ ਸ਼ਰਨ ਤੱਕੀ ਪਰ ਉੱਥੋਂ ਉਨ੍ਹਾਂ ਨੂੰ ਖਾਲੀ ਹੱਥ ਪਰਤਣਾ ਪਿਆ। ਫਿਰ ਹਿੰਮਤ ਕਰਕੇ ਔਰੰਗਜ਼ੇਬ ਨੂੰ ਮਿਲ ਕੇ ਫਰਿਆਦ ਕਰਨੀ ਚਾਹੀ ਪਰ ਉੱਥੇ ਉਨ੍ਹਾਂ ਦਾ ਸਾਹਮਣਾ ਹਾਥੀਆਂ ਨਾਲ ਹੋਇਆ। ਇਸ ਤਰ੍ਹਾਂ ਜਦੋਂ ਉਨ੍ਹਾਂ ਲਈ ਸਭ ਰਸਤੇ ਬੰਦ ਹੋ ਗਏ ਤਾਂ ਉਦੋਂ ਹੀ ਉਨ੍ਹਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਅਨੰਦਪੁਰ ਸਾਹਿਬ ਜਾ ਕੇ ਫਰਿਆਦੀ ਬਣਨਾ ਪਿਆ। ਗੁਰੂ ਤੇਗ ਬਹਾਦਰ ਜੀ ਕੋਲ ਜਾਣਾ ਹੀ ਉਨ੍ਹਾਂ ਲਈ ਆਖਰੀ ਰਸਤਾ ਸੀ।
-ਮੋਬਾਈਲ : 98889-39808