ਕਿਸਾਨ ਮੇਲੇ 'ਤੇ ਵਿਸ਼ੇਸ਼
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (ਪੀ.ਏ.ਯੂ.) ਦਾ ਫ਼ਸਲ ਵਿਕਾਸ ਪ੍ਰੋਗਰਾਮ ਰਵਾਇਤੀ ਬ੍ਰੀਡਿੰਗ ਅਤੇ ਬਾਇਓਤਕਨਾਲੋਜੀਕਲ ਵਿਧੀਆਂ ਦਾ ਬਹੁਤ ਚੰਗਾ ਸੁਮੇਲ ਹੈ। ਇਸ ਦਾ ਮੁੱਖ ਉਦੇਸ਼ ਖੇਤੀ ਅਤੇ ਬਾਗਬਾਨੀ ਫ਼ਸਲਾਂ ਦਾ ਝਾੜ ਵਧਾਉਣਾ ਅਤੇ ਵੱਖ-ਵੱਖ ਜੈਵਿਕ-ਅਜੈਵਿਕ ਦਬਾਵਾਂ ਨੂੰ ਸਹਿਣ ਕਰਨ ਯੋਗ ਕਿਸਮਾਂ ਪੈਦਾ ਕਰਨ ਦੇ ਨਾਲ-ਨਾਲ ਪੋਸ਼ਣ ਪੱਖੋਂ ਗੁਣਵੱਤਾ ਵਿਚ ਵਾਧਾ ਤੇ ਸਥਿਰ ਖੇਤੀ ਪ੍ਰੋਸੈਸਿੰਗ ਦਾ ਮਾਹੌਲ ਉਪਜਾਉਣਾ ਹੈ। ਹੁਣ ਤੱਕ ਯੂਨੀਵਰਸਿਟੀ ਨੇ 971 ਫ਼ਸਲਾਂ ਅਤੇ ਬਾਗਬਾਨੀ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਹਨ, ਜਿਨ੍ਹਾਂ ਵਿਚ 254 ਰਾਸ਼ਟਰੀ ਪੱਧਰ 'ਤੇ ਕਾਸ਼ਤ ਲਈ ਪ੍ਰਵਾਨ ਹੋਈਆਂ ਹਨ। ਇਹ ਪੀ.ਏ.ਯੂ. ਦੀ ਖੇਤੀ ਖੋਜ ਦੀ ਸਿਰਮੌਰਤਾ ਦਾ ਪ੍ਰਮਾਣ ਹੈ। ਯੂਨੀਵਰਸਿਟੀ ਨੂੰ ਮਾਣ ਹੈ ਕਿ ਕਿਸਾਨਾਂ ਅਤੇ ਵਿਗਿਆਨੀਆਂ ਵਿਚਾਲੇ ਮਜ਼ਬੂਤ ਰਿਸ਼ਤਾ ਜੋੜਨ ਲਈ ਮੁਲਕ ਵਿਚ ਸਭ ਤੋਂ ਪਹਿਲਾਂ ਕਿਸਾਨ ਮੇਲੇ ਆਯੋਜਿਤ ਕਰਨ ਦੀ ਪਿਰਤ 1967 ਵਿਚ ਪਈ। ਉਸ ਤੋਂ ਬਾਅਦ ਲਗਾਤਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਹੜੇ ਅਤੇ ਖੇਤਰੀ ਖੋਜ ਕੇਂਦਰਾਂ ਵਿਚ ਕਿਸਾਨ ਮੇਲੇ ਕਰਵਾਏ ਜਾਂਦੇ ਆ ਰਹੇ ਹਨ। ਇਨ੍ਹਾਂ ਮੇਲਿਆਂ ਵਿਚ ਪੰਜਾਬ ਤੋਂ ਇਲਾਵਾ ਗੁਆਂਢੀ ਸੂਬਿਆਂ ਦੇ ਕਿਸਾਨ ਵੀ ਲੱਖਾਂ ਦੀ ਗਿਣਤੀ ਦੇ ਵਿਚ ਹਿੱਸਾ ਲੈਂਦੇ ਹਨ।
ਨਤੀਜਾ ਇਹ ਹੈ ਕਿ ਇਨ੍ਹਾਂ ਮੇਲਿਆਂ ਨੇ ਪੰਜਾਬ ਦੀ ਕਿਸਾਨੀ ਦੀ ਪੁਨਰ ਸੁਰਜੀਤੀ ਵਿਚ ਇਤਿਹਾਸਕ ਯੋਗਦਾਨ ਪਾਇਆ ਹੈ। ਪੰਜਾਬ ਨੂੰ ਖੇਤੀ ਪੱਖੋਂ ਖਿੱਤੇ ਦਾ ਮੋਹਰੀ ਸੂਬਾ ਬਣਾਉਣ ਵਿਚ ਕਿਸਾਨ ਮੇਲਿਆਂ 'ਚੋਂ ਮਿਲੀ ਚੇਤਨਾ ਦਾ ਅਹਿਮ ਹਿੱਸਾ ਹੈ। ਹਰੀ ਕ੍ਰਾਂਤੀ ਅਤੇ ਇਸ ਤੋਂ ਬਾਅਦ ਨਵੀਆਂ ਤਕਨਾਲੋਜੀਆਂ ਦੇ ਵਿਕਾਸ ਦੇ ਨਾਲ-ਨਾਲ ਰਾਜ ਦੀਆਂ ਨੀਤੀਆਂ, ਕਿਸਾਨਾਂ ਦੀ ਅਣਥੱਕ ਮਿਹਨਤ ਅਤੇ ਪਸਾਰ ਸੇਵਾਵਾਂ ਨੇ ਖੇਤੀ ਪੈਦਾਵਾਰ ਤੇ ਉਤਪਾਦਕਤਾ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਕੋਵਿਡ ਦੌਰਾਨ ਜਦੋਂ ਸਾਰੀ ਦੁਨੀਆ ਆਪਣੇ ਕਾਰਜ ਤਿਆਗ ਕੇ ਆਪਣੀ ਹੋਂਦ ਦੇ ਬਚਾਅ ਲਈ ਜੂਝ ਰਹੀ ਸੀ ਤਾਂ ਯੂਨੀਵਰਸਿਟੀ ਦੇ ਮਾਹਿਰਾਂ ਨੇ ਆਨਲਾਈਨ ਮੇਲੇ ਲਗਾਉਣ ਦਾ ਵੀ ਪ੍ਰਬੰਧ ਕੀਤਾ ਸੀ। ਇਨ੍ਹਾਂ ਵਿਚ ਸ਼ਾਮਿਲ ਹੋਣ ਵਾਲੇ ਕਿਸਾਨਾਂ ਦੀ ਵੀ ਖ਼ਾਸੀ ਗਿਣਤੀ ਸੀ। ਦੇਖਾ-ਦੇਖੀ ਦੇਸ਼ ਦੀਆਂ ਹੋਰ ਖੇਤੀ ਯੂਨੀਵਰਸਿਟੀਆਂ ਨੇ ਵੀ ਇਹੀ ਤਰੀਕਾ ਅਪਣਾਇਆ। ਯੂਨੀਵਰਸਿਟੀ ਹਰ ਸਾਲ ਰਾਜ ਦੇ ਖੇਤਰੀ ਖੋਜ ਕੇਂਦਰਾਂ ਗੁਰਦਾਸਪੁਰ, ਅੰਮ੍ਰਿਤਸਰ, ਪਟਿਆਲਾ, ਬਠਿੰਡਾ, ਫ਼ਰੀਦਕੋਟ, ਬੱਲੋਵਾਲ ਸੌਂਖੜੀ ਅਤੇ ਲੁਧਿਆਣਾ ਕੈਂਪਸ ਵਿਚ ਕਿਸਾਨ ਮੇਲੇ ਆਯੋਜਿਤ ਕਰਦੀ ਰਹੀ ਹੈ ਅਤੇ ਖੇਤੀ ਤੇ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਵੀਆਂ ਤਕਨਾਲੋਜੀਆਂ/ਕਾਰਜ ਵਿਧੀਆਂ ਦਾ ਪ੍ਰਦਰਸ਼ਨ ਇਨ੍ਹਾਂ ਮੇਲਿਆਂ ਦੌਰਾਨ ਕੀਤਾ ਜਾਂਦਾ ਹੈ। ਇਹ ਮੇਲਾ ਕਿਸਾਨਾਂ ਤੇ ਵਿਗਿਆਨੀਆਂ ਵਿਚਾਲੇ ਅੰਤਰ-ਸੰਵਾਦ ਲਈ ਇਕ ਵੱਡਾ ਮੌਕਾ ਹੁੰਦਾ ਹੈ। ਵਿਗਿਆਨੀ ਇੱਥੇ ਕਿਸਾਨਾਂ ਤੋਂ ਸੁਝਾਅ ਪ੍ਰਾਪਤ ਕਰਦੇ ਹਨ ਕਿ ਨਵੀਆਂ ਵਿਕਸਿਤ ਤਕਨਾਲੋਜੀਆਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੀ ਅਤੇ ਹੁਣ ਉਨ੍ਹਾਂ ਕਿਸਾਨਾਂ ਦੀਆਂ ਖੇਤੀ ਬਾਰੇ ਲੋੜਾਂ ਕਿਹੋ ਜਿਹੀਆਂ ਹਨ। ਕਿਸਾਨਾਂ ਦੇ ਸਾਹਮਣੇ ਆ ਰਹੀਆਂ ਨਵੀਆਂ ਖੇਤੀ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਵਿਗਿਆਨੀ ਆਪਣੇ ਖੋਜ ਕਾਰਜਾਂ ਨੂੰ ਸੇਧ ਦਿੰਦੇ ਹਨ? ਇੱਥੇ ਹੀ ਵਿਗਿਆਨੀ, ਪ੍ਰਸ਼ਨ-ਉੱਤਰ ਸੈਸ਼ਨ ਵਿਚ ਕਿਸਾਨਾਂ ਦੇ ਖੇਤੀ ਅਤੇ ਸਹਾਇਕ ਧੰਦਿਆਂ ਸੰਬੰਧੀ ਪ੍ਰਸ਼ਨਾਂ ਦੇ ਜਵਾਬ ਦਿੰਦੇ ਹਨ। ਇਹ ਕਿਸਾਨ ਇੱਥੋਂ ਯੂਨੀਵਰਸਿਟੀ ਵਲੋਂ ਸਿਫ਼ਾਰਸ਼ ਕੀਤੇ ਸੁਧਰੇ ਅਤੇ ਨਵੇਂ ਬੀਜ, ਸਬਜ਼ੀ ਦੀਆਂ ਕਿੱਟਾਂ, ਫ਼ਲਾਂ ਦੇ ਬੂਟੇ, ਖੇਤੀ ਸਾਹਿਤ ਅਤੇ ਬਾਇਓ ਖਾਦਾਂ ਖਰੀਦ ਕੇ ਲਿਜਾਂਦੇ ਹਨ। ਇਸ ਮੇਲੇ ਦਾ ਇਕ ਹੋਰ ਉੱਭਰਵਾਂ ਪੱਖ ਇੱਥੇ ਲਾਈ ਜਾਂਦੀ ਖੇਤੀ ਉਦਯੋਗ ਦੀ ਵੱਡੀ ਪ੍ਰਦਰਸ਼ਨੀ ਹੁੰਦੀ ਹੈ, ਜਿਸ ਵਿਚ ਪ੍ਰਾਈਵੇਟ ਸੈਕਟਰ ਵਲੋਂ ਨਵੀਂ ਖੇਤ ਮਸ਼ੀਨਰੀ, ਸੰਦ ਅਤੇ ਹੋਰ ਵਸਤਾਂ ਕਿਸਾਨਾਂ ਨੂੰ ਵਿਖਾਈਆਂ ਜਾਂਦੀਆਂ ਹਨ। ਇਨ੍ਹਾਂ ਮੇਲਿਆਂ ਦੌਰਾਨ ਹਰ ਖੇਤਰ ਵਿਚ ਨਵੀਆਂ ਪੁਲਾਂਘਾਂ ਪੁੱਟਣ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਿਤ ਵੀ ਕੀਤਾ ਜਾਂਦਾ ਹੈ, ਤਾਂ ਜੋ ਉਹ ਹੋਰ ਕਿਸਾਨਾਂ ਲਈ ਪ੍ਰੇਰਨਾ ਸਰੋਤ ਸਾਬਿਤ ਹੋ ਸਕਣ। ਇਨ੍ਹਾਂ ਇਨਾਮਾਂ ਨਾਲ ਖੇਤੀ ਵਿਭਿੰਨਤਾ ਲਈ ਯਤਨ ਕਰਨ ਵਾਲੇ ਕਿਸਾਨਾਂ, ਛੋਟੀ ਕਿਸਾਨੀ 'ਚੋਂ ਆਮਦਨ ਦੇ ਸਾਧਨ ਲੱਭਣ ਵਾਲੇ ਕਿਸਾਨਾਂ, ਪਰਿਵਾਰ ਦੀ ਆਮਦਨ ਲਈ ਨਵੇਂ ਉੱਦਮ ਲੱਭਣ ਵਾਲੀਆਂ ਕਿਸਾਨ ਬੀਬੀਆਂ ਦੇ ਨਾਲ-ਨਾਲ ਆਪਣੇ ਪਿੰਡ ਦੇ ਛੱਪੜਾਂ ਨੂੰ ਸਾਫ਼ ਕਰਕੇ ਵਾਤਾਵਰਨ ਦੀ ਸੰਭਾਲ ਕਰਨ ਵਾਲੀਆਂ ਪੰਚਾਇਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਕਿਸਾਨਾਂ ਨੂੰ ਹਰ ਲਿਹਾਜ਼ ਨਾਲ ਇਨ੍ਹਾਂ ਮੇਲਿਆਂ ਦਾ ਹਿੱਸਾ ਬਣ ਕੇ ਆਪਣੀ ਖੇਤੀ ਨੂੰ ਵਿਗਿਆਨਕ ਲੀਹਾਂ 'ਤੇ ਤੋਰਨ ਦੀ ਲੋੜ ਹੈ। ਪੀ.ਏ.ਯੂ. ਨੇ ਵਾਤਾਵਰਨ ਦੀ ਸੰਭਾਲ ਲਈ ਝੋਨੇ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਹਨ। ਇਨ੍ਹਾਂ ਕਿਸਮਾਂ ਨਾਲ ਖੇਤ ਛੇਤੀ ਖਾਲੀ ਹੋ ਜਾਂਦੇ ਹਨ, ਜਿਸ ਕਰਕੇ ਅਗਲੀਆਂ ਫ਼ਸਲਾਂ ਦੀ ਬਿਜਾਈ ਤੇ ਪਰਾਲੀ ਦੀ ਸੰਭਾਲ ਲਈ ਵਧੇਰੇ ਸਮਾਂ ਮਿਲ ਜਾਂਦਾ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਵਲੋਂ ਵਿਕਸਿਤ ਕੀਤੀਆਂ ਕਣਕ ਦੀਆਂ ਕਿਸਮਾਂ ਪੀਬੀਡਬਲਯੂ-826 ਅਤੇ ਪੀਬੀਡਬਲਯੂ-660 ਵਧੇਰੇ ਤਾਪਮਾਨ ਦਾ ਸਾਹਮਣਾ ਕਰਨ ਦੇ ਸਮਰੱਥ ਹਨ ਅਤੇ ਸੇਂਜੂ ਸਥਿਤੀਆਂ ਵਿਚ ਕਾਸ਼ਤ ਲਈ ਯੋਗ ਹਨ। ਇਸ ਵਾਰ ਹਾੜ੍ਹੀ ਦੇ ਮੇਲਿਆਂ ਵਿਚ ਕਣਕ ਦੀਆਂ ਜਿਹੜੀਆਂ ਕਿਸਮਾਂ ਨੂੰ ਕਿਸਾਨਾਂ ਦੇ ਸਨਮੁੱਖ ਪੇਸ਼ ਕੀਤਾ ਜਾ ਰਿਹਾ ਹੈ, ਉਨ੍ਹਾਂ 'ਚ ਪੀਬੀਡਬਲਿਯੂ-872 ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਯੋਗ ਹੈ। ਇਹ ਕਿਸਮ ਪੀਲੀ ਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਸਮਰੱਥਾ ਵਾਲੀ ਅਤੇ 24.4 ਕੁਇੰਟਲ ਪ੍ਰਤੀ ਏਕੜ ਝਾੜ ਦੇਣ ਯੋਗ ਹੈ। ਇਸ ਤੋਂ ਇਲਾਵਾ ਬੀਅਰ ਉਦਯੋਗ ਵਾਸਤੇ ਜੌਂਆਂ ਦੀ ਨਵੀਂ ਕਿਸਮ ਪੀਐੱਲ-942 ਅਤੇ ਗਰਮ ਰੁੱਤ ਦੀ ਮੂੰਗੀ ਦੀ ਕਿਸਮ ਐੱਸਐਮਐੱਲ-2575 ਨੂੰ ਵੀ ਨਵੀਆਂ ਖੋਜ ਲੱਭਤਾਂ ਦੇ ਰੂਪ ਵਿਚ ਕਿਸਾਨਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਕਿਸਾਨ ਵੀਰੋ ਭਾਵੇਂ ਪੀ. ਏ. ਯੂ. ਤੁਹਾਡੇ ਯਤਨਾਂ ਸਦਕਾ ਦੇਸ਼ ਦੀ ਸਰਬੋਤਮ ਖੇਤੀਬਾੜੀ ਯੂਨੀਵਰਸਿਟੀ ਬਣੀ ਹੈ ਪਰ ਮੌਜੂਦਾ ਖੇਤੀ ਨੂੰ ਵਾਤਾਵਰਨ, ਆਰਥਿਕ ਤੇ ਤਕਨੀਕੀ ਚੁਣੌਤੀਆਂ ਤੋਂ ਪਾਰ ਪਾਉਣ ਲਈ ਹੋਰ ਅਗਾਂਹਵਧੂ ਖੋਜ ਦੀ ਲੋੜ ਹੈ। ਸਾਡਾ ਧਿਆਨ ਵੱਧ ਝਾੜ ਦੇਣ ਵਾਲੀਆਂ ਫ਼ਸਲਾਂ ਦੀਆਂ ਕਿਸਮਾਂ ਦੇ ਨਾਲ-ਨਾਲ ਛੇਤੀ ਪੱਕਣ ਅਤੇ ਮੌਸਮੀ ਦਬਾਵਾਂ ਦਾ ਸਾਹਮਣਾ ਕਰਨ ਵਾਲੀਆਂ ਕਿਸਮਾਂ ਤੋਂ ਇਲਾਵਾ ਸੂਖਮ ਤੇ ਬਾਇਓਤਕਨਾਲੋਜੀ ਦੀਆਂ ਵਿਧੀਆਂ ਦੀ ਵਰਤੋਂ ਕਰਕੇ ਰਾਜ ਦੀ ਖੇਤੀ ਦੀ ਬਿਹਤਰੀ ਲਈ ਢੁਕਵੇਂ ਹੱਲ ਪੇਸ਼ ਕਰਨ ਵੱਲ ਹੈ। ਅਤਿ ਉੱਤਮ ਵਿਧੀਆਂ ਦੀ ਵਰਤੋਂ ਕਰਕੇ ਭੂਮੀ ਅਤੇ ਪਾਣੀ ਸਰੋਤਾਂ ਦੀ ਸੰਭਾਲ ਤੋਂ ਇਲਾਵਾ ਸੁਚਾਰੂ ਮਸ਼ੀਨਰੀ ਦੀ ਵਰਤੋਂ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ।
26-27 ਸਤੰਬਰ, 2025 ਨੂੰ ਲੱਗਣ ਵਾਲੇ ਦੋ ਦਿਨਾ ਕਿਸਾਨ ਮੇਲੇ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਭ ਕਿਸਾਨਾਂ ਦੀ ਉਡੀਕ ਕਰੇਗੀ। ਫ਼ਸਲਾਂ ਦੇ ਬੀਜਾਂ, ਫ਼ਲਦਾਰ ਬੂਟਿਆਂ ਅਤੇ ਖੇਤ ਸਾਹਿਤ ਦੇ ਨਾਲ-ਨਾਲ ਮਾਹਿਰਾਂ ਦੀਆਂ ਸਲਾਹਾਂ ਅਤੇ ਸੁਝਾਅ ਲੈਣ ਲਈ ਇਨ੍ਹਾਂ ਮੇਲਿਆਂ ਦਾ ਹਿੱਸਾ ਬਣੋ ਅਤੇ ਖੇਤੀ ਨੂੰ ਆਉਂਦੀਆਂ ਪੀੜ੍ਹੀਆਂ ਵਿਚ ਪ੍ਰਵਾਨਿਤ ਕਿੱਤਾ ਬਣਾਉਣ ਲਈ ਆਪਣੇ ਬੱਚਿਆਂ ਨੂੰ ਵੀ ਇਨ੍ਹਾਂ ਮੇਲਿਆਂ ਵਿਚ ਨਾਲ ਲੈ ਕੇ ਆਓ।
ਆਓ, ਵਿਗਿਆਨਕ ਖੇਤੀ ਦਾ ਨਵਾਂ ਅਧਿਆਇ ਸਿਰਜਣ ਲਈ ਮਿਲ-ਬੈਠ ਕੇ ਵਿਚਾਰ-ਚਰਚਾ ਦਾ ਹਿੱਸਾ ਬਣੀਏ।
-ਵਾਈਸ ਚਾਂਸਲਰ, ਪੀ.ਏ.ਯੂ., ਲੁਧਿਆਣਾ।