ਸੂਬੇ ਵਿਚ ਆਏ ਤਬਾਹਕੁੰਨ ਹੜ੍ਹਾਂ ਨਾਲ ਪੈਦਾ ਹੋਏ ਦੁਖਾਂਤ ਨੂੰ ਘਟਾਉਣ ਲਈ ਸਰਕਾਰ ਸਮੇਤ ਸਾਰੇ ਹੀ ਵਰਗਾਂ ਵਲੋਂ ਆਪੋ-ਆਪਣੇ ਢੰਗ ਨਾਲ ਯੋਗਦਾਨ ਪਾਉਣ ਦਾ ਯਤਨ ਮਨ ਨੂੰ ਧਰਵਾਸ ਦਿਵਾਉਣ ਵਾਲਾ ਹੈ। ਅਨੰਦਪੁਰ ਸਾਹਿਬ ਤੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਉਣ ਵਾਲੇ ਦਿਨਾਂ ਵਿਚ ਘੱਟ ਮੀਂਹ ਪੈਣ ਦੇ ਅਨੁਮਾਨ ਨੂੰ ਦੇਖਦਿਆਂ ਕੁਝ ਸੰਤੁਸ਼ਟੀ ਜ਼ਾਹਿਰ ਕਰਦਿਆਂ ਇਹ ਕਿਹਾ ਹੈ ਕਿ ਇਸ ਔਖੀ ਘੜੀ ਵਿਚ ਕਾਰ ਸੇਵਾ ਵਾਲੇ ਮਹਾਂਪੁਰਸ਼, ਧਾਰਮਿਕ ਸ਼ਖ਼ਸੀਅਤਾਂ, ਸਮਾਜ ਸੇਵੀ ਸੰਗਠਨ, ਪੰਚ-ਸਰਪੰਚ, ਯੂਥ ਕਲੱਬਾਂ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਰਾਹਤ ਅਤੇ ਬਚਾਅ ਕਾਰਜਾਂ ਵਿਚ ਵੱਡੀ ਭੂਮਿਕਾ ਨਿਭਾਅ ਰਹੇ ਹਨ। ਇਸੇ ਹੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਮੇਟੀ ਵਲੋਂ ਯੋਗਦਾਨ ਲਈ ਪਾਈ ਜਾਣ ਵਾਲੀ ਵੱਡੀ ਧਨ ਰਾਸ਼ੀ ਦਾ ਐਲਾਨ ਕਰਦਿਆਂ ਇਹ ਕਿਹਾ ਹੈ ਕਿ ਸੂਬੇ ਦਾ ਜਿੰਨਾ ਨੁਕਸਾਨ ਹੋਇਆ ਹੈ, ਭਾਵ ਫ਼ਸਲਾਂ, ਪਸ਼ੂਆਂ ਅਤੇ ਘਰਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਣੀ ਜ਼ਰੂਰੀ ਹੈ। ਇਸ ਦੇ ਲਈ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਣਾ ਜ਼ਰੂਰੀ ਹੈ ਕਿ ਰਾਹਤ ਸਮੱਗਰੀ ਸਥਾਨਕ ਲੋਕਾਂ ਦੀਆਂ ਲੋੜਾਂ ਅਨੁਸਾਰ ਵੰਡੀ ਜਾਵੇ।
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੂਬੇ ਦਾ ਇਕ ਦਿਨ ਦਾ ਦੌਰਾ ਕੀਤਾ ਹੈ। ਉਨ੍ਹਾਂ ਨੇ ਇਕ ਵਾਰ ਫੇਰ ਕਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੀ ਜਨਤਾ ਅਤੇ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਇਹ ਵੀ ਕਿ ਹੁਣ ਯੋਜਨਾਬੱਧ ਢੰਗ ਨਾਲ ਪੰਜਾਬ ਨੂੰ ਇਸ ਸੰਕਟ 'ਚੋਂ ਬਾਹਰ ਕੱਢਣ ਲਈ ਛੋਟੀਆਂ, ਮੱਧਮ ਅਤੇ ਲੰਮੇ ਸਮੇਂ ਦੀਆਂ ਅਨੁਕੂਲ ਯੋਜਨਾਵਾਂ ਬਣਾਉਣ ਦੀ ਜ਼ਰੂਰਤ ਹੈ। ਆਉਂਦੇ ਦਿਨਾਂ ਵਿਚ ਪ੍ਰਧਾਨ ਮੰਤਰੀ ਵੀ ਪੰਜਾਬ, ਹਿਮਾਚਲ ਅਤੇ ਉੱਤਰਾਖੰਡ ਵਰਗੇ ਰਾਜਾਂ ਦਾ ਦੌਰਾ ਕਰ ਰਹੇ ਹਨ। ਕੇਂਦਰ ਸਰਕਾਰ ਵਲੋਂ ਭੇਜੀਆਂ ਟੀਮਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਹੀਆਂ ਹਨ। ਜ਼ਿਲ੍ਹਾ ਕਪੂਰਥਲਾ ਦੇ ਉਨ੍ਹਾਂ ਪਿੰਡਾਂ, ਜੋ ਪਾਣੀ ਵਿਚ ਘਿਰ ਗਏ ਹਨ, ਤੱਕ ਵੀ ਇਨ੍ਹਾਂ ਟੀਮਾਂ ਨੇ ਪਹੁੰਚ ਕਰਨ ਦਾ ਯਤਨ ਕੀਤਾ ਹੈ। ਇਹ ਟੀਮਾਂ ਸੂਬਾ ਸਰਕਾਰਾਂ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਕੇ ਹੜ੍ਹ ਨਾਲ ਹੋਏ ਨੁਕਸਾਨ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੀਆਂ ਹਨ। ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਕਪੂਰਥਲਾ, ਫ਼ਾਜ਼ਿਲਕਾ, ਫ਼ਿਰੋਜ਼ਪੁਰ ਤੇ ਤਰਨ ਤਾਰਨ ਆਦਿ ਵਿਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਇਹ ਰਾਜ ਦੇ ਮੁੱਖ ਸਕੱਤਰ ਨਾਲ ਵੀ ਮੁਲਾਕਾਤ ਕਰ ਰਹੀਆਂ ਹਨ।
ਉਮੀਦ ਕੀਤੀ ਜਾਣੀ ਬਣਦੀ ਹੈ ਕਿ ਲਗਾਤਾਰ ਕੀਤੇ ਜਾ ਰਹੇ ਇਨ੍ਹਾਂ ਸਮੂਹਿਕ ਯਤਨਾਂ ਨਾਲ ਪੈਦਾ ਹੋਏ ਇਸ ਸੰਤਾਪ ਨੂੰ ਕਾਫ਼ੀ ਹੱਦ ਤੱਕ ਘਟਾਉਣ ਵਿਚ ਸਫ਼ਲਤਾ ਮਿਲੇਗੀ। ਇਸੇ ਹੀ ਸਮੇਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਏ ਇਨ੍ਹਾਂ ਹੜ੍ਹਾਂ ਲਈ ਰੇਤੇ ਦੀ ਗ਼ੈਰ-ਕਾਨੂੰਨੀ ਨਿਕਾਸੀ ਨੂੰ ਜ਼ਿੰਮੇਵਾਰ ਦੱਸਿਆ ਹੈ। ਜਿੱਥੋਂ ਤੱਕ ਇਨ੍ਹਾਂ ਭਿਆਨਕ ਹੜ੍ਹਾਂ ਦਾ ਸੰਬੰਧ ਹੈ, ਵੱਡੀ ਹੱਦ ਤੱਕ ਪਹਾੜਾਂ ਵਿਚ ਪਏ ਬੇਹੱਦ ਮੀਹਾਂ ਅਤੇ ਝੱਖੜਾਂ ਨਾਲ ਪਾਣੀ ਦਾ ਵਹਾਅ ਇਸ ਹੱਦ ਤੱਕ ਵਧ ਗਿਆ, ਉਸ ਦਾ ਕਿਆਸ ਨਹੀਂ ਸੀ ਕੀਤਾ ਜਾ ਸਕਦਾ। ਤਿੰਨੇ ਹੀ ਦਰਿਆਵਾਂ ਸਤਲੁਜ, ਬਿਆਸ ਅਤੇ ਰਾਵੀ ਦੇ ਇਸ ਵਧੇ ਹੋਏ ਪਾਣੀ ਨੂੰ ਖਾਰਜ ਕਰਨ ਲਈ ਫਲੱਡ ਗੇਟ ਖੋਲ੍ਹਣੇ ਪਏ, ਜਿਸ ਨੇ ਮੈਦਾਨੀ ਇਲਾਕਿਆਂ ਵਿਚ ਇਕ ਤਰ੍ਹਾਂ ਨਾਲ ਤਬਾਹੀ ਲਿਆ ਦਿੱਤੀ। ਇਸ ਵਾਰ ਪਹਾੜਾਂ ਤੋਂ ਇਲਾਵਾ ਮੈਦਾਨਾਂ ਵਿਚ ਵੀ ਭਾਰੀ ਬਾਰਿਸ਼ਾਂ ਹੋਈਆਂ, ਜਿਨ੍ਹਾਂ ਨੇ ਇਸ ਸੰਤਾਪ ਨੂੰ ਹੋਰ ਵੀ ਵਧਾ ਦਿੱਤਾ, ਜਿਸ ਕਰਕੇ ਇਹ ਦੁਖਾਂਤ ਪੈਦਾ ਹੋ ਗਿਆ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਪਿਛਲੀਆਂ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਸਮੇਂ ਫ਼ਸਲਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਸਤਲੁਜ, ਰਾਵੀ, ਬਿਆਸ ਅਤੇ ਘੱਗਰ ਨਦੀਆਂ ਦੇ ਕਿਨਾਰਿਆਂ ਦੇ ਬੰਨ੍ਹ ਮਜ਼ਬੂਤ ਅਤੇ ਉੱਚੇ ਕੀਤੇ ਗਏ ਸਨ, ਪਰ ਰੇਤੇ ਦੀ ਗ਼ੈਰ-ਕਾਨੂੰਨੀ ਨਿਕਾਸੀ ਕਾਰਨ ਉਹ ਕਮਜ਼ੋਰ ਹੋ ਗਏ ਹਨ। ਕੁਝ ਹੱਦ ਤੱਕ ਇਹ ਵੀ ਹੜ੍ਹਾਂ ਦਾ ਇਕ ਕਾਰਨ ਹੋ ਸਕਦਾ ਹੈ, ਪਰ ਅਸੀਂ ਸਮਝਦੇ ਹਾਂ ਕਿ ਭਾਰੀ ਬਾਰਿਸ਼ਾਂ ਹੜ੍ਹਾਂ ਦਾ ਵੱਡਾ ਕਾਰਨ ਬਣੀਆਂ ਹਨ।
ਫਿਰ ਵੀ ਜਿੱਥੋਂ ਤੱਕ ਸੂਬੇ ਵਿਚ ਗ਼ੈਰ-ਕਾਨੂੰਨੀ ਰੇਤੇ ਦੀ ਨਿਕਾਸੀ ਦਾ ਸੰਬੰਧ ਹੈ, ਅਸੀਂ ਇਸ ਲਈ ਪਿਛਲੇ ਲੰਮੇ ਸਮੇਂ ਤੋਂ, ਪਹਿਲਾਂ ਅਕਾਲੀ-ਭਾਜਪਾ ਸਰਕਾਰਾਂ, ਫੇਰ ਕਾਂਗਰਸ ਦੀ ਸਰਕਾਰ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ, ਤਿੰਨਾਂ ਨੂੰ ਹੀ ਦੋਸ਼ੀ ਮੰਨਦੇ ਹਾਂ। ਚਾਹੇ ਇਹ ਸਰਕਾਰਾਂ ਦਾਅਵੇ ਅਤੇ ਵਾਅਦੇ ਕੁਝ ਵੀ ਕਰਦੀਆਂ ਰਹੀਆਂ ਹੋਣ, ਪਰ ਇਨ੍ਹਾਂ ਦੇ ਲੋਭ ਅਤੇ ਲਾਲਚ ਨੇ ਸੂਬੇ ਦੇ ਮੁਢਲੇ ਢਾਂਚੇ ਨੂੰ ਬੇਹੱਦ ਕਮਜ਼ੋਰ ਕਰ ਦਿੱਤਾ ਹੈ। ਦਹਾਕਿਆਂ ਤੋਂ ਗ਼ੈਰ-ਕਾਨੂੰਨੀ ਰੇਤੇ ਤੇ ਬਜਰੀ ਦੀ ਨਿਕਾਸੀ ਦੀ ਗੱਲ ਹਰ ਪੱਧਰ 'ਤੇ ਚਲਦੀ ਰਹੀ ਹੈ, ਪਰ ਇਹ ਸਾਰੀਆਂ ਸਰਕਾਰਾਂ ਹੀ ਲਾਲਚ ਵੱਸ ਇਸ ਕਾਲੇ ਧੰਦੇ ਨੂੰ ਬੰਦ ਨਹੀਂ ਕਰਵਾ ਸਕੀਆਂ, ਸਗੋਂ ਇਨ੍ਹਾਂ ਦੇ ਹਰ ਪੱਧਰ ਦੇ ਸਿਆਸਤਦਾਨ ਅਤੇ ਕਾਰਕੁੰਨ ਇਸ ਕਾਲੇ ਧੰਦੇ ਵਿਚ ਗਲਤਾਨ ਰਹੇ ਹਨ।
ਸਾਡੀ ਸੂਚਨਾ ਅਨੁਸਾਰ ਅੱਜ ਵੀ ਇਸ ਦੁਖਾਂਤ ਦੇ ਸਮੇਂ ਵਿਚ ਇਹ ਧੰਦਾ ਜਾਰੀ ਹੈ। ਤਤਕਾਲੀ ਸਰਕਾਰਾਂ ਦੀਆਂ ਘਾਟਾਂ ਅਤੇ ਨਾਕਾਮੀਆਂ ਨੇ ਅੱਜ ਸੂਬੇ ਨੂੰ ਹਰ ਪੱਖੋਂ ਉਸ ਤਬਾਹੀ ਦੇ ਕੰਢੇ 'ਤੇ ਲਿਆ ਖੜ੍ਹਾ ਕੀਤਾ ਹੈ, ਜਿਸ 'ਚੋਂ ਬਚ ਨਿਕਲਣ ਦੀ ਉਮੀਦ ਬੇਉਮੀਦੀ ਵਿਚ ਬਦਲਦੀ ਜਾ ਰਹੀ ਹੈ। ਰਾਜ ਵਿਚ ਪੈਦਾ ਹੋਈ ਅਜਿਹੀ ਤ੍ਰਾਸਦੀ ਦੇ ਹੱਲ ਲਈ ਲੋਕਾਂ ਨੂੰ ਕਿਸੇ ਵੀ ਧਿਰ 'ਤੇ ਬਹੁਤਾ ਵਿਸ਼ਵਾਸ ਨਹੀਂ ਬੱਝ ਰਿਹਾ। ਸਥਿਤੀ ਇਹ ਹੈ ਜਿਵੇਂ ਰਾਜ ਦਾ ਕੋਈ ਵਾਲੀ-ਵਾਰਸ ਨਾ ਹੋਵੇ।
-ਬਰਜਿੰਦਰ ਸਿੰਘ ਹਮਦਰਦ