* ਸਵੇਰ ਦੀ ਸੈਰ ਅਤੇ ਕਸਰਤ ਸੂਰਜ ਚੜ੍ਹਨ ਸਮੇਂ ਕਰੋ ਤਾਂ ਜ਼ਿਆਦਾ ਲਾਭ ਮਿਲਦਾ ਹੈ। ਉਦੋਂ ਵਾਤਾਵਰਨ ਵਿਚ ਪ੍ਰਦੂਸ਼ਣ ਬਹੁਤ ਘੱਟ ਹੁੰਦਾ ਹੈ।
* ਸੌਣ ਤੋਂ ਪਹਿਲਾਂ ਮਿੱਠਾ ਨਾ ਖਾਓ। ਮਿੱਠਾ ਦੰਦਾਂ ਨਾਲ ਚੁੰਬੜ ਕੇ ਬਹੁਤ ਨੁਕਸਾਨ ਪਹੁੰਚਾਉਂਦਾ ਹੈ।
* ਰਾਤ ਦਾ ਭੋਜਨ ਸੌਣ ਤੋਂ ਦੋ ਘੰਟੇ ਪਹਿਲਾਂ ਕਰੋ ਤਾਂ ਕਿ ਖਾਣਾ ਸੌਣ ਤੱਕ ਹਜ਼ਮ ਹੋਣਾ ਸ਼ੁਰੂ ਹੋ ਜਾਵੇ।
* ਹਾਈ ਪ੍ਰੋਟੀਨ ਵਾਲਾ ਭੋਜਨ ਰਾਤ ਨੂੰ ਨਾ ਕਰੋ। ਉਸ ਨੂੰ ਹਜ਼ਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਨਾਸ਼ਤੇ ਵਿਚ ਹਾਈ ਪ੍ਰੋਟੀਨ ਲੈਣਾ ਸਹੀ ਮੰਨਿਆ ਜਾਂਦਾ ਹੈ। ਪ੍ਰੋਟੀਨ ਖੂਨ ਵਿਚ ਸ਼ੂਗਰ ਦਾ ਪੱਧਰ ਵਧਾ ਦਿੰਦਾ ਹੈ ਜਿਸ ਨਾਲ ਸਰੀਰ ਵਿਚ ਫੁਰਤੀ ਵਧ ਜਾਂਦੀ ਹੈ।
* ਸਟਾਰਚ ਵਾਲੇ ਭੋਜਨ ਰਾਤ ਨੂੰ ਕਰਨਾ ਸਹੀ ਹੈ। ਚੌਲ ਅਤੇ ਆਲੂ ਆਦਿ ਦੀ ਵਰਤੋਂ ਹੋ ਸਕੇ ਤਾਂ ਰਾਤ ਦੇ ਭੋਜਨ ਵਿਚ ਕਰੋ।
* ਵਿਟਾਮਿਨ ਤੇ ਖਣਿਜ ਕੈਪਸੂਲ ਹਮੇਸ਼ਾ ਭੋਜਨ ਤੋਂ ਤੁਰੰਤ ਬਾਅਦ ਲਓ ਤਾਂ ਕਿ ਵਿਟਾਮਿਨ ਤੇ ਖਣਿਜ ਤੱਤ ਭੋਜਨ ਵਿਚ ਸਮਾ ਜਾਣ।
* ਸਰਦੀਆਂ ਵਿਚ ਵਰਤ ਘੱਟ ਰੱਖੋ ਕਿਉਂਕਿ ਸਰਦੀ ਰੁੱਤ ਵਿਚ ਜਠਰ ਅਗਨੀ ਤੇਜ਼ ਹੁੰਦੀ ਹੈ। ਵਾਰ-ਵਾਰ ਪਾਣੀ ਪੀਣ ਨਾਲ ਕੰਮ ਨਹੀਂ ਚਲਦਾ। ਇਸ ਮੌਸਮ ਵਿਚ ਪਾਣੀ ਦੀ ਪਿਆਸ ਵੀ ਘੱਟ ਲਗਦੀ ਹੈ।
* ਗਰਮ ਰੁੱਤ ਵਿਚ ਵਰਤ ਵਾਲੇ ਦਿਨ ਬਹੁਤ ਪਾਣੀ ਪੀਓ ਤਾਂ ਕਿ ਸਰੀਰ ਵਿਚ ਪਾਣੀ ਦੀ ਕਮੀ ਨਾ ਹੋਵੇ।
* ਰਾਤ ਨੂੰ ਸੌਣ ਤੋਂ ਦੋ-ਤਿੰਨ ਘੰਟੇ ਪਹਿਲਾਂ ਚਾਹ-ਕੌਫ਼ੀ ਦੀ ਵਰਤੋਂ ਨਾ ਕਰੋ। ਇਸ ਨਾਲ ਨੀਂਦ ਆਉਣ ਵਿਚ ਮੁਸ਼ਕਿਲ ਹੋਵੇਗੀ ਅਤੇ ਪਿਸ਼ਾਬ ਕਰਨ ਲਈ ਵਾਰ-ਵਾਰ ਉੱਠ ਕੇ ਜਾਣਾ ਪਵੇਗਾ। ਜੇਕਰ ਤੁਸੀਂ ਦੇਰ ਰਾਤ ਤੱਕ ਕੰਮ ਕਰਨਾ ਚਾਹੁੰਦੇ ਹੋ ਤਾਂ ਆਮ ਸੌਣ ਵਾਲੇ ਸਮੇਂ ਤੋਂ ਇਕ ਘੰਟਾ ਪਹਿਲਾਂ ਚਾਹ-ਕੌਫ਼ੀ ਪੀ ਲਓ। ਇਸ ਤਰ੍ਹਾਂ ਤੁਹਾਡੇ 'ਤੇ ਨੀਂਦ ਭਾਰੂ ਨਾ ਹੋ ਸਕੇਗੀ।
* ਰਾਤ ਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਘੁੰਮਣ ਨਾ ਨਿਕਲੋ ਕਿਉਂਕਿ ਉਸ ਸਮੇਂ ਜਿਗਰ ਕਿਰਿਆਸ਼ੀਲ ਹਾਲਤ ਵਿਚ ਹੁੰਦਾ ਹੈ। ਖਾਣੇ ਤੋਂ 1 ਘੰਟਾ ਪਹਿਲਾਂ ਘੁੰਮਣ ਨਿਕਲੋ ਜਾਂ ਖਾਣੇ ਦੇ 1/2 ਘੰਟੇ ਬਾਅਦ ਘੁੰਮਣ ਲਈ ਨਿਕਲੋ।
* ਕੁਝ ਰਚਨਾਤਮਕ ਕੰਮ ਕਰੋ। ਸਾਰਾ ਸਮਾਂ ਟੀ.ਵੀ. ਸਾਹਮਣੇ ਬੈਠ ਕੇ ਸਮਾਂ ਖ਼ਰਾਬ ਨਾ ਕਰੋ।
* ਰਾਤ ਨੂੰ ਭਾਰਾ ਭੋਜਨ ਤੇ ਤਲੇ ਹੋਏ ਭੋਜਨ ਤੋਂ ਪ੍ਰਹੇਜ਼ ਕਰੋ। ਪਾਰਟੀ ਵਿਚ ਜਾਣਾ ਜ਼ਰੂਰੀ ਹੋਵੇ ਤਾਂ ਉਥੇ ਹਲਕਾ ਭੋਜਨ ਖਾਓ ਜਾਂ ਘਰ ਤੋਂ ਕੁਝ ਖਾ ਕੇ ਜਾਓ ਤਾਂ ਕਿ ਉਥੇ ਜ਼ਿਆਦਾ ਨਾ ਖਾਧਾ ਜਾਵੇ।
ਤੰਦਰੁਸਤ ਰਹਿਣ ਲਈ ਕੁਝ ਹੋਰ ਨੁਕਤੇ
ਅਜੀਤ ਡੈਸਕ
05-09-2025