14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਉੱਤਰ ਪ੍ਰਦੇਸ਼ 'ਚ ਮਾਇਆਵਤੀ ਤੇ ਓਵੈਸੀ ਬਣਾ ਸਕਦੇ ਹਨ ਗੱਠਜੋੜ

Ad Position 21
No active advertisement
ਅਜੀਤ ਡੈਸਕ 25-11-2025

ਉੱਤਰ ਪ੍ਰਦੇਸ਼ ਵਿਚ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਨੇਤਾ ਮਾਇਆਵਤੀ ਫਿਰ ਤੋਂ ਭਾਈਚਾਰਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਅਜਿਹਾ ਲੱਗ ਰਿਹਾ ਹੈ ਕਿ ਇਹ ਭਾਈਚਾਰਾ ਦਲਿਤਾਂ ਤੇ ਬ੍ਰਾਹਮਣਾਂ ਜਾਂ ਦਲਿਤਾਂ ਤੇ ਹੋਰ ਭਾਈਚਾਰਿਆਂ ਵਿਚਕਾਰ ਨਹੀਂ, ਸਗੋਂ ਦਲਿਤਾਂ ਤੇ ਮੁਸਲਮਾਨਾਂ ਵਿਚਕਾਰ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਮਾਇਆਵਤੀ ਆਜ਼ਾਦ ਸਮਾਜ ਪਾਰਟੀ ਦੇ ਨੇਤਾ ਚੰਦਰਸ਼ੇਖਰ ਦੇ ਵਧਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਓਵੈਸੀ ਦੀ ਪਾਰਟੀ ਨਾਲ ਗੱਠਜੋੜ ਕਰਨ ਨੂੰ ਉੱਤਰ ਪ੍ਰਦੇਸ਼ ਵਿਚ ਆਪਣੇ ਜਾਤੀ ਆਧਾਰ ਨੂੰ ਬਚਾਉਣ ਦੇ ਇਕ ਵਿਕਲਪ ਵਜੋਂ ਦੇਖਦੀ ਹੈ। ਮਾਇਆਵਤੀ ਅਜਿਹਾ ਕਾਂਗਰਸ ਵਲੋਂ ਮੁਸਲਮਾਨਾਂ ਤੇ ਦਲਿਤਾਂ ਨੂੰ ਲੁਭਾਉਣ ਦੀਆਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਕਰ ਰਹੀ ਹੈ। ਉਸ ਦੀ ਇਸ ਯੋਜਨਾ ਨੂੰ ਭਾਜਪਾ ਦਾ 'ਬਲੂਪ੍ਰਿੰਟ' ਮੰਨਿਆ ਜਾ ਰਿਹਾ ਹੈ। ਦਰਅਸਲ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਬਸਪਾ ਦੀ ਟਿਕਟ 'ਤੇ ਜਿੱਤੇ ਇਕਲੌਤੇ ਉਮੀਦਵਾਰ ਨੇ ਆਪਣੀ ਜਿੱਤ ਤੋਂ ਬਾਅਦ ਮੀਡੀਆ ਨਾਲ ਮਾਇਆਵਤੀ ਤੇ ਓਵੈਸੀ ਦੀ ਤਸਵੀਰ ਦੇ ਸਾਹਮਣੇ ਖੜ੍ਹੇ ਹੋ ਕੇ ਗੱਲਬਾਤ ਕੀਤੀ ਸੀ ਤਾਂ ਬਸਪਾ ਦੇ ਸੂਬਾ ਪ੍ਰਧਾਨ ਅਨਿਲ ਕੁਮਾਰ ਵੀ ਉਨ੍ਹਾਂ ਦੇ ਨਾਲ ਸਨ। ਇਸ ਨਾਲ ਅਟਕਲਾਂ ਫੈਲ ਗਈਆਂ ਹਨ ਕਿ ਬਸਪਾ ਅਤੇ ਐਮ.ਆਈ.ਐਮ. ਗੱਠਜੋੜ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਓਵੈਸੀ ਦੀ ਪਾਰਟੀ ਐਮ.ਆਈ.ਐਮ. ਨੇ ਬਿਹਾਰ ਵਿਚ 28 ਸੀਟਾਂ 'ਤੇ ਚੋਣ ਲੜੀ ਸੀ, ਜਿਨ੍ਹਾਂ 'ਚੋਂ ਐਨ.ਡੀ.ਏ. ਨੇ 20 ਸੀਟਾਂ ਜਿੱਤੀਆਂ ਅਤੇ ਉਵੈਸੀ ਦੇ 5 ਉਮੀਦਵਾਰ ਜਿੱਤਣ ਸਮੇਤ ਉਨ੍ਹਾਂ ਦੀ ਪਾਰਟੀ ਨੂੰ 9 ਲੱਖ ਤੋਂ ਵੱਧ ਵੋਟਾਂ ਮਿਲੀਆਂ ਸਨ। ਜੇਕਰ ਬਸਪਾ ਅਤੇ ਐਮ.ਆਈ.ਐਮ. ਉੱਤਰ ਪ੍ਰਦੇਸ਼ ਵਿਚ ਇਕੱਠੇ ਹੋ ਗਏ ਤਾਂ ਕਾਂਗਰਸ ਤੇ ਸਮਾਜਵਾਦੀ ਪਾਰਟੀ ਦੋਹਾਂ ਨੂੰ ਵੱਡਾ ਸਿਰਦਰਦ ਦੇਣਗੇ।
ਪੀਕੇ 'ਤੇ ਸਵਾਲ ਉਠਾਉਣ ਵਾਲਿਆਂ ਲਈ ਸਵਾਲ?
ਬਿਹਾਰ ਚੋਣਾਂ ਤੋਂ ਪਹਿਲਾਂ ਮੁੱਖ ਧਾਰਾ ਦਾ ਜੋ ਮੀਡੀਆ ਪ੍ਰਸ਼ਾਂਤ ਕਿਸ਼ੋਰ ਨੂੰ ਇਕ ਮਜ਼ਬੂਤ ਵਿਕਲਪ ਵਜੋਂ ਪੇਸ਼ ਕਰ ਰਿਹਾ ਸੀ, ਹੁਣ ਉਹੀ ਮੀਡੀਆ ਉਸ 'ਤੇ ਸਵਾਲਾਂ ਦੀ ਬੰਬਾਰੀ ਕਰ ਰਿਹਾ ਹੈ। ਚੋਣ ਨਤੀਜਿਆਂ ਤੋਂ ਬਾਅਦ ਜਦੋਂ ਪ੍ਰਸ਼ਾਂਤ ਕਿਸ਼ੋਰ ਆਪਣੀ ਟੀਮ ਨਾਲ ਮੀਡੀਆ ਦੇ ਰੂ-ਬ-ਰੂ ਹੋਏ ਤਾਂ ਪੱਤਰਕਾਰ ਉਨ੍ਹਾਂ 'ਤੇ ਟੁੱਟ ਪਏ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਹੁਣ ਰਾਜਨੀਤੀ ਛੱਡ ਦੇਣਗੇ ਕਿਉਂਕਿ ਉਸ (ਪ੍ਰਸ਼ਾਂਤ) ਨੇ ਕਿਹਾ ਸੀ ਕਿ ਜੇਕਰ ਨਿਤੀਸ਼ ਕੁਮਾਰ 25 ਤੋਂ ਵੱਧ ਸੀਟਾਂ ਜਿੱਤ ਜਾਂਦੇ ਹਨ ਜਾਂ ਜਨ ਸੂਰਜ ਪਾਰਟੀ ਸਧਾਰਨ ਬਹੁਮਤ ਪ੍ਰਾਪਤ ਕਰਦੀ ਹੈ ਤਾਂ ਉਹ ਹਾਰ ਸਵੀਕਾਰ ਕਰਦਿਆਂ ਰਾਜਨੀਤੀ ਛੱਡ ਦੇਣਗੇ। ਇਸ ਸਵਾਲ ਦਾ ਜਵਾਬ ਦਿੰਦਿਆਂ ਪ੍ਰਸ਼ਾਂਤ ਕਿਸ਼ੋਰ ਨੇ ਪੱਤਰਕਾਰਾਂ ਨੂੰ ਪੁੱਛ ਲਿਆ ਕੀ ਉਨ੍ਹਾਂ ਕਦੇ ਨਿਤੀਸ਼ ਕੁਮਾਰ ਤੇ ਅਮਿਤ ਸ਼ਾਹ 'ਤੇ ਸਵਾਲ ਉਠਾਏ ਹਨ? ਜਦੋਂ ਨਿਤੀਸ਼ ਕੁਮਾਰ ਨੇ ਐਨ.ਡੀ.ਏ. ਨੂੰ ਛੱਡ ਕੇ ਆਰ.ਜੇ.ਡੀ. ਨਾਲ ਗੱਠਜੋੜ ਬਣਾਇਆ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਉਹ ਮਿੱਟੀ ਵਿਚ ਮਿਲ ਜਾਣਗੇ, ਪਰ ਭਾਜਪਾ ਨਾਲ ਨਹੀਂ ਜਾਣਗੇ। ਇਸੇ ਤਰ੍ਹਾਂ ਜਦੋਂ ਨਿਤੀਸ਼ ਨੇ ਭਾਜਪਾ ਛੱਡੀ ਸੀ ਤਾਂ ਅਮਿਤ ਸ਼ਾਹ ਨੇ ਕਿਹਾ ਸੀ ਕਿ ਹੁਣ ਨਿਤੀਸ਼ ਲਈ ਭਾਜਪਾ ਦੇ ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਹਨ। ਪਰ ਫਿਰ ਭਾਜਪਾ ਨੇ ਹੁਣ ਨਿਤੀਸ਼ ਦਾ ਲਾਲ ਕਾਰਪੇਟ ਵਿਛਾ ਕੇ ਸਵਾਗਤ ਕੀਤਾ। ਕੀ ਕਿਸੇ ਨੇ ਕਦੇ ਨਿਤੀਸ਼ ਕੁਮਾਰ ਤੇ ਅਮਿਤ ਸ਼ਾਹ ਨੂੰ ਇਸ ਬਾਰੇ ਪੁੱਛਿਆ? ਸ਼ਾਇਦ ਪੁੱਛਣ 'ਤੇ ਨਿਤੀਸ਼ ਤਾਂ ਜਵਾਬ ਦੇ ਦਿੰਦੇ, ਪਰ ਅਮਿਤ ਸ਼ਾਹ ਨੂੰ ਸਵਾਲ ਕਰਨ ਬਾਰੇ ਕੋਈ ਸੋਚ ਵੀ ਨਹੀਂ ਸਕਦਾ।
ਗ੍ਰਹਿ ਮੰਤਰਾਲਾ ਨਹੀਂ ਮੰਨਦਾ ਪੀ.ਐਮ.ਓ. ਦੀ ਗੱਲ!
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਹੈ ਕਿ ਵੱਖਰੇ ਗੋਰਖਾਲੈਂਡ ਨੂੰ ਲੈ ਕੇ ਗੋਰਖਾ ਸਮੂਹਾਂ ਨਾਲ ਗੱਲਬਾਤ ਕਰਨ ਲਈ ਕੇਂਦਰ ਵਲੋਂ ਵਾਰਤਾਕਾਰ ਨਿਯੁਕਤ ਕਰਨ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ਨੇ ਸੂਬਾ ਸਰਕਾਰ ਨਾਲ ਵਾਅਦਾ ਕੀਤਾ ਸੀ ਕਿ ਇਸ 'ਤੇ ਵਿਚਾਰ ਕੀਤਾ ਜਾਵੇਗਾ। ਪਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੀ.ਐਮ.ਓ. ਦੀ ਗੱਲ ਨੂੰ ਨਜ਼ਰਅੰਦਾਜ਼ ਕਰਦਿਆਂ ਸਾਬਕਾ ਆਈਪੀਐਸ ਅਧਿਕਾਰੀ ਪੰਕਜ ਕੁਮਾਰ ਨੂੰ ਵਾਰਤਾਕਾਰ ਨਿਯੁਕਤ ਕਰ ਦਿੱਤਾ, ਜਿਸ ਨੇ 10 ਨਵੰਬਰ ਨੂੰ ਅਧਿਕਾਰਤ ਤੌਰ 'ਤੇ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ। ਮਮਤਾ ਬੈਨਰਜੀ ਨੇ ਪ੍ਰੈਸ ਕਾਨਫਰੰਸ ਬੁਲਾ ਕੇ ਵਾਰਤਾਕਾਰ ਦੀ ਨਿਯੁਕਤੀ ਸੰਬੰਧੀ ਪੀ.ਐਮ.ਓ. ਨੂੰ ਲਿਖੇ ਪੱਤਰ ਅਤੇ ਉਸ ਦੇ ਜਵਾਬ 'ਚ ਪੀ.ਐਮ.ਓ. ਤੋਂ ਆਏ ਪੱਤਰ ਦੀ ਕਾਪੀ ਜਾਰੀ ਕੀਤੀ। ਮਮਤਾ ਬੈਨਰਜੀ ਦਾ ਤਰਕ ਹੈ ਕਿ ਕੇਂਦਰ ਸਰਕਾਰ ਨੇ ਰਾਜ ਸਰਕਾਰ ਨਾਲ ਸਲਾਹ-ਮਸ਼ਵਰਾ ਕੀਤੇ ਬਗੈਰ ਇਕਪਾਸੜ ਤੌਰ 'ਤੇ ਵਾਰਤਾਕਾਰ ਨਿਯੁਕਤ ਕਰ ਦਿੱਤਾ ਹੈ, ਅਜਿਹਾ ਕਦਮ ਸੰਵਿਧਾਨ ਵਿਚ ਦਰਜ ਸ਼ਕਤੀਆਂ ਦੀ ਉਲੰਘਣਾ ਹੈ। ਜ਼ਿਕਰਯੋਗ ਹੈ ਕਿ ਕਈ ਭਾਜਪਾ ਨੇਤਾ ਪੱਛਮੀ ਬੰਗਾਲ ਦੇ ਉੱਤਰੀ ਹਿੱਸੇ ਲਈ ਇਕ ਵੱਖਰੇ ਸੂਬੇ ਦੀ ਮੰਗ ਦਾ ਸਮਰਥਨ ਕਰਦੇ ਹਨ। ਜੋ ਅਗਲੇ ਸਾਲ ਦੀਆਂ ਚੋਣਾਂ ਤੋਂ ਪਹਿਲਾਂ ਇਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ, ਭਾਜਪਾ ਦੁਆਰਾ ਸੂਬੇ ਨੂੰ ਵੰਡਣ ਦੀ ਅਜਿਹੀ ਕਿਸੇ ਵੀ ਕੋਸ਼ਿਸ਼ ਦਾ ਉਸ ਨੂੰ ਪੂਰੇ ਸੂਬੇ ਵਿਚ ਨੁਕਸਾਨ ਉਠਾਉਣਾ ਪੈ ਸਕਦਾ ਹੈ।
ਮਨੀਪੁਰ 'ਚ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ
ਭਾਜਪਾ ਇਕ ਵਾਰ ਫਿਰ ਮਨੀਪੁਰ ਵਿਚ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਸੇ ਸਿਲਸਿਲੇ ਵਿਚ ਭਾਜਪਾ ਸੰਗਠਨ ਦੇ ਜਨਰਲ ਸਕੱਤਰ ਬੀ.ਐਲ. ਸੰਤੋਸ਼ ਤੇ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਹਾਲ ਹੀ ਵਿਚ ਮਨੀਪੁਰ ਦਾ ਦੌਰਾ ਕੀਤਾ, ਜੋ ਉੱਤਰ-ਪੂਰਬ 'ਚ ਪਾਰਟੀ ਦਾ ਕੰਮ ਸੰਭਾਲਦੇ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂ ਤੋਂ ਹੀ ਮਨੀਪੁਰ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਹੈ ਅਤੇ ਵਿਧਾਨ ਸਭਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਵਿਧਾਨ ਸਭਾ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਨਹੀਂ ਕੀਤਾ ਜਾ ਸਕਦਾ ਅਤੇ ਸੂਬੇ 'ਚ ਡੇਢ ਸਾਲ ਬਾਅਦ ਚੋਣਾਂ ਹੋਣੀਆਂ ਹਨ। ਇਸ ਲਈ ਭਾਜਪਾ ਨੇਤਾ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਹਨ ਕਿ ਚੋਣਾਂ ਦੀ ਤਿਆਰੀ ਕਰੀਏ ਜਾਂ ਸਰਕਾਰ ਦਾ ਗਠਨ ਕੀਤਾ ਜਾਵੇ। ਸਾਬਕਾ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਸੂਬੇ ਦੇ ਰਾਜਪਾਲ ਹਨ, ਜਿਨ੍ਹਾਂ ਰਾਸ਼ਟਰਪਤੀ ਸ਼ਾਸਨ ਲਾਗੂ ਹੋਣ ਬਾਅਦ ਕਈ ਸਮਝੌਤੇ ਕਰਕੇ ਸੂਬੇ ਵਿਚ ਸ਼ਾਂਤੀ ਬਹਾਲ ਕਰਵਾਈ ਹੈ। ਕੇਂਦਰ ਸਰਕਾਰ ਤੇ ਭਾਜਪਾ ਦੋਵੇਂ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ ਕਿਉਂਕਿ ਭਾਜਪਾ ਦੇ ਅੰਦਰ ਧੜੇ ਬਣਨ ਕਰਕੇੇ ਮੁੱਖ ਮੰਤਰੀ ਦੇ ਅਹੁਦੇ ਲਈ ਕਈ ਦਾਅਵੇਦਾਰ ਬਣ ਗਏ ਹਨ। ਸਾਬਕਾ ਮੁੱਖ ਮੰਤਰੀ ਐਨ. ਬੀਰੇਨ ਸਿੰਘ ਵੀ ਆਪਣਾ ਦਾਅਵਾ ਛੱਡਣ ਲਈ ਤਿਆਰ ਨਹੀਂ ਹੈ। ਲੋਕ ਸਭਾ ਚੋਣਾਂ ਵਿਚ ਦੋਵੇਂ ਸੀਟਾਂ ਹਾਰਨ ਤੋਂ ਬਾਅਦ ਭਾਜਪਾ ਚੋਣਾਂ ਨੂੰ ਲੈ ਕੇ ਵੀ ਚਿੰਤਤ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਸਰਕਾਰ ਬਣਾਉਣ ਦੀ ਸੰਭਾਵਨਾ ਦਿਖਾਈ ਦਿੰਦੀ ਹੈ ਤਾਂ ਇਕ ਮਹੀਨੇ ਦੇ ਅੰਦਰ-ਅੰਦਰ ਸਰਕਾਰ ਬਣ ਜਾਵੇਗੀ, ਨਹੀਂ ਤਾਂ ਵਿਧਾਨ ਸਭਾ ਨੂੰ ਭੰਗ ਕਰਕੇ ਅਗਲੇ ਸਾਲ ਅਸਾਮ ਦੇ ਨਾਲ-ਨਾਲ ਮਨੀਪੁਰ ਵਿਚ ਵੀ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ।
ਜੋਤਿਸ਼ ਦੀ ਸਲਾਹ 'ਤੇ ਸਹੁੰ ਚੁੱਕਣ ਦਾ ਸਮਾਂ
ਨਿਤਿਸ਼ ਕੁਮਾਰ ਨੇ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ, ਪਰ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੇ ਕਿਸੇ ਜੋਤਸ਼ੀ ਦੁਆਰਾ ਸੁਝਾਏ ਗਏ ਸਮੇਂ ਅਨੁਸਾਰ ਸਹੁੰ ਚੁੱਕੀ ਹੈ। ਨਿਤਿਸ਼ ਕੁਮਾਰ ਨੇ ਪਹਿਲਾਂ ਗਾਂਧੀ ਮੈਦਾਨ ਵਿਚ ਦੁਪਹਿਰ 1 ਵਜੇ ਸਹੁੰ ਚੁੱਕਣੀ ਸੀ, ਪਰ ਬਾਅਦ ਵਿਚ ਸਮਾਂ ਬਦਲ ਕੇ 11:30 ਵਜੇ ਕਰ ਦਿੱਤਾ ਗਿਆ। ਰਾਜ ਭਵਨ ਦੁਆਰਾ ਭੇਜੇ ਗਏ ਸੱਦਾ ਪੱਤਰ ਵਿਚ ਸਮਾਂ 1 ਵਜੇ ਹੀ ਦੱਸਿਆ ਗਿਆ ਸੀ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੂੰ 1 ਵਜੇ ਲਈ ਸੱਦਾ ਪੱਤਰ ਮਿਲੇ ਸਨ। ਦੱਸਿਆ ਜਾ ਰਿਹਾ ਹੈ ਕਿ ਇਕ ਜੋਤਸ਼ੀ ਨੇ ਕਿਹਾ ਕਿ ਦੁਪਹਿਰ 1 ਵਜੇ ਦਾ ਸਮਾਂ ਢੁਕਵਾਂ ਨਹੀਂ ਹੈ ਤਾਂ ਜੋਤਿਸ਼ ਦੇ ਆਧਾਰ 'ਤੇ ਸਮਾਂ 11:30 ਵਜੇ ਨਿਰਧਾਰਤ ਕੀਤਾ ਗਿਆ ਸੀ। ਜਦੋਂ ਸਮਾਂ ਬਦਲਿਆ ਤਾਂ ਦੁਬਾਰਾ ਕਾਰਡ ਛਪਵਾਉਣ ਦਾ ਸਮਾਂ ਨਹੀਂ ਸੀ, ਇਸ ਲਈ ਬਾਅਦ ਵਿਚ ਭੇਜੇ ਗਏ ਸੱਦਾ ਪੱਤਰਾਂ 'ਤੇ ਪੈੱੱਨ ਨਾਲ ਦੁਪਹਿਰ 1 ਵਜੇ ਦੀ ਬਜਾਏ ਸਵੇਰੇ 11:30 ਵਜੇ ਲਿਖਿਆ ਗਿਆ ਸੀ। ਇੰਨਾ ਹੀ ਨਹੀਂ, ਜੋਤਸ਼ੀ ਨੇ ਸਲਾਹ ਦਿੱਤੀ ਕਿ ਸਹੁੰ ਚੁੱਕ ਸਮਾਗਮ ਸਵੇਰੇ 11:30 ਵਜੇ ਸ਼ੁਰੂ ਹੋ ਕੇ 11:50 ਵਜੇ ਤੱਕ ਖਤਮ ਹੋ ਜਾਣਾ ਚਾਹੀਦਾ ਹੈ, ਇਸੇ ਲਈ ਸਹੁੰ ਚੁੱਕ ਸਮਾਗਮ ਲਈ ਸਿਰਫ 20 ਮਿੰਟ ਦਾ ਸਮਾਂ ਸੀ। ਪਹਿਲਾਂ ਇਹ ਸੁਝਾਅ ਦਿੱਤਾ ਗਿਆ ਸੀ ਕਿ ਇਸ ਸਮੇਂ ਦੌਰਾਨ ਜੇਕਰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਹੁੰ ਚੁੱਕ ਲੈਣ ਤਾਂ ਵੀ ਠੀਕ ਹੈ। ਹਾਲਾਂਕਿ, ਬਾਅਦ ਵਿਚ ਇਕ ਹੱਲ ਲੱਭਿਆ ਗਿਆ: ਮੁੱਖ ਮੰਤਰੀ ਅਤੇ ਦੋਵੇਂ ਉਪ ਮੁੱਖ ਮੰਤਰੀਆਂ ਦੇ ਸਹੁੰ ਚੁੱਕਣ ਤੋਂ ਬਾਅਦ ਮੰਤਰੀਆਂ ਨੂੰ 5-5 ਦੇ ਸਮੂਹਾਂ ਵਿਚ ਸਹੁੰ ਚੁਕਾਈ ਗਈ, ਇਸ ਤਰ੍ਹਾਂ ਸਾਰਿਆਂ ਦੇ ਸਹੁੰ ਚੁੱਕਣ ਦਾ ਕੰਮ ਸਵੇਰੇ 11:50 ਵਜੇ ਦੇ ਅੰਦਰ ਹੀ ਪੂਰਾ ਹੋ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ 25-11-25 ਅਗਲੀ ਖ਼ਬਰ ਆਓ, ਗੁਰੂ ਜੀ ਦੇ ਸਿਧਾਂਤ ਅਪਣਾਈਏ
Ad Position 24