ਅੱਜ ਸਾਰੇ ਸੰਸਾਰ ਵਿਚ ਮਾਨਸਿਕ ਰੋਗੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹਰੇਕ ਵਿਅਕਤੀ ਨਿਰਾਸ਼, ਸ਼ਾਂਤ, ਚਿੰਤਤ, ਥੱਕਿਆ-ਥੱਕਿਆ ਜਿਹਾ ਦਿਖਾਈ ਦਿੰਦਾ ਹੈ। ਇਨ੍ਹਾਂ ਮਾਨਸਿਕ ਰੋਗੀਆਂ ਵਿਚ ਸਭ ਤੋਂ ਵੱਡੀ ਗਿਣਤੀ ਹੈ ਅੱਜ ਦੇ ਨੌਜਵਾਨਾਂ ਅਤੇ ਮੁਟਿਆਰਾਂ ਦੀ।
ਪੜ੍ਹਾਈ-ਲਿਖਾਈ ਤੋਂ ਲੈ ਕੇ ਕਰੀਅਰ ਬਣਾਉਣ ਤੱਕ ਦੀ ਚਿੰਤਾ ਤੋਂ ਪ੍ਰਭਾਵਿਤ ਅੱਜ ਦੇ ਨੌਜਵਾਨ ਵਰਗ ਦੇ ਮੂੰਹ ਦੀ ਚਮਕ ਗ਼ਾਇਬ ਹੁੰਦੀ ਜਾ ਰਹੀ ਹੈ। ਚਿੰਤਾ ਕਾਰਨ ਉਨ੍ਹਾਂ ਵਿਚ ਅਨੇਕ ਬਿਮਾਰੀਆਂ ਪੈਦਾ ਹੋਣ ਲੱਗ ਜਾਂਦੀਆਂ ਹਨ, ਨਤੀਜੇ ਵਜੋਂ ਉਹ ਹਾਈ ਬਲੱਡ ਪ੍ਰੈੱਸ਼ਰ, ਲੋਅ ਬਲੱਡ ਪ੍ਰੈੱਸ਼ਰ, ਨਪੁੰਸਕਤਾ ਆਦਿ ਦੇ ਸ਼ਿਕਾਰ ਹੋ ਜਾਂਦੇ ਹਨ।
ਉਂਝ ਤਾਂ ਅੱਜਕੱਲ੍ਹ ਨਿਰਾਸ਼ਾ ਦਾ ਸਾਹਮਣਾ ਲੋਕਾਂ ਨੂੰ ਪੈਰ-ਪੈਰ 'ਤੇ ਹੀ ਕਰਨਾ ਪੈਂਦਾ ਹੈ, ਪਰ ਨੌਜਵਾਨ ਜਿਨ੍ਹਾਂ ਨੂੰ ਆਪਣੇ ਕਰੀਅਰ ਨਿਰਮਾਣ ਦੀ ਚਿੰਤਾ ਹਮੇਸ਼ਾ ਰਹਿੰਦੀ ਹੈ, ਉਹ ਦਿਨ-ਪ੍ਰਤੀ-ਦਿਨ ਆਪਣੀ ਸਿਹਤ ਨੂੰ ਬਰਬਾਦ ਕਰਦੇ ਰਹਿੰਦੇ ਹਨ। ਕਰੀਅਰ ਨਿਰਮਾਣ ਹਰ ਹਾਲਤ ਵਿਚ ਜ਼ਰੂਰੀ ਹੈ, ਪਰ ਸਿਹਤ ਪ੍ਰਤੀ ਲਾਪ੍ਰਵਾਹੀ ਵੀ ਚੰਗੀ ਨਹੀਂ ਹੁੰਦੀ।
ਜ਼ਿਆਦਾਤਰ ਨੌਜਵਾਨ ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਵੀ ਬਿਸਤਰ 'ਤੇ ਸੁੱਤੇ ਰਹਿੰਦੇ ਹਨ। ਸੂਰਜ ਉਦੈ ਤੋਂ ਪਹਿਲਾਂ ਉੱਠ ਕੇ ਨਿਤ ਦੇ ਕਾਰਜ ਤੋਂ ਵਿਹਲੇ ਹੋਣ ਵਾਲੇ ਨੌਜਵਾਨ ਤਾਜ਼ਗੀ ਅਨੁਭਵ ਕਰਦੇ ਹਨ। ਨਿਰਾਸ਼ਾ ਤੋਂ ਬਚਣ ਲਈ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ। ਸਵੇਰ ਦੀ ਸੈਰ ਸਰੀਰ ਲਈ ਸਹੀ ਹੁੰਦੀ ਹੈ। ਘੱਟ ਤੋਂ ਘੱਟ ਦੋ ਕਿੱਲੋਮੀਟਰ ਤੱਕ ਹਰ ਰੋਜ਼ ਘੁੰਮਣ ਨਾਲ ਜਿਥੇ ਸਰੀਰ ਸਿਹਤਮੰਦ ਰਹਿੰਦਾ ਹੈ, ਉਥੇ ਦਿਮਾਗ਼ ਨੂੰ ਸਫੂਰਤੀ ਵੀ ਮਿਲਦੀ ਹੈ। ਅੱਖਾਂ ਦੀ ਰੌਸ਼ਨੀ ਲਈ ਤਾਂ ਸਵੇਰ ਦੀ ਸੈਰ ਸੰਜੀਵਨੀ ਬਰਾਬਰ ਹੁੰਦੀ ਹੈ। ਹਰ ਰੋਜ਼ ਥੋੜ੍ਹੀ ਦੇਰ ਨੰਗੇ ਪੈਰ ਘਾਹ 'ਤੇ ਟਹਿਲਣ ਵਾਲਿਆਂ ਦੀਆਂ ਅੱਖਾਂ 'ਤੇ ਐਨਕ ਛੇਤੀ ਨਹੀਂ ਲਗਦੀ।
ਕਸਰਤ ਅਤੇ ਯੋਗ ਅਭਿਆਸ ਨਾਲ ਹੀ ਸਰੀਰ ਦੀ ਤੇਲ ਮਾਲਿਸ਼ ਕਰਨ ਵਾਲੇ ਤੋਂ ਬਿਮਾਰੀਆਂ ਕੋਹਾਂ ਦੂਰ ਰਹਿੰਦੀਆਂ ਹਨ। ਅਖਾੜੇ ਵਿਚ ਜਾ ਕੇ ਕੁਸ਼ਤੀ ਦਾ ਅਭਿਆਸ ਕਰਨਾ, ਸੂਰਜ ਨਮਸਕਾਰ, ਪਦਮ ਆਸਣ, ਤ੍ਰਿਕੋਣ ਆਸਣ, ਪਸ਼ਚਿਮੋਤਾਨ ਆਸਣ, ਸ਼ਵ ਆਸਣ ਆਦਿ ਦਾ ਅਭਿਆਸ ਰੋਜ਼ ਕਰਨ ਨਾਲ ਜਿਥੇ ਸਰੀਰ ਦੀ ਸੁੰਦਰਤਾ ਵਧਦੀ ਹੈ, ਉਥੇ ਤੁਸੀਂ ਸਿਹਤਮੰਦ ਹੁੰਦੇ ਹੋ ਤੇ ਯਾਦ ਸ਼ਕਤੀ ਵੀ ਤੇਜ਼ ਹੁੰਦੀ ਹੈ। ਆਧੁਨਿਕਤਾ ਦੇ ਚੱਕਰ ਵਿਚ ਪੈ ਕੇ ਅੱਜ ਦਾ ਨੌਜਵਾਨ ਵਰਗ ਤੇਲ ਦੀ ਮਾਲਿਸ਼ ਤੋਂ ਦੂਰ ਜਾ ਰਿਹਾ ਹੈ। ਤੇਲ ਦੀ ਮਾਲਿਸ਼ ਕਰਨ ਨਾਲ ਸਰੀਰ ਦੇ ਅੰਗਾਂ ਦੀ ਥਕਾਵਟ ਮਿਟ ਜਾਂਦੀ ਹੈ, ਤੁਸੀਂ ਸਿਹਤਮੰਦ ਹੁੰਦੇ ਹੋ ਕਿਉਂਕਿ ਤੇਲ ਨਾਲ ਸਰੀਰ ਨੂੰ ਪੋਸ਼ਣ ਹਾਸਿਲ ਹੁੰਦਾ ਹੈ। ਜੇਕਰ ਲਗਾਤਾਰ ਕਸਰਤ ਤੇ ਤੇਲ ਮਾਲਿਸ਼ ਕੀਤੀ ਜਾਵੇ ਤਾਂ ਨੌਜਵਾਨਾਂ ਵਿਚ ਹੀਣ ਭਾਵਨਾ ਪੈਦਾ ਨਹੀਂ ਹੋਵੇਗੀ।
ਖਾਣ-ਪੀਣ 'ਤੇ ਕੰਟਰੋਲ ਕਰਕੇ ਨੌਜਵਾਨ ਆਪਣੇ ਦਿਮਾਗ਼ ਨੂੰ ਤੇਜ਼ ਕਰ ਸਕਦੇ ਹਨ। ਸਵੇਰੇ ਉੱਠਦਿਆਂ ਹੀ ਚਾਹ ਪੀਣ ਦੀ ਆਦਤ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਜ਼ਿਆਦਾ ਖੱਟੇ-ਮਿੱਠੇ ਪਦਾਰਥ ਖਾਣਾ, ਫਾਸਟ ਫੂਡ ਦੀਆਂ ਆਦਤਾਂ ਤੋਂ ਪੀੜਤ ਰਹਿਣ 'ਤੇ ਨੌਜਵਾਨ ਉਮਰ ਵਿਚ ਹੀ ਕਬਜ਼ ਦੀ ਸ਼ਿਕਾਇਤ ਹੋ ਜਾਂਦੀ ਹੈ। ਕਬਜ਼ ਕਾਰਨ ਹੀ ਪੇਟ ਦੇ ਰੋਗ ਤੇ ਪੀਲੀਆ ਆਦਿ ਰੋਗ ਹੁੰਦੇ ਹਨ ਜੋ ਨੌਜਵਾਨੀ ਦੀ ਚਮਕ ਲਈ ਗ੍ਰਹਿਣ ਦਾ ਰੂਪ ਧਾਰਨ ਕਰ ਲੈਂਦੇ ਹਨ।
ਸਵੇਰੇ ਪੁੰਗਰੇ ਅਨਾਜ ਨੂੰ ਨਾਸ਼ਤੇ ਵਿਚ ਖਾਣ ਨਾਲ ਕਬਜ਼ ਦੀ ਸ਼ਿਕਾਇਤ ਦੂਰ ਹੁੰਦੀ ਹੈ। ਸਵੇਰੇ ਇਕ ਗਿਲਾਸ ਗਾਂ ਦਾ ਦੁੱਧ ਜਾਂ ਸੰਤਰੇ ਦੇ ਰਸ ਨੂੰ ਪੀਣ ਵਾਲੇ ਨੌਜਵਾਨ ਸਰੀਰਕ ਤੇ ਮਾਨਸਿਕ ਸ਼ਕਤੀਆਂ ਨੂੰ ਬਣਾਈ ਰੱਖਣ ਦੇ ਕਾਬਲ ਬਣਦੇ ਹਨ।
ਡਾਂਸ ਅਤੇ ਸੰਗੀਤ ਇਕ ਇਸ ਤਰ੍ਹਾਂ ਦੀ ਵਿਧੀ ਹੈ ਜੋ ਸਰੀਰ ਅਤੇ ਮਨ ਦੋਵਾਂ ਨੂੰ ਹੀ ਤਣਾਅ ਤੋਂ ਮੁਕਤ ਰੱਖਦੀ ਹੈ। ਨ੍ਰਿਤ ਅਤੇ ਸੰਗੀਤ ਲਈ ਵੀ ਲਗਾਤਾਰ ਕੁਝ ਸਮਾਂ ਕੱਢਣਾ ਚਾਹੀਦਾ ਹੈ।
ਨੌਜਵਾਨਾਂ ਨੂੰ ਪ੍ਰਦੂਸ਼ਿਤ ਵਾਤਾਵਰਨ ਤੋਂ ਜਿਥੋਂ ਤੱਕ ਸੰਭਵ ਹੋਵੇ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਪ੍ਰਦੂਸ਼ਣ ਸਰੀਰ ਦੇ ਨਾਲ-ਨਾਲ ਮਨ ਨੂੰ ਵੀ ਪ੍ਰਦੂਸ਼ਿਤ ਕਰ ਦਿੰਦਾ ਹੈ। ਅੱਜਕਲ੍ਹ ਹੋਰ ਪ੍ਰਦੂਸ਼ਣਾਂ ਦੇ ਨਾਲ ਹੀ ਵਿਚਾਰਕ ਪ੍ਰਦੂਸ਼ਣ ਵੀ ਬੇਤਹਾਸ਼ਾ ਵਧਦਾ ਜਾ ਰਿਹਾ ਹੈ।
ਵਿਚਾਰਕ ਪ੍ਰਦੂਸ਼ਣ ਹੀ ਕਤਲ, ਜਬਰ-ਜਨਾਹ ਆਦਿ ਨੂੰ ਜਨਮ ਦਿੰਦਾ ਹੈ। ਨੌਜਵਾਨ ਸ਼ਕਤੀ ਦੀ ਊਰਜਾ ਇਸ ਪ੍ਰਦੂਸ਼ਣ ਦੀ ਗ੍ਰਿਫ਼ਤ ਵਿਚ ਫਸ ਜਾਂਦੀ ਹੈ। ਵਿਚਾਰਕ ਪ੍ਰਦੂਸ਼ਣ ਤੋਂ ਮੁਕਤ ਹੋ ਕੇ ਹੀ ਕਰੀਅਰ ਦੇ ਨਿਰਮਾਣ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।
-0-
ਨੌਜਵਾਨ ਪੀੜ੍ਹੀ ਲਈ ਸਿਹਤਮੰਦ ਜੀਵਨਸ਼ੈਲੀ
ਅਜੀਤ ਡੈਸਕ
19-12-2025