ਕੌਮੀ ਪੋਸ਼ਣ ਹਫ਼ਤੇ ਸੰਬੰਧੀ ਵਿਸ਼ੇਸ਼
ਪਹਿਲੀ ਤੋਂ 7 ਸਤੰਬਰ ਤੱਕ ਕੌਮੀ ਪੋਸ਼ਣ ਹਫ਼ਤਾ ਮਨਾਇਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਦੇਸ਼ ਭਰ ਵਿਚ ਲੋਕਾਂ ਨੂੰ ਸੰਤੁਲਿਤ ਆਹਾਰ ਬਾਰੇ ਜਾਗਰੂਕ ਕਰਕੇ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਹੈ। ਸਾਡਾ ਸਰੀਰ ਤਾਂ ਹੀ ਸਿਹਤਮੰਦ ਰਹੇਗਾ, ਜੇਕਰ ਉਸ ਨੂੰ ਲੋੜੀਂਦਾ ਅਤੇ ਸੰਤੁਲਿਤ ਆਹਾਰ ਮਿਲੇਗਾ। ਆਧੁਨਿਕ ਯੁੱਗ ਵਿਚ ਅਨੇਕਾਂ ਤਕਨੀਕਾਂ ਵਿਕਸਿਤ ਹੋ ਗਈਆਂ ਹਨ, ਪਰ ਇਸ ਦੇ ਨਾਲ ਹੀ ਮਨੁੱਖ ਦੇ ਖਾਣ-ਪੀਣ ਵਿਚ ਅਨੇਕਾਂ ਬਦਲਾਅ ਆਉਣ ਕਰਕੇ ਲੋਕ ਗੰਭੀਰ ਬਿਮਾਰੀਆਂ- ਮੋਟਾਪਾ, ਬੀ.ਪੀ. ਸ਼ੂਗਰ ਰੋਗ, ਥਾਈਰਾਈਡ, ਔਰਤਾਂ ਵਿਚ ਮਾਹਵਾਰੀ ਅਨਿਯਮਿਤ ਹੋਣਾ, ਬੱਚੇਦਾਨੀ ਵਿਚ ਗੰਡ ਆਦਿ ਦੇ ਸ਼ਿਕਾਰ ਹੋ ਰਹੇ ਹਨ। ਪਰ ਘਬਰਾਉਣ ਦੀ ਲੋੜ ਨਹੀਂ, ਅਸੀਂ ਇਨ੍ਹਾਂ ਰੋਗਾਂ ਦੇ ਹੱਲ ਦਾ ਪ੍ਰਬੰਧ ਵੀ ਕਰ ਸਕਦੇ ਹਾਂ। ਆਓ ਕੌਮੀ ਪੋਸ਼ਣ ਹਫ਼ਤੇ 'ਚ ਖਾਣ-ਪੀਣ ਅਤੇ ਜੀਵਨ ਸ਼ੈਲੀ ਨੂੰ ਨਵਾਂ ਰੂਪ ਦੇਈਏ। ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਲੋਂ ਹਰ ਸਾਲ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ ਜਾਂਦਾ ਹੈ, ਜਿਸ ਦਾ ਉਦੇਸ਼ ਲੋਕਾਂ ਨੂੰ ਸਰੀਰ ਪ੍ਰਤੀ ਪੌਸ਼ਟਿਕ ਆਹਾਰ ਬਾਰੇ ਜਾਗਰੂਕ ਕਰਨਾ ਹੈ। ਸਾਲ 2025 ਦੇ ਕੌਮੀ ਪੋਸ਼ਣ ਹਫ਼ਤੇ ਦਾ ਥੀਮ 'ਈਟ ਰਾਈਟ ਫਾਰ ਬੈਟਰ ਲਾਈਫ' ਹੈ। ਇਸ ਥੀਮ ਨੂੰ ਲਾਗੂ ਕਰਕੇ ਅਸੀਂ ਆਪਣੇ ਜੀਵਨ ਵਿਚ ਸੁਧਾਰ ਲਿਆ ਕੇ ਬਿਹਤਰ ਜੀਵਨ ਸ਼ੈਲੀ ਬਤੀਤ ਕਰ ਸਕਦੇ ਹਾਂ। ਸੋ 'ਈਟ ਰਾਈਟ ਫਾਰ ਬੈਟਰ ਲਾਈਫ' ਤੋਂ ਭਾਵ ਅਜਿਹਾ ਆਹਾਰ ਜਿਸ ਵਿਚ ਸਾਰੇ ਪੌਸ਼ਟਿਕ ਤੱਤ ਹੋਣ, ਜਿਵੇਂ ਮੋਟੇ ਪੌਸ਼ਟਿਕ ਤੱਤ ਅਤੇ ਛੋਟੇ ਪੌਸ਼ਟਿਕ ਤੱਤ, ਜੋ ਸਾਨੂੰ ਸਾਡੇ ਸਰੀਰ ਦੀ ਰੋਜ਼ਾਨਾ ਦੀ ਲੋੜ ਅਨੁਸਾਰ ਮਿਲਦੇ ਹੋਣ, ਅਜਿਹੀ ਖ਼ੁਰਾਕ ਨੂੰ ਈਟ ਰਾਈਟ ਜਾਂ ਸੰਤੁਲਿਤ ਪੌਸ਼ਟਿਕ ਆਹਾਰ ਵੀ ਕਿਹਾ ਜਾਂਦਾ ਹੈ। ਜਿਵੇਂ-ਪ੍ਰੋਟੀਨ, ਵਿਟਾਮਿਨ, ਖਣਿਜ, ਜ਼ਰੂਰੀ ਅਮੀਨੋ ਐਸਿਡ, ਜ਼ਰੂਰੀ ਫੈਟੀ ਐਸਿਡ, ਖ਼ੁਰਾਕ ਫਾਈਬਰ, ਚਰਬੀ, ਕਾਰਬੋਹਾਈਡਰੇਟ ਆਦਿ ਭਾਰਤ ਦੀ ਰਾਸ਼ਟਰੀ ਖ਼ੁਰਾਕ ਸੰਸਥਾ (ਐਸ.ਆਈ.ਐਨ. ਐਚ. ਹੈਦਰਾਬਾਦ) ਵਲੋਂ ਜਾਰੀ ਕੀਤੇ ਗਏ ਦਸਤਾਵੇਜ਼ ਅਨੁਸਾਰ ਸਾਨੂੰ ਆਪਣੀ ਸਰੀਰਕ ਮਸ਼ੀਨਰੀ ਨੂੰ ਤੇਜ਼ ਰੱਖਣ ਲਈ ਪ੍ਰੋਟੀਨ ਦੀ ਲੋੜ 1 ਗ੍ਰਾਮ ਪ੍ਰਤੀ ਕਿੱਲੋ ਵਜ਼ਨ ਹੈ। ਚਰਬੀ ਰਹਿਤ ਪਨੀਰ, ਦੁੱਧ, ਦਹੀ, ਦਾਲਾਂ, ਅਨਾਜ, ਅੰਡੇ ਦਾ ਚਿੱਟਾ ਹਿੱਸਾ, ਮੁਰਗੇ ਦੀ ਛਾਤੀ, ਟੰਗ, ਮੱਛੀ, ਬੱਕਰੇ ਦਾ ਮੀਟ, ਆਦਿ ਇਸਦੇ ਸਰੋਤ ਹਨ। ਸਰ੍ਹੋਂ ਦਾ ਤੇਲ, ਮੂੰਗਫਲੀ ਦਾ ਤੇਲ, ਅਲਸੀ ਦਾ ਤੇਲ, ਸੂਰਜਮੁਖੀ ਦਾ ਤੇਲ, ਮੂੰਗਫਲੀ, ਅਖਰੋਟ, ਬਦਾਮ, ਕਾਜੂ, ਸਮੁੰਦਰੀ ਭੋਜਨ, ਤਿਲ ਦਾ ਤੇਲ, ਸੁੱਕੇ ਮੇਵੇ, ਜੈਤੂਨ ਦਾ ਤੇਲ ਆਦਿ ਚੰਗੀ ਚਰਬੀ ਦੇ ਵਧੀਆ ਸਰੋਤ ਹਨ। ਜੇ ਫਾਈਬਰ ਦੀ ਗੱਲ ਕਰੀਏ ਤਾਂ ਪੱਤੇ ਵਾਲੀਆਂ ਸਬਜ਼ੀਆਂ, ਸਲਾਦ (ਖੀਰਾ, ਟਮਾਟਰ, ਚੁਕੰਦਰ, ਪਿਆਜ਼, ਮੂਲੀ, ਤਰਾਂ) ਆਦਿ ਅਤੇ ਸਬਜ਼ੀਆਂ ਜਿਵੇਂ ਕੱਦੂ, ਬੈਂਗਣ, ਪਾਲਕ, ਭਿੰਡੀ ਆਦਿ ਇਹ ਸਾਰੇ ਹੀ ਰੇਸ਼ੇਦਾਰ ਕਾਰਬ (ਕਾਰਬੋਹਾਈਡਰੇਟ) ਹਨ ਅਤੇ ਇਨ੍ਹਾਂ ਵਿਚ ਭਰਪੂਰ ਮਾਤਰਾ ਵਿਚ ਖੁਰਾਕੀ ਫਾਈਬਰ ਹੁੰਦਾ ਹੈ ਜੋ ਅੰਤੜੀਆਂ ਲਈ ਲਾਹੇਵੰਦ ਹੁੰਦਾ ਹੈ ਜੋ ਕਬਜ਼ ਤੋਂ ਬਚਾਅ ਕਰਦਾ ਹੈ। ਜੇ ਕਾਰਬ ਦੀ ਗੱਲ ਕਰੀਏ ਤਾਂ ਦਰਮਿਆਨੇ ਮਿੱਠੇ ਕਾਰਬ ਹੀ ਚੁਣੋ। ਇਹ ਕਾਰਬ ਸਿਰਫ਼ ਗੁਲੂਗੋਜ਼ ਦੇ ਨਹੀਂ ਬਣੇ ਹੁੰਦੇ, ਇਨ੍ਹਾਂ 'ਚ ਸਟਾਰਚ ਤੋਂ ਇਲਾਵਾ ਕੁੱਝ ਛੋਟੇ ਪੌਸ਼ਟਿਕ ਤੱਤ ਅਤੇ ਰੇਸ਼ੇ ਵੀ ਹੁੰਦੇ ਹਨ। ਜਿਸ ਕਰਕੇ ਇਹ ਸੰਘਣੇ ਮਿੱਠੇ ਕਾਰਬ ਦੇ ਮੁਕਾਬਲੇ ਹੌਲੀ ਹਜ਼ਮ ਹੁੰਦੇ ਹਨ, ਸਪਸ਼ੱਟ ਤੌਰ 'ਤੇ ਗੱਲ ਸਿੱਧੀ ਹੈ ਕਿ ਸੰਘਣੇ ਮਿੱਠੇ ਕਾਰਬ ਘੱਟ ਤੋਂ ਘੱਟ ਜਿਵੇਂ ਖੰਡ, ਗੁੜ, ਲੱਡੂ, ਮਠਿਆਈਆਂ, ਕੋਲਡ ਡਰਿੰਕ, ਡੱਬਾ ਬੰਦ ਜੂਸ ਅਤੇ ਦਰਮਿਆਨੇ ਮਿੱਠੇ ਕਾਰਬ ਲੋੜ ਅਨੁਸਾਰ ਜਿਵੇਂ ਦੁੱਧ, ਦਹੀਂ, ਮਲਾਈ, ਘਿਓ, ਮੀਟ, ਨਾਰੀਅਲ ਦਾ ਤੇਲ ਅਤੇ ਰੇਸ਼ੇਦਾਰ ਕਾਰਬ ਵੱਧ ਤੋਂ ਵੱਧ ਖਾਓ। ਇਸੇ ਤਰ੍ਹਾਂ ਹੀ ਵਿਟਾਮਿਨ ਅਤੇ ਮਿਨਰਲਜ਼ ਨੂੰ ਵੀ ਅਣਗੌਲਿਆ ਨਹੀਂ ਜਾ ਸਕਦਾ। ਇਸਦੇ ਖਣਿਜ ਪਦਾਰਥ ਦੀ ਮਾਤਰਾ ਭਾਵੇਂ ਥੋੜ੍ਹੀ ਹੀ ਹੁੰਦੀ ਹੈ ਪਰ ਸਰੀਰ ਵਾਸਤੇ ਇਹ ਲੋੜੀਂਦੀ ਹੈ। ਜਿਵੇਂ ਕਿ ਵਿਟਾਮਿਨ 'ਏ' ਅੱਖਾਂ ਵਾਸਤੇ ਬਹੁਤ ਲਾਭਦਾਇਕ ਹੁੰਦਾ ਹੈ। ਮੱਛੀ ਦਾ ਤੇਲ, ਅੰਡੇ, ਤਾਜ਼ੀਆਂ ਪੱਤੇਦਾਰ ਸਬਜ਼ੀਆਂ ਇਸਦੇ ਅਮੀਰ ਸਰੋਤ ਹਨ। ਵਿਟਾਮਿਨ 'ਬੀ' ਸਰੀਰ ਦੇ ਵਿਕਾਸ, ਸਿਹਤਮੰਦ ਚਮੜੀ, ਦਿਲ ਦੀਆਂ ਨਸਾਂ, ਦਿਮਾਗ ਅਤੇ ਗੈਸਟਰੋਇੰਟੇਸਟਾਈਨਲ ਟ੍ਰੇਕਟ ਦੇ ਕੰਮਕਾਜ ਵਿਚ ਸਹਾਇਕ ਹੈ। ਹਰੀਆਂ ਸਬਜ਼ੀਆਂ ਇਸ ਦੇ ਪ੍ਰਮੁੱਖ ਸਰੋਤ ਹਨ। ਵਿਟਾਮਿਨ 'ਸੀ' ਸਿਹਤਮੰਦ ਮਸੂੜ੍ਹੇ ਤੇ ਦੰਦ, ਚਮੜੀ ਵਾਸਤੇ ਅਤਿ ਉੱਤਮ ਹੈ। ਇਹ ਲਾਗ ਤੋਂ ਬਚਾਅ ਕਰਦਾ ਹੈ। ਖੱਟੇ ਫ਼ਲ, ਹਰੀ ਮਿਰਚ, ਬੰਦ ਗੋਭੀ, ਪਾਲਕ, ਮੇਥੀ, ਚਿਲਾਈ, ਆਂਵਲਾ, ਅਮਰੂਦ ਇਨ੍ਹਾਂ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ 'ਸੀ' ਪਾਇਆ ਜਾਂਦਾ ਹੈ। ਮਜ਼ਬੂਤ ਹੱਡੀਆਂ ਤੇ ਸਿਹਤਮੰਦ ਦੰਦਾਂ ਦੇ ਨਿਰਮਾਣ ਲਈ ਵਿਟਾਮਿਨ 'ਡੀ' ਸਹਾਇਕ ਹੈ ਅਤੇ ਇਹ ਕੈਲਸ਼ੀਅਮ ਦੀ ਸਹੀ ਸਪਲਾਈ ਲਈ ਮਹੱਤਵਪੂਰਨ ਹੈ। ਜਿਵੇਂ ਸਾਗ, ਅਨਾਜ, ਸੋਇਆਬੀਨ, ਮੂੰਗਫਲੀ, ਨਾਰੀਅਲ ਇਸਦੇ ਸਰੋਤ ਹਨ। ਪ੍ਰਜਨਲ ਪ੍ਰਣਾਲੀ ਦੇ ਸਿਹਤਮੰਦ ਕੰਮਕਾਜ ਵਾਸਤੇ ਵਿਟਾਮਿਨ 'ਈ' ਸਹਾਇਕ ਹੈ। ਜਿਵੇਂ ਮੱਛੀ, ਅੰਡੇ ਦਾ ਪੀਲਾ ਹਿੱਸਾ, ਦੁੱਧ, ਘਿਓ, ਮੱਖਣ ਆਦਿ। ਇਸੇ ਤਰ੍ਹਾਂ ਵਿਟਾਮਿਨ 'ਕੇ' ਸਾਡੇ ਸਰੀਰ ਦੇ ਖ਼ੂਨ ਨੂੰ ਜੰਮਣ ਤੇ ਸੱਟ ਅਤੇ ਜ਼ਖਮ ਹੋਣ 'ਤੇ ਸਰੀਰ ਚੋਂ ਖ਼ੂਨ ਦੀ ਕਮੀ ਤੋਂ ਬਚਾਉਂਦਾ ਹੈ। ਹਰੀਆਂ ਸਬਜ਼ੀਆਂ ਇਸ ਦੇ ਪ੍ਰਮੁੱਖ ਸਰੋਤ ਹਨ। ਆਇਰਨ ਅਤੇ ਆਇਉਡੀਨ ਵੀ ਸਾਡੇ ਸਰੀਰ ਵਿਚ ਬਹੁਤ ਲੋੜੀਂਦੇ ਤੱਤ ਹਨ। ਦੰਦਾਂ ਨੂੰ ਬਚਾਉਣ ਅਤੇ ਹੱਡੀਆਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਦੀ ਵੀ ਅਹਿਮ ਭੂਮਿਕਾ ਹੈ। ਜਿਵੇਂ ਟੋਫੋ, ਪਾਲਕ, ਬਰੋਕਲੀ, ਤਿਲ, ਬਦਾਮ, ਚਿਲਾਈ, ਰਾਗੀ ਇਸ ਦੇ ਸਰੋਤ ਹਨ। ਇਸ ਲਈ ਸਾਨੂੰ ਸੰਤੁਲਿਤ ਖ਼ੁਰਾਕ ਦੇ ਨਾਲ-ਨਾਲ ਕਸਰਤ ਨੂੰ ਵੀ ਰੋਜ਼ਾਨਾ ਤਰਜੀਹ ਦੇਣੀ ਹੋਵੇਗੀ, ਤਾਂ ਜੋ ਸਰੀਰ ਨੂੰ ਤਰੋਤਾਜ਼ਾ ਅਤੇ ਪਾਚਣ ਕਿਰਿਆ ਨੂੰ ਸਿਹਤਮੰਦ ਰੱਖਿਆ ਜਾ ਸਕੇ।
-ਡੈਂਟਿਸ, ਨਿਊਟਰੀਇਸ਼ਨੀਸ਼ਟ ਤੇ ਲਾਈਫ ਸਟਾਈਲ ਪ੍ਰਮੋਟਰ।
ਮੋਬਾਈਲ : 94172-91824