16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਭਾਰਤੀ ਕ੍ਰਿਕਟ ਟੀਮ ਦਾ ਸਿਤਾਰਾ ਸ਼ੁਭਮਨ ਗਿੱਲ

Ad Position 21
repet_subhas-goyals [Copy P29]
ਅਜੀਤ ਡੈਸਕ 01-06-2025

ਸ਼ੁਭਮਨ ਗਿੱਲ ਦੀ ਕਪਤਾਨੀ ਭਾਰਤ ਲਈ ਇਕ ਬਹੁਤ ਹੀ ਬੁਲੰਦ ਹੌਸਲੇ ਤੇ ਭਵਿੱਖ ਨੂੰ ਨਵੀਂ ਸੇਧ ਦੇਣ ਵਾਲਾ ਕਦਮ ਹੈ | ਉਸ ਦੀ ਨੌਜਵਾਨ ਪੀੜ੍ਹੀ ਪ੍ਰਤੀ ਉਸਾਰੂ ਸੋਚ, ਜੋਸ਼ੀਲੀ ਖੇਡ ਖੇਡਣ ਵਾਲੀ ਸ਼ੈਲੀ, ਰਣਨਤੀਕ ਸਮਝ, ਉਸ ਨੂੰ ਇਕ ਦੇਸ਼ ਲਈ ਆਸ਼ਾਵਾਦੀ ਸਰਦਾਰ ਬਣਾਉਂਦੀ ਹੈ, ਪਰ ਵਿਦੇਸ਼ੀ ਪਿੱਚਾਂ 'ਤੇ ਉਸ ਦੀ ਬੱਲੇਬਾਜ਼ੀ ਤੇ ਟੈਸਟ ਕ੍ਰਿਕਟ ਦੀਆਂ ਗੁੰਝਲਾਂ ਨੂੰ ਸੰਭਾਲਣ ਦੀ ਕਲਾ ਉਸ ਦੀ ਅਸਲੀ ਪ੍ਰੀਖਿਆ ਹੋਵੇਗੀ | ਇੰਗਲੈਂਡ ਦੇ ਖਿਲਾਫ਼ ਨਾਂਅ ਸਿਰਫ਼ ਵਿਸ਼ਵ ਟੈਸਟ ਚੈਪੀਅਨਸ਼ਿਪ ਦੀ ਸ਼ੁਰੂਆਤ ਹੋਵੇਗੀ ਬਲਕਿ ਗਿੱਲ ਦੀ ਚੰਗੀ ਅਗਵਾਈ ਦੀ ਕਰੜੀ ਅਗਨੀ ਪ੍ਰੀਖਿਆ ਵੀ ਹੋਵੇਗੀ ਜੋ ਉਸ ਦੇ ਕੈਰੀਅਰ ਤੇ ਸੋਨੇ ਤੇ ਸੁਹਾਗਾ ਸਾਬਿਤ ਹੋਵੇਗੀ ਤੇ ਉਸ ਦੀ ਟੀਮ ਦੇ ਨੌਜਵਾਨਾਂ ਦਾ ਜੋਸ਼, ਸੀਨੀਅਰ ਖਿਡਾਰੀਆਂ ਦੇ ਤਜਰਬਿਆਂ ਦਾ ਸੁਮੇਲ, ਵਿਸ਼ਵ ਟੈਸਟ ਚੈਂਪੀਅਨਸ਼ਿਪ 2025-27 ਲਈ ਭਾਰਤ ਨੂੰ ਮਜ਼ਬੂਤ ਸਥਿਤੀ 'ਚ ਲੈ ਕੇ ਜਾ ਸਕਦਾ ਹੈ |
ਜੇਕਰ ਸ਼ੁਭਮਨ ਗਿੱਲ ਦੇ ਜੀਵਨ 'ਤੇ ਇਕ ਪੰਛੀ ਝਾਤ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਸ਼ੁਭਮਨ ਗਿੱਲ ਦਾ ਪਿਛੋਕੜ ਪੰਜਾਬ ਦੇ ਜਿਲ੍ਹਾ ਫਾਜ਼ਿਲਕਾ ਨਾਲ ਹੈ ਤੇ ਇਸ ਦਾ ਜਨਮ ਇਕ ਸਿੱਖ ਪਰਿਵਾਰ 'ਚ 8 ਸਤੰਬਰ 1999 ਨੂੰ ਪਿੰਡ ਜੈਮਲ ਸਿੰਘ ਵਾਲਾ 'ਚ ਪਿਤਾ ਲਖਵਿੰਦਰ ਸਿੰੰਘ ਦੇ ਘਰ ਹੋਇਆ ਜੋ ਪੇਸ਼ੇ ਤੋਂ ਕਿਸਾਨ ਸਨ ਤੇ ਕ੍ਰਿਕਟ 'ਚ ਰੁਚੀ ਰੱਖਦੇ ਸਨ ਤੇ ਇਸ ਦੀ ਵੱਡੀ ਭੈਣ ਸ਼ਹਿਨੀਲ ਗਿੱਲ ਨੇ ਵੀ 3 ਸਾਲ ਦੀ ਛੋਟੀ ਉਮਰ 'ਚ ਕ੍ਰਿਕਟ ਦੀ ਖੇਡ 'ਚ ਦਿਲਚਸਪੀ ਵਿਖਾਈ ਸੀ ਤੇ ਪਿਤਾ ਲਖਵਿੰਦਰ ਸਿੰਘ ਰੋਜ਼ਾਨਾ ਉਸ ਦੀ 500 ਤੋਂ 700 ਗੇਂਦਾਂ ਨਾਲ ਪ੍ਰੈਕਟਿਸ ਕਰਵਾਉਂਦਾ ਸੀ ਤੇ ਇਸ ਕਰਕੇ ਪਿਤਾ ਨੇ ਆਪਣੇ ਸਾਰੇ ਪ੍ਰੀਵਾਰ ਨੂੰ 2007 'ਚ ਮੋਹਾਲੀ ਵਿਖੇ ਪੰਜਾਬ ਕ੍ਰਿਕਟ ਸਟੇਡੀਅਮ ਦੇ ਨੇੜੇ ਸ਼ਿਫਟ ਕਰ ਦਿੱਤਾ ਤਾਂ ਜੋ ਬੱਚਿਆਂ ਨੂੰ ਕ੍ਰਿਕਟ ਦੀ ਚੰਗੀ ਕੋਚਿੰਗ ਦਿਵਾਈ ਜਾ ਸਕੇ ਤੇ ਕ੍ਰਿਕਟ 'ਚ ਉਨ੍ਹਾਂ ਦਾ ਚੰਗਾ ਭਵਿੱਖ ਬਣਾਇਆ ਜਾ ਸਕੇ |
ਜਦੋਂ ਸ਼ੁਭਮਨ 12 ਸਾਲ ਦਾ ਹੋਇਆ ਤਾਂ ਇਸ ਦਾ ਵੀ ਰੁਝਾਨ ਕ੍ਰਿਕਟ ਵੱਲ ਸੀ ਤੇ ਇਸ ਨੂੰ ਕਰਸਨ ਘਾਵਰੀ ਦੇ ਅੰਡਰ 19 ਸਾਲ ਆਲ ਇੰਡੀਆ ਪੇਸ ਬਾਲਿੰਗ ਕੈਂਪ ਲਈ ਨਾਮਜ਼ਦ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਹੀ ਗਿੱਲ ਨੇ ਪੰਜਾਬ ਦੀ ਅੰਡਰ 14 ਸਾਲ ਪੀਸੀਏ ਟੀਮ 'ਚ ਥਾਂ ਪੱਕੀ ਕਰ ਲਈ ਤੇ ਇਸ ਤੋਂ ਬਾਅਦ ਉਹ ਕ੍ਰਿਕਟ ਦੀਆਂ ਬੁਲੰਦੀਆਂ ਨੂੰ ਛੰੂਹਦਾ ਚਲਾ ਗਿਆ | ਅੱਜ ਉਸ ਨੇ ਭਾਰਤੀ ਕ੍ਰਿਕਟ ਟੀਮ ਦੀ ਕਮਾਨ ਆਪਣੇ ਹੱਥਾਂ 'ਚ ਲੈ ਲਈ ਹੈ ਜੋ ਕਿ ਪੰਜਾਬ ਤੇ ਦੇਸ਼ ਲਈ ਮਾਣ ਵਾਲੀ ਗੱਲ ਹੈ | ਸ਼ੁਭਮਨ ਗਿੱਲ ਨੂੰ ਭਾਰਤੀ ਕ੍ਰਿਕਟ ਟੀਮ ਦਾ ਸਰਦਾਰ ਨਿਯੁਕਤ ਕੀਤਾ ਗਿਆ ਹੈ ਤੇ ਗਿੱਲ ਜੋ ਕਿ ਟੀ-20 ਇਕ ਦਿਨਾ ਵਿਚ ਆਪਣੀ ਸਫਲ ਅਗਵਾਈ ਤੇ ਕਲਾ ਦਾ ਝੰਡਾ ਲਹਿਰਾ ਚੁੱਕਾ ਹੈ, ਜਦੋਂ ਵੀ ਟੈਸਟ ਕ੍ਰਿਕਟ ਦੀ ਮੁਸ਼ਕਿਲ ਘੜੀ ਭਾਰਤ 'ਤੇ ਆਵੇਗੀ ਤੇ ਉਸ ਨੂੰ ਵੀ ਪਾਰ ਲਗਾਉਣ ਦੀ ਹਿੰਮਤ ਵੀ ਗਿੱਲ ਆਪਣੇ ਬਲਬੂਤੇ ਤੇ ਰੱੱਖਦਾ ਹੈ | ਨਵਾਂ ਕਪਤਾਨ ਹੋਣ ਕਰਕੇ ਜੇਕਰ ਭਾਰਤੀ ਖੇਡ ਪ੍ਰੇਮੀਆਂ ਦੇ ਮਨਾਂ 'ਚ ਸਵਾਲ ਪੈਦਾ ਹੁੰਦਾ ਹੈ ਕਿ ਗਿੱਲ ਭਾਰਤ ਲਈ ਇਕ ਸ਼ੁਭ ਤੇ ਸਫਲ ਕਪਤਾਨ ਸਾਬਿਤ ਹੋਵੇਗਾ ਤਾਂ ਸ਼ੁਭਮਨ ਗਿੱਲ ਆਪਣੀ ਚੰਗੀ ਖੇਡ ਰਾਹੀਂ ਇਸ ਨੂੰ ਸਫਲ ਤੇ ਸੂਝਵਾਨ ਕਪਤਾਨ ਬਣ ਕੇ ਸਿੱਧ ਕਰਨ ਦਾ ਯਤਨ ਕਰੇਗਾ | ਸ਼ੁਭਮਨ ਗਿੱਲ ਇਕ ਨੌਜਵਾਨ ਜੋਸ਼ ਦਾ ਸੁਮੇਲ ਹੈ ਤੇ ਇਸ ਨੇ ਆਪਣੇ ਛੋਟੇ ਜਿਹੇ ਕੈਰੀਅਰ 'ਚ ਭਾਰਤੀ ਕ੍ਰਿਕਟ ਮੈਦਾਨ 'ਚ ਇਕ ਵੱਖਰੀ ਛਾਪ ਛੱਡੀ ਹੈ ਤੇ ਇਸ ਨੇ 2025 'ਚ ਗੁਜਰਾਤ ਟਾਈਮਜ਼ ਨੂੰ ਪਲੇਅ-ਆਫ ਵੇਅ ਤੱਕ ਲੈ ਕੇ ਜਾਣ ਤੇ ਪੰਜ ਟੀ-20 ਕੌਮਾਂਤਰੀ ਮੁਕਾਬਲਿਆਂ 'ਚ ਭਾਰਤ ਦੀ ਕਪਤਾਨੀ ਸੰਭਾਲਣਾ ਉਸ ਦੀ ਚੰਗੀ ਅਗਵਾਈ ਦਾ ਸਬੂਤ ਹੈ | ਗਿੱਲ ਨੇ 25 ਟੈਸਟਾਂ 'ਚ 1492 ਦੌੜਾਂ ਬਣਾਈਆਂ ਤੇ ਇਸ ਵਿੱਚ 4 ਸੈਂਕੜੇ ਤੇ 6 ਅਰਧ ਸੈਂਕੜੇ ਗਿੱਲ ਦੀ ਬੱਲੇਬਾਜ਼ੀ ਦੀ ਸਫਲ ਬੁਨਿਆਦ ਦੀ ਗਵਾਹੀ ਭਰਦੇ ਹਨ | ਪਰ ਇਸ ਦੇ ਨਾਲ ਹੀ ਵਿਦੇਸ਼ੀ ਪਿੱਚਾਂ ਦੇ ਪ੍ਰਦਰਸ਼ਨ ਕਈ ਸਵਾਲ ਵੀ ਖ਼ੜ੍ਹੇ ਕਰਦਾ ਹੈ ਤੇ ਉਸ ਵਿਚ ਵੀ ਕਪਤਾਨ ਜ਼ਰੂਰ ਸੁਧਾਰ ਕਰਨ ਲਈ ਯਤਨਸ਼ੀਲ ਹੋਵੇਗਾ | ਗਿੱਲ ਦਾ ਸ਼ਾਂਤ ਸੁਭਾਓ ਤੇ ਖੇਡ ਨੂੰ ਪਾਰਖੂ ਨਜ਼ਰ ਨਾਲ ਪੜ੍ਹਨ ਦੀ ਰੁਚੀ ਉਸ ਦੀ ਵੱਡੀ ਮੁੱਖ ਤਾਕਤ ਹੈ | ਇਸ ਦਾ ਸਬੂਤ ਉਸ ਵੇਲੇ ਮਿਲਦਾ ਹੈ ਜਦੋਂ ਬੀ.ਸੀ.ਸੀ.ਆਈ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਸਾਂਸਦ ਰਾਜੀਵ ਸ਼ੁਕਲਾ ਜੋੋ ਸਾਬਕਾ ਚੇਅਰਮੈਨ ਆਈ.ਪੀ.ਐਲ ਤੇ ਇਸ ਵੇਲੇ ਬੀ.ਸੀ.ਸੀ.ਆਈ ਦੇ ਸਰਬਸੰਮਤੀ ਨਾਲ ਚੁਣੇ ਗਏ ਉਪ ਪ੍ਰਧਾਨ ਹਨ, ਇਨ੍ਹਾਂ ਦੀ ਪਾਰਖੂ ਨਜ਼ਰ ਕਾਫੀ ਸਮੇਂ ਤੋਂ ਸ਼ੁਭਮਨ ਗਿੱਲ 'ਤੇ ਟਿਕੀ ਹੋਈ ਸੀ, ਨੇ ਗਿੱਲ ਦੀ ਤਾਰੀਫ਼ 'ਚ ਜ਼ਿਕਰ ਕੀਤਾ ਕਿ ਉਹ ਖੇਡ ਦੀਆਂ ਬਾਰੀਕੀਆਂ ਨੂੰ ਸਮਝਣ ਦਾ ਮਾਦਾ ਰੱੱਖਦਾ ਹੈ ਤੇ ਖੇਡ ਦੇ ਦਬਾਓ 'ਚ ਆਪਣੀ ਬੁੱਧੀ ਨੂੰ ਸ਼ਾਂਤ ਤੇ ਇਕਾਗਰ ਰਹਿ ਕੇ ਕੰਮ ਕਰਦਾ ਹੈ | ਕਪਤਾਨ ਗਿੱਲ ਦੀ ਨੌਜਵਾਨ ਉਮਰ, ਟੀਮ ਦੀ ਚੰਗੀ ਅਗਵਾਈ ਕਰਨ ਦੀ ਸੰਭਾਵਨਾ ਕਾਰਨ ਹੀ ਉਹ ਬੀ.ਸੀ.ਸੀ.ਆਈ ਦੀ ਪਹਿਲੀ ਪਸੰਦ ਬਣਿਆ ਹੈ ਤੇ ਹੁਣ ਟੈਸਟ ਕ੍ਰਿਕਟ ਦੇ ਮੈਦਾਨ 'ਚ ਖਾਸਕਾਰ ਇੰਗਲੈਂਡ ਦੀਆਂ ਸਵਿੰਗ ਤੇ ਭਾਰੀਆਂ ਪਿੱਚਾਂ 'ਤੇ ਉਸ ਦੀ ਅਗਨੀ ਪ੍ਰੀਖਿਆ ਹੋਵੇਗੀ | ਰਾਜੀਵ ਸ਼ੁਕਲਾ ਦਾ ਇਹ ਵਿਚਾਰ ਹੈ, ਕਿ ਉਹ ਮੰਸੂਰ ਅਲੀ ਖਾਂ ਪਟੌਦੀ, ਸੌਰਵ ਗਾਂਗੁਲੀ, ਐਮ.ਐਸ. ਧੋਨੀ ਤੇ ਵਿਰਾਟ ਕੋਹਲੀ ਵਰਗੇ ਮਹਾਂਰਥੀਆਂ ਦੀ ਕ੍ਰਿਕਟ ਦੀ ਖੇਡ ਵਿਰਾਸਤ ਨੂੰ ਚੰਗੀ ਤਰਾਂ ਨਾਲ ਸੰਭਾਲ ਕੇ ਰੱਖੇਗਾ ਤੇ ਭਾਰਤ ਦਾ ਨਾਂਅ ਵਿਸ਼ਵ 'ਚ ਰੌਸ਼ਨ ਕਰੇਗਾ | ਸਾਰੇ ਭਾਰਤ ਵਾਸੀ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਨ | ਜੇਕਰ ਵੇਖਿਆ ਜਾਵੇ ਤਾਂ ਕਪਤਾਨੀ ਸ਼ੁਭਮਨ ਗਿੱਲ ਲਈ ਚੁਣੌਤੀ ਭਰਿਆ ਕੰਡਿਆਂ ਦਾ ਤਾਜ ਵੀ ਹੈ | ਇਸ ਤਰ੍ਹਾਂ ਗਿੱਲ ਲਈ ਭਾਰਤੀ ਟੀਮ ਦੀ ਕਪਤਾਨੀ ਕਰਨਾ ਆਸਾਨ ਨਹੀਂ ਹੋਵੇਗਾ ਤੇ ਕ੍ਰਿਕਟ ਦੇ ਮਾਹਿਰਾਂ ਦੀ ਨਜ਼ਰ ਨਾਲ ਵੇਖੀਏ ਤਾਂ ਇਸ ਦੇ ਰਾਹ ਵਿਚ ਕਈ ਚੁਣੌਤੀਆਂ ਰੋੜਾ ਬਣ ਸਕਦੀਆਂ ਹਨ | ਗਿੱਲ ਦਾ ਭਾਰਤ 'ਚ ਟੈਸਟ ਔਸਤ 45.20 ਹੈ ਤੇ ਉਸ ਦੀ ਤਕਨੀਕ ਤੇ ਸੁਭਾਅ ਦੀ ਮਜ਼ਬੂਤੀ ਦੱਸਦੀ ਹੈ ਲੇਕਿਨ ਵਿਦੇਸ਼ੀ ਪਿੱਚਾਂ 'ਤੇ ਉਸ ਦੀ ਔਸਤ ਸਿਰਫ 25.33 ਹੈ ਤੇ ਇੰਗਲੈਂਡ ਦੇ ਗੇਂਦਬਾਜ਼ ਜਿੱਥੇ ਸਵਿੰਗ ਦਾ ਜਾਦੂ ਕਰਦੇ ਹਨ ਤੇ ਗਿੱਲ ਦੀ ਆਫ ਸਟੰਪ ਦੇ ਬਾਹਰ ਦੀਆਂ ਗੇਂਦਾਂ ਨੂੰ ਖੇਡਣ ਦੀ ਕਮਜ਼ੋਰੀ ਉਨ੍ਹਾਂ ਨੂੰ ਪਤਾ ਲੱਗ ਸਕਦੀ ਹੈ ਤੇ ਇਸ ਤੋਂ ਗਿੱਲ ਨੂੰ ਸੁਚੇਤ ਰਹਿਣ ਦੀ ਲੋੜ ਹੈ | ਗਿੱੱਲ ਨੇ ਟੈਸਟ ਕ੍ਰਿਕਟ ਦੀ ਕਪਤਾਨੀ ਦਾ ਸੁਆਦ ਨਹੀਂ ਚੱਖਿਆ ਹੈ ਤੇ ਟੀ-20 ਤੇ ਇਕ ਦਿਨਾ ਮੈਚਾਂ 'ਚ ਉਸ ਦਾ ਤਜਰਬਾ ਸੀਮਤ ਹੈ ਤੇ ਟੈਸਟ ਕ੍ਰਿਕਟ 'ਚ ਡੂੰਘੀ ਰਣਨੀਤੀ ਦੀ ਸਮਝ ਉਸ ਲਈ ਬਹੁਤ ਜ਼ਰੂਰੀ ਹੈ | ਹੁਣ ਉਸ ਦੇ ਧੀਰਜ ਤੇ ਖੇਡ ਕਲਾ ਦੀ ਅਗਨੀ ਪ੍ਰੀਖਿਆ ਹੋਵੇਗੀ ਆਸ ਹੈ ਕਿ ਉਹ ਜ਼ਰੂਰ ਉਸ ਵਿਚ ਸਫਲ ਹੋਵੇਗਾ | ਇਸ ਤੋਂ ਇਲਾਵਾ ਜਸਪ੍ਰੀਤ ਬੁੰਮਰਾਹ, ਕੇ.ਐਲ.ਰਾਹੂਲ, ਤੇ ਰਵੀਚੰਦਰਨ ਵਰਗੇ ਸੀਨੀਅਰ ਖਿਡਾਰੀਆਂ ਨਾਲ ਟੀਮ ਦਾ ਪ੍ਰਬੰਧ ਇਸ ਲਈ ਚੁਣੌਤੀਪੂਰਨ ਹੋਵੇਗਾ ਤੇ ਉਨ੍ਹਾਂ ਦੇ ਸਮਰਥਨ ਦੀ ਇਸ ਵੇਲੇ ਸਖਤ ਲੋੜ ਹੈ | ਇਕ ਕਪਤਾਨ ਹੋਣ ਦੇ ਨਾਤੇ ਉਹ ਸਭ ਨੂੰ ਬਰਾਬਰ ਦਾ ਸਨਮਾਨ ਦੇਵੇਗਾ ਤੇ ਬਣਦੀ ਥਾਂ ਦੇਣ ਦੀ ਕੋਸ਼ਿਸ਼ ਵੀ ਕਰੇਗਾ ਤਾਂ ਜੋ ਟੀਮ 'ਚ ਸੰਤੁਲਤ ਬਣਿਆ ਰਹੇ | ਸ਼ੁਭਮਨ ਗਿੱਲ ਦੀ ਆਪਣੀ ਖੇਡ ਕਿੰਨੀ ਕੁ ਦਮਦਾਰ ਹੋਵੇਗੀ ਇਸ ਵੇਲੇ ਜੈਸਵਾਲ, ਰਿਸ਼ਵ ਪੰਤ ਵਰਗੇ ਨੌਜਵਾਨ ਖ਼ਿਡਾਰੀਆਂ ਨਾਲ ਉਸ ਦੀ ਮਿਲਦੀ ਕੈਮਿਸਟਰੀ, ਉਸ ਦੀ ਕਪਤਾਨੀ ਨੂੰ ਕਿੰਨੀ ਕੁ ਨਵੀਂ ਤਾਕਤ ਦੇ ਸਕਦੀ ਹੈ, ਇਹ ਦੇਖਣਾ ਹੋਵੇਗਾ | ਇਲਾਵਾ ਰਣਨੀਤਕ ਸਮਰਥਨ ਉਸ ਨੂੰ ਤਜਰਬੇਕਾਰ ਕੋਚ ਗੌਤਮ ਗੰਭੀਰ ਤੇ ਜਡੇਜਾ ਵਰਗੇ ਸੀਨੀਅਰ ਤੋਂ ਮਿਲ ਸਕਦਾ ਹੈ, ਕਿਉਂਕਿ ਗੰੰਭੀਰ ਦੀ ਤਿੱਖੀ ਤੇ ਡੂੰਘੀ ਸੋਚ ਤੇ ਗਿੱਲ ਦਾ ਸ਼ਾਂਤ ਸੁਭਾਓ ਮਿਲ ਕੇ ਭਾਰਤ ਲਈ ਚੰਗੀ ਰਣਨੀਤੀ ਤਿਆਰ ਕਰ ਸਕਦੇ ਹਨ | ਗਿੱਲ ਦੀ ਧਮਾਕੇਦਾਰ ਬੱਲੇਬਾਜ਼ੀ ਦੀ ਸ਼ੈਲੀ ਜੋ ਭਾਰਤ 'ਚ ਸ਼ਾਨਦਾਰ ਰਹੀ, ਉਹ ਵਿਦੇਸ਼ੀ ਪਿੱਚਾਂ ਤੇ ਹੁਣ ਹਾਵੀ ਹੋ ਸਕਦੀ ਹੈ, ਪਰ ਉਸ ਵਿਚ ਗਿੱਲ ਨੂੰ ਹੋਰ ਤਕਨੀਕੀ ਨਿਖਾਰ ਲੈ ਕੇ ਆਉਣ ਦੀ ਲੋੜ ਹੈ ਤੇ ਉਸ ਦੀ ਵਧੀਆ ਸੋਚ ਭਾਰਤ ਨੂੰ ਟੈਸਟ ਕ੍ਰਿਕਟ ਤੇ ਨਵੀਆਂ ਉਚਾਈਆਂ ਵੱਲ ਲੈ ਕੇ ਜਾ ਸਕਦੀ ਹੈ | 20 ਜੂਨ ਤੋਂ ਸ਼ੁਰੂ ਹੋਣ ਵਾਲੀ ਇੰਗਲੈਂਡ ਸੀਰੀਜ਼ ਨਾ ਸਿਰਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ 2025-27 ਦੀ ਸ਼ੁਰੂਆਤ ਹੋਵੇਗੀ, ਬਲਕਿ ਇਹ ਸ਼ੁਭਮਨ ਗਿੱਲ ਦੀ ਆਪਣੀ ਟੀਮ ਦੀ ਯੋਗ ਅਗਵਾਈ ਕਰਨ ਦੀ ਤਾਕਤ ਨੂੰ ਸਾਬਿਤ ਕਰਨ ਲਈ ਇਕ ਸੁਨਹਿਰੀ ਮੌਕਾ ਵੀ ਹੋਵੇਗਾ | ਰੋਹਿਤ ਸ਼ਰਮਾ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਭਾਰਤੀ ਕ੍ਰਿਕਟ ਦਾ ਇਕ ਨਵਾਂ ਯੁੱਗ ਸ਼ੁਰੂ ਹੋਣ ਜਾ ਰਿਹਾ ਹੈ | ਇੰਗਲੈਂਡ ਦੇ ਖਿਲਾਫ਼ ਆਉਣ ਵਾਲੇ 5 ਮੈਚਾਂ ਦੀ ਟੈਸਟ ਸੀਰੀਜ਼ (20 ਜੂਨ 2025) ਤੋਂ ਸ਼ੁਰੂ ਹੋ ਰਹੀ ਹੈ | ਇਸ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸ਼ੁਭਮਨ ਗਿੱਲ ਨੂੰ ਨਵਾਂ ਕਪਤਾਨ ਬਣਾਇਆ ਹੈ ਜਿਸ ਦੇ ਮੋਢਿਆਂ 'ਤੇ ਇਹ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਕੋਹਲੀ, ਰੋਹਿਤ ਵਰਗੇ ਦਿੱਗਜ਼ ਭਾਰਤੀ ਕ੍ਰਿਕਟਰਾਂ ਦੀ ਵਿਰਾਸਤ ਨੂੰ ਅੱਗੇ ਵਧਾ ਸਕੇਗਾ | ਇਸ ਵੇਲੇ ਦੇਸ਼ ਵਾਸੀਆਂ ਨੂੰ ਸ਼ੁਭਮਨ ਗਿੱਲ ਤੋਂ ਬਹੁਤ ਵੱਡੀਆਂ ਆਸਾਂ ਤੇ ਉਮੀਦਾਂ ਹਨ |

-ਮੋਬਾਈਲ : 9872978781

Ad Position 22
No active advertisement
ਪਿਛਲੀ ਖ਼ਬਰ ਕੌਣ ਹੈ ਆਸਟ੍ਰੇਲੀਆ 'ਚ ਇਤਿਹਾਸ ਰਚਣ ਵਾਲੀ ਡਾ. ਪਰਵਿੰਦਰ ਕੌਰ? ਅਗਲੀ ਖ਼ਬਰ ਜਿਓ ਦਿਖਿਓ, ਤਿਓ ਲਿਖਿਓ
Ad Position 24