ਕਿਸਾਨ ਮੇਲੇ 'ਤੇ ਵਿਸ਼ੇਸ਼
ਲੱਗਭਗ ਦੋ ਦਹਾਕਿਆਂ ਤੋਂ ਘੱਟ ਸਮੇਂ ਵਿਚ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ, ਮੁਲਕ ਦੀਆਂ ਅਵੱਲ ਯੂਨੀਵਰਸਿਟੀਆਂ ਵਿਚ ਸ਼ੁਮਾਰ ਹੋ ਚੁੱਕੀ ਹੈ। ਇਹ ਸਭ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਅਣਥੱਕ ਮਿਹਨਤ, ਦੂਰਦਰਸ਼ੀ ਸੋਚ, ਫਾਰਮ ਪੱਧਰ ਦੀ ਖੋਜ ਅਤੇ ਪਸਾਰ ਸਰਗਰਮੀਆਂ ਦੇ ਸਦਕੇ ਹੈ। ਯੂਨੀਵਰਸਿਟੀ ਵਿਚ ਇਸ ਵੇਲੇ ਦੋ ਵੈਟਰਨਰੀ ਕਾਲਜ (ਲੁਧਿਆਣਾ ਅਤੇ ਰਾਮਪੁਰਾ ਫੂਲ਼), ਇਕ ਡੇਅਰੀ ਅਤੇ ਫੂਡ ਸਾਇੰਸ ਕਾਲਜ, ਇਕ ਫਿਸ਼ਰੀਜ ਕਾਲਜ, ਇਕ ਬਾਇੳ-ਤਕਨਾਲੌਜੀ ਕਾਲਜ, ਇਕ ਫਾਰਮੇਸੀ ਪਾਲੀਟੈਕਨਿਕ (ਕਾਲਝਰਾਣੀ) ਉੱਚ ਪੱਧਰੀ ਵਿੱਦਿਆ ਪ੍ਰਦਾਨ ਕਰਨ ਲਈ ਯਤਨਸ਼ੀਲ ਹਨ ਇਸ ਤੋਂ ਇਲਾਵਾ ਇਕ ਪ੍ਰਾਈਵੇਟ ਵੈਟਰਨਰੀ ਕਾਲਜ, ਅੰਮ੍ਰਿਤਸਰ ਤੇ ਇਕ ਪ੍ਰਾਈਵੇਟ ਫਾਰਮੈਸੀ ਪਾਲੀਟੈਕਨਿਕ, ਬਾਦਲ ਵੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਨ। ਇਸ ਤੋਂ ਇਲਾਵਾ ਤਿੰਨ ਕ੍ਰਿਸ਼ੀ ਵਿਗਿਆਨ ਕੇਂਦਰ, ਤਿੰਨ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ ਪੰਜਾਬ ਦੇ ਸਾਰੇ ਕੋਨਿਆਂ ਤੇ ਕੰਮ ਕਰ ਰਹੇ ਹਨ ਤੇ ਬਹੁਤ ਜਲਦ ਇਕ ਪਸ਼ੂ ਹਸਪਤਾਲ ਤੇ ਸਿਖਲਾਈ ਕੇਂਦਰ ਸੱਪਾਂਵਾਲੀ, ਫਾਜ਼ਲਿਕਾ ਵਿਖੇ ਚਾਲੂ ਹੋਣ ਜਾ ਰਿਹਾ ਹੈ।
ਨਵੀ ਪਸ਼ੂਗਣਨਾ ਦੇ ਮੁੱਢਲੇ ਸਰਵੇਖਣ ਮੁਤਾਬਿਕ ਸੂਬੇ ਵਿਚ ਲੱਗਭੱਗ 23 ਲੱਖ ਗਾਵਾਂ, 35 ਲੱਖ ਮੱਝਾਂ, 4.5 ਲੱਖ ਬੱਕਰੀਆਂ ਤੇ 1.0 ਲੱਖ ਦੇ ਕਰੀਬ ਭੇਡਾਂ ਹਨ। ਸੰਸਾਰ ਵਿਚ ਸਭ ਤੋਂ ਵਧੀਆਂ ਨਸਲ ਦੀਆਂ ਮੱਝਾਂ ਮੁਰਹਾ ਅਤੇ ਨੀਲੀ ਰਾਵੀ ਪੰਜਾਬ ਵਿਚ ਹਨ। ਡੇਅਰੀ ਵਿਕਾਸ ਦਾ ਪੰਜਾਬ ਦੇ ਪੇਂਡੂ ਵਿਕਾਸ ਵਿਚ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਕਿਉਂਕਿ ਇਸ ਰਾਹੀਂ ਆਮਦਨ ਵਿਚ ਵਾਧਾ ਕੀਤਾ ਜਾ ਸਕਦਾ ਹੈ। ਪੰਜਾਬ ਦੀ ਖੇਤੀ ਜੀਡੀਪੀ ਵਿਚ ਪਸ਼ੂ-ਧਨ ਖੇਤਰ ਦਾ ਯੋਗਦਾਨ 1980-81 ਵਿਚ 30 ਫ਼ੀਸਦੀ ਤੋਂ ਵਧ ਕੇ 2023-24 ਵਿਚ 42 ਫ਼ੀਸਦੀ ਹੋ ਗਿਆ ਹੈ, ਜਿਸ ਨਾਲ ਇਹ ਇਕ ਮਹੱਤਵਪੂਰਨ ਆਰਥਿਕ ਸਰਗਰਮੀ ਬਣ ਗਈ ਹੈ। ਦੁੱਧ ਦਾ ਉਤਪਾਦਨ, ਕੁੱਲ ਪਸ਼ੂ ਧਨ ਦੇ ਉਤਪਾਦਨ ਮੁੱਲ ਵਿਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲਾ ਬਣਿਆ ਹੋਇਆ ਹੈ, ਜੋ ਕਿ ਇਸ ਦਾ ਲਗਭਗ 82 ਫ਼ੀਸਦੀ ਬਣਦਾ ਹੈ। ਦੁੱਧ ਦੀ ਪੈਦਾਵਾਰ ਵਿਚ ਸੂਬੇ ਨੇ ਇਕ ਨਵੀਂ ਕ੍ਰਾਂਤੀ ਲਿਆਂਦੀ ਹੈ। ਇਹ ਮੁਲਕ ਦਾ ਲੱਗਭੱਗ 6.52 ਫ਼ੀਸਦੀ ਦੁੱਧ ਪੈਦਾ ਕਰ ਰਿਹਾ ਹੈ। ਸਾਲ 2023-24 ਵਿਚ ਪੰਜਾਬ ਦਾ ਦੁੱਧ ਉਤਪਾਦਨ 14 ਮਿਲਿਅਨ ਟਨ ਤੱਕ ਪਹੁੰਚ ਗਿਆ ਹੈ। ਪੰਜਾਬ, ਭਾਰਤ ਵਿਚ 471 ਗ੍ਰਾਮ/ਦਿਨ ਦੀ ਰਾਸ਼ਟਰੀ ਔਸਤ ਦੇ ਮੁਕਾਬਲੇ 1,245 ਗ੍ਰਾਮ/ਦਿਨ ਪ੍ਰਤੀ ਵਿਅਕਤੀ ਦੁੱਧ ਦੀ ਸਭ ਤੋਂ ਵੱਧ ਉਪਲਬਧਤਾ ਹੋਣ ਦਾ ਮਾਣ ਪ੍ਰਾਪਤ ਕਰਦਾ ਹੈ। ਪੰਜਾਬ ਦੇ ਲਗਭਗ 62.20 ਫ਼ੀਸਦੀ ਪਰਿਵਾਰ ਪਸ਼ੂ-ਧਨ ਉੱਪਰ ਨਿਰਭਰ ਹਨ ਜੋ ਕਿ ਪੇਂਡੂ ਆਮਦਨ ਦਾ ਇਕ ਮੁੱਖ ਸਾਧਨ ਹੈ। ਇਸ ਤੋਂ ਪੇਂਡੂ ਪਰਿਵਾਰਾਂ ਨੂੰ ਹਰ ਮਹੀਨੇ ਆਮਦਨ ਮੁਹੱਈਆ ਹੁੰਦੀ ਹੈ। ਇਹ ਕਿੱਤਾ ਖੇਤੀ ਦੇ ਜੋਖ਼ਮ ਨੂੰ ਵੀ ਘਟਾਉਂਦਾ ਹੈ। ਡੇਅਰੀ ਤੋਂ ਇਲਾਵਾ ਬੱਕਰੀ ਪਾਲਣ, ਸੂਰ ਪਾਲਣ, ਪੋਲਟਰੀ ਅਤੇ ਅੰਡਿਆਂ ਦੀ ਪੈਦਾਵਾਰ ਵਿਚ ਪੰਜਾਬ ਮੋਹਰੀ ਸੂਬਾ ਬਣਿਆ ਹੋਇਆ ਹੈ। 2023-24 ਵਿਚ ਪੰਜਾਬ ਵਿਚ ਅੰਡਿਆਂ ਦਾ ਉਤਪਾਦਨ 47061.57 ਲੱਖ ਹੋ ਗਿਆ ਹੈ ਜੋ ਕੇ ਭਾਰਤ ਦੇ ਕੁਲ ਅੰਡਿਆਂ ਦੇ ਉਤਪਾਦਨ ਦਾ 3.3 ਫ਼ੀਸਦੀ ਬਣਦਾ ਹੈ । ਇਸੇ ਤਰਾਂ ਪੰਜਾਬ, ਭਾਰਤ ਦੇ ਕੁਲ ਮੀਟ ਉਤਪਾਦਨ ਵਿਚ 2.6 ਫ਼ੀਸਦੀ ਯੋਗਦਾਨ ਪਾਉਂਦਾ ਹੈ ਜੋ ਕੇ 2023-24 ਵਿਚ 263.24 ਹਜ਼ਾਰ ਟਨ ਤੱਕ ਪਹੁੰਚ ਗਿਆ ਹੈ। (218S, 2024)
ਯੂਨੀਵਰਸਿਟੀ ਪਸ਼ੂ ਪਾਲਣ ਨਾਲ ਜੁੜੇ ਹਰ ਤਰਾਂ ਦੇ ਕਿੱਤਿਆਂ ਨੂੰ ਵਿਗਿਆਨਕ ਲੀਹਾਂ ਰਾਹੀ ਪ੍ਰਫੁੱਲਿਤ ਕਰਨ ਲਈ ਤੱਤਪਰ ਹੈ ਵੱਖ ਵੱਖ ਪਸ਼ੂ ਪਾਲਕਾਂ ਦੀਆਂ ਐਸੋਸ਼ੀਏਸ਼ਨਾਂ ਦੇ ਤਕਨੀਕੀ ਸੈਮੀਨਾਰ ਕਰਵਾਏ ਜਾਂਦੇ ਹਨ, ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ , ਪਸ਼ੂ ਪਾਲਣ ਤੇ ਡੇਅਰੀ ਵਿਭਾਗ ਨਾਲ ਸਹਿਯੋਗ ਕਰਕੇ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਅਗਾਹਵਧੂ ਪਸ਼ੂ ਪਾਲਕਾਂ ਨੂੰ ਹੱਲਾਸ਼ੇਰੀ ਲਈ ਤੇ ਨੌਜਵਾਨਾਂ ਨੂੰ ਪਸ਼ੂ ਪਾਲਣ ਦੇ ਕਿੱਤਿਆਂ ਵੱਲ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਹਰ ਸਾਲ ਸੱਤ ਵੱਖ -ਵੱਖ ਸ਼੍ਰੇਣੀਆਂ ਵਿਚ ਮੁੱਖ ਮੰਤਰੀ ਪੁਰਸਕਾਰ ਪ੍ਰਦਾਨ ਕਰਦੀ ਹੈ। ਆਉਣ ਵਾਲੇ ਸਮੇਂ ਵਿਚ ਯੂਨੀਵਰਸਿਟੀ ਦਾ ਸਭ ਤੋਂ ਮਹੱਤਵਪੂਰਨ ਕਦਮ ©12* ਪ੍ਰਮਾਣਿਤ ਫੀਡ ਟੈਸਟਿੰਗ ਲੈਬ ਦੀ ਸਥਾਪਨਾ ਹੈ, ਜੋ ਕਿਸਾਨਾਂ ਨੂੰ ਭਰੋਸੇਯੋਗ, ਸਸਤੀ, ਅਤੇ ਕਿਸਾਨ-ਅਨੁਕੂਲ ਫੀਡ ਅਤੇ ਚਾਰੇ ਦੀ ਜਾਂਚ ਸਹੂਲਤ ਪ੍ਰਦਾਨ ਕਰੇਗੀ। ਇਹ ਲੈਬ ਪਸ਼ੂਆਂ ਦੀ ਸਿਹਤ ਅਤੇ ਉਤਪਾਦਕਤਾ ਨੂੰ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਇਸ ਦੇ ਨਾਲ ਹੀ, ਯੂਨੀਵਰਸਿਟੀ ਵੱਡੇ ਪਸ਼ੂਆਂ ਦੇ ਇਲਾਜ ਲਈ ਨਵਾਂ ਹਸਪਤਾਲ, ਘੋੜਿਆਂ ਦੇ ਇਲਾਜ ਲਈ ਇਕੁਆਇਨ ਯੂਨਿਟ, ਅਤੇ ਆਧੁਨਿਕ ਆਟੋਮੈਟਕਿ ਡਾਇਗਨੋਸਟਿਕ ਲੈਬ ਸਥਾਪਿਤ ਕਰਨ ਦੀ ਯੋਜਨਾ ਵੀ ਬਣਾ ਰਹੀ ਹੈ। ਇਹ ਪਹਿਲਕਦਮੀਆਂ ਪਸ਼ੂ ਪਾਲਣ ਨੂੰ ਵਧੇਰੇ ਵਿਗਿਆਨਕ ਅਤੇ ਲਾਹੇਵੰਦ ਬਣਾਉਣ ਵਿਚ ਸਹਾਈ ਹੋਣਗੀਆਂ। ਪਸਾਰ ਸਰਗਰਮੀਆਂ ਨੂੰ ਵਧਾੳਣ ਦੇ ਨਾਲ ਨਾਲ ਹੋਰ ਮਜ਼ਬੂਤ ਕੀਤਾ ਜਾਵੇਗਾ, ਇਸੇ ਲੜੀ ਤਹਿਤ ਯੂਨੀਵਰਸਿਟੀ ਵਲੋਂ 26 ਅਤੇ 27 ਸਤੰਬਰ 2025 ਨੂੰ ਦੋ ਦਿਨਾਂ ਪਸ਼ੂ ਪਾਲਣ ਮੇਲੇ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ। ਇਸ ਮੇਲੇ ਦਾ ਮੁੱਖ ਵਿਸ਼ਾ 'ਕਟੜੂ-ਵਛੜੂ ਦਾ ਸੁਚੱਜਾ ਪ੍ਰਬੰਧ, ਬਣਾਏ ਡੇਅਰੀ ਕਿੱਤੇ ਨੂੰ ਲਾਹੇਵੰਦ' ਹੈ, ਜੋ ਖਾਸ ਤੌਰ 'ਤੇ ਡੇਅਰੀ ਪਸ਼ੂਆਂ ਦੀ ਅਗਲੀ ਨਸਲ ਦੀ ਸੁਚੱਜੀ ਦੇਖਭਾਲ ਅਤੇ ਮੱਝਾਂ ਦੇ ਡੇਅਰੀ ਉਤਪਾਦਨ 'ਤੇ ਕੇਂਦ੍ਰਿਤ ਹੋਵੇਗਾ। ਮੇਲੇ ਦੌਰਾਨ ਵੈਟਰਨਰੀ, ਡੇਅਰੀ, ਪੋਲਟਰੀ, ਅਤੇ ਫਿਸ਼ਰੀਜ਼ ਨਾਲ ਸੰਬੰਧਤਿ ਨਵੀਆਂ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨ ਅਤੇ ਵਿਗਿਆਨੀ ਤਕਨੀਕੀ ਲੈਕਚਰਾਂ ਅਤੇ ਸਵਾਲ-ਜਵਾਬ ਸੈਸ਼ਨਾਂ ਵਿਚ ਹਿੱਸਾ ਲੈਣਗੇ। ਉਤਮ ਨਸਲ ਦੀਆਂ ਮੱਝਾਂ, ਬੱਕਰੀਆਂ, ਮੱਛੀਆਂ, ਅਤੇ ਮੁਰਗੀਆਂ ਦੀ ਪ੍ਰਦਰਸ਼ਨੀ ਮੇਲੇ ਦਾ ਵਿਸ਼ੇਸ਼ ਆਕਰਸ਼ਨ ਹੋਵੇਗੀ। ਯੂਨੀਵਰਸਿਟੀ ਦਾ ਰਸਾਲਾ 'ਵਿਗਿਆਨਕ ਪਸ਼ੂ ਪਾਲਣ' ਅਤੇ ਹੋਰ ਸਾਹਿਤ ਉਪਲਬੱਧ ਹੋਵੇਗਾ, ਜਦਕਿ ਪਸ਼ੂਆਂ ਦੇ ਖੂਨ, ਗੋਹੇ, ਪਿਸ਼ਾਬ, ਚਮੜੀ, ਫੀਡ, ਅਤੇ ਦੁੱਧ ਦੀ ਮੁਫ਼ਤ ਜਾਂਚ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ। 100 ਤੋਂ ਵੱਧ ਕੰਪਨੀਆਂ ਦਵਾਈਆਂ, ਮਸ਼ੀਨਰੀ, ਟੀਕਿਆਂ, ਅਤੇ ਪਸ਼ੂ ਫੀਡ ਸੰਬੰਧੀ ਸਟਾਲ ਲਗਾਉਣਗੀਆਂ, ਅਤੇ ਵਿੱਤੀ ਸੰਸਥਾਵਾਂ ਤੇ ਕਿਸਾਨ ਜਥੇਬੰਦੀਆਂ ਵੀ ਮੇਲੇ ਵਿਚ ਸ਼ਾਮਲ ਹੋਣਗੀਆਂ। ਇਸ ਮੇਲੇ ਵਿਚ ਪੰਜਾਬ ਸਮੇਤ ਹੋਰ ਸੂਬਿਆਂ ਦੇ ਕਿਸਾਨਾਂ ਨੂੰ ਵੀ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਹੈ।
-ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ, ਲੁਧਿਆਣਾ।