05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸਮੇਂ ਦੀ ਹਾਣੀ ਨਵੀਂ ਪੀੜ੍ਹੀ ਤਿਆਰ ਕਰਨ ਵਿਚ ਹੈ ਅਧਿਆਪਕਾਂ ਦਾ ਅਹਿਮ ਰੋਲ

Ad Position 21
No active advertisement
ਅਜੀਤ ਡੈਸਕ 05-09-2025

ਅੱਜ ਅਧਿਆਪਕ ਦਿਵਸ 'ਤੇ ਵਿਸ਼ੇਸ਼
ਸਮਾਜ ਵਿਚ ਅਧਿਆਪਕ ਦੀ ਸ਼ਕਤੀਸ਼ਾਲੀ ਭੂਮਿਕਾ ਦੀ ਬਦੌਲਤ ਹੀ ਅਧਿਆਪਕ ਨੂੰ 'ਕੌਮ ਦਾ ਨਿਰਮਾਤਾ' ਕਹਿ ਕੇ ਸਤਿਕਾਰਿਆ ਜਾਂਦਾ ਹੈ। ਸਦੀਆਂ ਤੋਂ ਭਾਰਤੀ ਸਮਾਜ ਵਿਚ ਅਧਿਆਪਕ ਆਪਣੇ ਵਿਸ਼ੇਸ਼ ਰੁਤਬੇ, ਵਿਦਵਤਾ, ਸੂਝ-ਬੂਝ, ਪਥ-ਪ੍ਰਦਰਸ਼ਕ ਅਤੇ ਸਮਰਪਿਤ ਭਾਵਨਾ ਦੀ ਬਦੌਲਤ ਡੂੰਘੇ ਆਦਰ-ਸਤਿਕਾਰ ਦਾ ਪਾਤਰ ਰਿਹਾ ਹੈ। ਉਨ੍ਹਾਂ ਸਮਿਆਂ ਵਿਚ ਗੁਰੂ ਰੂਪੀ ਅਧਿਆਪਕ ਆਪਣੇ ਸਿਖਿਆਰਥੀਆਂ ਨੂੰ ਹੋਰ ਪੜ੍ਹਾਈ ਦੇ ਨਾਲ-ਨਾਲ ਧਰਮ, ਸਦਾਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਵੀ ਪ੍ਰਦਾਨ ਕਰਦਾ ਸੀ। ਸਾਡੇ ਧਾਰਮਿਕ ਰਹਿਬਰਾਂ ਨੇ ਵੀ ਕਿਸੇ ਮਨੁੱਖ ਦੇ ਜੀਵਨ ਵਿਚ ਗੁਰੂ ਦੀ ਮਹਾਨਤਾ ਦਾ ਵਰਣਨ ਕੀਤਾ ਹੈ। ਗੁਰੂ ਅੰਗਦ ਦੇਵ ਜੀ ਨੇ ਗੁਰੂ ਦੀ ਵਡਿਆਈ ਕਰਦਿਆਂ ਫਰਮਾਇਆ ਹੈ-
ਜੇ ਸਉ ਚੰਦਾ ਉਗਵਹਿ ਸੂਰਜ ਚੜਿਹ ਹਜਾਰ॥
ਏਤੇ ਚਾਨਣ ਹੋਦਿਆ ਗੁਰ ਬਿਨੁ ਘੋਰ ਅੰਧਾਰ॥

ਸਾਡੇ ਸੱਭਿਆਚਾਰ ਦੀਆਂ ਲੋਕ ਸਿਆਣਪਾਂ ਵਿਚ ਵੀ ਗੁਰੂ ਦੀ ਮਹੱਤਤਾ ਨੂੰ ਇਨ੍ਹਾਂ ਸ਼ਬਦਾਂ ਵਿਚ ਪ੍ਰਗਟਾਇਆ ਗਿਆ ਹੈ, 'ਗੁਰੂ ਬਿਨਾਂ ਗੱਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ।' ਸਮੇਂ ਦੇ ਬਦਲਣ ਨਾਲ ਅਧਿਆਪਕ ਦੀ ਭੂਮਿਕਾ ਵੀ ਬਦਲਦੀ ਰਹੀ ਹੈ। ਅਜੋਕੇ ਸੰਸਾਰ ਵਿਚ ਸਿੱਖਿਆ ਅਤੇ ਗਿਆਨ ਪ੍ਰਾਪਤੀ ਦੇ ਅਨੇਕਾਂ ਸੋਮੇ ਹਨ। ਅਖ਼ਬਾਰਾਂ, ਰਸਾਲੇ, ਪੁਸਤਕਾਂ, ਰੇਡੀਓ, ਟੀ.ਵੀ., ਮੋਬਾਈਲ, ਕੰਪਿਊਟਰ, ਇੰਟਰਨੈੱਟ ਅਤੇ ਅਜਿਹੇ ਹੋਰ ਸਾਧਨਾਂ ਨੇ ਸੂਚਨਾ, ਮਨੋਰੰਜਨ ਅਤੇ ਗਿਆਨ ਪ੍ਰਾਪਤੀ ਦੇ ਖੇਤਰ ਨੂੰ ਬਹੁਤ ਵਿਸ਼ਾਲਤਾ ਪ੍ਰਦਾਨ ਕੀਤੀ ਹੈ।
ਇਸ ਦੇ ਬਾਵਜੂਦ ਅਧਿਆਪਕ ਦੀ ਮਹੱਤਤਾ ਨੂੰ ਕਿਸੇ ਵੀ ਤਰ੍ਹਾਂ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਅਸਲ ਵਿਚ ਜਿੰਨੇ ਹੋਰ ਮਰਜ਼ੀ ਸਾਧਨ ਆ ਜਾਣ, ਬੱਚੇ ਨੂੰ ਪੜ੍ਹਾਉਣ ਲਈ ਕਲਾਸ-ਰੂਮ ਵਿਚ ਅਧਿਆਪਕ ਦਾ ਕੋਈ ਬਦਲ ਨਹੀਂ ਹੈ। ਕੋਵਿਡ ਦੌਰਾਨ ਭਾਵੇਂ ਆਨਲਾਈਨ ਸਿੱਖਿਆ ਜਾਰੀ ਰਹੀ ਪਰ ਬਹੁਤੇ ਸਿੱਖਿਆ ਮਾਹਿਰਾਂ ਦੀ ਰਾਏ ਹੈ ਕਿ ਇਸ ਸਮੇਂ ਦੌਰਾਨ ਬੱਚੇ ਸਕੂਲ ਨਾ ਜਾਣ ਕਾਰਨ ਪੜ੍ਹਾਈ ਵਿਚ ਬਹੁਤ ਪੱਛੜ ਗਏ ਸਨ। ਮੋਬਾਈਲ ਦੀ ਲਗਾਤਾਰ ਵਰਤੋਂ ਨਾਲ ਬੱਚਿਆਂ ਵਿਚ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋਈਆਂ ਹਨ।
ਭਾਰਤ ਵਿਚ 'ਅਧਿਆਪਕ ਦਿਵਸ' ਹਰ ਸਾਲ 5 ਸਤੰਬਰ ਨੂੰ ਭਾਰਤ ਦੇ ਮਰਹੂਮ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਦੇ ਸ਼ੁੱਭ ਮੌਕੇ 'ਤੇ ਮਨਾਇਆ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਜਦੋਂ ਉਹ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੇ ਕੁਝ ਵਿਦਿਆਰਥੀਆਂ ਅਤੇ ਪ੍ਰਸੰਸਕਾਂ ਨੇ ਉਨ੍ਹਾਂ ਦਾ ਜਨਮ ਦਿਨ ਮਨਾਉਣ ਸੰਬੰਧੀ ਉਨ੍ਹਾਂ ਤੋਂ ਆਗਿਆ ਮੰਗੀ। ਇਸ ਦੇ ਜਵਾਬ ਵਿਚ ਡਾ. ਰਾਧਾਕ੍ਰਿਸ਼ਨਨ ਨੇ ਸੁਝਾਅ ਦਿੱਤਾ ਕਿ ਮੇਰਾ ਜਨਮ ਦਿਨ ਮਨਾਉਣ ਦੀ ਥਾਂ ਇਸ ਦਿਨ ਨੂੰ ਜੇਕਰ 'ਅਧਿਆਪਕ ਦਿਵਸ' ਦੇ ਰੂਪ ਵਿਚ ਹਰ ਸਾਲ ਮਨਾਇਆ ਜਾਵੇ ਤਾਂ ਇਹ ਮੇਰੇ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੋਵੇਗੀ।
ਇਸ ਤੋਂ ਵੀ ਕਿਤੇ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਮਹਾਰਾਸ਼ਟਰ ਦੀ ਰਹਿਣ ਵਾਲੀ ਸਮਾਜ ਸੁਧਾਰਿਕਾ, ਸਿੱਖਿਆ ਮਾਹਿਰ, ਕਵਿੱਤਰੀ ਸ੍ਰੀਮਤੀ ਸਾਵਿੱਤਰੀਬਾਈ ਫੂਲੇ ਨੂੰ 'ਭਾਰਤ ਦੀ ਪਹਿਲੀ ਮਹਿਲਾ ਅਧਿਆਪਕ' ਹੋਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਨੇ ਉਨ੍ਹਾਂ ਸਮਿਆਂ ਵਿਚ ਸਿੱਖਿਆ ਦੇ ਖੇਤਰ ਵਿਚ ਜਦਕਿ ਕੁੜੀਆਂ ਦੀ ਸਿੱਖਿਆ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ, ਆਪਣੇ ਪਤੀ ਉੱਘੇ ਸਮਾਜ-ਸੇਵਕ ਜਿਓਤੀਰਾਏ ਫੂਲੇ ਨਾਲ ਮਿਲ ਕੇ ਭਾਰਤ ਵਿਚ ਔਰਤਾਂ ਦੀ ਸਿੱਖਿਆ ਲਈ ਵਿਸ਼ੇਸ਼ ਉਪਰਾਲੇ ਕੀਤੇ। ਕੁੜੀਆਂ ਨੂੰ ਸਿੱਖਿਅਤ ਕਰਨ ਲਈ ਉਨ੍ਹਾਂ ਨੂੰ ਸਮਾਜ ਦਾ ਵਿਰੋਧ ਵੀ ਝੱਲਣਾ ਪਿਆ। 1848 ਈ. ਵਿਚ ਉਨ੍ਹਾਂ ਨੇ ਬਾਲੜੀਆਂ ਦੀ ਸਿੱਖਿਆ ਲਈ ਪੁਣੇ ਵਿਚ 9 ਵਿਦਿਆਰਥਣਾਂ ਨਾਲ ਇਕ ਸਕੂਲ ਦੀ ਸਥਾਪਨਾ ਦਾ ਸੁਪਨਾ ਵੀ ਸਾਕਾਰ ਕੀਤਾ।
ਸਕੂਲ ਵਿਚ ਵਿਦਵਾਨ ਅਧਿਆਪਕਾਂ ਦੀ ਯੋਗ ਅਗਵਾਈ ਬੱਚੇ ਦੀ ਸ਼ਖ਼ਸੀਅਤ ਉਸਾਰੀ ਅਤੇ ਜੀਵਨ ਨੂੰ ਇਕ ਸਾਰਥਿਕ ਦਿਸ਼ਾ ਪ੍ਰਦਾਨ ਕਰਨ ਵਿਚ ਸਹਾਈ ਹੁੰਦੀ ਹੈ। ਅਧਿਆਪਨ ਦਾ ਪਵਿੱਤਰ ਕਾਰਜ ਸਮਰਪਿਤ ਭਾਵਨਾ ਦਾ ਪ੍ਰਗਟਾਵਾ ਹੈ। ਕਿਸੇ ਬੱਚੇ ਨੂੰ ਸਿੱਖਿਅਤ ਕਰ ਕੇ ਉਸ ਦੀਆਂ ਰੁਚੀਆਂ, ਆਦਤਾਂ ਅਤੇ ਚਰਿੱਤਰ ਦਾ ਨਿਰਮਾਣ ਕਰਨਾ ਤੇ ਇਕ ਜ਼ਿੰਮੇਵਾਰ ਮਨੁੱਖ ਬਣਾਉਣਾ ਅਧਿਆਪਕ ਦੀ ਜ਼ਿੰਮੇਵਾਰੀ ਹੈ। ਅਧਿਆਪਕ ਦੀ ਇਸ ਦੇਣ ਦੀ ਪੁਸ਼ਟੀ ਕਰਦਿਆਂ ਹੀ ਮਹਾਨ ਵਿਦਵਾਨ ਅਰਵਿੰਦ ਨੇ ਕਿਹਾ ਹੈ, 'ਅਧਿਆਪਕ ਕਿਸੇ ਕੌਮ ਦੀ ਸੰਸਕ੍ਰਿਤੀ ਦੇ ਸਿਆਣੇ ਮਾਲੀ ਹੁੰਦੇ ਹਨ।'
ਅਧਿਆਪਕ ਦੁਆਰਾ ਬੋਲਿਆ ਹੋਇਆ ਹਰ ਸ਼ਬਦ, ਨਸੀਹਤ ਅਤੇ ਕਿਸੇ ਵੀ ਤਰ੍ਹਾਂ ਦੀ ਕਿਰਿਆ ਤਾਂ ਹੀ ਪ੍ਰਭਾਵੀ ਹੋ ਸਕਦੀ ਹੈ ਜੇਕਰ ਉਹ ਖ਼ੁਦ ਕਹਿਣੀ ਤੇ ਕਰਨੀ ਵਿਚ ਪੂਰਾ ਹੋਵੇ। ਮਾਸੂਮ ਬੱਚਿਆਂ ਦੇ ਕੋਮਲ ਤੇ ਨਿਰਛਲ ਮਨਾਂ ਨੂੰ ਅਧਿਆਪਕ ਵਲੋਂ ਪ੍ਰਗਟਾਏ ਪਿਆਰ, ਸਨੇਹ ਤੇ ਥਾਪੜੇ ਨਾਲ ਪ੍ਰੇਰਣਾਮਈ ਸਕੂਨ ਮਿਲਦਾ ਹੈ ਤੇ ਉਸ ਦੇ ਮਨ ਵਿਚ ਕੁਝ ਵੀ ਸਿੱਖਣ ਦੀ ਜਗਿਆਸਾ ਪੈਦਾ ਹੋ ਜਾਂਦੀ ਹੈ। ਮਹਾਨ ਸਿੱਖਿਆ ਸ਼ਾਸਤਰੀ ਵਿਲੀਅਮ ਆਰਥਰ ਵਾਰਡ ਅਜਿਹੇ ਮਹਾਨ ਅਧਿਆਪਕਾਂ ਬਾਰੇ ਲਿਖਦਾ ਹੈ, 'ਦਰਮਿਆਨਾ ਅਧਿਆਪਕ ਦੱਸਦਾ ਹੈ, ਚੰਗਾ ਅਧਿਆਪਕ ਵਿਆਖਿਆ ਕਰਦਾ ਹੈ, ਬਿਹਤਰ ਅਧਿਆਪਕ ਮਿਸਾਲ ਬਣਦਾ ਹੈ, ਪਰ ਮਹਾਨ ਅਧਿਆਪਕ ਉਤਸ਼ਾਹ ਜਗਾਉਂਦਾ ਹੈ।'
ਬੱਚੇ ਦੇ ਸਰਬਪੱਖੀ ਵਿਕਾਸ ਲਈ ਅਧਿਆਪਕ ਦਾ ਚਿੰਤਨਸ਼ੀਲ ਅਤੇ ਸਿਰਜਣਾਤਮਿਕ ਹੋਣਾ ਸਿੱਖਿਆ ਦੇ ਖੇਤਰ ਦੀ ਵੱਡੀ ਲੋੜ ਹੈ। ਅਧਿਆਪਕ ਕੇਵਲ ਨਿਸਚਿਤ ਪਾਠਕ੍ਰਮ ਪੜ੍ਹਾਉਣ ਵਿਚ ਹੀ ਨਾ ਰੁੱਝਿਆ ਰਹੇ। ਜਦੋਂ ਤੱਕ ਬੱਚੇ ਦੇ ਮਨ ਵਿਚ ਸਿੱਖਣ ਤੇ ਸਮਝਣ ਦੀ ਤਾਂਘ ਤੇ ਜਗਿਆਸਾ ਪੈਦਾ ਨਹੀਂ ਹੁੰਦੀ, ਉਦੋਂ ਤੱਕ ਕੁਝ ਸਿਖਾਉਣ ਦੀ ਗੱਲ ਕਰਨੀ ਹਨੇਰੇ ਵਿਚ ਟੱਕਰਾਂ ਮਾਰਨ ਵਾਲੀ ਗੱਲ ਹੈ। ਜੇਕਰ ਅਧਿਆਪਕ ਦੇ ਅੰਦਰ ਗਿਆਨ ਦੀ ਜੋਤ ਜਗਦੀ ਹੋਵੇ ਤਾਂ ਉਹ ਬੱਚੇ ਅੰਦਰ ਵੀ ਜਗਿਆਸਾ ਦਾ 'ਦੀਪਕ' ਜਗਾ ਸਕਦਾ ਹੈ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਅਧਿਆਪਕ ਹੋਣਾ ਸਮਰਪਿਤ ਹੋਣ ਦਾ ਨਾਂਅ ਹੈ। ਕਿਸੇ ਦੇ ਮੱਥੇ ਵਿਚ ਇਲਮ ਦੀ ਜੋਤ ਜਗਾ ਕੇ ਜ਼ਿੰਦਗੀ ਦੀ ਸਮਝ ਪੈਦਾ ਕਰਨ ਦੇ ਹੁਨਰ ਦਾ ਨਾਂਅ ਹੈ ਅਧਿਆਪਕ ਹੋਣਾ। ਮਾਨਵੀ ਕਦਰਾਂ-ਕੀਮਤਾਂ ਨਾਲ ਵਰੋਸਾਏ ਕਿਸੇ ਮਨੁੱਖ ਵਿਚ ਜਿਹੜੀ ਚੰਗਿਆਈ ਤੇ ਗੁਣ ਦਿਖਾਈ ਦਿੰਦੇ ਹਨ, ਉਨ੍ਹਾਂ ਦਾ ਜਾਗ ਕੋਈ ਅਧਿਆਪਕ ਹੀ ਲਗਾਉਂਦਾ ਹੈ। ਕਿਸੇ ਬੱਚੇ ਦੀਆਂ ਜਾਗਦੀਆਂ ਅੱਖਾਂ ਵਿਚ ਮਿਹਨਤ ਤੇ ਲਗਨ ਨਾਲ ਸੁਪਨਿਆਂ ਦੇ ਬੀਜ ਬੀਜਣ ਅਤੇ ਅੰਬਰੀਂ ਉਡਾਰੀਆਂ ਭਰਨ ਦੇ ਪ੍ਰੇਰਨਾਮਈ ਬੋਲਾਂ ਰਾਹੀਂ ਉਸ ਨੂੰ ਕਾਮਯਾਬੀ ਦੇ ਰਾਹ ਤੋਰਨਾ ਹੀ ਅਧਿਆਪਕ ਹੋਣ ਦਾ ਮਾਣ ਹੈ।
ਸਮਿਆਂ ਨੇ ਬਹੁਤ ਕੁਝ ਬਦਲ ਦਿੱਤਾ ਹੈ। ਸਕੂਲਾਂ ਵਿਚ ਇਕੋ ਜਿਹਾ ਕੰਮ ਕਰਦੇ ਅਧਿਆਪਕਾਂ ਦੀਆਂ ਅਨੇਕਾਂ ਵੰਨਗੀਆਂ ਹਨ। ਹੁਣ ਅਧਿਆਪਕ ਕੱਚੀ ਨੌਕਰੀ ਦੀਆਂ ਦੁਸ਼ਵਾਰੀਆਂ ਭੋਗਦਾ, ਰੋਜ਼ੀ-ਰੋਟੀ ਦੇ ਝਮੇਲਿਆਂ ਵਿਚ ਉਲਝਿਆ, ਹਕੂਮਤ ਦਾ ਜਬਰ ਸਹਿੰਦਾ, ਨਿੱਤ ਧਰਨਿਆਂ, ਮੁਜ਼ਾਹਰਿਆਂ ਤੇ ਰੈਲੀਆਂ ਵਿਚ ਖੱਪਦਾ, ਥੱਕਿਆ-ਹਾਰਿਆ ਕਿੰਨੀ ਕੁ ਖੁਸ਼ੀ ਨਾਲ ਬੱਚਿਆਂ ਨੂੰ ਪੜ੍ਹਾਵੇ, ਉੱਖੜਿਆ ਹੋਇਆ ਬੰਦਾ ਮਨ ਦੇ ਕਿੰਨੇ ਕੁ ਸਕੂਨ ਨਾਲ ਆਪਣਾ ਫ਼ਰਜ਼ ਨਿਭਾਅ ਸਕਦਾ ਹੈ? ਸਿਫ਼ਤਾਂ ਕਰਨ ਵੇਲੇ ਤਾਂ ਅਧਿਆਪਕ ਨੂੰ 'ਕੌਮ ਦਾ ਸਿਰਜਕ' ਕਿਹਾ ਜਾਂਦਾ ਹੈ ਪਰ ਡਾਂਗਾਂ ਵਰ੍ਹਾਉਣ ਸਮੇਂ, ਬੇਰਹਿਮੀ ਨਾਲ ਪਗੜੀਆਂ ਤੇ ਧੀਆਂ ਦੀਆਂ ਚੁੰਨੀਆਂ ਸੜਕਾਂ 'ਤੇ ਰੋਲਣ ਸਮੇਂ ਸਰਕਾਰਾਂ ਨੂੰ ਸਭ ਕੁਝ ਭੁੱਲ ਜਾਂਦਾ ਹੈ। ਹਰ ਹਕੂਮਤ ਇਹੀ ਚਾਹੁੰਦੀ ਹੈ ਕਿ ਅਧਿਆਪਕ ਭੁੱਖਮਰੀ ਦੀ ਹਾਲਤ ਵਿਚ ਵੀ ਸਿਰ ਸੁੱਟ ਕੇ ਆਪਣਾ ਕੰਮ ਕਰੀ ਜਾਵੇ ਤੇ ਜ਼ੁਬਾਨ ਬੰਦ ਕਰੀ ਰੱਖੇ।
ਵੱਡੀ ਗਿਣਤੀ ਵਿਚ ਰੌਸ਼ਨ-ਮਿਨਾਰ ਬਣੇ ਅਧਿਆਪਕਾਂ ਨੇ ਮਿਹਨਤ ਤੇ ਲਗਨ ਦੀ ਮਿਸਾਲ ਕਾਇਮ ਕਰਦਿਆਂ ਸਿੱਖਿਆ ਦੇ ਬੂਟੇ ਨੂੰ ਆਪਣੇ ਖੂਨ ਨਾਲ ਸਿੰਜਿਆ ਹੈ ਅਤੇ ਲਗਾਤਾਰ ਜੁਟੇ ਹੋਏ ਹਨ। ਇਨ੍ਹਾਂ ਦੀ ਮਿਹਨਤ ਤੇ ਲਗਨ ਨੂੰ ਸਲਾਮ ਹੈ। ਨਾਮਵਰ ਸ਼ਾਇਰ ਸੁਰਜੀਤ ਪਾਤਰ ਦਾ ਇਕ ਸ਼ਿਅਰ ਸ਼ਾਇਦ ਅਜਿਹੇ ਅਧਿਆਪਕਾਂ ਲਈ ਹੀ ਹੈ-
ਏਨਾ ਹੀ ਬਹੁਤ ਹੈ ਕਿ ਮੇਰੇ ਖੂਨ ਨੇ ਰੁੱਖ ਸਿੰਜਿਆ
ਕੀ ਹੋਇਆ ਜੇ ਪੱਤਿਆਂ 'ਤੇ ਮੇਰਾ ਨਾਮ ਨਹੀਂ ਹੈ।

ਅਧਿਆਪਕ ਨੂੰ ਕਿਸੇ ਵੀ ਤਰ੍ਹਾਂ ਦੀ ਅਕਾਦਮਿਕ ਸੁਤੰਤਰਤਾ ਨਹੀਂ ਹੈ। ਹਰ ਗੱਲ ਅਧਿਆਪਕ 'ਤੇ ਠੋਸੀ ਜਾ ਰਹੀ ਹੈ। ਗ਼ੈਰ-ਵਿੱਦਿਅਕ ਕੰਮਾਂ ਵਿਚ ਅਧਿਆਪਕਾਂ ਦੀ ਸ਼ਕਤੀ ਨੂੰ ਅਜਾਈਂ ਗੁਆਇਆ ਜਾ ਰਿਹਾ ਹੈ। ਮਿਹਨਤ ਤੇ ਲਗਨ ਨਾਲ ਪੜ੍ਹਾਉਣ ਵਾਲਾ ਅਧਿਆਪਕ ਕਦੇ ਇਨਾਮਾਂ ਦੀ ਝਾਕ ਨਹੀਂ ਰੱਖਦਾ। ਅਧਿਆਪਕ ਲਈ ਸਭ ਤੋਂ ਵੱਡਾ ਇਨਾਮ ਉਸ ਦਾ ਹਰ ਹੀਲੇ ਸਤਿਕਾਰ ਬਹਾਲ ਰੱਖਣਾ ਹੈ। ਸਰਕਾਰਾਂ, ਵਿੱਦਿਆ ਵਿਭਾਗ ਤੇ ਪੂਰਾ ਸਰਕਾਰੀਤੰਤਰ ਜਿਸ ਤਰ੍ਹਾਂ ਅਧਿਆਪਕਾਂ ਨਾਲ ਵਿਵਹਾਰ ਕਰਦਾ ਹੈ, ਜਿਸ ਨਾਲ ਅਧਿਆਪਕ ਦੀ ਮਾਣ-ਮਰਿਆਦਾ ਵਿਚ ਵਾਧਾ ਨਹੀਂ ਹੁੰਦਾ। ਜਿੱਥੇ ਕੰਮ ਹੋ ਰਿਹਾ ਹੈ, ਉੱਥੇ ਘਾਟਾਂ-ਕਮੀਆਂ ਵੀ ਜ਼ਰੂਰ ਹੋਣਗੀਆਂ। ਚੰਗੇ ਕੰਮਾਂ ਦੀ ਪ੍ਰਸੰਸਾ ਵੀ ਜ਼ਰੂਰੀ ਹੈ। ਪੁਰਸਕਾਰਾਂ ਨਾਲੋਂ ਵੀ ਵੱਧ ਜ਼ਰੂਰੀ ਹੈ ਅਧਿਆਪਕ ਦੀ ਮਾਣ-ਮਰਿਆਦਾ ਨੂੰ ਕਾਇਮ ਰੱਖਣਾ। ਸੰਜੀਦਾ ਤੇ ਆਦਰ ਭਰੇ ਵਿਵਹਾਰ ਨਾਲ ਉਹ ਦੂਣੇ ਉਤਸ਼ਾਹ ਨਾਲ ਕੰਮ ਕਰੇਗਾ।
ਅਧਿਆਪਕ ਨੂੰ ਵੀ ਆਪਣੀ ਭੂਮਿਕਾ ਬਾਰੇ ਹੋਰ ਸੁਹਿਰਦ ਹੋਣ ਦੀ ਲੋੜ ਹੈ। ਸਕੂਲੀ ਸਿੱਖਿਆ ਸਮੁੱਚੀ ਜ਼ਿੰਦਗੀ ਦੀ ਬੁਨਿਆਦ ਹੈ। ਜੇਕਰ ਨੀਂਹ ਹੀ ਕਮਜ਼ੋਰ ਰਹਿ ਗਈ ਤਾਂ ਉਸ 'ਤੇ ਕੁਝ ਵੀ ਉਸਾਰਨਾ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੋਵੇਗਾ। ਇਹ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿ ਅਧਿਆਪਕ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਜ਼ਿੰਦਗੀ ਦੇ ਗਿਆਨ ਨਾਲ ਵੀ ਭਰਪੂਰ ਕਰੇ ਤਾਂ ਕਿ ਉਹ ਹੋਰ ਗੱਲਾਂ ਦੇ ਨਾਲ ਚੰਗੇ ਇਨਸਾਨ ਬਣਨ ਦੇ ਰਾਹ 'ਤੇ ਤੁਰ ਸਕਣ।

-ਮੋਬਾਈਲ : 98153-56086

Ad Position 22
No active advertisement
ਪਿਛਲੀ ਖ਼ਬਰ ਦਿਲ ਦੇ ਦੌਰੇ ਤੋਂ ਬਚਾਅ ਦੇ ਕੁਝ ਨੁਕਤੇ ਅਗਲੀ ਖ਼ਬਰ 2035 ਤੱਕ ਭਾਰਤ ਦਾ ਆਪਣਾ ਪੁਲਾੜ ਸਟੇਸ਼ਨ ਹੋਵੇਗਾ
Ad Position 24