ਚੌਧਰੀ ਦੇਵੀ ਲਾਲ ਦੇ ਜਨਮ ਦਿਨ 'ਤੇ 25 ਸਤੰਬਰ ਨੂੰ ਇਨੈਲੋ ਵਲੋਂ ਰੋਹਤਕ ਵਿਚ ਇਕ ਸੂਬਾ ਪੱਧਰੀ ਸਨਮਾਨ ਰੈਲੀ ਕੀਤੀ ਜਾ ਰਹੀ ਹੈ। ਸੂਬੇ ਭਰ ਦੇ ਲੋਕਾਂ ਦੀਆਂ ਨਜ਼ਰਾਂ ਇਸ ਰੈਲੀ 'ਤੇ ਲੱਗੀਆਂ ਹੋਈਆਂ ਹਨ। ਇਸ ਰੈਲੀ ਦਾ ਮਹੱਤਵ ਇਸ ਲਈ ਵੀ ਵਧ ਜਾਂਦਾ ਹੈ ਕਿਉਂਕਿ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਦਿਹਾਂਤ ਤੋਂ ਬਾਅਦ ਇਨੈਲੋ ਵਲੋਂ ਇਹ ਪਹਿਲੀ ਰੈਲੀ ਕੀਤੀ ਜਾ ਰਹੀ ਹੈ। ਇਨੈਲੋ ਨੇ ਇਸ ਰੈਲੀ ਲਈ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ ਦੇ ਗ੍ਰਹਿ ਖੇਤਰ ਰੋਹਤਕ ਨੂੰ ਚੁਣਿਆ ਹੈ। ਹੁੱਡਾ ਦਾ ਬੇਟਾ ਦੀਪੇਂਦਰ ਹੁੱਡਾ ਰੋਹਤਕ ਤੋਂ ਸੰਸਦ ਮੈਂਬਰ ਹੈ ਅਤੇ ਹੁੱਡਾ ਖ਼ੁਦ ਇਸੇ ਸੰਸਦੀ ਖੇਤਰ ਦੀ ਕਿਲੋਈ ਸੀਟ ਤੋਂ ਵਿਧਾਇਕ ਹਨ। ਦਰਅਸਲ ਇਨੈਲੋ ਰੋਹਤਕ ਰੈਲੀ ਜ਼ਰੀਏ ਸਿਰਫ਼ ਆਪਣੀ ਗੁਆਚੀ ਹੋਈ ਰਾਜਨੀਤਕ ਜ਼ਮੀਨ ਹੀ ਵਾਪਸ ਨਹੀਂ ਪਾਉਣਾ ਚਾਹੁੰਦੀ, ਸਗੋਂ ਹੁੱਡਾ ਨੂੰ ਉਨ੍ਹਾਂ ਦੇ ਗੜ੍ਹ ਮੰਨੇ ਜਾਂਦੇ ਰੋਹਤਕ ਵਿਚ ਜਾ ਕੇ ਚੁਣੌਤੀ ਵੀ ਦੇਣਾ ਚਾਹੁੰਦੀ ਹੈ। ਰੋਹਤਕ ਨੂੰ ਹਰਿਆਣਾ ਦੀ 'ਸਿਆਸੀ ਰਾਜਧਾਨੀ' ਵੀ ਮੰਨਿਆ ਜਾਂਦਾ ਰਿਹਾ ਹੈ।
ਹੋਂਦ ਲਈ ਸੰਘਰਸ਼ ਕਰ ਰਹੀ ਹੈ ਇਨੈਲੋ
ਇਨੈਲੋ ਪਿਛਲੇ ਕਾਫ਼ੀ ਸਮੇਂ ਤੋਂ ਸੂਬੇ ਦੀ ਸੱਤਾ ਤੋਂ ਬਾਹਰ ਹੈ ਅਤੇ ਆਪਣੀ ਹੋਂਦ ਦੇ ਲਈ ਸੰਘਰਸ਼ ਕਰ ਰਹੀ ਹੈ। ਚੌਧਰੀ ਦੇਵੀ ਲਾਲ ਤੇ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੀ ਇਹ ਪਾਰਟੀ ਲੰਬੇ ਸਮੇਂ ਤੱਕ ਸੂਬੇ ਦੀ ਸੱਤਾ ਵਿਚ ਰਹੀ ਹੈ ਜਾਂ ਮੁੱਖ ਵਿਰੋਧੀ ਪਾਰਟੀ ਦੀ ਭੂਮਿਕਾ ਨਿਭਾਉਂਦੀ ਰਹੀ ਹੈ। 2005 ਵਿਚ ਸੱਤਾ ਤੋਂ ਬਾਹਰ ਹੋਈ ਇਨੈਲੋ 2019 ਤੱਕ ਸੂਬੇ ਵਿਚ ਮੁੱਖ ਵਿਰੋਧੀ ਪਾਰਟੀ ਰਹੀ ਹੈ। ਦਰਅਸਲ 2013 ਵਿਚ ਪਾਰਟੀ ਮੁਖੀ ਓਮ ਪ੍ਰਕਾਸ਼ ਚੌਟਾਲਾ ਤੇ ਉਨ੍ਹਾਂ ਦੇ ਬੇਟੇ ਡਾ. ਅਜੇ ਚੌਟਾਲਾ ਨੂੰ ਜੇ.ਬੀ.ਟੀ. ਭਰਤੀ ਮਾਮਲੇ ਵਿਚ ਸੀ.ਬੀ.ਆਈ. ਅਦਾਲਤ ਵਲੋਂ 10-10 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਜੇਲ੍ਹ ਚਲੇ ਜਾਣ ਕਾਰਨ ਪਾਰਟੀ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਨੇ 2005 ਵਿਚ ਭਾਰੀ ਬਹੁਮਤ ਨਾਲ ਇਨੈਲੋ ਨੂੰ ਹਰਾ ਕੇ ਭੁਪਿੰਦਰ ਸਿੰਘ ਹੁੱਡਾ ਨੂੰ ਆਪਣਾ ਮੁੱਖ ਮੰਤਰੀ ਬਣਾਇਆ ਸੀ, ਫਿਰ 2009 ਵਿਚ ਕਾਂਗਰਸ ਦੇ 40 ਤੇ ਇਨੈਲੋ ਦੇ 31 ਵਿਧਾਇਕ ਚੁਣੇ ਗਏ ਪਰ ਕਾਂਗਰਸ ਨੇ ਹੁੱਡਾ ਦੀ ਅਗਵਾਈ ਵਿਚ ਆਜ਼ਾਦ ਤੇ 'ਹਜਕਾ' ਵਿਧਾਇਕਾਂ ਦੇ ਸਮਰਥਨ ਨਾਲ ਸਰਕਾਰ ਬਣਾ ਲਈ ਸੀ। 2014 ਦੀਆਂ ਲੋਕ ਸਭਾ ਚੋਣਾਂ ਬਾਅਦ ਹੋਈਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 47 ਸੀਟਾਂ ਜਿੱਤ ਕੇ ਪੂਰਨ ਬਹੁਮਤ ਨਾਲ ਆਪਣੀ ਸਰਕਾਰ ਬਣਾਈ ਤਾਂ 19 ਸੀਟਾਂ ਨਾਲ ਇਨੈਲੋ ਮੁੱਖ ਵਿਰੋਧੀ ਪਾਰਟੀ ਸੀ।
ਦੇਵੀ ਲਾਲ ਪਰਿਵਾਰ ਵਿਚ ਟੁੱਟ-ਭੱਜ
ਚੌਧਰੀ ਦੇਵੀ ਲਾਲ ਦੇ ਪਰਿਵਾਰ ਦਾ 2018 ਵਿਚ ਬਟਵਾਰਾ ਹੋ ਗਿਆ, ਜਦੋਂ ਗੋਹਾਨਾ ਰੈਲੀ ਦੌਰਾਨ ਹੋਈ ਨਾਅਰੇਬਾਜ਼ੀ ਤੋਂ ਨਾਰਾਜ਼ ਹੋ ਕੇ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੇ ਆਪਣੇ ਵੱਡੇ ਬੇਟੇ ਡਾ. ਅਜੇ ਚੌਟਾਲਾ ਤੇ ਪੋਤਿਆਂ- ਦੁਸ਼ਿਅੰਤ ਚੌਟਾਲਾ ਤੇ ਦਿਗਵਿਜੈ ਚੌਟਾਲਾ ਨੂੰ ਪਾਰਟੀ 'ਚੋਂ ਕੱਢ ਦਿੱਤਾ। ਇਸ ਨਾਲ ਇਨੈਲੋ ਵਿਚ ਟੁੱਟ-ਭੱਜ ਸ਼ੁਰੂ ਹੋ ਗਈ ਅਤੇ 2019 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਕਈ ਵਿਧਾਇਕ, ਸਾਬਕਾ ਮੰਤਰੀ ਤੇ ਕਈ ਵੱਡੇ ਨੇਤਾ ਪਾਰਟੀ ਛੱਡ ਗਏ, ਜਿਨ੍ਹਾਂ 'ਚੋਂ ਕੁਝ ਕਾਂਗਰਸ ਤੇ ਭਾਜਪਾ ਵਿਚ ਚਲੇ ਗਏ। ਇਨੈਲੋ 'ਚੋਂ ਕੱਢੇ ਜਾਣ ਦੇ ਬਾਅਦ ਡਾ. ਅਜੇ ਚੌਟਾਲਾ ਤੇ ਦੁਸ਼ਿਅੰਤ ਚੌਟਾਲਾ ਨੇ ਜਨਨਾਇਕ ਜਨਤਾ ਪਾਰਟੀ (ਜਜਪਾ) ਬਣਾ ਲਈ ਸੀ। ਜੇਕਰ ਇਸ ਸਿਆਸੀ ਪਰਿਵਾਰ ਵਿਚ ਟੁੱਟ-ਭੱਜ ਨਾ ਹੋਈ ਹੁੰਦੀ ਤਾਂ ਹਰ ਕੋਈ 2019 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਨੈਲੋ ਦੀ ਜਿੱਤ ਨੂੰ ਯਕੀਨੀ ਮੰਨ ਰਿਹਾ ਸੀ ਕਿਉਂਕਿ ਪਾਰਟੀ ਨੇ ਹਰਿਆਣਾ ਵਿਚ ਬਸਪਾ ਨਾਲ ਗੱਠਜੋੜ ਕੀਤਾ ਹੋਇਆ ਸੀ।
ਭਾਜਪਾ ਸਰਕਾਰ ਨੂੰ ਸਹਿਯੋਗ
2019 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 40, ਕਾਂਗਰਸ ਨੇ 31, ਜਜਪਾ ਨੇ 10, ਇਨੈਲੋ ਨੇ 1 ਅਤੇ ਗੋਪਾਲ ਕਾਂਡਾ ਦੀ ਪਾਰਟੀ ਨੇ 1 ਅਤੇ 7 ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ। ਭਾਜਪਾ ਨੇ ਜਜਪਾ ਦੇ ਸਹਿਯੋਗ ਨਾਲ ਸਰਕਾਰ ਬਣਾਈ ਅਤੇ ਦੁਸ਼ਿਅੰਤ ਚੌਟਾਲਾ ਨੂੰ ਉਪ ਮੁੱਖ ਮੰਤਰੀ ਬਣਾਉਣ ਤੋਂ ਇਲਾਵਾ ਜਜਪਾ ਦੇ 2 ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ। ਇਨੈਲੋ ਦੇ ਅਭੈ ਸਿੰਘ ਚੌਟਾਲਾ ਐਲਨਾਬਾਦ ਤੋਂ ਚੋਣ ਜਿੱਤਣ ਵਾਲੇ ਇਕਲੌਤੇ ਵਿਧਾਇਕ ਸਨ। ਉਨ੍ਹਾਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਦਾ ਵਿਰੋਧ ਕਰਦਿਆਂ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ।
ਅਭੈ ਚੌਟਾਲਾ ਦਾ ਅਸਤੀਫ਼ਾ
ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆਂ ਅਭੈ ਚੌਟਾਲਾ ਨੇ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਉਹ ਪੂਰੇ ਦੇਸ਼ ਵਿਚ ਖੇਤੀ ਬਿੱਲਾਂ ਦੇ ਵਿਰੋਧ ਵਿਚ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਇਕਲੌਤੇ ਵਿਧਾਇਕ ਸਨ। ਕੁਝ ਸਮੇਂ ਬਾਅਦ ਐਲਨਾਬਾਦ ਸੀਟ ਲਈ ਹੋਈ ਉਪ-ਚੋਣ ਵਿਚ ਉਨ੍ਹਾਂ ਖੇਤੀ ਬਿੱਲਾਂ ਦੇ ਮੁੱਦੇ 'ਤੇ ਹੀ ਚੋਣ ਲੜੀ ਅਤੇ ਫਿਰ ਜਿੱਤ ਪ੍ਰਾਪਤ ਕੀਤੀ। ਇਸ ਵਾਰ 2024 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਨੈਲੋ ਵਲੋਂ ਅਭੈ ਚੌਟਾਲਾ ਦਾ ਬੇਟਾ ਅਰਜੁਨ ਚੌਟਾਲਾ ਰਾਣੀਆਂ ਅਤੇ ਚਚੇਰਾ ਭਰਾ ਆਦਿੱਤਿਆ ਦੇਵੀ ਲਾਲ ਡੱਬਵਾਲੀ ਤੋਂ ਵਿਧਾਇਕ ਚੁਣੇ ਗਏ ਹਨ, ਹਾਲਾਂਕਿ ਅਭੈ ਚੌਟਾਲਾ ਖ਼ੁਦ ਐਲਨਾਬਾਦ ਸੀਟ ਤੋਂ ਚੋਣ ਹਾਰ ਗਏ ਸਨ।
ਚੌਟਾਲਾ ਦੇ ਦਿਹਾਂਤ ਬਾਅਦ ਪਹਿਲੀ ਰੈਲੀ
ਸਾਬਕਾ ਮੁੱਖ ਮੰਤਰੀ ਤੇ ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਦਾ ਦਿਹਾਂਤ ਲਗਭਗ 10 ਮਹੀਨੇ ਪਹਿਲਾਂ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਛੋਟੇ ਬੇਟੇ ਅਭੈ ਚੌਟਾਲਾ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੰਭਾਲੀ ਹੈ। ਹੁਣ ਅਭੈ ਚੌਟਾਲਾ ਸਾਹਮਣੇ ਪਾਰਟੀ ਨੂੰ ਮੁੜ ਤੋਂ ਸੂਬੇ ਦੀ ਰਾਜਨੀਤੀ ਵਿਚ ਖੜ੍ਹਾ ਕਰਨ ਦੀ ਵੱਡੀ ਚੁਣੌਤੀ ਹੈ। ਜਿਸ ਲਈ ਅਭੈ ਚੌਟਾਲਾ ਨੇ ਭੁਪਿੰਦਰ ਸਿੰਘ ਹੁੱਡਾ ਦੇ ਗੜ੍ਹ ਰੋਹਤਕ ਵਿਚ ਚੌਧਰੀ ਦੇਵੀ ਲਾਲ ਦੇ ਜਨਮ ਦਿਨ ਮੌਕੇ 'ਸਨਮਾਨ ਦਿਵਸ ਰੈਲੀ' ਕਰਨ ਦਾ ਫ਼ੈਸਲਾ ਕੀਤਾ ਹੈ। ਇਨੈਲੋ ਵਿਚ ਟੁੱਟ-ਭੱਜ ਹੋਣ ਤੋਂ ਪਹਿਲਾਂ ਪਾਰਟੀ ਕੋਲ ਸਮਰਪਿਤ ਵਰਕਰਾਂ ਦਾ ਇਕ ਵੱਡਾ ਸੰਗਠਨ ਹੁੰਦਾ ਸੀ, ਜੋ ਕਿਤੇ ਵੀ ਵੱਡੀ ਤੋਂ ਵੱਡੀ ਰੈਲੀ ਕਰਨ ਦੇ ਸਮਰੱਥ ਹੁੰਦੇ ਸਨ। ਹੁਣ ਵੇਖਣਾ ਹੋਵੇਗਾ ਕਿ ਇਨੈਲੋ ਇਸ ਰੈਲੀ ਦੌਰਾਨ ਕਿੰਨਾ ਕੁ ਵੱਡਾ ਇੱਕਠ ਕਰਨ ਵਿਚ ਕਾਮਯਾਬ ਹੁੰਦੀ ਹੈ।
ਹੁੱਡਾ ਵਿਰੋਧੀਆਂ ਦੇ ਨਿਸ਼ਾਨੇ 'ਤੇ
2024 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੂਰੇ ਸੂਬੇ ਵਿਚ ਮੰਨਿਆ ਜਾ ਰਿਹਾ ਸੀ ਕਿ ਇਸ ਵਾਰ ਚੋਣਾਂ ਦੀ ਹਵਾ ਕਾਂਗਰਸ ਦੇ ਪੱਖ ਵਿਚ ਹੈ ਅਤੇ ਉਹ ਭਾਜਪਾ ਨੂੰ ਹਰਾ ਕੇ ਸਰਕਾਰ ਬਣਾ ਸਕਦੀ ਹੈ। ਕਾਂਗਰਸ ਦੀਆਂ ਜ਼ਿਆਦਾਤਰ ਟਿਕਟਾਂ ਵੀ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਸਿਫਾਰਸ਼ 'ਤੇ ਹੀ ਦਿੱਤੀਆਂ ਗਈਆਂ ਸਨ, ਪਰ ਚੋਣ ਨਤੀਜੇ ਆਉਣ 'ਤੇ ਹੁੱਡਾ ਦੇ ਵਿਰੋਧੀਆਂ ਨੇ ਉਨ੍ਹਾਂ ਦੀ ਕਰੜੀ ਆਲੋਚਨਾ ਕਰਦਿਆਂ ਇੱਥੋਂ ਤੱਕ ਕਿਹਾ ਕਿ ਹੁੱਡਾ ਦੀਆਂ ਗ਼ਲਤੀਆਂ ਕਾਰਨ ਸੂਬੇ ਵਿਚ ਕਾਂਗਰਸ ਦੀ ਬਜਾਏ ਲਗਾਤਾਰ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੀ ਹੈ। ਇਨੈਲੋ ਮੁਖੀ ਅਭੈ ਚੌਟਾਲਾ ਵੀ ਪਿਛਲੇ ਕਈ ਮਹੀਨਿਆਂ ਤੋਂ ਦੋਸ਼ ਲਗਾ ਰਹੇ ਹਨ ਕਿ ਹਰਿਆਣਾ ਵਿਚ ਭਾਜਪਾ ਸਰਕਾਰ ਬਣਵਾਉਣ ਵਿਚ ਪੂਰੀ ਤਰ੍ਹਾਂ ਨਾਲ ਹੁੱਡਾ ਦਾ ਹੱਥ ਹੈ। ਹੁਣ ਰੋਹਤਕ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਅਭੈ ਚੌਟਾਲਾ ਸਮੇਤ ਪਾਰਟੀ ਦੇ ਕਈ ਆਗੂਆਂ ਵਲੋਂ ਰੋਹਤਕ ਤੇ ਝੱਜਰ ਜ਼ਿਲ੍ਹਿਆਂ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਵਿਚ ਕੀਤੀਆਂ ਬੈਠਕਾਂ ਦੌਰਾਨ ਬਹੁਤ ਸਾਰੇ ਕਾਂਗਰਸ ਸਮਰਥਕ ਇਨੈਲੋ ਵਿਚ ਵੀ ਸ਼ਾਮਿਲ ਹੋਏ ਹਨ। ਸਭ ਦੀਆਂ ਨਜ਼ਰਾਂ ਅੱਜ (25 ਸਤੰਬਰ) ਨੂੰ ਹੋਣ ਵਾਲੀ ਇਨੈਲੋ ਦੀ ਰੈਲੀ 'ਤੇ ਲੱਗੀਆਂ ਹੋਈਆਂ ਹਨ, ਜਿਸ ਦੀ ਕਾਮਯਾਬੀ ਹੀ ਅਭੈ ਚੌਟਾਲਾ ਦਾ ਸਿਆਸੀ ਭਵਿੱਖ ਤੈਅ ਕਰੇਗੀ।
-ਵਿਸ਼ੇਸ਼ ਪ੍ਰਤੀਨਿਧੀ
ਮੋ.- 98554-65946
ਈ-ਮੇਲ : ramsinghbrar@gmail.com