ਲੰਘੇ ਹਫ਼ਤੇ ਮੇਰੇ ਘਰ ਸ਼ਿਵ ਕੁਮਾਰ ਬਟਾਲਵੀ ਦਾ ਬੇਟਾ ਮਿਹਰਬਾਨ ਅਤੇ ਸ਼ਿਵ 'ਤੇ ਫਿਲਮ ਬਣਾਉਣ ਲਈ ਯਤਨਸ਼ੀਲ ਹਨੀ ਤ੍ਰੇਹਨ ਇਕੱਠੇ ਹੋਏ। ਮਿਹਰਬਾਨ ਨੂੰ ਭੁਪਿੰਦਰ ਮਲਕ ਲੈ ਕੇ ਆਇਆ ਸੀ ਤੇ ਤ੍ਰੇਹਨ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਵਾਲੀ ਅਰਸ਼ਦੀਪ। ਸ਼ਿਵ ਕੁਮਾਰ ਦੀਆਂ ਯਾਦਾਂ ਤੇ ਬਰਕਤਾਂ ਦਾ ਜ਼ਿਕਰ ਤਾਂ ਹੋਣਾ ਸੀ, ਉਨ੍ਹਾਂ ਸਮਿਆਂ ਦਾ ਲੇਖਾ-ਜੋਖਾ ਵੀ ਕੀਤਾ ਗਿਆ। ਸ਼ਿਵ ਕੁਮਾਰ ਬਟਾਲਵੀ (8/10/37 ਤੋਂ 7/5/73) ਅਲਪ ਆਯੂ ਵਿਚ ਵੱਡੀਆਂ ਮੱਲਾਂ ਮਾਰਨ ਵਾਲਾ ਕਵੀ ਸੀ। 1960 ਤੋਂ 1966 ਦੇ ਸੱਤ ਸਾਲਾਂ 'ਚ ਉਸ ਦੇ ਸੱਤ ਕਾਵਿ ਸੰਗ੍ਰਹਿ ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਬਿਰਹਾ ਤੂੰ ਸੁਲਤਾਨ, ਦਰਦਮੰਦਾਂ ਦੀਆਂ ਆਹੀਂ ਤੇ ਲੂਣਾ ਛਪ ਚੁੱਕੇ ਸਨ। ਇਨ੍ਹਾਂ 'ਚ ਅੰਤਲੀ ਰਚਨਾ 'ਲੂਣਾ' ਉਸ ਦੀ ਸ਼ਾਹਕਾਰ ਰਚਨਾ ਸੀ, ਜਿਸ ਨੂੰ ਭਾਰਤੀ ਸਾਹਿਤ ਅਕਾਡਮੀ ਨੇ 1967 ਦੇ ਰਾਸ਼ਟਰੀ ਪੁਰਸਕਾਰ ਨਾਲ ਨਿਵਾਜਿਆ। ਤੀਹ ਸਾਲ ਦੀ ਛੋਟੀ ਉਮਰੇ ਇਹ ਪੁਰਸਕਾਰ ਪ੍ਰਾਪਤ ਕਰਨ ਵਾਲਾ ਉਹੀਓ ਸੀ, ਅੱਜ ਤੱਕ ਵੀ ਹੈ। ਚੋਣ ਕਰਨ ਵਾਲੀ ਤਿੰਨ ਮੈਂਬਰੀ ਜਿਊਰੀ 'ਚ ਕਰਤਾਰ ਸਿੰਘ ਦੁੱਗਲ ਵੀ ਸੀ, ਜਿਸ ਦੀ ਵੋਟ ਸਭ ਤੋਂ ਹਾਵੀ ਮੰਨੀ ਗਈ। ਉਦੋਂ ਨਵੀਂ ਦਿੱਲੀ ਦਾ ਵਸਨੀਕ ਹੋਣ ਕਾਰਨ ਮੈਂ ਦੁੱਗਲ ਤੇ ਸ਼ਿਵ ਦੋਵਾਂ ਨੂੰ ਜਾਣਦਾ ਸਾਂ। ਸ਼ਿਵ ਦਿੱਲੀ ਜਾ ਕੇ ਮੇਰੇ ਜਾਂ ਅੰਮ੍ਰਿਤਾ ਪ੍ਰੀਤਮ ਦੇ ਘਰ ਹੀ ਰਹਿੰਦਾ ਸੀ। ਉਸ ਦਾ ਧੰਦਾ ਪਟਵਾਰੀ ਹੋਣ ਕਾਰਨ ਹੀ ਉਸ ਦੀ ਸੱਜ ਵਿਆਹੀ ਵਹੁਟੀ ਅਰੁਣਾ ਨੂੰ ਮੈਂ ਮਖੌਲਤਨ 'ਮੁੰਡਾ ਪੰਝੀਆਂ ਪਿੰਡਾਂ ਦਾ ਪਟਵਾਰੀ, ਅੱਗੇ ਤੇਰੇ ਭਾਗ ਲੱਛੀਏ' ਲੋਕ ਟੱਪਾ ਸੁਣਾ ਕੇ ਛੇੜਦਾ ਹੁੰਦਾ ਸਾਂ। ਸ਼ਿਵ ਦੀ ਮਹਿਮਾ ਦਿੱਲੀ-ਦੱਖਣ ਹੀ ਨਹੀਂ, ਦੇਸਾਂ-ਪ੍ਰਦੇਸਾਂ ਵਿਚ ਸੀ। ਇਹ ਗੱਲ ਵੱਖਰੀ ਹੈ ਕਿ ਬਰਤਾਨੀਆ ਵਾਲੀ ਫੇਰੀ ਹੀ ਉਸ ਨੂੰ ਲੈ ਬੈਠੀ। ਉੱਥੋਂ ਦੇ ਪੰਜਾਬੀ ਪਿਆਰਿਆਂ ਨੇ ਉਸ ਦੀ ਕਵਿਤਾ ਸੁਣਨ ਤੇ ਮਾਣਨ ਲਈ ਮਹਿੰਗੀ ਤੇ ਵਧੀਆ ਵਿਸਕੀ ਦਾ ਪ੍ਰਬੰਧ ਕੀਤਾ ਹੁੰਦਾ ਸੀ, ਜਿਹੜੀ ਸ਼ਿਵ ਨੂੰ ਧੱਕੇ ਨਾਲ ਪਿਲਾਈ ਜਾਂਦੀ ਸੀ। ਉਨ੍ਹਾਂ ਨੇ ਉਸ ਨੂੰ ਏਨੀ ਦਾਰੂ ਪਿਆਈ ਕਿ ਉੱਥੋਂ ਪਰਤ ਕੇ ਉਹ ਪਹਿਲਾਂ ਵਾਲਾ ਸ਼ਿਵ ਹੀ ਨਹੀਂ ਰਿਹਾ ਤੇ ਅੰਤ 36 ਸਾਲ ਦੀ ਉਮਰ 'ਚ ਹੀ ਅਲਵਿਦਾ ਕਹਿ ਗਿਆ। ਜੇ ਉਸ ਦੀ ਖੱਟੀ ਨੂੰ ਪੈਸਿਆਂ ਨਾਲ ਤੋਲਣਾ ਹੋਵੇ ਤਾਂ ਪੰਝੀਆਂ ਪਿੰਡਾਂ ਦੇ ਪਟਵਾਰੀ ਨਾਲੋਂ ਚੌਗੁਣੀ ਸੀ ਤੇ ਮਹਿਮਾ ਪੱਖੋਂ ਇਸ ਤੋਂ ਕਈ ਗੁਣਾ ਵੱਧ। ਇਹੀਓ ਕਾਰਨ ਹੈ ਕਿ ਉਸ ਦੇ ਪਰਲੋਕ ਸਿਧਾਰਨ ਪਿੱਛੋਂ ਪੰਜਾਬੀ ਯੂਨੀਵਰਸਿਟੀ ਨੇ ਉਸ ਦੀ ਪਤਨੀ ਨੂੰ ਸਿਰਫ਼ ਨੌਕਰੀ ਹੀ ਨਹੀਂ ਸੀ ਦਿੱਤੀ, ਰਹਿਣ ਲਈ ਮਕਾਨ ਵੀ ਦਿੱਤਾ ਸੀ। ਏਥੇ ਰਹਿ ਕੇ ਉਸ ਨੇ ਅਪਣੇ ਬੇਟੇ ਮਿਹਰਬਾਨ ਤੇ ਬੇਟੀ ਪੂਜਾ ਨੂੰ ਪਾਲਿਆ-ਪੜ੍ਹਾਇਆ। ਸ਼ਿਵ ਦੇ ਦਿਹਾਂਤ ਸਮੇਂ ਮਿਹਰਬਾਨ ਪੰਜ ਤੇ ਪੂਜਾ ਉਸ ਤੋਂ ਡੇਢ ਸਾਲ ਛੋਟੀ ਸੀ। ਅੱਜ ਉਹੀਓ ਪੂਜਾ ਅਮਰੀਕਾ ਦੇ ਸ਼ਿਕਾਗੋ ਸ਼ਹਿਰ 'ਚ ਪਰਿਵਾਰ ਸਮੇਤ ਹੈ ਅਤੇ ਮਿਹਰਬਾਨ ਕੈਨੇਡਾ ਦੇ ਕੈਲਗਰੀ ਸ਼ਹਿਰ ਵਿਚ। ਮਿਹਰਬਾਨ ਹੁਣ ਪਚਵੰਜਾ ਤੋਂ ਉੱਤੇ ਹੈ, ਮੜੰਗਾ ਤੇ ਠਰ੍ਹਮਾ ਸ਼ਿਵ ਵਾਲਾ, ਸ਼ਾਇਦ ਉਸ ਤੋਂ ਵੀ ਜ਼ਿਆਦਾ। ਮੇਰੇ ਕੋਲ ਸ਼ਿਵ ਤੇ ਸ਼ਿਵ ਦੀ ਕਵਿਤਾ ਬਾਰੇ ਬਹੁਤ ਗੱਲਾਂ ਹਨ ਪਰ ਹਥਲੀ ਗੱਲ ਦਾ ਅੰਤ ਮੈਂ ਕਰਤਾਰ ਸਿੰਘ ਦੁੱਗਲ ਦੇ ਘਰ 1967 ਦੀ ਉਸ ਮਹਿਫ਼ਲ ਨਾਲ ਕਰਦਾ ਹਾਂ, ਜਿਸ ਦਾ ਜ਼ਿਕਰ ਮੈਂ ਪਹਿਲਾਂ ਕਦੇ ਨਹੀਂ ਕੀਤਾ। ਇਹ ਮਹਿਫ਼ਲ ਦੁੱਗਲ ਨੇ ਸ਼ਿਵ ਨੂੰ ਨਿਵਾਜਣ ਹਿੱਤ ਰੱਖੀ ਸੀ, ਜਿਸ 'ਚ ਪ੍ਰੀਤਮ ਸਿੰਘ ਸਫ਼ੀਰ, ਅਲੀ ਸਰਦਾਰ ਜ਼ਾਫ਼ਰੀ, ਸੱਜ਼ਾਦ ਜ਼ਹੀਰ, ਕੁਲਵੰਤ ਸਿੰਘ ਵਿਰਕ ਸਮੇਤ ਦੋ ਦਰਜਨ ਮਹਾਂਰਥੀ ਸ਼ਾਮਿਲ ਹੋਏ ਸਨ। ਦੁੱਗਲ ਨੇ ਦਾਰੂ ਨਾ ਪੀਣ ਦੇ ਬਾਵਜੂਦ ਵਧੀਆ ਵਿਸਕੀ ਲਿਆ ਰੱਖੀ ਸੀ। ਸਾਰਿਆਂ ਨੇ ਸ਼ਾਮ 8 ਵਜੇ ਦੁੱਗਲ ਦੇ ਪਟੌਦੀ ਹਾਊਸ ਵਾਲੇ ਘਰ ਪਹੁੰਚਣਾ ਸੀ। ਦੁੱਗਲ ਸਮੇਂ ਦਾ ਪਾਬੰਦ ਸੀ। ਉਸ ਨੇ ਸਾਢੇ 8 ਵਜੇ ਤੱਕ ਉਡੀਕਿਆ ਪਰ ਸ਼ਿਵ ਨਾ ਆਇਆ। ਦੁੱਗਲ ਨੇ ਖਾਣਾ ਲਵਾਇਆ ਤੇ ਸਾਰਿਆਂ ਨੇ ਸ਼ਿਵ ਨੂੰ ਚੇਤੇ ਕਰਦਿਆਂ ਖਾਣਾ ਖਾਧਾ। ਜਦੋਂ ਤੁਰਨ ਲੱਗੇ ਤਾਂ ਸ਼ਿਵ ਤੇ ਉਸ ਦਾ ਕਾਰ ਵਾਲਾ ਮਿੱਤਰ ਪਹੁੰਚ ਗਏ, ਦੋਵਾਂ ਨੇ ਪੀਤੀ ਹੋਈ ਸੀ। ਦੁੱਗਲ ਨੇ ਸ਼ਿਵ ਨੂੰ ਨਾਲਾਇਕ ਕਹਿ ਕੇ ਖਾਣਾ ਖਵਾਏ ਬਿਨਾਂ ਹੀ ਤੋਰ ਦਿੱਤਾ। ਮੇਰਾ ਘਰ ਪੰਡਾਰਾ ਰੋਡ ਕਾਲੋਨੀ 'ਚ ਦੋ ਮੀਲ 'ਤੇ ਸੀ। ਮੈਂ ਆਪਣੀ ਕਾਰ ਉਨ੍ਹਾਂ ਦੀ ਕਾਰ ਪਿੱਛੇ ਲਾਈ ਤੇ ਉਨ੍ਹਾਂ ਨੂੰ ਢਾਬੇ ਤੋਂ ਖਾਣਾ ਖੁਆ ਕੇ ਆਪਣੇ ਘਰ ਲੈ ਗਿਆ। ਸ਼ਿਵ ਕੁਮਾਰ ਰਾਤ ਭਰ ਸੌਂ ਨਾ ਸਕਿਆ। ਸਵੇਰੇ ਪਤਾ ਲੱਗਾ ਕਿ ਉਹ ਕੋਈ ਗੀਤ ਲਿਖਦਾ ਰਿਹਾ, ਜਿਹੜਾ ਇਕ ਤਰ੍ਹਾਂ ਦਾ ਮਾਫ਼ੀਨਾਮਾ ਸੀ। ਉਸ ਦਾ ਨਾਂਅ ਸੀ 'ਇਕ ਗੀਤ ਦਾ ਜਨਮ'। ਉਸ ਦੀਆਂ ਸਤਰਾਂ ਤਾਂ ਮੈਨੂੰ ਹੁਣ ਚੇਤੇ ਨਹੀਂ ਪਰ ਮੈਂ ਹਥਲੇ ਲੇਖ ਦਾ ਅੰਤ ਉਸ ਦੇ ਇਸ ਗੀਤ ਨਾਲ ਕਰਦਾ ਹਾਂ:
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੈਨੂੰ ਚੁੰਮਣ ਪਿਛਲੀ ਸੰਗ ਵਰਗਾ
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰਗਾ
ਕੁਦਰਤੀ ਕਰਤੂਤਾਂ ਤੇ ਮਾਨਵੀ ਸਾਂਝਾਂ
ਮੈਂ ਨੱਬਿਆਂ ਦਾ ਹੋ ਗਿਆ ਹਾਂ ਪਰ ਆਪਣੀ ਹੋਸ਼ ਵਿਚ ਮੈਂ ਕੁਦਰਤੀ ਕਹਿਰ ਦਾ ਉਹ ਦ੍ਰਿਸ਼ ਨਹੀਂ ਤੱਕਿਆ, ਜਿਹੜਾ ਇਸ ਵਰ੍ਹੇ ਦੀ ਬਾਰਿਸ਼ ਨੇ ਪੇਸ਼ ਕੀਤਾ ਹੈ। ਥਾਂ-ਥਾਂ ਬੱਦਲ ਫਟ ਰਹੇ ਹਨ ਤੇ ਹੜ੍ਹਾਂ ਦਾ ਪਾਣੀ ਰੁੱਖਾਂ-ਬੂਟਿਆਂ, ਕੱਚੇ-ਪੱਕੇ ਘਰਾਂ ਤੇ ਮਾਲ-ਢਾਂਡੇ ਨੂੰ ਆਪਣੀ ਲਪੇਟ 'ਚ ਲੈ ਰਿਹਾ ਹੈ। ਕਿਸ਼ਤੀਆਂ ਦੀ ਘਾਟ ਹੈਲੀਕਾਪਟਰ ਵੀ ਪੂਰੀ ਨਹੀਂ ਕਰ ਰਹੇ। ਬੰਦਾ ਹੀ ਬੰਦੇ ਦਾ ਦਾਰੂ ਹੈ। ਉੱਚੇ ਘਰਾਂ ਵਾਲੇ ਨੀਵੇਂ ਵਾਲਿਆਂ ਦਾ ਦੁੱਖ ਵੰਡਾ ਰਹੇ ਹਨ। ਮੇਰੀ ਉਮਰ ਦੇ ਮਾਨਵਾਂ ਨੇ ਏਸ ਤਰ੍ਹਾਂ ਦੀ ਕਰੋਪੀ 1947 ਪਿੱਛੋਂ ਤੱਕੀ ਤਾਂ ਸੀ ਪਰ ਉਦੋਂ ਅੱਜ ਵਾਲਾ ਕਹਿਰ ਨਹੀਂ ਸੀ ਵਰਤਿਆ। ਇਸ ਵਾਰੀ ਏਧਰਲੇ ਪੰਜਾਬ 'ਚ ਹੀ ਨਹੀਂ, ਪਾਕਿਸਤਾਨੀ ਪੰਜਾਬ ਦਾ ਵੀ ਇਹੀਓ ਹਾਲ ਹੈ।
ਈ-ਮੇਲ : sandhugulzar@yahoo.com