ਲੋਕਾਂ ਵਿਚ ਧਾਰਨਾ ਹੈ ਕਿ ਦਿਲ ਦਾ ਰੋਗ ਸਿਰਫ਼ ਵਧਦੀ ਉਮਰ ਵਿਚ ਹੀ ਹੁੰਦਾ ਹੈ, ਬੱਚਿਆਂ ਨੂੰ ਨਹੀਂ ਪਰ ਅਜਿਹਾ ਬਿਲਕੁਲ ਨਹੀਂ ਹੈ। ਇਹ ਬੱਚਿਆਂ ਨੂੰ ਵੀ ਹੋ ਸਕਦਾ ਹੈ ਅਤੇ ਸਾਡੇ ਦੇਸ਼ ਵਿਚ ਤਾਂ ਬੱਚਿਆਂ ਨੂੰ ਦਿਲ ਦੇ ਰੋਗ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਕਿਉਂਕਿ ਸਾਡੇ ਦੇਸ਼ ਵਿਚ ਆਮ ਤੌਰ 'ਤੇ ਨੇੜਲੇ ਰਿਸ਼ਤੇਦਾਰਾਂ ਨਾਲ ਵਿਆਹ ਸੰਬੰਧ ਜੋੜੇ ਜਾਂਦੇ ਹਨ, ਜਿਸ ਨਾਲ ਬੱਚੇ ਨੂੰ ਕਿਸੇ ਵੀ ਤਰ੍ਹਾਂ ਦਾ ਦਿਲ ਦਾ ਰੋਗ ਹੋ ਸਕਦਾ ਹੈ।
ਭਾਰਤ ਵਿਚ ਹੋਰ ਦੇਸ਼ਾਂ ਦੇ ਮੁਕਾਬਲੇ ਦਿਲ ਦੇ ਰੋਗੀਆਂ ਦੀ ਗਿਣਤੀ ਜ਼ਿਆਦਾ ਹੈ। ਇਸ ਨੂੰ ਕਿਸਮਤ ਕਿਹਾ ਜਾਵੇ ਜਾਂ ਜੀਨਸ ਨੂੰ ਦੋਸ਼ ਦਿੱਤਾ ਜਾਵੇ, ਪਰ ਘੱਟ ਤੋਂ ਘੱਟ ਸਾਡੇ ਬੱਚਿਆਂ ਦਾ ਭਵਿੱਖ ਸਾਡੇ ਹੱਥ ਵਿਚ ਹੈ। ਅਸੀਂ ਬੱਚਿਆਂ ਨੂੰ ਸਹੀ ਜੀਵਨਸ਼ੈਲੀ ਦੇ ਕੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਦਾ ਯਤਨ ਤਾਂ ਕਰ ਹੀ ਸਕਦੇ ਹਾਂ। ਅੱਜ ਆਧੁਨਿਕ ਤਕਨੀਕ ਨੇ ਦਿਲ ਦੇ ਰੋਗਾਂ ਦੇ ਇਲਾਜ ਲਈ ਨਵੇਂ ਇਲਾਜ ਲੱਭੇ ਹਨ, ਚਾਹੇ ਉਹ ਦਵਾਈਆਂ ਹੋਣ ਜਾਂ ਸਰਜਰੀ। ਜੇਕਰ ਬੱਚੇ ਵਿਚ ਦਿਲ ਦੇ ਰੋਗ ਬਾਰੇ ਛੇਤੀ ਜਾਣਕਾਰੀ ਮਿਲ ਜਾਵੇ ਤਾਂ ਬੱਚੇ ਨੂੰ ਸਹੀ ਇਲਾਜ ਨਾਲ ਪੂਰੀ ਤਰ੍ਹਾਂ ਸਿਹਤਮੰਦ ਕੀਤਾ ਜਾ ਸਕਦਾ ਹੈ।
ਦਿਲ ਦੇ ਦੌਰੇ ਦਾ ਕਾਰਨ ਹੁੰਦਾ ਹੈ ਦਿਲ ਨੂੰ ਖੂਨ ਪਹੁੰਚਾਉਣ ਵਾਲੀਆਂ ਨਾੜੀਆਂ ਦੇ ਰਸਤੇ ਵਿਚ ਪਲੇਕ ਜੰਮ ਜਾਣਾ ਤੇ ਇਸ ਨਾਲ ਆਉਣ ਵਾਲੀ ਰੁਕਾਵਟ। ਜੇਕਰ ਅਸੀਂ ਸ਼ੁਰੂ ਤੋਂ ਹੀ ਬੱਚਿਆਂ ਵਿਚ ਇਸ ਤਰ੍ਹਾਂ ਦੀਆਂ ਸਿਹਤਮੰਦ ਆਦਤਾਂ ਪਾਈਏ ਜੋ ਉਨ੍ਹਾਂ ਦੇ ਦਿਲ ਨੂੰ ਸੁਰੱਖਿਆ ਦੇਣ ਤਾਂ ਉਨ੍ਹਾਂ ਦੇ ਭਵਿੱਖ ਨੂੰ ਨਿਰੋਗੀ ਬਣਾ ਸਕਦੇ ਹਾਂ। ਇਸ ਲਈ ਕੁਝ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ:-
ਦਿਲ ਦੀ ਸਿਹਤ ਲਈ ਬੱਚੇ ਦੀਆਂ ਖਾਣ-ਪੀਣ ਦੀਆਂ ਆਦਤਾਂ ਵੱਲ ਧਿਆਨ ਦੇਣਾ ਅਤਿ ਜ਼ਰੂਰੀ ਹੈ। ਅੱਜ ਬੱਚਿਆਂ ਨੂੰ ਆਊਟਿੰਗ ਲਈ ਲੈ ਜਾਇਆ ਜਾਂਦਾ ਹੈ ਤਾਂ ਮਾਪੇ ਉਨ੍ਹਾਂ ਨੂੰ ਪੇਸ਼ਕਸ਼ ਕਰਦੇ ਹਨ ਬਰਗਰ, ਪੀਜ਼ਾ, ਫ੍ਰੈਂਚ ਫ੍ਰਾਈਜ਼ ਆਦਿ ਦੀ। ਕੀ ਅੱਜ ਦੇ ਮਾਪੇ ਬੱਚੇ ਨੂੰ ਇਡਲੀ, ਦਹੀਂ-ਚੌਲ ਆਦਿ ਖਿਲਾਉਣ ਲਈ ਕਦੀ ਬਾਹਰ ਲੈ ਜਾਂਦੇ ਹਨ? ਸ਼ਾਇਦ ਨਹੀਂ। ਮਾਪੇ ਇਹੀ ਗ਼ਲਤੀ ਕਰਦੇ ਹਨ। ਜਿਉਂ ਹੀ ਬੱਚਾ ਖਾਣਾ ਖਾਣਾ ਸ਼ੁਰੂ ਕਰੇ, ਉਸ ਨੂੰ ਸਬਜ਼ੀਆਂ, ਫਲ, ਅਨਾਜ, ਦਾਲਾਂ, ਚੌਲ, ਦਹੀਂ, ਮੱਛੀ ਆਦਿ ਖਾਣ ਦੀ ਆਦਤ ਪਾਓ ਜੋ ਉਸ ਦੇ ਦਿਲ ਦੀ ਸਿਹਤ ਲਈ ਚੰਗਾ ਹੋਵੇ।
ਤੁਸੀਂ ਰਸੋਈ ਬਣਾਉਂਦੇ ਸਮੇਂ ਇਹ ਧਿਆਨ ਵਿਚ ਰੱਖੋ ਕਿ ਤੁਸੀਂ ਇਸ ਤਰ੍ਹਾਂ ਦੇ ਪਕਵਾਨ ਬਣਾਉਣੇ ਹਨ ਜਿਨ੍ਹਾਂ ਵਿਚ ਤੇਲ ਦੀ ਵਰਤੋਂ ਘੱਟ ਹੋਵੇ। ਉਬਾਲਣਾ, ਬੇਕ ਕਰਨਾ, ਭੁੰਨਣਾ ਅਤੇ ਖ਼ੁਦ ਭੋਜਨ ਪਕਾਉਣਾ ਆਦਿ ਵਿਧੀਆਂ ਦੀ ਵਰਤੋਂ ਜ਼ਿਆਦਾ ਕਰੋ। ਬੱਚਾ ਘਰ ਵਿਚ ਖਾਣਾ ਖਾ ਰਿਹਾ ਹੋਵੇ ਜਾਂ ਬਾਹਰ, ਜੇਕਰ ਸ਼ੁਰੂ ਤੋਂ ਹੀ ਉਸ ਨੂੰ ਸਹੀ ਖਾਣ ਦੀ ਆਦਤ ਹੋਵੇਗੀ ਤਾਂ ਸਾਰੀ ਉਮਰ ਉਸ ਦਾ ਦਿਲ ਸਿਹਤਮੰਦ ਰਹੇਗਾ।
ਆਪਣੇ ਬੱਚੇ ਨੂੰ ਟੀ.ਵੀ. ਦਾ ਸ਼ੌਕੀਨ ਨਾ ਬਣਾਓ। ਉਸ ਦੇ ਟੀ.ਵੀ. ਦੇਖਣ ਦੇ ਸਮੇਂ ਨੂੰ ਨਿਰਧਾਰਿਤ ਕਰੋ ਅਤੇ ਉਸ ਨੂੰ ਆਦਤ ਪਾਓ ਕਿਸੇ ਖੇਡ ਵਿਚ ਹਿੱਸਾ ਲੈਣ ਦੀ। ਦਿਨ ਵਿਚ ਘੱਟ ਤੋਂ ਘੱਟ ਉਹ ਕੋਈ ਖੇਡ ਸਰਗਰਮੀ ਵਿਚ ਜਿਵੇਂ ਟੈਨਿਸ, ਸਵੀਮਿੰਗ, ਕ੍ਰਿਕਟ ਜਾਂ ਫੁੱਟਬਾਲ ਖੇਡੇ। ਖੇਡ ਖੇਡਦੇ ਸਮੇਂ ਉਹ ਮਸਤੀ ਵੀ ਕਰੇਗਾ ਅਤੇ ਉਸ ਦਾ ਦਿਲ ਵੀ ਮਜ਼ਬੂਤ ਬਣੇਗਾ। ਦਿਲ ਲਈ ਕਸਰਤ ਬਹੁਤ ਜ਼ਰੂਰੀ ਹੈ।
ਤੁਸੀਂ ਦੇ ਸਕਦੇ ਹੋ ਆਪਣੇ ਬੱਚੇ ਨੂੰ ਸਿਹਤਮੰਦ ਦਿਲ
ਅਜੀਤ ਡੈਸਕ
19-12-2025