18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸਫਲ ਪ੍ਰਧਾਨ ਮੰਤਰੀ ਸਨ ਡਾ. ਮਨਮੋਹਨ ਸਿੰਘ

Ad Position 21
No active advertisement
ਅਜੀਤ ਡੈਸਕ 26-09-2025

ਜਨਮ ਦਿਨ 'ਤੇ ਵਿਸ਼ੇਸ਼

ਡਾ. ਮਨਮੋਹਨ ਸਿੰਘ ਦੀ ਸੱਚਮੁੱਚ ਢੁਕਵੀਂ ਸ਼ਲਾਘਾ ਕਰ ਸਕਣਾ, ਮੇਰੀ ਸਾਹਿਤਕ ਸਮਰੱਥਾ ਦੇ ਵੱਸ 'ਚ ਨਹੀਂ ਹੈ। ਸ਼ਾਇਦ ਹੀ ਮੇਰੇ ਸ਼ਬਦ ਉਨ੍ਹਾਂ ਵਰਗੇ ਆਸਾਧਰਨ ਮਨੁੱਖ ਦੀ ਮਹਾਨਤਾ ਨਾਲ ਇਨਸਾਫ਼ ਕਰ ਸਕਣ, ਉਨ੍ਹਾਂ ਦਾ ਜੀਵਨ ਭਲਮਾਣਸੀ, ਦਿਆਨਤਦਾਰੀ, ਨਿਮਰਤਾ ਤੇ ਉਦਾਰਤਾ ਦੀ ਇਕ ਮਿਸਾਲ ਵਾਂਗ ਹੈ। ਭਾਰਤ ਦੇ ਆਰਥਿਕ ਸੁਧਾਰਾਂ ਦੇ ਰਚਣਹਾਰੇ ਵਜੋਂ ਡਾ. ਮਨਮੋਹਨ ਸਿੰਘ ਦਾ ਯੋਗਦਾਨ ਅਨਮੋਲ ਹੈ, ਜਿਸ ਨੇ ਦੇਸ਼ ਦੀ ਏਸ਼ਿਆਈ ਆਰਥਿਕ ਤਾਕਤ ਦੇ ਰੂਪ ਵਿਚ ਉਭਾਰ ਲਈ ਦਿਸ਼ਾ ਨਿਰਧਾਰਤ ਕੀਤੀ ਤੇ ਲੱਖਾਂ ਭਾਰਤੀਆਂ ਨੂੰ ਘੋਰ ਗ਼ਰੀਬੀ ਤੋਂ ਉੱਪਰ ਚੁੱਕਿਆ, ਜੋ ਉਨ੍ਹਾਂ ਦੀ ਦੂਰਅੰਦੇਸ਼ੀ ਤੇ ਸਿਆਣਪ ਦਾ ਸਦੀਵੀ ਪ੍ਰਮਾਣ ਬਣਿਆ ਰਹੇਗਾ। ਸਾਡੇ ਸਮਿਆਂ ਦੀਆਂ ਪਰਿਵਰਤਨਸ਼ੀਲ ਤਬਦੀਲੀਆਂ ਵਿਚਕਾਰ ਭਵਿੱਖ ਦੀ ਵਿਸ਼ਵ ਵਿਵਸਥਾ ਦੀ ਰੂਪ ਰੇਖਾ ਨੂੰ ਆਕਾਰ ਦੇਣ ਵਿਚ ਵਿਸ਼ਵ ਉੱਚ ਮੰਚ 'ਤੇ ਉਨ੍ਹਾਂ ਦੀ ਅਗਵਾਈ ਦੀ ਭੂਮਿਕਾ ਰਾਸ਼ਟਰ ਨੂੰ ਹਮੇਸ਼ਾ ਮਾਣ ਮਹਿਸੂਸ ਕਰਵਾਉਂਦੀ ਰਹੇਗੀ। ਜਿਨ੍ਹਾਂ ਲੋਕਾਂ ਨੇ ਉਸ ਮਹਾਨ ਵਿਅਕਤਵ ਦਾ 'ਕਮਜ਼ੋਰ' ਕਹਿ ਕੇ ਮਜ਼ਾਕ ਉਡਾਇਆ, ਉਨ੍ਹਾਂ ਨੂੰ ਸਿਰਫ਼ ਭਾਰਤ-ਅਮਰੀਕਾ ਸਿਵਲ ਪ੍ਰਮਾਣੂ ਸਮਝੌਤਾ ਕਰਨ ਮੌਕੇ ਉਨ੍ਹਾਂ ਦੇ ਦ੍ਰਿੜ੍ਹ ਸੰਕਲਪ ਨੂੰ ਯਾਦ ਕਰਨ ਦੀ ਲੋੜ ਹੈ, ਜਿਸ ਸਮਝੌਤੇ ਨੇ ਭਾਰਤ ਨਾਲ ਪ੍ਰਮਾਣੂ ਨਸਲੀ ਵਿਤਕਰੇ ਨੂੰ ਖਤਮ ਕਰਵਾਉਂਦਿਆਂ ਇਕ ਜ਼ਿੰਮੇਵਾਰ ਪ੍ਰਮਾਣੂ ਸ਼ਕਤੀ ਦੇ ਰੂਪ 'ਚ ਦੇਸ਼ ਦੀ ਸਾਖ ਸਥਾਪਿਤ ਕੀਤੀ ਸੀ। ਜਾਪਾਨ ਨਾਲ ਇਕ ਸਰਬਵਿਆਪੀ ਵਿਸ਼ੇਸ਼ ਰਣਨੀਤਕ ਆਲਮੀ ਭਾਈਵਾਲੀ ਦੇ ਰੂਪ 'ਚ ਵਿਕਸਿਤ ਹੋ ਰਹੀ ਸਾਂਝੀਦਾਰੀ ਜਿਸ ਨੂੰ ਏਸ਼ੀਆ 'ਚ ਸ਼ਾਂਤੀ ਤੇ ਖੁਸ਼ਹਾਲੀ ਦੀ ਸਥਾਪਨਾ ਦੇ ਰੂਪ 'ਚ ਵੇਖਿਆ ਜਾ ਰਿਹਾ ਹੈ, ਇਹ ਵੀ ਉਨ੍ਹਾਂ ਦੀ ਰਾਜਸੀ ਸੂਝਬੂਝ ਤੇ ਭੂ-ਰਾਜਨੀਤੀ ਦੀਆਂ ਹਕੀਕਤਾਂ ਬਾਰੇ ਡੂੰਘੀ ਸਮਝ ਨੂੰ ਦਰਸਾਉਂਦੀ ਹੈ। ਜਾਪਾਨ ਦੇ ਤਤਕਾਲੀ ਸਮਰਾਟ ਤੇ ਮਹਾਰਾਣੀ ਦੇ ਭਾਰਤ ਦੇ ਇਤਿਹਾਸਕ ਦੌਰੇ ਦੌਰਾਨ ਉਨ੍ਹਾਂ ਨੇ ਮੈਨੂੰ ਜਾਪਾਨ ਲਈ ਆਪਣਾ ਵਿਸ਼ੇਸ਼ ਦੂਤ ਨਿਯੁਕਤ ਕਰਨ ਬਾਅਦ ਇਹ ਦੱਸਿਆ ਸੀ ਕਿ ਇਹ ਸਾਡੇ ਦੇਸ਼ 'ਚ ਸਭ ਤੋਂ ਮਹੱਤਵਪੂਰਨ ਰਾਜਕੀ ਦੌਰਿਆਂ 'ਚੋਂ ਇਕ ਹੈ। ਇਹ ਭਾਰਤ-ਜਾਪਾਨ ਸੰਬੰਧਾਂ ਦੀ 21ਵੀਂ ਸਦੀ ਦੀ ਪਰਿਭਾਸ਼ਿਤ ਅਜਿਹੀ ਦੁਪਾਸੜ ਭਾਈਵਾਲੀ ਹੈ ਅਤੇ ਇਸ ਤੋਂ ਬਾਅਦ ਦੀਆਂ ਘਟਨਾਵਾਂ ਨੇ ਉਨ੍ਹਾਂ ਦੇ ਇਸ ਦ੍ਰਿਸ਼ਟੀਕੋਣ ਨੂੰ ਸਹੀ ਸਾਬਤ ਕੀਤਾ। ਪ੍ਰਧਾਨ ਮੰਤਰੀ ਦੇ ਰੂਪ 'ਚ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਰਿਕਾਰਡ ਮਨਰੇਗਾ, ਸਿੱਖਿਆ ਦਾ ਅਧਿਕਾਰ (ਆਰ.ਟੀ.ਈ.), ਸੂਚਨਾ ਦਾ ਅਧਿਕਾਰ (ਆਰ.ਟੀ.ਆਈ.) ਤੇ ਕਿਸਾਨਾਂ ਦੀ ਕਰਜ਼ ਮੁਆਫੀ, ਆਧਾਰ ਦੇ ਨਾਲ-ਨਾਲ ਸਿੱਖਿਆ ਤੇ ਸਿਹਤ ਸੇਵਾਵਾਂ ਲਈ ਕੀਤੇ ਹੁਣ ਤੱਕ ਦੇ ਸਭ ਤੋਂ ਵੱਡੇ ਬਜਟ ਵੰਡ (ਅਲਾਟਮੈਂਟ) ਦੇ ਸੰਦਰਭ ਦਾ ਜ਼ਿਕਰ ਕੀਤੇ ਬਗੈਰ ਪੂਰਾ ਨਹੀਂ ਹੋਵੇਗਾ। ਸਹਿਯੋਗੀਆਂ ਤੇ ਵਿਰੋਧੀਆਂ ਦੇ ਗੰਭੀਰ ਉਕਸਾਵੇ ਦੇ ਸਾਹਮਣੇ ਉਨ੍ਹਾਂ ਦੇ ਸਬਰ ਤੇ ਸਹਿਣਸ਼ੀਲਤਾ ਨੇ ਸਰਕਾਰ ਦੀ ਲੰਬੀ ਉਮਰ ਨੂੰ ਸੁਰੱਖਿਅਤ ਕੀਤਾ ਅਤੇ ਦੇਸ਼ ਦੇ ਅਭਿਲਾਸ਼ੀ ਵਿਕਾਸ ਏਜੰਡੇ ਨੂੰ ਲਾਗੂ ਕਰਨ ਲਈ ਜ਼ਰੂਰੀ ਸਿਆਸੀ ਸਥਿਰਤਾ ਨੂੰ ਯਕੀਨੀ ਬਣਾਇਆ। ਉਨ੍ਹਾਂ ਸਾਡੇ ਦੇਸ਼ ਦੇ ਅਗਾਂਹਵਧੂ ਭਵਿੱਖ ਨੂੰ ਵੇਖਿਆ ਤੇ ਲਿਖਿਆ ਅਤੇ ਵਿਕਸਿਤ ਭਾਰਤ ਦੇ ਉਸ ਵਿਚਾਰ ਨੂੰ ਅਪਣਾਇਆ, ਜਿਸ ਦਾ ਸਮਾਂ ਆ ਗਿਆ ਸੀ ।
ਮਨਮੋਹਨ ਸਿੰਘ ਨੂੰ ਉਨ੍ਹਾਂ ਦੇ ਕੱਟੜ ਆਲੋਚਕਾਂ ਸਮੇਤ ਹੋਰਾਂ ਵਲੋਂ ਵੀ ਹਮੇਸ਼ਾ ਬੇਅੰਤ ਪ੍ਰਸੰਸਾ ਮਿਲੀ, ਜੋ ਦੁਨੀਆ ਦੇ ਮੂਹਰਲੀ ਕਤਾਰ ਦੇ ਆਗੂਆਂ ਵਿਚਕਾਰ ਉਨ੍ਹਾਂ ਦੇ ਉੱਚੇ ਕੱਦ ਦੀ ਪੁਸ਼ਟੀ ਕਰਦੀ ਹੈ। ਇਹ ਸਭ ਉਨ੍ਹਾਂ ਦੀ ਸਹਿਜ ਮਾਨਵਤਾ, ਨਿਰਸਵਾਰਥਤਾ, ਬੇਦਾਗ ਵਿਅਕਤੀਗਤ ਇਮਾਨਦਾਰੀ ਤੇ ਸਭ ਦਾ ਭਲਾ ਕਰਨ ਦੀ ਅਸਲ ਚਿੰਤਾ ਕਰਨ ਦੀ ਵਜ੍ਹਾ ਕਾਰਨ ਹੈ। ਉਨ੍ਹਾਂ ਦੇ ਦਿਲ ਦੀ ਉਦਾਰਤਾ ਕੋਈ ਹਵਾਲਾ ਮਾਤਰ ਨਹੀਂ ਸੀ, ਉਹ ਸਹਿਜ ਰੂਪ 'ਚ ਦੂਜਿਆਂ ਦੇ ਦਰਦ ਨੂੰ ਸਮਝ ਸਕਦੇ ਸਨ ਅਤੇ ਨਿਰਾਸ਼ਾ ਦੇ ਪਲਾਂ 'ਚ ਸਹਾਇਤਾ ਜਾਂ ਤਸੱਲੀ ਲਈ ਉਨ੍ਹਾਂ ਕੋਲ ਆਉਣ ਵਾਲਾ ਕੋਈ ਵੀ ਦਿਲਾਸੇ ਤੋਂ ਬਗੈਰ ਵਾਪਸ ਨਹੀਂ ਗਿਆ। ਉਨ੍ਹਾਂ ਦਾ ਵਿਵਹਾਰ ਸਦਾ ਨਿਮਰਤਾ ਤੇ ਸਮੱਸਿਆ ਦਾ ਹੱਲ ਕੱਢਣ ਵਾਲਾ ਰਿਹਾ। ਉਹ ਰਾਜਨੀਤੀ ਦੀ ਕਠੋਰਤਾ ਤੇ ਇਸ ਦੇ ਆਲੇ-ਦੁਆਲੇ ਰਚੀਆਂ ਜਾਂਦੀਆਂ ਸੱਤਾ ਦੀਆਂ ਕਠੋਰ ਖੇਡਾਂ ਤੋਂ ਸਦਾ ਉੱਪਰ ਹੀ ਰਹੇ। ਉਹ ਗ਼ੈਰ-ਰਸਮੀ ਗੱਲਬਾਤ ਦੌਰਾਨ ਅਕਸਰ ਸੱਤਾ ਦੀ ਅਸਥਿਰਤਾ ਦਾ ਜ਼ਿਕਰ ਕਰਦੇ ਸਨ, ਸ਼ਾਇਦ ਇਸੇ ਲਈ ਉਨ੍ਹਾਂ ਆਪਣੇ ਉੱਚੇ ਅਹੁਦੇ ਦੇ ਅਧਿਕਾਰ ਨੂੰ ਬੜੀ ਸਹਿਜਤਾ ਨਾਲ ਸੰਭਾਲਿਆ ਤੇ ਨਿਭਾਇਆ।
ਆਪਣੇ ਦੂਜੇ ਕਾਰਜਕਾਲ ਦੌਰਾਨ ਇਕ ਮੁਸ਼ਕਿਲ ਸਮੇਂ ਜਦੋਂ ਮੰਤਰੀ-ਮੰਡਲ ਦੇ ਕੁਝ ਸਹਿਯੋਗੀਆਂ ਨੇ ਉਨ੍ਹਾਂ ਦਾ ਅਨੁਚਿਤ ਮਜ਼ਾਕ ਉਡਾਇਆ ਤਾਂ ਉਨ੍ਹਾਂ ਨੇ ਕੋਈ ਵੀ ਕਰੜੀ ਕਾਰਵਾਈ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਹੈਡਮਾਸਟਰ ਵਾਂਗ ਅਨੁਸ਼ਾਸਨ 'ਚ ਰੱਖਣ ਦੀ ਕੋਈ ਇੱਛਾ ਨਹੀਂ ਰੱਖਦੇ। ਉਹ ਆਪਣੇ ਮੰਤਰੀਆਂ ਨੂੰ ਬੜੀ ਨਰਮੀ ਨਾਲ ਅਜਿਹੀ ਦੁਰਲੱਭ ਫਿਟਕਾਰ ਲਗਾਉਂਦੇ ਸਨ ਕਿ ਕਿਸੇ ਨੂੰ ਕੋਈ ਤਕਲੀਫ ਨਾ ਪਹੁੰਚੇ। ਉਨ੍ਹਾਂ ਦੀ ਹਲੀਮੀ ਨੂੰ ਕਮਜ਼ੋਰੀ ਸਮਝਣ ਵਾਲੇ ਲੋਕਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਦਾ ਜੀਵਨ ਤੇ ਰਾਜਨੀਤੀ ਉਨ੍ਹਾਂ ਦੀ ਰੂਹਾਨੀਅਤ ਦਾ ਪ੍ਰਤੀਬਿੰਬ ਸੀ ਅਤੇ ਉਨ੍ਹਾਂ ਦਾ ਲੋਕਾਂ ਦੀ ਭਲਾਈ ਕਰਨ 'ਚ ਦ੍ਰਿੜ੍ਹ ਵਿਸ਼ਵਾਸ ਸੀ। ਸਿਆਸਤ ਦੇ ਖ਼ਤਰਨਾਕ ਰਸਤਿਆਂ 'ਤੇ ਚਲਦਿਆਂ ਹੋਇਆਂ ਵੀ ਉਨ੍ਹਾਂ ਨੇ ਆਪਣੀ ਨੈਤਿਕ ਸਪੱਸ਼ਟਤਾ ਨੂੰ ਕਦੇ ਘੱਟ ਨਹੀਂ ਹੋਣ ਦਿੱਤਾ। ਉਹ ਆਪਣੇ ਦੂਜੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਤੋਂ ਬਹੁਤ ਦੁਖੀ ਸਨ ਅਤੇ ਇਸ ਚਿੱਕੜ 'ਚ ਆਪਣਾ ਨਾਂਅ ਘਸੀਟੇ ਜਾਣ 'ਤੇ ਮਾਨਸਿਕ ਤੌਰ 'ਤੇ ਪੀੜਾ ਵਿਚ ਰਹੇ ਸਨ।
ਮੇਰੀ ਮਰਹੂਮ ਪਤਨੀ ਦੇ ਅੰਤਿਮ ਦਿਨਾਂ ਦੌਰਾਨ ਡੂੰਘੀ ਚਿੰਤਾ ਤੇ ਨਿਰਾਸ਼ਾ ਦੇ ਪਲਾਂ 'ਚ ਉਹ ਇਕ ਪਰਿਵਾਰਕ ਬਜ਼ੁਰਗ ਵਜੋਂ ਹਮੇਸ਼ਾ ਹੌਲੀ-ਹੌਲੀ ਬੋਲ ਕੇ ਆਪਣੇ ਕੋਮਲ ਬੋਲਾਂ ਨਾਲ ਮੈਨੂੰ ਦਿਲਾਸਾ ਦਿੰਦੇ ਸਨ। ਮੈਨੂੰ ਇਹ ਦੱਸਣ ਲਈ ਉਨ੍ਹਾਂ ਦੀ ਟੈਲੀਫੋਨ ਕਾਲ ਆਉਂਦੀ ਕਿ 'ਚਮਤਕਾਰ ਵੀ ਹੁੰਦੇ ਹਨ', ਜੋ ਮੇਰੀਆਂ ਉਮੀਦਾਂ ਨੂੰ ਜ਼ਿੰਦਾ ਰੱਖਣ ਲਈ ਉਨ੍ਹਾਂ ਦਾ ਇਕ ਤਰੀਕਾ ਸੀ। ਮੇਰੇ ਪੁੱਤਰ ਦੇ ਵਿਆਹ ਦੀ ਰਿਸੈਪਸ਼ਨ ਦੇ ਖੁਸ਼ੀ ਦੇ ਮੌਕੇ ਜਦੋਂ ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਆਪਣੀ ਸ਼ਮੂਲੀਅਤ ਰੱਦ ਕਰਨੀ ਪਈ ਤਾਂ ਉਨ੍ਹਾਂ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) 'ਚ ਆਪਣੇ ਨਿੱਜੀ ਸਟਾਫ ਦੇ ਕਈ ਮੈਂਬਰਾਂ ਤੇ ਆਪਣੀ ਪਤਨੀ ਸ੍ਰੀਮਤੀ ਗੁਰਸ਼ਰਨ ਕੌਰ (ਜੋ ਉਨ੍ਹਾਂ ਦੀ ਤਾਕਤ ਦੀ ਸਭ ਵੱਡੀ ਸਰੋਤ ਸੀ) ਨੂੰ ਆਪਣੀ ਨੁਮਾਇੰਦਗੀ ਕਰਨ ਲਈ ਭੇਜਿਆ। ਮੇਰੀ ਆਖਰੀ ਮੁਲਾਕਾਤ ਦੇ ਅੰਤ 'ਚ ਜਦੋਂ ਮੈਂ ਉਨ੍ਹਾਂ ਤੋਂ ਵਿਦਾ ਲਈ ਤਾਂ ਉਨ੍ਹਾਂ ਆਪਣੇ ਬੁੱਲ੍ਹਾਂ 'ਤੇ ਮੁਸਕਰਾਹਟ ਲਿਆਉਂਦਿਆਂ ਮੇਰੇ ਮੋਢੇ 'ਤੇ ਥਾਪੜਾ ਦਿੱਤਾ ਸੀ, ਜਿਵੇਂ ਉਹ ਆਪਣੀਆਂ ਆਖਰੀ ਅਸੀਸਾਂ ਨਾਲ ਮੈਨੂੰ ਅਲਵਿਦਾ ਕਹਿ ਰਹੇ ਹੋਣ। ਉਹ ਪਲ ਮੇਰੀ ਚੇਤਨਾ 'ਚ ਉੱਕਰਿਆ ਹੋਇਆ ਹੈ, ਇਸ ਦੇ ਨਾਲ ਹੀ ਉਨ੍ਹਾਂ ਦੀ ਉਦਾਰਤਾ ਤੇ ਪਰਉਪਕਾਰਤਾ ਦੀਆਂ ਕਈ ਹੋਰ ਯਾਦਾਂ ਵੀ ਹਨ, ਜਿਨ੍ਹਾਂ ਨੇ ਮੇਰੇ ਜੀਵਨ ਨੂੰ ਮਨੁੱਖੀ ਸਨਮਾਨ ਪ੍ਰਾਪਤੀ ਦੇ ਸਾਰੇ ਪ੍ਰਗਟਾਵਿਆਂ ਲਈ ਇਕ ਸਦੀਵੀ ਉਦੇਸ਼ ਦਿੱਤਾ ਹੈ।
ਧੰਨਵਾਦ ਡਾਕਟਰ ਸਾਹਿਬ! ਅਤੇ ਸੋਨੀਆ ਜੀ ਦਾ ਵੀ ਧੰਨਵਾਦ। ਜਿਨ੍ਹਾਂ ਸਾਨੂੰ ਇਕ ਬੇਮਿਸਾਲ ਪ੍ਰਧਾਨ ਮੰਤਰੀ ਦਿੱਤਾ, ਜਿਸ ਨੇ ਖੁਦ ਨੂੰ ਆਪਣੇ ਅਹੁਦੇ ਤੋਂ ਵੀ ਉੱਚਾ ਕਰ ਲਿਆ ਸੀ। ਅਲਵਿਦਾ ਸਰ! ਯਕੀਨ ਰੱਖਣਾ ਕਿ ਇਤਿਹਾਸ ਤੁਹਾਡੇ ਪ੍ਰਤੀ ਬਹੁਤ ਦਿਆਲੂ ਹੈ। ਇਤਿਹਾਸਕ ਬਿਰਤਾਂਤ ਦੇ ਮਹਾਨ ਮਾਰਗ 'ਤੇ ਤੁਹਾਡਾ ਸਥਾਨ ਨਿਸ਼ਚਿਤ ਹੈ। ਸ਼ੰਕਾਵਾਦੀਆਂ ਲਈ ਮੈਂ ਆਪਣੇ ਪਿਆਰੇ 'ਡਾਕਟਰ ਸਾਹਿਬ' ਨੂੰ ਪ੍ਰਸਿੱਧ ਕਵੀ ਮੀਰ ਤਕੀ ਮੀਰ ਦੇ ਹਵਾਲੇ ਨਾਲ ਸ਼ਰਧਾਂਜਲੀ ਦਿੰਦਾ ਹਾਂ-
'ਮਤ ਸਹਿਲ ਹਮੇਂ ਜਾਨੋ, ਫਿਰਤਾ ਫਲਕ ਬਰਸੋਂ,
ਤਬ ਖਾਕ ਕੇ ਪਰਦੇ ਸੇ, ਇਨਸਾਨ ਨਿਕਲਤਾ ਹੈ'
(ਸਾਨੂੰ ਅਨਜਾਣੇ 'ਚ ਆਮ ਸਮਝਣ ਦੀ ਗਲਤੀ ਨਾ ਕਰ ਲੈਣਾ, ਕਿਉਂਕਿ ਸਾਲਾਂ ਤੱਕ ਅਸਮਾਨ ਭਟਕਦਾ ਰਹਿੰਦਾ ਹੈ ਤਾਂ ਧੂੜ ਦੀ ਚਾਦਰ ਤੋਂ (ਅਜਿਹੇ) ਇਨਸਾਨ ਪੈਦਾ ਹੁੰਦੇ ਹਨ।)

-ਸਾਬਕਾ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ।

Ad Position 22
No active advertisement
ਪਿਛਲੀ ਖ਼ਬਰ ਅੰਤੜੀ ਦੀ ਸੋਜ ਤੇ ਕਬਜ਼ ਅਗਲੀ ਖ਼ਬਰ ਪਸ਼ੂ ਪਾਲਣ ਦੇ ਕਿੱਤੇ ਨੂੰ ਪ੍ਰਫੁੱਲਿਤ ਕਰਨ ਲਈ ਪ੍ਰਤੀਬੱਧ ਹੈ ਵੈਟਰਨਰੀ ਯੂਨੀਵਰਸਿਟੀ
Ad Position 24