16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਬਾਇ-ਸਾਈਕਲ ਦੇ ਸੁਰਗੀ ਹੂਟੇ

Ad Position 21
repet_subhas-goyals [Copy P29]
ਅਜੀਤ ਡੈਸਕ 01-06-2025

ਸਾਡੇ ਸਮੇਂ ਸਹਿਜ, ਸੰਤੁਸ਼ਟੀ, ਸਬਰ-ਸੰਤੋਖ ਅਤੇ ਸਰਫੇ ਵਾਲੇ ਸਨ | ਸਧਾਰਨ ਪਰਿਵਾਰਾਂ ਵਿਚ ਜਨਮੇਂ ਬੱਚਿਆਂ ਦੇ ਸੁਪਨੇ ਵੀ ਸਧਾਰਨ ਜਿਹੇ ਹੁੰਦੇ ਸਨ | ਨਿੱਕੇ ਜਿਹੇ ਸੰਸਾਰ ਦੇ ਨਿੱਕੇ-ਨਿੱਕੇ ਸੁਪਨੇ!
ਅਸੀਂ ਗੱਲ 65 ਸਾਲ ਪਹਿਲਾਂ ਦੀ ਕਰ ਰਹੇ ਹਾਂ | ਉਦੋਂ ਸਾਰੇ ਪਿੰਡ ਵਿਚ ਇਕ-ਅੱਧ ਸਾਈਕਲ ਹੀ ਹੁੰਦਾ ਸੀ | ਇਸ ਬਾਇ-ਸਾਈਕਲ ਨੂੰ ਉਦੋਂ ਸਾਰੇ 'ਸ਼ੈਕਲ' ਸੱਦਦੇ ਸਨ | ਇਕ ਟੱਬਰ ਦਾ ਮੁਖੀ ਕੀਨੀਆ ਗਿਆ ਸੀ | ਉਸ ਨੇ ਆਪਣੇ ਬੇਟੇ ਲਈ ਰੈਲੇ ਸਾਈਕਲ ਲਿਆਂਦਾ | ਸਾਈਕਲ ਕਾਹਦਾ ਸੀ, ਅੱਜ ਕੱਲ਼੍ਹ ਦੀ ਮਹਿੰਗੀ ਕਾਰ ਬਰਾਬਰ ਹੀ ਸਮਝੋ | ਬੜੀ ਟੌਹਰ ਸੀ ਸਾਈਕਲ ਦੀ ਤੇ ਬਹੁਤ ਟਸ਼ਨ ਸੀ ਉਸ ਨੂੰ ਬੜੇ ਹੀ 'ਸਵੈਗ' ਨਾਲ ਚਲਾਉਣ ਵਾਲੇ ਦੀ | ਚੇਨ ਕਵਰ ਅਤੇ ਅੱਗੇ ਲਾਈਟ ਲਈ ਲੱਗੇ ਡਾਇਨਮੋ ਵਾਲਾ ਇਹ ਸਾਈਕਲ ਮੇਰੇ ਬਚਪਨ ਦਾ ਪਹਿਲਾ ਸੁਪਨਾ ਸੀ | ਮੈਂ ਸੋਚਦਾ ਕਿ ਕਦੀ ਚਾਰ ਪੈਸੇ ਕਮਾਉਣ ਜੋਗੇ ਹੋਏ ਤਾਂ ਇਹੋ ਜਿਹਾ ਸਾਈਕਲ ਹੀ ਖਰੀਦੂੰ | ਸਕੂਟਰ ਜਾਂ ਕਾਰ ਬਾਰੇ ਤਾਂ ਉਦੋਂ ਸੁਪਨੇ ਵਿਚ ਵੀ ਸੁਪਨਾ ਨਹੀਂ ਸੀ ਲਿਆ |
ਖ਼ੈਰ, ਇਕ ਦਿਨ ਸਾਈਕਲ ਖਰੀਦਣ ਜੋਗੇ ਹੋ ਗਏ | ਮੈਂ ਆਪਣਾ ਪਹਿਲਾ ਸਾਈਕਲ ਕਾਲਜ ਵਿਚ ਪ੍ਰਾ-ਅਧਿਆਪਕ ਲੱਗਣ ਉਪਰੰਤ ਲਿਆ ਤੇ ਉਹ ਵੀ ਕਿਸ਼ਤਾਂ 'ਤੇ | 1974 ਵਿਚ ਮਿਲੀ ਨੌਕਰੀ ਦੀ 450 ਰੁਪਏ ਮਹੀਨਾ ਤਨਖਾਹ ਸੀ ਤੇ ਸਾਈਕਲ ਦੀ ਕੀਮਤ ਕਰੀਬ 200 ਰੁਪਏ ਸੀ | ਲਗਭਗ ਅੱਧੀ ਤਨਖਾਹ | ਸੋ, ਸਾਈਕਲ ਕਿਸ਼ਤਾਂ 'ਤੇ ਲਿਆ | 20 ਰੁਪਏ ਮਹੀਨਾਂ ਸੀ ਕਿਸ਼ਤ, ਹਾਂ ਵਿਆਜ ਵੀ ਸੀ |
ਮੇਰਾ ਕੱਦ ਦਰਮਿਆਨਾ ਹੈ | ਮੇਰੇ ਪਿਤਾ ਜੀ ਦਾ ਕੱਦ ਕਰੀਬ 6 ਫੁੱਟ ਸੀ | ਜਦ ਸਾਈਕਲ ਖਰੀਦਣ ਗਏ ਤਾਂ ਮੈਂ 22 ਇੰਚੀ ਸਾਈਕਲ ਲੈਣਾ ਚਾਹਾਂ ਪਰ ਪਿਤਾ ਜੀ 24 ਇੰਚੀ ਦਾ ਪੱਖ ਪੂਰਨ | ਉਹ ਇਸ ਲਈ ਕਿ ਖੁਦ ਉਹ ਵੀ ਉਸ ਨੂੰ ਚਲਾ ਲਿਆ ਕਰਨ | ਸਾਈਕਲ ਦੀ ਦੁਕਾਨ ਉਪਰ ਇਸ ਮੁੱਦੇ ਉਪਰ ਸਾਡੀ ਪਿਉ-ਪੁੱਤ ਦੀ ਮਿੱਠੀ-ਮਿੱਠੀ ਬਹਿਸ ਛਿੜ ਪਈ | ਮੈਂ ਕਹਾਂ ਕਿ 22 ਇੰਚੀ ਸਾਈਕਲ ਖਰੀਦਣਾ ਹੈ ਕਿਉਂਕਿ 24 ਇੰਚੀ ਉਪਰ ਮੇਰੇ ਪੈਰ ਧਰਤੀ ਨਾਲ ਨਹੀਂ ਲੱਗ ਸਕਣੇ | ਦੁਕਾਨ ਦੇ ਮਾਲਕ, ਜੋ ਪਿਤਾ ਜੀ ਦੇ ਦੋਸਤ ਸਨ, ਨੇ ਦਖਲ ਦੇ ਕੇ ਗੱਲ ਨਬੇੜੀ | ਉਸ ਨੇ ਮੇਰੇ ਪਿਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ 'ਮੁੰਡੇ ਨੂੰ ਚਾਅ ਪੂਰਾ ਕਰ ਲੈਣ ਦੇ, ਤੂੰ ਜ਼ਿੱਦ ਨਾ ਕਰ' |
ਸੋ, ਅਸੀਂ ਬਾਈ ਇੰਚੀ ਦਾ ਨਵਾਂ ਨਕੋਰ ਲਿਸ਼ਕਾਂ ਮਾਰਦਾ ਸਾਈਕਲ ਲੈ ਕੇ ਆਪਣੇ ਪਿੰਡ ਐਂ ਗਏ ਜਿਵੇਂ ਸਾਈਕਲ ਤੇ ਨਾ ਆਏ ਹੋਈਏ ਕਿਸੇ 'ਵਾਯੂਦੂਤ' ਉਪਰ ਚੜ੍ਹ ਕੇ ਉੜ ਕੇ ਆਏ ਹੋਈਏ! ਹਵਾ ਨਾਲ ਗੱਲਾਂ ਕਰਦੇ ਉੜਦੇ ਜਾਂਦੇ ਸਾਈਕਲ ਨੂੰ ਚਲਾਉਂਦਿਆਂ ਇਕ ਲੋਕ ਬੋਲੀ ਗੁਣਗੁਣਾਉਣ ਲੱਗ ਪਏ-'ਟੱਲੀਆਂ ਵਜਾਉਂਦਾ ਜਾਊਾ ਬਹਿ ਜਾ ਸਾਈਕਲ ਤੇ'!
ਸਾਈਕਲ ਦੀ ਸਾਡੇ ਜੀਵਨ ਵਿਚ ਕਿੰਨੀ ਮਹੱਤਤਾ ਹੈ, ਇਸ ਬਾਰੇ ਅੇੈਲਬਰਟ ਆਈਨਸਟਾਈਨ ਦੀਆਂ ਸਤਰਾਂ ਹਨ-
'ਜੀਵਨ ਬਾਇ-ਸਾਈਕਲ ਉਪਰ ਸਵਾਰ ਹੋਣ ਵਾਂਗ ਹੈ, ਆਪਣਾ ਸੰਤੁਲਨ ਕਾਇਮ ਰੱਖਣ ਲਈ ਤੁਹਾਨੂੰ ਚਲਦੇ ਰਹਿਣਾ ਪੈਂਦੈ' |
ਸ਼ਬਦ-ਵਿਗਿਆਨ ਅਨੁਸਾਰ ਬਾਇ-ਸਾਈਕਲ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ- ਬਾਇ+ ਸਾਈਕਲ | ਅੰਗਰੇਜ਼ੀ ਨੇ ਇਹ ਸ਼ਬਦ ਉਨ੍ਹੀਵੀਂ ਸਦੀ ਦੇ ਮੱਧ 'ਚ ਫਰੈਂਚ ਭਾਸ਼ਾ ਤੋਂ ਲਿਆ | 'ਬਾਇ' ਇਕ ਅਗੇਤਰ ਹੈ ਜੋ ਲਾਤੀਨੀ ਭਾਸ਼ਾ ਤੋਂ ਆਇਐ | ਇਸ ਦਾ ਅਰਥ ਦੋ ਜਾਂ ਦੋ ਗੁਣਾ ਜਾਂ ਦੋ ਵਾਰ ਹੋਣ ਵਾਲਾ ਹੈ | 'ਸਾਈਕਲ' ਸ਼ਬਦ ਯੂਨਾਨੀ ਮੂਲ ਦੇ ਸ਼ਬਦ 'ਸਾਈਕਲੋਸ' ਤੋਂ ਆਇਆ ਹੈ ਜਿਸ ਦਾ ਅਰਥ 'ਸਰਕਲ' ਭਾਵ ਦਾਇਰਾ ਜਾਂ ਪਹੀਆ ਹੈ | ਸੋ ਬਾਇ-ਸਾਈਕਲ ਦਾ ਅਰਥ ਦੋ-ਪਹੀਆਂ ਵਾਲਾ ਪੈਡਲਦਾਰ ਵਾਹਨ ਹੈ |
ਸਾਈਕਲ ਦੀ ਕਾਢ ਬਹੁਤ ਹੀ ਮਹਾਨ ਅਤੇ ਮਹੱਤਵਪੂਰਨ ਕਾਢ ਹੈ | ਪਰ ਇਸ ਦੀ ਕਾਢ ਕੱਢਣ ਵਾਲਿਆਂ ਅਤੇ ਕਾਢ ਦੇ ਸਮੇਂ ਬਾਰੇ ਵੱਖ-ਵੱਖ ਰਾਵਾਂ ਹਨ | ਵਿੱਕੀਪੀਡੀਆ ਅਨੁਸਾਰ ਮੌਜੂਦਾ ਸਮੇਂ ਦੇ ਸਾਈਕਲ ਦਾ ਅਗਰਦੂਤ ਸਾਈਕਲ ਬਿਨਾਂ ਪੈਡਲਾਂ ਦੇ ਸੀ ਅਤੇ ਇਸ ਨੂੰ 1817 ਵਿਚ ਜਰਮਨੀ ਦੇ ਜੰਗਲਾਤ ਮਹਿਕਮੇ ਦੇ ਅਫਸਰ ਕਾਰਲ ਵਾਨ ਡਰੇਸ ਨੇ ਬਣਾਇਆ ਸੀ | ਇਹ ਬਹੁਤਾ ਲੱਕੜੀ ਦਾ ਬਣਿਆ ਸੀ | ਇਸ ਨੂੰ ਬੰਦੇ ਵਲੋਂ ਆਪ ਦੁੜਾ ਕੇ ਫਿਰ ਉਪਰ ਬਹਿਣਾ ਪੈਂਦਾ ਸੀ | ਡਰੇਸ ਨੇ ਇਸ ਨੂੰ 1818 ਵਿਚ 'ਪੇਟੈਂਟ'(ਸਵੈਅਧੀਕਾਰਤ) ਕਰਵਾਇਆ ਸੀ | ਇਸ ਦੇ ਕਈ ਨਾਮ ਸਨ ਜਿਵੇਂ ਲਾਫਮਸ਼ੀਨ(ਦੌੜਨ ਵਾਲੀ ਮਸ਼ੀਨ), ਡੈਂਡੀ ਹੌਰਸ, ਹੌਬੀ ਹੌਰਸ, ਵੈਲਾਸਪੀਡ, ਡਰੇਸਲਾਈਨ ਆਦਿ |
ਡਰੇਸ ਇਕ ਡਿਊਕ ਨਾਲ ਵੀ ਸੰਬੰਧਿਤ ਸੀ | ਉਸ ਵਲੋਂ ਕੱਢੀ ਕਾਢ ਪਿੱਛੇ ਇਕ ਅਨੋਖੀ ਕਹਾਣੀ ਹੈ | ਕਹਿੰਦੇ ਹਨ 1816 ਵਿਚ ਮਾੜੇ ਮੌਸਮ ਕਾਰਨ ਜਰਮਨੀ 'ਚ ਫਸਲਾਂ ਬਰਬਾਦ ਹੋ ਗਈਆਂ ਜਿਸ ਕਾਰਨ ਘੋੜੇ, ਜੋ ਸਵਾਰੀ ਦਾ ਸਾਧਨ ਸਨ, ਭੁੱਖ ਨਾਲ ਮਰਨ ਲੱਗ ਪਏ ਅਤੇ ਘੋੜਿਆਂ ਦੀ ਥੁੜ੍ਹ ਹੋ ਗਈ | ਇਸ ਕਿੱਲਤ ਨੂੰ ਦੂਰ ਕਰਨ ਲਈ ਡਰੇਸ ਨੇ ਇਹ ਮਸ਼ੀਨ ਬਣਾਈ ਜੋ ਸਵਾਰੀ ਲਈ ਘੋੜੇ ਦੇ ਬਦਲ ਵਜੋਂ ਵਰਤੀ ਜਾ ਸਕਦੀ ਸੀ | ਇਸੇ ਲਈ ਹੀ ਸਾਈਕਲ ਨੂੰ 'ਲੋਹੇ ਦਾ ਘੋੜਾ' ਵੀ ਕਿਹਾ ਜਾਂਦੈ!
ਪਰ ਪਹਿਲਾ ਪੈਡਲਾਂ ਵਾਲਾ ਬਾਇ-ਸਾਈਕਲ ਇਕ ਸਕਾਟਿਸ਼ ਲੁਹਾਰ ਕਿਰਕ ਪੈਟਰਿਕ ਮੈਕਮਿਲਨ ਦੁਆਰਾ 1839 ਵਿਚ ਬਣਾਇਆ ਸਮਝਿਆ ਜਾਂਦਾ ਹੈ | ਜਰਮਨੀ ਦੇ ਫਿਲਿਪ ਮਰੇਟਿਜ਼ ਫਿਸ਼ਰ, ਫਰਾਂਸ ਦੇ ਅਰਨੈਸਟ ਮਿਚਾਕਸ ਅਤੇ ਪੇਅਰੇ ਲੈਲਮੈਂਟ ਵਲੋਂ ਵੀ ਕ੍ਰਮਵਾਰ 1853 ਅਤੇ 1863 ਵਿਚ ਸੁਧਰੇ ਰੂਪ ਵਿਚ ਪੈਡਲਦਾਰ ਸਾਈਕਲ ਬਨਾਉਣ ਦਾ ਦਾਅਵਾ ਵੀ ਮਿਲਦਾ ਹੈ | ਹੋਰ ਅਨੇਕਾਂ ਨਾਂਅ ਵੀ ਮਿਲਦੇ ਹਨ ਪਰ ਪ੍ਰਮਾਣਿਕ ਨਾਂਅ ਇਹ ਹੀ ਸਮਝੇ ਜਾਂਦੇ ਹਨ |
ਸਾਈਕਲ ਕਮਾਲ ਦੀ ਸਵਾਰੀ ਹੈ ਜਿਸ ਵਿਚ ਸਵਾਰ ਖੁਦ ਹੀ ਇੰਜਨ ਜਾਂ 'ਪਾਵਰ' ਹੁੰਦਾ ਹੈ | ਸਾਈਕਲ ਗਤੀ ਦਾ ਪ੍ਰਤੀਕ ਹੈ | ਚਲਦੇ ਰਹਿਣਾ ਹੀ ਜ਼ਿੰਦਗੀ ਹੈ | ਖੜੋਤ, ਸੜਿਹਾਂਦ ਹੈ, ਬਸ ਮੌਤ ਹੀ ਸਮਝੋ |
ਦਰਅਸਲ ਗਤੀ ਹੀ ਮੁਕਤੀ ਹੈ | ਹਰ ਸ਼ੈਅ ਤੋਰ ਵਿਚ ਹੈ | ਕੀ ਧਰਤੀ, ਗ੍ਰਹਿ-ਨਛੱਤਰ, ਕੀ ਰੁੱਤਾਂ-ਥਿੱਤਾਂ-ਵਾਰ, ਨਦੀਆਂ-ਨਾਲੇ, ਪੌਣ-ਪਾਣੀ ਸਭ ਗਤੀ ਵਿਚ ਹਨ | ਜੀਵਨ ਇਕ ਗੇੜ ਹੈ, ਚੱਕਰ ਹੈ, ਜਨਮ ਹੈ, ਜੀਣ ਹੈ, ਮਰਨ ਹੈ | ਆਵਾ-ਗਵਨ ਦਾ ਗੇੜ ਹੈ, ਇਕ ਸਾਈਕਲ ਹੈ |
ਸਾਈਕਲ ਸਮੇਂ ਦਾ ਪਹੀਆ ਵੀ ਹੈ | ਮਹਾਂਭਾਰਤ ਟੀਵੀ ਸੀਰੀਅਲ ਵਿਚ ਇਕ ਵੱਡਾ ਸਾਰਾ ਪਹੀਆ ਘੁੰਮਦੈ ਅਤੇ ਕਹਿੰਦੈ-'ਮੈਂ ਸਮਯ ਹੂੰ...' | ਜਿਵੇਂ ਸਮਾਂ ਬਦਲਦਾ ਰਹਿੰਦਾ ਹੈ, ਉੇਵੇਂ ਹੀ ਜ਼ਿੰਦਗੀ ਵਿਚ ਬਦਲਾਅ ਆਉਂਦਾ ਰਹਿੰਦਾ | ਕਦੀ ਧੁੱਪ, ਕਦੀ ਛਾਂ, ਕਦੀ ਚੜ੍ਹਤ, ਕਦੀ ਨਿਵਾਣ! ਪਹੀਏ ਦਾ ਚਲਨ ਹੀ ਚਲਣਾ ਅਤੇ ਘੁੰਮਣਾ ਹੈ, ਇਸ ਨੇ ਜੇ ਉਪਰ ਜਾਣਾ ਹੈ ਤਾਂ ਹੇਠਾਂ ਵੱਲ ਵੀ ਆਉਣਾ ਹੈ |
ਇਕ ਪਹੀਏ ਵਾਲਾ ਸਾਈਕਲ ਵੀ ਹੁੰਦੈ ਅਤੇ 3 ਪਹੀਆਂ ਵਾਲਾ ਵੀ | ਪਹਿਲੇ ਨੂੰ ਯੂਨੀ-ਸਾਈਕਲ ਤੇ ਦੂਸਰੇ ਨੂੰ ਟ੍ਰਾਈ-ਸਾਈਕਲ ਕਹਿੰਦੇ ਹਨ | ਦੁਪਹੀਏ ਨੂੰ ਤਾਂ ਆਪਾਂ ਦੱਸ ਹੀ ਚੁਕੇ ਹਾਂ ਕਿ ਬਾਇ-ਸਾਈਕਲ ਕਹਿੰਦੇ ਹਨ |
ਕਿਸੇ ਵੇਲੇ ਸਾਈਕਲ ਇਕ ਸਟੇਟਸ ਸਿੰਬਲ ਹੁੰਦਾ ਸੀ | ਰੈਲੇ ਤੇ ਰੋਬਿਨਹੁੱਡ ਸਾਈਕਲ ਤਾਂ ਉਦੋਂ ਅੱਜ ਦੀਆਂ ਮਹਿੰਗੀਆਂ-ਮਹਿੰਗੀਆਂ ਕਾਰਾਂ ਵਾਲੀ ਠੁੱਕ-ਠਾਠ ਰੱਖਦੇ ਸਨ | ਖਾਸ ਕਰਕੇ 'ਰੈਲੇ' ਸਾਈਕਲ ਦੀ ਤਾਂ ਕਰੇਜ਼ ਐਨੀ ਹੁੰਦੀ ਸੀ ਕਿ ਜੇ ਪਿੰਡ ਵਿਚ ਕਿਸੇ ਇਕ-ਅੱਧੇ ਕੋਲ ਇਹ ਸਾਈਕਲ ਹੋਣਾ ਤਾਂ ਸਮਝੋ ਅੱਜਕਲ੍ਹ ਦੀ ਕੋਈ ਐਸ.ਯੂ.ਵੀ.ਹੋਣ ਦੇ ਬਰਾਬਰ ਹੁੰਦਾ ਸੀ! ਹੀਰੋ, ਹਰਕਿਊਲੀਜ਼, ਏਵਨ, ਐਟਲਸ ਆਦਿ ਸਾਈਕਲ ਵੀ ਬੜੇ ਪ੍ਰਚਲਿਤ ਸਨ | ਪਹਿਲਿਆਂ ਵੇਲਿਆਂ ਵਿਚ ਜੇ ਕਿਸੇ ਨੇ ਆਪਣੀ ਧੀ ਦੇ ਦਾਜ ਵਿਚ ਸਾਈਕਲ ਦੇ ਦੇਣਾ ਤਾਂ ਐਨੀ ਬੱਲੇ-ਬੱਲੇ ਹੋ ਜਾਂਦੀ ਸੀ ਜਿੰਨੀ ਅੱਜਕਲ੍ਹ ਲਗਜ਼ਰੀ ਕਾਰ ਦੇਣ ਵੇਲੇ ਵੀ ਨਹੀਂ ਹੁੰਦੀ!
ਪੰਜਾਬੀ ਦੀ ਇਕ ਫ਼ਿਲਮ ਵਿਚ ਜਦੋਂ ਲ਼ੰਬਰਦਾਰਾਂ ਦਾ ਮੁੰਡਾ ਪਿੰਡ ਵਿਚ ਪਹਿਲਾ ਸਾਈਕਲ ਲੈ ਕੇ ਆਉਂਦੈ ਤਾਂ ਸਾਰਾ ਪਿੰਡ ਇਸ ਅਦਭੁਤ 'ਅਲੋਕਾਰ ਸ਼ੈਅ' ਨੂੰ ਦੇਖਣ ਲਈ ਐਂ ਅਹੁਲਦੈ ਜਿੱਦਾਂ ਪੁਰਾਣੀਆਂ ਬੁੜ੍ਹੀਆਂ ਸੱਜ-ਵਿਆਹੀ ਦੁਲਹਨ ਨੂੰ ਦੇਖਣ ਲਈ ਭੱਜਦੀਆਂ ਸਨ!
ਇਕ ਹੋਰ ਫ਼ਿਲਮ 'ਯਾਰ ਬੇਲੀ' ਵਿਚ ਦੋਧੀ ਦਾ ਕਿਰਦਾਰ ਨਿਭਾਉਣ ਵਾਲਾ ਕਲਾਕਾਰ, ਜਿਸ ਨੂੰ ਪੰਜਾਬੀ ਬੋਲੀਆਂ ਗੁਣਗੁਣਾਉਂਦੇ ਰਹਿਣ ਦੀ ਆਦਤ ਹੈ, ਇਕ ਥਾਂ ਕਹਿੰਦਾ ਹੈ-'ਟੱਲੀਆਂ ਵਜਾਉਂਦਾ ਜਾਊਾ, ਬਹਿ ਜਾ ਸਾਈਕਲ 'ਤੇ' |
ਪਹਿਲਾਂ ਪੰਜਾਬ ਵਿਚ ਸਾਈਕਲ ਦੇ ਕਾਗਜ਼-ਪੱਤਰ ਬਣਦੇ ਸਨ, ਬਕਾਇਦਾ ਰਜਿਸਟ੍ਰੇਸ਼ਨ ਹੁੰਦੀ ਸੀ | ਇਕ ਰੁਪਿਆ ਫੀਸ ਲੈ ਕੇ ਸਾਈਕਲ ਤੇ ਇਕ ਟੋਕਨ ਜੜ ਦਿੱਤਾ ਜਾਂਦਾ ਸੀ | ਇਸ ਦੀ ਗੈਰਹਾਜ਼ਰੀ 'ਚ ਚਲਾਨ ਹੋ ਜਾਂਦਾ ਸੀ!
ਫਿਰ ਜਦ ਸਕੂਟਰ, ਮੋਟਰਸਾਈਕਲ, ਕਾਰਾਂ ਤੇ ਹੋਰ ਚੀਜ਼ਾਂ ਆ ਗਈਆਂ ਤਾਂ ਸਾਈਕਲ 'ਵਿਚਾਰਾ' ਜਿਹਾ ਹੋ ਗਿਆ |
ਪਰ ਕੋਰੋਨਾ ਮਹਾਂਮਾਰੀ ਕਾਰਨ ਸਾਈਕਲ ਦੀ ਕਦਰ ਫਿਰ ਵਧ ਗਈ ਕਿਉਂਕਿ ਇਸ ਨੂੰ ਚਲਾਉਣ ਨਾਲ ਸਾਡੇ ਇਮਿਯੂਨਿਟੀ ਸਿਸਟਮ ਨੂੰ ਸ਼ਕਤੀ ਮਿਲਦੀ ਹੈ |
ਸਾਈਕਲ ਚਲਾਉਣ ਦੇ ਹੋਰ ਵੀ ਬੜੇ ਲਾਭ ਹਨ | ਇਸ ਨਾਲ ਸਿਰਫ ਸਰੀਰ ਹੀ ਤੰਦਰੁਸਤ ਨਹੀਂ ਹੁੰਦਾ ਸਗੋਂ ਮਾਨਸਿਕ ਤੌਰ ਉਪਰ ਵੀ ਲਾਭ ਹੁੰਦੈ | ਮਨ ਰਾਜ਼ੀ ਰਹਿੰਦੈ, ਮਾਨਸਿਕ ਖੈਰ-ਸੁਖ ਰਹਿੰਦੀ ਐ | ਕਸਰਤ ਨਾਲ ਸਾਡੇ ਅੰਦਰੋਂ ਐਂਡੌਰਫਿਨਜ਼ ਅਤੇ ਐਡਰੇਨਿਲੀਨ ਤੱਤ ਰਿਲੀਜ਼ ਹੁੰਦੇ ਹਨ ਜੋ ਸਾਡਾ ਮੂਡ-ਮਨ ਠੀਕ ਕਰਦੇ ਹਨ | ਸਟਰੈੱਸ ਘਟਦਾ ਹੈ | ਸਾਈਕਲਿੰਗ ਲਈ ਬਾਹਰ ਨਿਕਲਣਾ ਪੈਂਦੈ, ਬਾਹਰ ਨਿਕਲਿਆਂ ਲੋਕ-ਮਿਲਦੇ ਹਨ, ਗੱਲਬਾਤ ਹੁੰਦੀ ਹੈ | ਇਹ ਸਭ ਕੁਝ ਸਾਨੂੰ 'ਚੰਗਾ ਚੰਗਾ' ਮਹਿਸੂਸ ਕਰਵਾਉਂਦੈ | ਗਰੇਮ ਓਬਰੀ, ਜਿਸ ਨੂੰ 'ਉਡਣਾ ਸਕੌਟਸਮੈਨ' ਕਿਹਾ ਜਾਂਦੈ ਅਤੇ ਜਿਸ ਨੇ ਸਾਈਕਲ ਰੇਸਾਂ ਵਿਚ ਦੋ ਵਾਰ 'ਵਰਲਡ ਆਵਰ' ਰਿਕਾਰਡ ਤੋੜਿਐ, ਡਿਪਰੈਸ਼ਨ ਦਾ ਮਰੀਜ਼ ਸੀ | ਉਸ ਅਨੁਸਾਰ ਜੋ ਲੋਕ ਡਿਪਰੈਸ਼ਨ ਦੇ ਮਰੀਜ਼ ਹਨ, ਉਨ੍ਹਾਂ ਲਈ ਬਾਹਰ ਜਾਣਾ ਅਤੇ ਸਾਈਕਲ ਚਲਾਉਣਾ ਮਦਦਗਾਰ ਹੋਵੇਗਾ | ਉਹ ਆਪਣੇ ਬਾਰੇ ਕਹਿੰਦੈ-'ਸਾਈਕਲਿੰਗ ਤੋਂ ਬਿਨਾਂ ਮੈਨੂੰ ਨਹੀਂ ਪਤਾ ਮੈਂ ਕਿਥੇ ਹੁੰਦਾ?'
ਸਾਈਕਲਿੰਗ ਮੋਟਾਪੇ, ਸ਼ੂਗਰ ਅਤੇ ਹੋਰ ਮਰਜ਼ਾਂ ਲਈ ਫਾਇਦੇਮੰਦ ਹੈ ਕਿਉਂਕਿ ਇਸ ਨਾਲ ਭਾਰ ਘਟਦੈ | ਜੇ ਤੇਜ਼-ਤੇਜ਼ ਸਾਈਕਲ ਚਲਾਇਆ ਜਾਵੇ ਤਾਂ ਨਾ ਸਿਰਫ 'ਮਸਲ' ਹੀ ਬਣਦੇ ਹਨ ਸਗੋਂ ਸੈਂਕੜੇ ਕੈਲਰੀਆਂ ਵੀ ਬਲਦੀਆਂ ਹਨ | ਦਿਲ, ਫੇਫੜੇ ਮਜ਼ਬੂਤ ਹੁੰਦੇ ਹਨ |
ਆਰਥਿਕ ਤੌਰ 'ਤੇ ਵੀ ਬੜਾ ਲਾਭ ਹੈ | ਹਰ ਰੋਜ਼ ਮਹਿੰਗੇ ਹੋ ਰਹੇ ਪੈਟਰੋਲ ਉਪਰ ਹੁੰਦਾ ਖਰਚਾ ਬਚਦਾ ਹੈ | ਪ੍ਰਦੂਸ਼ਣ ਅਤੇ ਸ਼ੋਰ ਘਟਦਾ ਹੈ | ਵਾਤਾਵਰਨ ਠੀਕ ਰਹਿੰਦੈ | ਟਰੈਫਿਕ ਦੀ ਘੜਮੱਸ ਵਿਚੋਂ ਸਾਈਕਲ ਚਲਾਉਣ ਵਾਲਾ ਇੰਝ ਲੰਘ ਜਾਂਦੈ ਜਿਵੇਂ ਕੋਈ ਹਵਾ ਦਾ ਬੁੱਲਾ! ਨਾ ਭੀੜ ਦਾ ਡਰ, ਨਾ ਟ੍ਰੈਫਿਕ ਜਾਮਾਂ ਦਾ ਖੌਫ | ਫਿਰ ਪਾਰਕਿੰਗ ਦਾ ਵੀ ਕੋਈ ਬਹੁਤਾ ਬਖੇੜਾ ਨਹੀਂ |
ਹੌਲੈਂਡ (ਨੈਦਰਲੈਂਡ) ਵਿਚ ਸਾਈਕਲਿੰਗ ਦਾ ਸ਼ੌਕ ਪੂਰੇ ਯੂਰਪ, ਬਲਕਿ ਵਿਸ਼ਵ ਭਰ, ਨਾਲੋਂ ਵਧੇਰੇ ਹੈ | ਉਥੇ ਹਰ ਥਾਂ ਸਾਈਕਲ ਰੂਟਾਂ ਦਾ ਜਾਲ ਵਿਛਿਆ ਹੋਇਆ ਹੈ ਅਤੇ ਹਰ ਉਮਰ ਦੇ ਲੋਕ ਸਾਈਕਲਿੰਗ ਕਰਦੇ ਹਨ |
ਸਾਈਕਲਿੰਗ ਦੀਆਂ ਇਨ੍ਹਾਂ ਖੂਬੀਆਂ ਦੇ ਮੱਦੇਨਜ਼ਰ ਹੀ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 12 ਅਪ੍ਰੈਲ 2018 ਨੂੰ ਇਕ ਮਤੇ ਰਾਹੀਂ 3 ਜੂਨ ਨੂੰ 'ਕੌਮਾਂਤਰੀ ਬਾਇ-ਸਾਈਕਲ ਦਿਵਸ' ਐਲਾਨਿਆ ਹੈ ਤਾਂ ਕਿ ਪੂਰੇ ਸੰਸਾਰ ਵਿਚ ਇਹ ਸੰਦੇਸ਼ ਜਾ ਸਕੇ ਕਿ ਸਾਈਕਲ ਸਮੁੱਚੀ ਮਾਨਵਤਾ ਦਾ ਹੈ ਅਤੇ ਉਸ ਦੀ ਸੇਵਾ ਕਰਦੈ | ਮਤੇ ਰਾਹੀਂ ਦੋ ਸਦੀਆਂ ਤੋਂ ਵਰਤੋਂ ਵਿਚ ਆ ਰਹੇ ਬਾਇ-ਸਾਈਕਲ ਦੇ ਅਨੰੂਠੇਪਨ, ਚਿਰੰਜੀਵਤਾ, ਬਹੁਮੁਖਤਾ ਨੂੰ ਮੰਨਿਆ ਗਿਆ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਇਹ ਇਕ ਸਾਦਾ, ਵਾਰਾ ਖਾਣ ਵਾਲਾ, ਭਰੋਸੇਯੋਗ, ਸਾਫ ਅਤੇ ਵਾਤਾਵਰਨ ਪੱਖੋਂ ਇਕ ਢੁਕਵਾਂ ਤੇ ਨਿਭਣਯੋਗ ਆਵਾਜਾਈ/ਸਫਰ ਦਾ ਸਾਧਨ/ਮਾਧਿਅਮ ਹੈ |
ਆਖਿਰ ਵਿਚ ਇਹੀ ਕਹਾਂਗਾ ਕਿ ਸਾਈਕਲ ਮਗਰੋਂ ਸਕੂਟਰ-ਕਾਰ ਵੀ ਲਏ ਪਰ ਜੋ ਬਹਿਸ਼ਤੀ ਹੁਲਾਰੇ ਉਸ ਬਾਈ ਇੰਚੀ ਸਾਈਕਲ 'ਤੇ ਆਏ, ਉਹ ਮੁੜ ਕਦੀ ਨਹੀਂ ਆਏ, ਕਾਰ 'ਤੇ ਵੀ ਨਹੀਂ!

-ਫਗਵਾੜਾ |
ਮੋਬਾਈਲ : 98766-55055

Ad Position 22
No active advertisement
ਪਿਛਲੀ ਖ਼ਬਰ ਨੀਲਾ ਤਾਰਾ ਸਾਕੇ ਤੋਂ ਬਾਅਦ-ਇਤਿਹਾਸ ਤੋਂ ਸੇਧ ਲੈ ਕੇ ਅੱਗੇ ਕਿਵੇਂ ਤੁਰਿਆ ਜਾਵੇ? ਅਗਲੀ ਖ਼ਬਰ ਕੌਣ ਹੈ ਆਸਟ੍ਰੇਲੀਆ 'ਚ ਇਤਿਹਾਸ ਰਚਣ ਵਾਲੀ ਡਾ. ਪਰਵਿੰਦਰ ਕੌਰ?
Ad Position 24