ਅਧਿਆਪਕ ਦਿਵਸ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਦਾ ਸਨਮਾਨ ਕਰਨ ਦਾ ਮੌਕਾ ਹੈ, ਜੋ ਆਪਣੇ ਗਿਆਨ ਤੇ ਮਾਰਗਦਰਸ਼ਨ ਨਾਲ ਰਾਸ਼ਟਰ ਦੇ ਭਵਿੱਖ ਨੂੰ ਸਰੂਪ ਦਿੰਦੀਆਂ ਹਨ। ਇਸ ਦਿਨ ਅਸੀਂ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਅਤੇ ਸਮਾਜ ਸੁਧਾਰਕ ਸਾਵਿਤਰੀਬਾਈ ਫੂਲੇ (1831 ਈ.-1897 ਈ.) ਨੂੰ ਸਤਿਕਾਰ ਨਾਲ ਯਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਦੇਸ਼ ਵਿਚ ਔਰਤਾਂ ਦੀ ਸਿੱਖਿਆ ਦੀ ਬੁਨਿਆਦ ਰੱਖਣ ਲਈ ਪੁਰਾਣੇ ਸਮਾਜਿਕ ਪੱਖਪਾਤ ਨੂੰ ਦਲੇਰੀ ਨਾਲ ਚੁਣੌਤੀ ਦਿੱਤੀ ਸੀ। ਇਕ ਅਜਿਹੇ ਦੌਰ ਵਿਚ ਜਦੋਂ ਔਰਤਾਂ ਦੀ ਸਿੱਖਿਆ ਨੂੰ ਨਾਪਸੰਦ ਕੀਤਾ ਜਾਂਦਾ ਸੀ ਅਤੇ ਅਕਸਰ ਇਸ ਦਾ ਹਿੰਸਕ ਵਿਰੋਧ ਵੀ ਕੀਤਾ ਜਾਂਦਾ ਸੀ। ਸਾਵਿਤਰੀਬਾਈ ਫੂਲੇ ਨੇ ਆਪਣੇ ਪਤੀ ਮਹਾਤਮਾ ਜੋਤੀਬਾ ਫੂਲੇ ਨਾਲ ਮਿਲ ਕੇ 1848 ਈ. 'ਚ ਪੁਣੇ ਵਿਖੇ ਕੁੜੀਆਂ ਲਈ ਸਕੂਲ ਖੋਲ੍ਹੇ। ਉਨ੍ਹਾਂ ਨੇ ਨਾ ਸਿਰਫ਼ ਪੜ੍ਹਾਇਆ, ਸਗੋਂ ਪਾਠਕ੍ਰਮ ਵੀ ਤਿਆਰ ਕੀਤਾ ਅਤੇ ਔਰਤਾਂ ਨੂੰ ਗਿਆਨ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨ ਲਈ ਕਵਿਤਾਵਾਂ ਵੀ ਲਿਖੀਆਂ। ਉਨ੍ਹਾਂ ਦਾ ਜੀਵਨ ਹਿੰਮਤ ਦਾ ਸਬੂਤ ਸੀ। ਉਹ ਰੋਜ਼ਾਨਾ ਇਕੋ ਸਾੜੀ ਪਾ ਕੇ ਸਕੂਲ ਜਾਂਦੇ ਸਨ ਕਿਉਂਕਿ ਰੂੜੀਵਾਦੀ ਸੋਚ ਵਾਲੇ ਮਰਦ ਉਨ੍ਹਾਂ 'ਤੇ ਚਿੱਕੜ ਤੇ ਪੱਥਰ ਸੁੱਟਦੇ ਸਨ ਪਰ ਸਾਵਿਤਰੀਬਾਈ ਫੂਲੇ ਫਿਰ ਵੀ ਡਟੇ ਰਹੇ।
ਸੁਧਾਰਕ ਤੇ ਬਰਾਬਰੀ ਦਾ ਸੱਦਾ
ਸਾਵਿਤਰੀਬਾਈ ਫੂਲੇ ਆਪਣੇ ਸੰਘਰਸ਼ ਵਿਚ ਇਕੱਲੇ ਨਹੀਂ ਸਨ। ਭਾਰਤ ਦੀ ਸਮਾਜਿਕ ਸੁਧਾਰ ਯਾਤਰਾ ਰਾਜਾ ਰਾਮ ਮੋਹਨ ਰਾਏ ਵਰਗੀਆਂ ਮਹਾਨ ਸ਼ਖ਼ਸੀਅਤਾਂ ਵਲੋਂ ਨਿਰਦੇਸ਼ਿਤ ਸੀ, ਜਿਨ੍ਹਾਂ ਨੇ ਸਤੀ ਪ੍ਰਥਾ, ਬਾਲ ਵਿਆਹ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਔਰਤਾਂ ਦੀ ਸਿੱਖਿਆ ਦਾ ਸਮਰਥਨ ਕੀਤਾ। ਈਸ਼ਵਰਚੰਦਰ ਵਿਦਿਆਸਾਗਰ ਨੇ ਵਿਧਵਾ ਮੁੜ-ਵਿਆਹ ਅਤੇ ਕੁੜੀਆਂ ਦੀ ਸਿੱਖਿਆ ਦੀ ਵਕਾਲਤ ਕੀਤੀ। ਅੱਗੇ ਜਾ ਕੇ ਮਹਾਤਮਾ ਗਾਂਧੀ ਨੇ ਵੀ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਔਰਤਾਂ ਦੀ ਸਿੱਖਿਆ ਸਮਾਜਿਕ ਤਬਦੀਲੀ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ। ਇਹ ਸਾਰੇ ਸੁਧਾਰਕ ਮੰਨਦੇ ਸਨ ਕਿ ਭਾਰਤ ਉਦੋਂ ਤੱਕ ਅਸਲ ਆਜ਼ਾਦੀ ਪ੍ਰਾਪਤ ਨਹੀਂ ਕਰ ਸਕਦਾ, ਜਦੋਂ ਤੱਕ ਔਰਤਾਂ ਨੂੰ ਸਿੱਖਿਆ ਰਾਹੀਂ ਸਮਰੱਥ ਨਹੀਂ ਬਣਾਇਆ ਜਾਂਦਾ। ਇਹ ਵਿਰਾਸਤ ਅੱਜ ਵੀ ਆਧੁਨਿਕ ਭਾਰਤ ਦੀਆਂ ਆਸਾਂ-ਉਮੀਦਾਂ ਦੀ ਅਗਵਾਈ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਕਸਰ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਭਾਰਤ ਦੀ ਵਿਕਾਸ ਯਾਤਰਾ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨਾਲ ਅੱਗੇ ਵਧੇਗੀ। 'ਵਿਕਸਿਤ ਭਾਰਤ-2047' ਦਾ ਦ੍ਰਿਸ਼ਟੀਕੋਣ ਵੀ ਇਸ ਸੋਚ 'ਤੇ ਆਧਾਰਿਤ ਹੈ, ਜਿਸ 'ਚ ਔਰਤਾਂ ਨੂੰ ਰਾਸ਼ਟਰ ਨਿਰਮਾਣ ਵਿਚ ਬਰਾਬਰ ਦੀਆਂ ਭਾਈਵਾਲ ਬਣਾਇਆ ਗਿਆ ਹੈ ਅਤੇ ਇਸ ਸਸ਼ਕਤੀਕਰਨ ਦੀ ਬੁਨਿਆਦ ਸਿੱਖਿਆ ਹੈ।
ਹੁਣ ਤੱਕ ਦੀ ਤਰੱਕੀ
ਆਜ਼ਾਦੀ ਤੋਂ ਬਾਅਦ ਹੋਈ ਤਰੱਕੀ ਸ਼ਾਨਦਾਰ ਰਹੀ ਹੈ। ਔਰਤਾਂ ਦੀ ਸਾਖ਼ਰਤਾ ਜੋ 1951 ਈ. 'ਚ ਸਿਰਫ਼ 8.86% ਸੀ, ਅੱਜ 65.46% ਹੋ ਗਈ ਹੈ (2011 ਦੀ ਜਨਗਣਨਾ ਅਨੁਸਾਰ) ਅਤੇ ਹਾਲ ਹੀ ਦੇ ਸਰਵੇਖਣ ਦਰਸਾਉਂਦੇ ਹਨ ਕਿ ਸਕੂਲਾਂ 'ਚ ਕੁੜੀਆਂ ਦੇ ਵਧਦੇ ਦਾਖਲੇ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਏਕੀਕ੍ਰਿਤ ਜ਼ਿਲ੍ਹਾ ਸਿੱਖਿਆ ਸੂਚਨਾ ਪ੍ਰਣਾਲੀ (ਯੂ.ਡੀ.ਆਈ.ਐੱਸ.ਈ.) 2021-22 ਅਨੁਸਾਰ ਪ੍ਰਾਇਮਰੀ ਪੱਧਰ 'ਤੇ ਕੁੜੀਆਂ ਦਾ ਕੁੱਲ ਦਾਖ਼ਲਾ ਅਨੁਪਾਤ (ਜੀ.ਈ.ਆਰ.) ਹੁਣ ਮੁੰਡਿਆਂ ਨਾਲੋਂ ਵੱਧ ਹੈ। ਮੋਦੀ ਸਰਕਾਰ ਨੇ 2015 'ਚ 'ਬੇਟੀ ਬਚਾਓ, ਬੇਟੀ ਪੜ੍ਹਾਓ' ਯੋਜਨਾ ਸ਼ੁਰੂ ਕੀਤੀ, ਜਿਸ ਨੇ ਸਮਾਜ ਦੀ ਸੋਚ ਨੂੰ ਬਦਲਿਆ, ਬਾਲ ਲਿੰਗ ਅਨੁਪਾਤ 'ਚ ਸੁਧਾਰ ਕੀਤਾ ਤੇ ਸਕੂਲੀ ਸਿੱਖਿਆ ਦੇ ਸਾਰੇ ਪੱਧਰਾਂ 'ਤੇ ਕੁੜੀਆਂ ਦੇ ਦਾਖਲੇ ਵਿਚ ਵਾਧਾ ਕੀਤਾ ਹੈ। ਯੂ.ਡੀ.ਆਈ.ਐੱਸ.ਈ. 2024-25 ਦੇ ਅੰਕੜੇ ਦਰਸਾਉਂਦੇ ਹਨ ਕਿ ਪਹਿਲੀ ਵਾਰ ਭਾਰਤ ਵਿਚ ਮਹਿਲਾ ਅਧਿਆਪਕਾਂ ਦੀ ਗਿਣਤੀ ਕੁੱਲ ਸਕੂਲ ਅਧਿਆਪਕਾਂ ਦਾ 54.2% ਹੋ ਗਈ ਹੈ, ਜੋ 2014-15 ਦੀ 46.9% ਤੋਂ ਕਿਤੇ ਵੱਧ ਹੈ। ਇਕ ਇਤਿਹਾਸਕ ਕਦਮ ਤਹਿਤ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ 'ਰਾਸ਼ਟਰੀ ਜਨ ਸਹਿਯੋਗ ਅਤੇ ਬਾਲ ਵਿਕਾਸ ਸੰਸਥਾਨ' ਦਾ ਨਾਂਅ ਬਦਲ ਕੇ 'ਸਾਵਿਤਰੀਬਾਈ ਫੂਲੇ ਰਾਸ਼ਟਰੀ ਮਹਿਲਾ ਅਤੇ ਬਾਲ ਵਿਕਾਸ ਸੰਸਥਾਨ' ਕਰ ਦਿੱਤਾ ਹੈ। ਇਹ ਸੰਸਥਾ ਔਰਤਾਂ ਅਤੇ ਬੱਚਿਆਂ ਨਾਲ ਸੰਬੰਧਿਤ ਪ੍ਰੋਗਰਾਮਾਂ ਨੂੰ ਮਜ਼ਬੂਤ ਬਣਾਉਣ ਲਈ ਸਮਰੱਥਾ ਨਿਰਮਾਣ, ਸਿਖਲਾਈ ਅਤੇ ਖੋਜ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਸੰਸਥਾਨ ਦਾ ਨਾਂਅ ਸਾਵਿਤਰੀਬਾਈ ਫੂਲੇ ਦੇ ਨਾਂਅ 'ਤੇ ਰੱਖਣਾ ਸਿੱਖਿਆ ਤੇ ਸੁਧਾਰਾਂ ਰਾਹੀਂ ਮਹਿਲਾ ਸਸ਼ਕਤੀਕਰਨ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਇਕ ਜਿਊਂਦੀ-ਜਾਗਦੀ ਸ਼ਰਧਾਂਜਲੀ ਹੈ।
ਰਾਸ਼ਟਰ ਨਿਰਮਾਤਾ ਵਜੋਂ ਅਧਿਆਪਕ
ਮਹਿਲਾ ਅਧਿਆਪਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਹ ਨਾ ਸਿਰਫ਼ ਪੜ੍ਹਾਉਂਦੀਆਂ ਹਨ, ਸਗੋਂ ਲੱਖਾਂ ਕੁੜੀਆਂ ਲਈ ਪ੍ਰੇਰਨਾ ਅਤੇ ਰੋਲ ਮਾਡਲ ਵੀ ਬਣਦੀਆਂ ਹਨ। ਇਸ ਤਰ੍ਹਾਂ ਉਹ ਸਾਵਿਤਰੀਬਾਈ ਫੂਲੇ ਦੀ ਮਸ਼ਾਲ ਨੂੰ ਅੱਗੇ ਵਧਾ ਰਹੀਆਂ ਹਨ। ਅਧਿਐਨ ਦਰਸਾਉਂਦੇ ਹਨ ਕਿ ਪੇਂਡੂ ਖੇਤਰਾਂ 'ਚ ਮਹਿਲਾ ਅਧਿਆਪਕਾਂ ਦੀ ਮੌਜੂਦਗੀ ਕੁੜੀਆਂ ਦੇ ਸਕੂਲ ਵਿਚ ਦਾਖਲ ਹੋਣ ਅਤੇ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਸੰਭਾਵਨਾ ਨੂੰ ਵਧਾਉਂਦੀ ਹੈ। ਗ਼ਰੀਬੀ ਦੇ ਚੱਕਰ ਨੂੰ ਤੋੜਨ ਅਤੇ ਪਰਿਵਾਰਾਂ ਨੂੰ ਇਕ ਬਿਹਤਰ ਭਵਿੱਖ ਦੇ ਸੁਪਨੇ ਦੇਖਣ 'ਚ ਮਦਦ ਕਰਨ ਵਿਚ ਉਨ੍ਹਾਂ ਦਾ ਯੋਗਦਾਨ ਮਹੱਤਵਪੂਰਨ ਹੈ।
ਇਕ ਵਿਕਸਿਤ ਭਾਰਤ ਵੱਲ
ਜਿਵੇਂ-ਜਿਵੇਂ ਭਾਰਤ 2047 ਤੱਕ ਇਕ ਵਿਕਸਿਤ ਰਾਸ਼ਟਰ ਬਣਨ ਦੇ ਟੀਚੇ ਵੱਲ ਵਧ ਰਿਹਾ ਹੈ, ਸਿੱਖਿਆ ਵਿਕਾਸ ਦਾ ਇਕ ਮੁੱਖ ਚਾਲਕ ਬਣੀ ਹੋਈ ਹੈ। ਖ਼ਾਸ ਕਰਕੇ ਔਰਤਾਂ ਦੀ ਸਿੱਖਿਆ ਇਸ ਦੇ ਅਸਰ ਨੂੰ ਕਈ ਗੁਣਾ ਵਧਾ ਦਿੰਦੀ ਹੈ। ਪੜ੍ਹੀਆਂ-ਲਿਖੀਆਂ ਔਰਤਾਂ ਬਿਹਤਰ ਸਿਹਤ ਸੇਵਾ, ਘੱਟ ਬਾਲ ਮੌਤ ਦਰ, ਉੱਚ ਪਰਿਵਾਰਕ ਆਮਦਨ ਅਤੇ ਮਜ਼ਬੂਤ ਭਾਈਚਾਰਿਆਂ ਨੂੰ ਯਕੀਨੀ ਬਣਾਉਂਦੀ ਹੈ। ਯੂਨੈਸਕੋ ਅਨੁਸਾਰ ਇਕ ਕੁੜੀ ਲਈ ਸਕੂਲੀ ਸਿੱਖਿਆ ਦੇ ਹਰੇਕ ਵਾਧੂ ਸਾਲ ਨਾਲ ਉਸ ਦੀ ਭਵਿੱਖ ਦੀ ਆਮਦਨ 10-20 ਫ਼ੀਸਦੀ ਵਧਦੀ ਹੈ। ਇਸ ਲਈ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਆਪਣੀਆਂ ਯੋਜਨਾਵਾਂ ਨੂੰ ਟਿਕਾਊ ਵਿਕਾਸ ਟੀਚਾ-4 (ਗੁਣਵੱਤਾ ਸਿੱਖਿਆ) ਅਤੇ ਟਿਕਾਊ ਵਿਕਾਸ ਟੀਚਾ-5 (ਲਿੰਗ ਸਮਾਨਤਾ) ਨਾਲ ਲਗਾਤਾਰ ਜੋੜ ਰਿਹਾ ਹੈ। ਅਸੀਂ ਸਿੱਖਿਆ ਨੂੰ ਪੋਸ਼ਣ, ਸੁਰੱਖਿਆ ਅਤੇ ਹੁਨਰ ਵਿਕਾਸ ਨਾਲ ਜੋੜ ਰਹੇ ਹਾਂ ਤਾਂ ਜੋ ਇਕ ਅਜਿਹਾ ਮਾਹੌਲ ਸਿਰਜਿਆ ਜਾ ਸਕੇ, ਜਿਸ 'ਚ ਔਰਤ ਵਿਦਿਆਰਥੀ, ਅਧਿਆਪਕ, ਉੱਦਮੀ ਅਤੇ ਆਗੂ ਵਜੋਂ ਰਾਸ਼ਟਰ ਨਿਰਮਾਣ 'ਚ ਯੋਗਦਾਨ ਪਾ ਸਕਣ।
ਸਮੂਹਿਕ ਸੰਕਲਪ
ਸਾਵਿਤਰੀਬਾਈ ਫੂਲੇ ਦੀ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਸਲ ਤਰੱਕੀ ਹਿੰਮਤ ਤੋਂ ਹੀ ਪੈਦਾ ਹੁੰਦੀ ਹੈ। ਪੁਣੇ ਵਿਚ ਉਨ੍ਹਾਂ ਦੀ ਸਾਧਾਰਨ ਜਮਾਤ ਤੋਂ ਲੈ ਕੇ ਆਧੁਨਿਕ ਭਾਰਤ ਦੀਆਂ ਜਮਾਤਾਂ ਤੱਕ ਜਿੱਥੇ ਕਰੋੜਾਂ ਕੁੜੀਆਂ ਰੋਜ਼ਾਨਾ ਸਿੱਖਿਆ ਹਾਸਿਲ ਕਰਦੀਆਂ ਹਨ, ਇਹ ਯਾਤਰਾ ਔਰਤਾਂ ਤੇ ਸਿੱਖਿਆ ਪ੍ਰਤੀ ਸਮਾਜ ਦੇ ਰਵੱਈਏ ਵਿਚ ਆਈ ਇਕ ਵੱਡੀ ਤਬਦੀਲੀ ਨੂੰ ਦਰਸਾਉਂਦੀ ਹੈ ਪਰ ਇਹ ਮਿਸ਼ਨ ਅਜੇ ਪੂਰਾ ਨਹੀਂ ਹੋਇਆ। ਅਧਿਆਪਕ ਦਿਵਸ ਮਨਾਉਂਦੇ ਹੋਏ, ਆਓ ਪ੍ਰਧਾਨ ਮੰਤਰੀ ਦੇ ਸੱਦੇ 'ਤੇ ਸੰਕਲਪ ਕਰੀਏ ਕਿ ਮਹਿਲਾ ਸਸ਼ਕਤੀਕਰਨ ਭਲਾਈ ਨਹੀਂ, ਸਗੋਂ ਰਾਸ਼ਟਰੀ ਤਾਕਤ ਦਾ ਵਿਸ਼ਾ ਹੈ। ਇਹ ਯਕੀਨੀ ਬਣਾਉਂਦੇ ਹੋਏ ਕਿ ਹਰ ਕੁੜੀ ਪੜ੍ਹੀ-ਲਿਖੀ ਹੋਵੇ, ਹਰ ਔਰਤ ਸਮਰਥ ਹੋਵੇ ਅਤੇ ਹਰ ਅਧਿਆਪਕ ਦਾ ਸਤਿਕਾਰ ਹੋਵੇ ਤਾਂ ਹੀ ਅਸੀਂ ਆਪਣੇ ਸੁਪਨਿਆਂ ਦਾ ਭਾਰਤ ਬਣਾ ਸਕਦੇ ਹਾਂ।
-ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ, ਭਾਰਤ ਸਰਕਾਰ।