ਇਹ ਪੰਜਾਬਣ ਆਸਟ੍ਰੇਲੀਆ ਦੀ ਸਿਆਸਤ ਵਿਚ ਕਿਸੇ ਵੀ ਰਾਜ ਦੀ ਪਹਿਲੀ ਪੰਜਾਬੀ ਮਹਿਲਾ ਸੰਸਦ ਮੈਂਬਰ ਬਣੀ ਹੈ | ਉਸ ਤੋਂ ਪਹਿਲਾਂ ਗੁਰਮੇਸ਼ ਸਿੰਘ ਨਿਊ ਸਾਊਥ ਵੇਲਸ ਤੋਂ ਪਹਿਲੇ 'ਸਿੰਘ' ਮੈਂਬਰ ਪਾਰਲੀਮੈਂਟ (ਐਮ.ਪੀ.) ਬਣੇ ਸਨ, ਹੁਣ ਡਾ. ਪਰਵਿੰਦਰ ਕੌਰ ਨੂੰ ਆਸਟ੍ਰੇਲੀਆ ਦੇ ਤਕਰੀਬਨ 200 ਸਾਲ ਦੇ ਇਤਿਹਾਸ 'ਚ ਪਹਿਲੀ 'ਕÏਰ' ਮੈਂਬਰ ਪਾਰਲੀਮੈਂਟ ਬਣਨ ਦਾ ਸੁਭਾਗ ਮਿਲਿਆ ਹੈ | ਆਓ, ਤੁਹਾਨੂੰ ਉਨ੍ਹਾਂ ਦੇ ਪੰਜਾਬ ਦੇ ਇਕ ਪਿੰਡ ਤੋਂ ਪੱਛਮੀ ਆਸਟ੍ਰੇਲੀਆ ਦੀ ਪਾਰਲੀਮੈਂਟ ਤੱਕ ਦਾ ਸਫ਼ਰ ਤੈਅ ਕਰਨ ਵਾਲੀ ਡਾ. ਪਰਵਿੰਦਰ ਕੌਰ ਨਾਲ ਮਿਲਾਈਏ |
ਅਸੀਂ 2014 'ਚ ਸਿੱਖ ਖੇਡਾਂ ਦੇ ਸਿਲਸਿਲੇ 'ਚ ਪਰਥ ਵਿਚ ਸਾਂ | ਉਸ ਨੇ ਗੱਲ ਤੋਰਦਿਆਂ ਦੱਸਿਆ ਕਿ ਉਹ ਪਰਵਿੰਦਰ ਹੈ ਤੇ ਉਸ ਨੂੰ ਵੀ ਰੇਡੀਓ ਮੇਜ਼ਬਾਨੀ ਦਾ ਬੜਾ ਸ਼ੌਕ ਹੈ | ਉਸ ਨੇ ਸਾਨੂੰ ਦੂਜੇ ਦਿਨ ਆਪਣੇ ਦਫ਼ਤਰ ਆਉਣ ਦਾ ਸੱਦਾ ਦੇ ਦਿੱਤਾ | ਇਸ ਦੌਰਾਨ ਮੈਨੂੰ ਪਤਾ ਲੱਗਾ ਕਿ ਉਹ ਇਕ ਵਿਗਿਆਨੀ ਹੈ | ਅਸੀਂ ਜਦੋਂ ਦੂਜੇ ਦਿਨ ਉਨ੍ਹਾਂ ਕੋਲ ਪੁੱਜੇ ਤਾਂ ਆਪਣੀ ਲੈਬ 'ਚ ਮਸਰੂਫ਼ ਡਾ. ਪਰਵਿੰਦਰ ਨੇ ਸਾਡਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਦਿਆਂ ਪੂਰੀ ਯੂਨੀਵਰਸਿਟੀ ਦਾ ਗੇੜਾ ਲਵਾ ਕੇ ਆਪਣੇ ਚੱਲ ਰਹੇ ਕੰਮਾਂ-ਕਾਰਾਂ (ਪ੍ਰਾਜੈਕਟਾਂ) ਤੋਂ ਜਾਣੂ ਕਰਵਾਇਆ |
ਪਰਵਿੰਦਰ ਦਾ ਜਨਮ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਹਿਆਤਪੁਰ ਰੁੜਕੀ ਵਿਖੇ ਸ. ਕਸ਼ਮੀਰ ਸਿੰਘ ਤੇ ਬੀਬੀ ਜਰਨੈਲ ਕੌਰ ਦੇ ਘਰ ਹੋਇਆ | ਉਹ ਦੋ ਭੈਣ ਭਰਾ ਹਨ ਅਤੇ ਪਿਤਾ ਦੇ ਫ਼ੌਜ 'ਚ ਹੋਣ ਕਰਕੇ ਉਨ੍ਹਾਂ ਦੀ ਸਕੂਲੀ ਵਿੱਦਿਆ ਜਲੰਧਰ ਕੈਂਟ ਤੇ ਅੰਬਾਲਾ ਕੈਂਟ ਸਮੇਤ ਵੱਖ-ਵੱਖ ਫ਼ੌਜੀ ਸਕੂਲਾਂ 'ਚ ਹੋਈ ਹੈ | ਹਰ ਸਾਲ ਦਾਦਾ-ਦਾਦੀ ਕੋਲ ਪਿੰਡ 'ਚ ਛੁੱਟੀਆਂ ਕੱਟਣ ਜਾਣ ਕਰਕੇ ਪਰਵਿੰਦਰ ਦੀ ਪਿੰਡ ਤੇ ਖੇਤੀ ਕਿੱਤੇ ਨਾਲ ਸਾਂਝ ਗੂੜ੍ਹੀ ਪੈ ਗਈ | ਉਸ ਦੀ ਮੁੱਢ ਤੋਂ ਸਾਇੰਸ ਵਿਚ ਰੁਚੀ ਸੀ ਤੇ ਉਸ ਨੇ 11ਵੀਂ 'ਚ ਮਿਲੇ-ਜੁਲੇ ਜਿਹੇ ਵਿਸ਼ੇ ਚੁਣ ਲਏ | ਪਰ 12ਵੀਂ ਤੱਕ ਆਉਂਦੇ-ਆਉਂਦੇ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਬਿਨਾਂ ਟੀਚਾ ਮਿਥਿਆਂ ਕਾਮਯਾਬੀ ਹਾਸਲ ਨਹੀਂ ਹੋ ਸਕਦੀ | ਉਸ ਨੇ ਕੁਝ ਕੁ ਦਿਨਾਂ ਲਈ ਦੰਦਾਂ ਦੀ ਡਾਕਟਰੀ ਚੁਣ ਲਈ ਸੀ, ਜਦਕਿ ਉਸ ਦੀ ਪਹਿਲੀ ਪਸੰਦ ਜੀਵ ਵਿਗਿਆਨ (2iology) ਸੀ | ਉਸ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ 'ਚ ਸਕਾਲਰਸ਼ਿਪ ਨਾਲ ਥਾਂ ਮਿਲ ਗਈ | ਪਿੰਡ 'ਚ ਗੁਜ਼ਾਰੇ ਸਮੇਂ ਨੇ ਉਸ ਨੂੰ ਸਿਖਾ ਦਿੱਤਾ ਸੀ ਕਿ ਅੰਨਦਾਤਾ ਕਹਾਉਣਾ ਕਿੰਨਾ ਅÏਖਾ ਹੈ, ਸ਼ਾਇਦ ਇਸੇ ਕਰਕੇ ਇਹ ਉਸ ਦਾ ਜਨੂੰਨ ਬਣ ਗਿਆ |
ਉਸ ਦੀ ਗ੍ਰੈਜੂਏਸ਼ਨ ਦੌਰਾਨ ਕੀਤੀ ਸਖ਼ਤ ਮਿਹਨਤ ਨੇ ਉਸ ਨੂੰ ਮਾਸਟਰਜ਼ ਡਿਗਰੀ ਲਈ ਸਕਾਲਰਸ਼ਿਪ ਦਿਵਾ ਦਿੱਤਾ ਤੇ ਮਾਸਟਰਜ਼ 'ਚ ਕੀਤੀ ਮਿਹਨਤ ਸਦਕਾ ਉਸ ਨੂੰ ਆਸਟ੍ਰੇਲੀਆ ਦੇ ਪਰਥ ਸ਼ਹਿਰ ਦੀ ਮਸ਼ਹੂਰ ਯੂਨੀਵਰਸਿਟੀ ਆਫ਼ ਵੈਸਟਰਨ ਆਸਟ੍ਰੇਲੀਆ ਤੋਂ ਸਕਾਲਰਸ਼ਿਪ ਮਿਲ ਗਿਆ | ਉਸ ਨੇ ਆਪਣੇ ਸੇਵਾਮੁਕਤ ਹੋ ਚੁੱਕੇ ਫ਼ੌਜੀ ਪਿਤਾ ਨੂੰ ਜਦੋਂ ਦੱਸਿਆ ਕਿ ਯੂਨੀਵਰਸਿਟੀ ਉਸ ਦਾ ਸਾਰਾ ਖ਼ਰਚ ਚੁੱਕੇਗੀ ਤਾਂ ਉਹ ਉਸ ਨੂੰ ਵਿਦੇਸ਼ ਭੇਜਣ ਲਈ ਤਿਆਰ ਹੋ ਗਏ | ਉਸ ਨੇ ਦੱਸਿਆ ਕਿ ਪੜ੍ਹਾਈ ਤੇ ਰਿਹਾਇਸ਼ 'ਤੇ ਉਨ੍ਹਾਂ ਦਾ ਇਥੇ ਇਕ ਵੀ ਪੈਸਾ ਨਹੀਂ ਲੱਗਿਆ | ਪਰਵਿੰਦਰ ਨੇ ਰੁਜ਼ਗਾਰ ਬਾਰੇ ਪੁੱਛਣ 'ਤੇ ਦੱਸਿਆ ਕਿ ਉਹ ਭਾਗਾਂ ਵਾਲੀ ਹੈ, ਜੋ ਉਸ ਨੂੰ ਉਸ ਦੇ ਸ਼ੌਕ ਮੁਤਾਬਿਕ ਡੀ.ਐਨ.ਏ. 'ਤੇ ਕੰਮ ਕਰਨ ਦਾ ਮੌਕਾ ਮਿਲਿਆ ਹੈ |
ਦੱਸਣਯੋਗ ਹੈ ਕਿ ਪਰਵਿੰਦਰ ਨੂੰ ਆਸਟ੍ਰੇਲੀਆ ਦੀ ਬਹੁਤ ਵੱਡੀ ਸਮੱਸਿਆ 'ਤੇ ਕੰਮ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਹੱਥੋਂ ਸਨਮਾਨ ਵੀ ਹਾਸਲ ਹੋਇਆ ਹੈ | ਉਸ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਪਸ਼ੂਆਂ ਦੇ ਚਾਰੇ ਵਿਚ ਕੁਝ ਅਜਿਹੇ ਤੱਤ ਹੁੰਦੇ ਸਨ, ਜਿਨ੍ਹਾਂ ਕਾਰਨ ਬਹੁਤ ਜ਼ਿਆਦਾ ਮੀਥੇਨ ਗੈਸ ਬਣਦੀ ਹੈ ਜੋ ਕਿ ਓਜ਼ੋਨ 'ਚ ਹੋਏ ਸੁਰਾਖ਼ ਲਈ ਜ਼ਿੰਮੇਵਾਰ ਹੈ | ਹੁਣ ਪਰਵਿੰਦਰ ਦੀ ਮਿਹਨਤ ਸਦਕਾ ਇਸ 'ਤੇ ਕਾਬੂ ਪੈਣਾ ਸ਼ੁਰੂ ਹੋ ਗਿਆ ਹੈ | ਕਰੋਨਾ ਕਾਲ ਸਮੇਂ ਪਰਵਿੰਦਰ ਨੂੰ ਮਾਨਵਤਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ | ਉਸ ਨੇ ਦੱਸਿਆ ਕਿ ਕੋਰੋਨਾ ਦਾ ਡੀ.ਐਨ.ਏ. ਕੋਡ ਫ਼ਸਲਾਂ ਦੇ ਕੋਡ ਨਾਲੋਂ ਬਹੁਤ ਛੋਟਾ ਕੋਡ ਹੈ, ਪਰ ਇਸ ਦਾ ਸਿੱਧਾ ਇਨਸਾਨ ਦੀ ਸਿਹਤ ਨਾਲ ਸੰਬੰਧ ਹੋਣ ਕਰਕੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ | ਉਸ ਨੇ ਸਖ਼ਤ ਮਿਹਨਤ ਕਰਕੇ ਕਰੋਨਾ ਦੇ ਕੋਡ ਨੂੰ 'ਡੀ ਕੋਡ' ਕੀਤਾ |
ਉਸ ਨੇ ਸਮਾਜਿਕ ਸਰੋਕਾਰ 'ਤੇ ਗੱਲ ਕਰਦਿਆਂ ਦੱਸਿਆ ਕਿ ਸਭ ਮਾਪਿਆਂ ਵਾਂਗ ਉਸ ਦੇ ਮਾਂ ਬਾਪ ਸਾਹਮਣੇ ਵੀ ਇਕ ਵੱਡੀ ਸਮੱਸਿਆ ਸੀ ਕਿ ਉਹ ਆਪਣੀ ਜ਼ਿੰਦਗੀ ਭਰ ਦੀ ਕਮਾਈ ਆਪਣੇ ਪੁੱਤਰ ਜਾਂ ਧੀ 'ਚੋਂ ਕਿਸ 'ਤੇ ਖਰਚ ਕਰਨ | ਉਹ ਬੜੀ ਖ਼ੁਸ਼ ਕਿਸਮਤ ਰਹੀ ਕਿ ਮਾਪਿਆਂ ਨੇ ਉਸ 'ਤੇ ਭਰੋਸਾ ਕਰਦਿਆਂ ਹਮੇਸ਼ਾ ਉਸ ਦਾ ਸਾਥ ਦਿੱਤਾ | ਉਹ ਹੋਰ ਵੀ ਵੱਡੇ ਭਾਗਾਂ ਵਾਲੀ ਰਹੀ ਕਿ ਉਸ ਦਾ ਆਪਣਾ ਸਹਿਪਾਠੀ ਅਮਿਤ ਉਸ ਦਾ ਜੀਵਨ ਸਾਥੀ ਬਣਿਆ, ਜੋ 11ਵੀਂ ਜਮਾਤ ਤੋਂ ਪੜ੍ਹਾਈ ਦੌਰਾਨ ਉਸ ਦਾ ਮੁਕਾਬਲੇਬਾਜ਼ ਰਿਹਾ ਸੀ ਤੇ ਲੰਮੇ ਸਮੇਂ ਬਾਅਦ ਸੰਯੋਗ ਨਾਲ ਪ੍ਰਦੇਸ਼ ਆ ਮਿਲਿਆ | ਉਸ 'ਤੇ ਆਪਣੇ ਸ਼ੌਕ ਦਾ ਜਨੂੰਨ ਇਸ ਕਦਰ ਭਾਰੂ ਸੀ ਕਿ ਜਦੋਂ ਉਨ੍ਹਾਂ ਘਰ ਪੁੱਤਰ ਦਾ ਜਨਮ ਹੋਇਆ ਤਾਂ ਉਹ 6 ਮਹੀਨਿਆਂ ਦੀ ਛੁੱਟੀ ਲੈਣ ਦੀ ਬਜਾਏ 15 ਦਿਨਾਂ ਬਾਅਦ ਆਪਣੀ ਲੈਬ 'ਚ ਪਹੁੰਚ ਗਈ ਤੇ 3 ਮਹੀਨਿਆਂ ਦਾ ਆਪਣਾ ਬੱਚਾ ਘਰ ਛੱਡ ਕੇ ਵੱਖ-ਵੱਖ ਦੇਸ਼ਾਂ 'ਚ ਲੱਗੀ ਰਿਸਰਚ ਡਿਊਟੀ ਲਈ ਨਿਕਲ ਪਈ | ਉਹ ਏਡਾ ਵੱਡਾ ਫ਼ੈਸਲਾ ਆਪਣੇ ਪਤੀ ਅਮਿਤ ਤੇ ਸਹੁਰਾ ਪਰਿਵਾਰ ਦੇ ਉਸ ਪਿੱਛੇ ਆ ਖੜ੍ਹਨ ਕਰਕੇ ਲੈ ਸਕੀ ਸੀ | ਭਾਵੇਂ ਉਸ ਦੇ ਮਨ ਵਿਚ ਇਹ ਵਿਚਾਰ ਆਉਂਦਾ ਕਿ ਉਸ ਦਾ ਪੁੱਤਰ ਵੱਡਾ ਹੋ ਕੇ ਕੀ ਸੋਚੇਗਾ ਕਿ ਉਸ ਦੀ ਮਾਂ ਉਸ ਨੂੰ ਏਨੇ ਛੋਟੇ ਨੂੰ ਛੱਡ ਕੇ ਪਰਦੇਸ ਆਪਣੇ ਮਿਸ਼ਨ 'ਤੇ ਚਲੀ ਗਈ ਸੀ | ਜੇਕਰ ਪਰਿਵਾਰ ਹੱਲਾਸ਼ੇਰੀ ਨਾ ਦਿੰਦਾ ਤਾਂ ਸ਼ਾਇਦ ਉਹ ਆਪਣਾ ਮਕਸਦ ਹਾਸਲ ਨਾ ਕਰ ਪਾਉਂਦੀ | ਹਾਲਾਂਕਿ ਜਦੋਂ 3 ਮਹੀਨੇ ਬਾਅਦ ਉਹ ਘਰ ਵਾਪਸ ਆਈ ਤਾਂ ਉਸ ਦੇ ਪੁੱਤਰ 'ਅਕਸ਼ਰ' ਨੇ ਉਸ ਨੂੰ ਪਛਾਣਿਆ ਤੱਕ ਨਹੀਂ ਸੀ | ਇਕ ਮਾਂ ਲਈ ਅਜਿਹੇ ਪਲ ਬਹੁਤ ਔਖੇ ਹੁੰਦੇ ਹਨ | ਪਰ ਉਸ ਤੋਂ ਬਾਅਦ ਉਸ ਨੇ ਆਪਣੇ ਪੁੱਤਰ ਨੂੰ ਹਮੇਸ਼ਾ ਹਰ ਥਾਂ ਆਪਣੇ ਨਾਲ ਹੀ ਰੱਖਿਆ | ਅੱਜ ਜਦੋਂ ਉਹ ਆਪਣੇ 11 ਵਰਿ੍ਹਆਂ ਦੇ ਪੁੱਤਰ 'ਚ ਪਰਪੱਕਤਾ ਨੂੰ ਵੇਖਦੀ ਹੈ ਤਾਂ ਮਹਿਸੂਸ ਕਰਦੀ ਹੈ ਕਿ ਉਸ ਦੀ ਮਿਹਨਤ ਅਜਾਈਾ ਨਹੀਂ ਗਈ | ਪਰਵਿੰਦਰ ਦਾ ਭਰਾ ਵੀ ਆਪਣੀ ਭੈਣ ਦੀਆਂ ਪੈੜਾਂ ਨੱਪਦਾ, ਵਜ਼ੀਫ਼ੇ ਲੈਂਦਾ ਆਸਟ੍ਰੇਲੀਆ ਆ ਪੁੱਜਿਆ | ਉਹ ਵੀ ਅੱਜਕੱਲ੍ਹ ਪੱਛਮੀ ਆਸਟ੍ਰੇਲੀਆ 'ਚ ਇਕ ਕੌਂਸਲਰ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ |
ਪਰਵਿੰਦਰ ਇਕ ਬਹੁਤ ਹੀ ਖ਼ੂਬਸੂਰਤ ਤੇ ਚੰਗੀ ਸੀਰਤ ਵਾਲੀ ਔਰਤ ਹੈ ਜੋ ਆਧੁਨਿਕ ਤੇ ਨਵੇਂ ਖ਼ਿਆਲਾਂ ਵਾਲੀ ਆਪਣੀ ਮਰਜ਼ੀ ਨਾਲ ਖਾਣ ਪਹਿਨਣ ਵਾਲੀ ਔਰਤ ਹੈ | ਉਸ ਨੂੰ ਪੇਕਿਆਂ ਵਲੋਂ ਮਿਲੀ ਆਜ਼ਾਦੀ ਨੂੰ ਉਸ ਦੇ ਸਹੁਰਿਆਂ ਨੇ ਵੀ ਬਰਕਰਾਰ ਰੱਖਿਆ, ਪਰ ਉਸ ਨੇ ਕਦੇ ਵੀ ਇਸ ਆਜ਼ਾਦੀ ਦਾ ਗ਼ਲਤ ਫ਼ਾਇਦਾ ਨਹੀਂ ਉਠਾਇਆ | ਉਸ ਨੇ ਕਦੇ ਵੀ ਸਸਤੀ ਸ਼ੁਹਰਤ ਦਾ ਰਾਹ ਨਹੀਂ ਚੁਣਿਆ | ਭਾਵੇਂ ਉਹ ਅੱਜ ਇਕ ਪਹਿਲੇ ਸਫ਼ਿਆਂ ਦੀ ਵਿਗਿਆਨੀ ਹੈ, ਪਰ ਉਹ ਰੱਬ ਤੇ ਆਪਣੇ ਵਿਰਸੇ ਨੂੰ ਕਦੇ ਨਹੀਂ ਭੁੱਲੀ | ਵਿਰਸੇ ਦੀ ਸੰਭਾਲ ਲਈ ਪਰਵਿੰਦਰ ਤੁਹਾਨੂੰ ਕਦੇ ਪਰਥ 'ਚ ਹੁੰਦੇ ਸੱਭਿਆਚਾਰਕ ਪ੍ਰੋਗਰਾਮ 'ਚ ਹਿੱਸਾ ਲੈਂਦੀ ਦਿਖਾਈ ਦੇਵੇਗੀ ਤੇ ਕਦੇ ਰੇਡੀਓ 'ਤੇ ਮੇਜ਼ਬਾਨੀ ਕਰਦੀ ਸੁਣਾਈ ਦੇਵੇਗੀ |
ਜਦੋਂ ਉਸ ਨੇ ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰਦਿਆਂ ਸਰਕਾਰੇ ਦਰਬਾਰੇ ਵੀ ਆਪਣੀ ਹਾਜ਼ਰੀ ਲਗਾਉਣੀ ਸ਼ੁਰੂ ਕੀਤੀ ਤਾਂ ਉਸ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਬਹੁਤ ਸਾਰੇ ਮੰਤਰੀਆਂ ਤੇ ਵੱਡੇ ਮਹਿਕਮਿਆਂ 'ਚ ਕੰਮ ਕਰਨ ਦਾ ਮੌਕਾ ਮਿਲਿਆ | ਉਸ ਦੀਆਂ ਰੁਚੀਆਂ ਤੇ ਕਾਬਲੀਅਤ ਨੂੰ ਦੇਖਦੇ ਹੋਏ ਪੱਛਮੀ ਆਸਟ੍ਰੇਲੀਆ ਦੀ ਲੇਬਰ ਪਾਰਟੀ ਨੇ ਉਸ ਨੂੰ ਉਪਰਲੇ ਸਦਨ ਲਈ ਆਪਣਾ ਨੁਮਾਇੰਦਾ ਬਣਾਉਂਦਿਆਂ ਟਿਕਟ ਦੇ ਦਿੱਤੀ ਤਾਂ ਉਹ ਅਸਾਨੀ ਨਾਲ ਚੋਣ ਜਿੱਤ ਗਈ | ਉਸ ਨੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਇੱਛਾ ਜ਼ਾਹਿਰ ਕਰਦਿਆਂ ਕਿਹਾ ਸੀ ਕਿ ਉਹ ਇਕ ਸਿਆਸਤਦਾਨ ਨਾਲੋਂ ਦੁਨੀਆ ਦੀ ਸਭ ਤੋਂ ਚੰਗੀ ਸੰਸਦ ਮੈਂਬਰ ਬਣਨਾ ਚਾਹੇਗੀ |
ਡਾ. ਪਰਵਿੰਦਰ ਕੌਰ ਨੇ ਸਭ ਨੂੰ ਸੁਨੇਹਾ ਦਿੱਤਾ ਹੈ ਕਿ ਆਪਣਾ ਇਕ ਨਿਸ਼ਾਨਾ ਮਿਥੋ, ਉਸ 'ਤੇ ਧਿਆਨ ਕੇਂਦਰਿਤ ਕਰੋ ਤੇ ਜਦੋਂ ਟੀਚਾ ਹਾਸਲ ਕਰ ਲਵੋ ਤਾਂ ਹੋਰ ਵੀ ਨਿਮਰ ਹੋ ਜਾਓ ਕਿਉਂਕਿ ਕੋਈ ਵੀ ਕਾਮਯਾਬੀ ਕਦੇ ਵੀ ਦੂਜਿਆਂ ਦੇ ਸਹਿਯੋਗ ਬਿਨਾਂ ਨਹੀਂ ਮਿਲਦੀ | ਸਾਨੂੰ ਹਮੇਸ਼ਾ ਵਾਹਿਗੁਰੂ ਸਮੇਤ ਸਭ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਜੋ ਸਾਨੂੰ ਕਾਮਯਾਬੀ ਦੀ ਅਸਲ ਸਿਖਰ 'ਤੇ ਪਹੁੰਚਾਉਂਦੇ ਹਨ |
-ਮੋਬਾ: +61434289905
email-mintubrar0gmail.com