ਜਿਵੇਂ-ਜਿਵੇਂ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ-ਉਵੇਂ ਹੀ ਦਿੱਲੀ ਤੇ ਪਟਨਾ ਵਿਚ ਸਿਆਸੀ ਸਰਗਰਮੀਆਂ ਵਿਚ ਤੇਜ਼ੀ ਆ ਰਹੀ ਹੈ। ਇਕ ਪਾਸੇ ਨਿਤਿਸ਼ ਕੁਮਾਰ ਦੀ ਜਨਤਾ ਦਲ (ਯੂ.) ਪਾਰਟੀ ਹੈ, ਜਿਸ ਦਾ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਲੋਕਤੰਤਰਿਕ ਗੱਠਜੋੜ (ਐਨ.ਡੀ.ਏ.) ਨਾਲ ਸਮਝੌਤਾ ਹੈ। ਗਠਜੋੜ ਵਿਚ ਚਿਰਾਗ ਪਾਸਵਾਨ ਦੀ ਅਗਵਾਈ ਵਾਲੀ ਲੋਕ ਜਨ ਸ਼ਕਤੀ ਪਾਰਟੀ, ਉਪੇਂਦਰ ਕੁਸ਼ਵਾਹਾ ਦੀ ਰਾਸ਼ਟਰੀ ਲੋਕ ਮੋਰਚਾ ਪਾਰਟੀ ਤੇ ਜੀਤਨ ਰਾਮ ਮਾਂਝੀ ਦੀ ਹਿੰਦੁਸਤਾਨੀ ਅਵਾਮ ਮੋਰਚਾ (ਸੈਕੁਲਰ) ਆਦਿ ਪਾਰਟੀਆਂ ਸ਼ਾਮਿਲ ਹਨ। ਦੂਜੇ ਮਹਾਂਗਠਬੰਧਨ ਵਿਚ ਤੇਜਸਵੀ ਯਾਦਵ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾ ਦਲ (ਰਾਜਦ), ਕਾਂਗਰਸ ਤੇ ਕੁੱਝ ਖੱਬੇ ਪੱਖੀ ਪਾਰਟੀਆਂ ਸ਼ਾਮਿਲ ਹਨ।
ਇਸ ਸਮੇਂ ਬਿਹਾਰ ਵਿਚ ਨਿਤਿਸ਼ ਕੁਮਾਰ ਮੁੱਖ ਮੰਤਰੀ ਹਨ। ਭਾਜਪਾ ਉਸ ਦੀ ਸਹਿਯੋਗੀ ਪਾਰਟੀ ਹੈ। ਪਿਛਲੀ ਵਾਰ ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ ਨੇ ਆਜ਼ਾਦ ਰੂਪ 'ਚ ਚੋਣਾਂ ਲੜੀਆਂ ਸਨ। ਉਸ ਨੂੰ ਚਾਹੇ ਕੋਈ ਸੀਟ ਤਾਂ ਨਹੀਂ ਸੀ ਮਿਲੀ ਪਰ ਇਸ ਨਾਲ ਜਨਤਾ ਦਲ (ਯੂ) ਨੂੰ ਵੱਡਾ ਘਾਟਾ ਪਿਆ ਸੀ, ਜਿਸ ਦੀਆਂ ਪਹਿਲਾਂ ਜਿੱਤੀਆਂ 71 ਸੀਟਾਂ 'ਚੋਂ ਸਿਰਫ਼ 43 ਸੀਟਾਂ ਹੀ ਰਹਿ ਗਈਆਂ ਸਨ। ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ ਨੇ ਉਦੋਂ ਨਿਤਿਸ਼ ਕੁਮਾਰ ਦੀ ਖੇਡ ਇਕ ਤਰ੍ਹਾਂ ਨਾਲ ਖ਼ਰਾਬ ਕਰ ਦਿੱਤੀ ਸੀ। ਪਰ ਹੁਣ ਹੋਣ ਜਾ ਰਹੀਆਂ ਚੋਣਾਂ 'ਚ ਇਸ ਸਮੇਂ ਤੱਕ ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਦੀ ਚੋਣ ਸਰਗਰਮੀ ਵਧੀਆ ਨਜ਼ਰ ਆ ਰਹੀ ਹੈ। ਭਾਜਪਾ ਨੇ ਆਪਣੀਆਂ ਸਾਰੀਆਂ ਭਾਈਵਾਲ ਪਾਰਟੀਆਂ ਨੂੰ ਉਨ੍ਹਾਂ ਦੀਆਂ ਬਣਦੀਆਂ ਸੀਟਾਂ ਦੇ ਕੇ ਸੰਤੁਸ਼ਟ ਕਰ ਕਰ ਲਿਆ ਹੈ। ਇਸ ਤਰ੍ਹਾਂ ਹੁਣ ਭਾਜਪਾ ਤੇ ਜਨਤਾ ਦਲ (ਯੂ) ਦੋਵੇਂ ਪਾਰਟੀਆਂ 202 ਸੀਟਾਂ ਭਾਵ 101 ਸੀਟਾਂ 'ਤੇ ਜਨਤਾ ਦਲ (ਯੂ) ਤੇ 101 ਸੀਟਾਂ 'ਤੇ ਭਾਜਪਾ ਚੋਣਾਂ ਲੜਨਗੀਆਂ। ਰਾਸ਼ਟਰੀ ਲੋਕ ਮੋਰਚਾ ਨੂੰ 6 ਸੀਟਾਂ 'ਤੇ ਅਤੇ ਹਿੰਦੁਸਤਾਨ ਅਵਾਮ ਮੋਰਚਾ ਨੂੰ ਵੀ 6 ਸੀਟਾਂ ਦਿੱਤੀਆਂ ਗਈਆਂ ਹਨ। ਸੀਟਾਂ ਦੀ ਇਸ ਵੰਡ ਤੋਂ ਸਭ ਭਾਈਵਾਲ ਪਾਰਟੀਆਂ ਸੰਤੁਸ਼ਟ ਹਨ। ਬਿਹਾਰ ਵਿਧਾਨ ਸਭਾ ਦੀਆਂ ਕੁੱਲ 243 ਸੀਟਾਂ ਹਨ। ਇਸ ਦੀਆਂ ਦੋ ਪੜਾਵਾਂ ਵਿਚ ਚੋਣਾਂ ਹੋਣ ਜਾ ਰਹੀਆਂ ਹਨ। ਪਹਿਲਾ ਗੇੜ 6 ਨਵੰਬਰ ਤੋਂ ਸ਼ੁਰੂ ਹੋਏਗਾ ਅਤੇ ਦੂਜਾ ਗੇੜ 11 ਨਵੰਬਰ ਨੂੰ ਹੋਵੇਗਾ। ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਕੀਤੀ ਜਾਵੇਗੀ। ਦੂਸਰੇ ਪਾਸੇ ਮਹਾਂਗੱਠਜੋੜ, ਜਿਸ ਵਿਚ ਰਾਸ਼ਟਰੀ ਜਨਤਾ ਦਲ, ਕਾਂਗਰਸ, ਕਮਿਊਨਿਸਟ ਪਾਰਟੀ ਆਫ ਇੰਡੀਆ (ਐਮ.ਐਲ.) ਤੇ ਕਮਿਊਨਿਸਟ ਪਾਰਟੀ ਆਫ਼ ਲਿਬਰੇਸ਼ਨ, ਭਾਰਤੀ ਕਮਿਊਨਿਸਟ ਪਾਰਟੀ ਤੇ ਇਕ ਹੋਰ ਖੱਬੇ ਪੱਖੀ ਪਾਰਟੀ ਸ਼ਾਮਿਲ ਹੈ, ਦੇ ਮਹਾਂਗਠਬੰਧਨ ਵਿਚਕਾਰ ਸੀਟਾਂ ਦੀ ਵੰਡ ਸਪੱਸ਼ਟ ਰੂਪ ਵਿਚ ਨਹੀਂ ਹੋ ਸਕੀ, ਇਸ ਦਾ ਬਾਅਦ 'ਚ ਇਸ ਗੱਠਜੋੜ ਨੂੰ ਖਸਾਰਾ ਝੱਲਣਾ ਪੈ ਸਕਦਾ ਹੈ। ਉਂਝ ਰਾਹੁਲ ਗਾਂਧੀ ਇਸ ਲਈ ਆਪਣਾ ਪੂਰਾ ਯਤਨ ਕਰ ਰਹੇ ਹਨ। ਇਸ ਵਾਰ ਬਿਹਾਰ ਦੀ ਸਿਆਸਤ ਵਿਚ ਇਕ ਹੋਰ ਪਹਿਲੂ ਵੀ ਉਜਾਗਰ ਹੋਇਆ ਹੈ। ਪ੍ਰਸ਼ਾਂਤ ਕਿਸ਼ੋਰ ਨੇ ਸਿੱਧੇ ਤੌਰ 'ਤੇ ਆਪਣੀ ਜਨ ਸੁਰਾਜ ਪਾਰਟੀ ਬਣਾ ਕੇ ਇਨ੍ਹਾਂ ਚੋਣਾਂ 'ਚ ਕੁੱਦਣ ਦਾ ਫ਼ੈਸਲਾ ਕੀਤਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਇਕ ਸਾਲ ਪਹਿਲਾਂ ਆਪਣੀ ਪਾਰਟੀ ਦਾ ਐਲਾਨ ਕੀਤਾ ਸੀ।
ਚਾਹੇ ਉਸ ਦੀ ਪਾਰਟੀ ਦਾ ਸੰਗਠਨ ਦੇ ਪੱਖ ਤੋਂ ਬਹੁਤਾ ਉਭਾਰ ਦਿਖਾਈ ਨਹੀਂ ਦਿੰਦਾ ਪਰ ਉਸ ਨੇ ਨਵੇਂ ਜਾਵੀਏ ਤੋਂ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਪਿਛਲੇ ਸਮਿਆਂ ਵਿਚ ਉਹ ਕਈ ਕੌਮੀ ਤੇ ਖੇਤਰੀ ਪਾਰਟੀਆਂ ਲਈ ਚੋਣ ਨੀਤੀ ਘੜਨ ਦਾ ਕੰਮ ਕਰਦੇ ਰਹੇ ਹਨ। ਕਾਂਗਰਸ, ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਲਈ ਵੀ ਉਨ੍ਹਾਂ ਨੇ ਪ੍ਰਭਾਵੀ ਚੋਣ ਨੀਤੀਆਂ ਘੜੀਆਂ ਸਨ, ਜਿਨ੍ਹਾਂ ਦਾ ਉਨ੍ਹਾਂ ਨੂੰ ਵੱਡਾ ਲਾਭ ਮਿਲਿਆ ਸੀ। ਉਸ ਨੇ ਇਸ ਵਾਰ ਆਪਣੀ ਪਾਰਟੀ ਲਈ ਪ੍ਰਚਾਰ ਕਰਦਿਆਂ ਬਿਹਾਰ ਵਾਸੀਆਂ ਨੂੰ ਜਾਤਾਂ ਤੇ ਧਰਮਾਂ ਤੋਂ ਉੱਪਰ ਉੱਠ ਕੇ ਸਿਹਤ, ਸਿੱਖਿਆ ਤੇ ਰੁਜ਼ਗਾਰ ਆਦਿ ਮੁੱਦਿਆਂ 'ਤੇ ਵੋਟਾਂ ਪਾਉਣ ਦਾ ਸੱਦਾ ਦਿੱਤਾ ਹੈ। ਉਹ ਜਿਥੇ ਤੇਜਸਵੀ ਨੂੰ ਪਰਿਵਾਰਵਾਦ ਦਾ ਲਖਾਇਕ ਤੇ ਨਾਲਾਇਕ ਕਹਿ ਰਹੇ ਹਨ, ਉਥੇ ਉਹ ਕਾਂਗਰਸ ਨੂੰ ਵੀ ਵੇਲਾ ਵਿਹਾਅ ਚੁੱਕੀ ਪਾਰਟੀ ਆਖਦੇ ਹਨ।
ਨਿਤਿਸ਼ ਕੁਮਾਰ ਪਿਛਲੇ 20 ਸਾਲਾਂ ਤੋਂ, ਸਮੇਂ-ਸਮੇਂ ਵੱਖ-ਵੱਖ ਗੱਠਜੋੜਾਂ 'ਚ ਸ਼ਾਮਿਲ ਹੋ ਕੇ ਮੁੱਖ ਮੰਤਰੀ ਬਣੇ ਆ ਰਹੇ ਹਨ। 20 ਸਾਲ ਬਾਅਦ ਉਨ੍ਹਾਂ ਦੀ ਮੌਕਾਪ੍ਰਸਤ ਰਾਜਨੀਤੀ ਕਾਰਨ, ਉਨ੍ਹਾਂ ਦਾ ਪ੍ਰਭਾਵ ਕਾਫੀ ਘਟਿਆ ਨਜ਼ਰ ਆਉਂਦਾ ਹੈ। ਪਰ ਕੇਂਦਰ ਵਿਚ ਮੋਦੀ ਸਰਕਾਰ ਹੋਣ ਕਰਕੇ ਪਿਛਲੇ ਸਮੇਂ 'ਚ ਪ੍ਰਧਾਨ ਮੰਤਰੀ ਵਲੋਂ ਬਿਹਾਰ ਲਈ ਜਿਥੇ 62 ਹਜ਼ਾਰ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ, ਉਥੇ 1 ਕਰੋੜ 20 ਲੱਖ ਰੁਪਏ ਔਰਤਾਂ ਦੇ ਬੈਂਕ ਖਾਤਿਆਂ 'ਚ 10 ਹਜ਼ਾਰ ਰੁਪਏ ਪ੍ਰਤੀ ਖਾਤਾ ਵੀ ਪਾਏ ਗਏ ਹਨ ਅਤੇ ਇਸ ਦੇ ਨਾਲ-ਨਾਲ ਹੋਰ ਅਨੇਕ ਯੋਜਨਾਵਾਂ ਦਾ ਵੀ ਐਲਾਨ ਕੀਤਾ ਗਿਆ ਹੈ। ਤੇਜਸਵੀ ਯਾਦਵ ਨੇ ਇਸ ਚੋਣ ਪ੍ਰਚਾਰ ਦੌਰਾਨ ਹਰ ਘਰ ਨੂੰ ਸਰਕਾਰੀ ਨੌਕਰੀ ਦੇਣ ਸਮੇਤ ਹੋਰ ਵਧੇਰੇ ਵਿੱਤੀ ਲਾਭ ਦੇਣ ਵਾਲੀਆਂ ਯੋਜਨਾਵਾਂ ਦੇ ਐਲਾਨ ਕੀਤੇ ਹਨ। ਦੂਜੇ ਪਾਸੇ ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਯਾਦਵ ਦੇ ਦਸ ਸਾਲਾਂ ਦੇ ਰਾਜ ਨੂੰ 'ਜੰਗਲ ਰਾਜ' ਕਹਿ ਰਹੇ ਹਨ ਅਤੇ ਆਪਣੇ ਰਾਜ ਨੂੰ 'ਸੁਸ਼ਾਸਨ ਦੇ ਰਾਜ' ਦਾ ਨਾਂਅ ਦੇ ਰਹੇ ਹਨ। ਬਿਨਾਂ ਸ਼ੱਕ ਨਿਤਿਸ਼ ਕੁਮਾਰ ਦੇ ਸਮੇਂ 'ਚ ਬਿਹਾਰ ਦਾ ਹਰ ਪੱਖੋਂ ਕਾਫੀ ਵਿਕਾਸ ਹੋਇਆ ਹੈ ਪਰ ਵਿਰੋਧੀ ਪਾਰਟੀਆਂ ਉਨ੍ਹਾਂ ਦੀ ਉਮਰ ਤੇ ਸਿਹਤ ਨੂੰ ਲੈ ਕੇ ਜ਼ਰੂਰ ਸਵਾਲ ਚੁੱਕ ਰਹੀਆਂ ਸਨ।
ਬਿਨਾਂ ਸ਼ੱਕ ਹੁਣ ਇਹ ਚੋਣ ਦੰਗਲ ਜਿਥੇ ਪੂਰੀ ਤਰ੍ਹਾਂ ਭਖ ਗਿਆ ਹੈ, ਉਥੇ ਪਾਰਟੀਆਂ ਦੀ ਆਪਸੀ ਖਹਿਬਾਜ਼ੀ ਅਤੇ ਇਕ ਦੂਜੇ 'ਤੇ ਦੋਸ਼ ਲਾਉਣ ਵਾਲੇ ਬਿਆਨਾਂ 'ਚ ਵੀ ਤੇਜ਼ੀ ਆ ਰਹੀ ਹੈ। ਬਿਹਾਰ ਦੀਆਂ ਇਨ੍ਹਾਂ ਵਿਧਾਨ ਸਭਾ ਚੋਣਾਂ ਨੂੰ ਅਗਲੇ ਸਾਲ ਆਉਂਦੀਆਂ ਪੱਛਮੀ ਬੰਗਾਲ ਤੇ ਕੇਰਲ ਦੀਆਂ ਵਿਧਾਨ ਸਭਾ ਚੋਣਾਂ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਇਹ ਚੋਣਾਂ ਕੇਂਦਰ ਦੀ ਪ੍ਰਧਾਨ ਸ੍ਰੀ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਅਕਸ ਲਈ ਵੀ ਵਿਸ਼ੇਸ਼ ਅਹਿਮੀਅਤ ਰੱਖਦੀਆਂ ਹਨ।
-ਬਰਜਿੰਦਰ ਸਿੰਘ ਹਮਦਰਦ