13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਪਾਕਿਸਤਾਨ-ਅਫ਼ਗਾਨਿਸਤਾਨ

Ad Position 21
No active advertisement
ਅਜੀਤ ਡੈਸਕ 09-12-2025

ਪਿਛਲੇ ਕੁਝ ਮਹੀਨਿਆਂ ਤੋਂ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਲਗਾਤਾਰ ਤਣਾਅ ਵਧਦਾ ਜਾ ਰਿਹਾ ਹੈ। ਨਵੰਬਰ ਦੇ ਅਖ਼ੀਰ ਵਿਚ ਪਾਕਿਸਤਾਨ ਨੇ ਅਫ਼ਗਾਨਿਸਤਾਨ ਦੇ ਸਰਹੱਦੀ ਇਲਾਕਿਆਂ ਵਿਚ ਭਾਰੀ ਬੰਬਾਰੀ ਕੀਤੀ ਸੀ। ਉਸ ਦਾ ਕਹਿਣਾ ਸੀ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਲੜਾਕਿਆਂ ਨੇ ਅਫ਼ਗਾਨਿਸਤਾਨ ਦੇ ਸਰਹੱਦੀ ਇਲਾਕਿਆਂ ਵਿਚ ਪਨਾਹ ਲਈ ਹੋਈ ਹੈ। ਉੱਥੋਂ ਉਹ ਲਗਾਤਾਰ ਪਾਕਿਸਤਾਨ ਵਿਰੁੱਧ ਹਿੰਸਕ ਜੇਹਾਦੀ ਕਾਰਵਾਈਆਂ ਕਰ ਰਹੇ ਹਨ। ਇਸ ਮੁੱਦੇ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਕਾਰ ਸਖ਼ਤ ਤਣਾਅ ਬਣਿਆ ਹੋਇਆ ਹੈ। ਪਾਕਿਸਤਾਨ ਲਗਾਤਾਰ ਇਹ ਦੋਸ਼ ਲਗਾਉਂਦਾ ਰਿਹਾ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਗੁਰੀਲਿਆਂ ਨੂੰ ਅਫ਼ਗਾਨਿਸਤਾਨ ਦੀ ਸਰਕਾਰ ਸਿਖਲਾਈ ਅਤੇ ਹਥਿਆਰ ਦੇ ਰਹੀ ਹੈ, ਜਦੋਂ ਕਿ ਪਾਕਿਸਤਾਨ ਨੇ ਅਫ਼ਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਬਣਾਉਣ ਵਿਚ ਪੂਰੀ-ਪੂਰੀ ਮਦਦ ਕੀਤੀ ਸੀ। ਇਸ ਤੋਂ ਪਹਿਲਾਂ ਵੀ ਤਾਲਿਬਾਨ ਦਾ ਉੱਥੇ ਰਾਜ ਰਿਹਾ ਸੀ ਪਰ ਇਸ ਵਾਰ ਉਨ੍ਹਾਂ ਨੇ ਸਾਲ 2021 ਤੋਂ ਅਫ਼ਗਾਨਿਸਤਾਨ ਦਾ ਪ੍ਰਸ਼ਾਸਨ ਮੁੜ ਸੰਭਾਲਿਆ ਹੈ।
ਅਫ਼ਗਾਨਿਸਤਾਨ ਦਾ ਦਾਅਵਾ ਹੈ ਕਿ ਪਾਕਿਸਤਾਨੀ ਤਾਲਿਬਾਨ ਤਾਂ ਸਾਲ 2007 ਤੋਂ ਹੀ ਸਰਗਰਮ ਹੋ ਗਏ ਸਨ, ਜਿਨ੍ਹਾਂ ਦਾ ਨਿਸ਼ਾਨਾ ਖ਼ੈਬਰ ਪਖਤੂਨਖਵਾ ਪ੍ਰਾਂਤ 'ਤੇ ਕਿਸੇ ਨਾ ਕਿਸੇ ਤਰ੍ਹਾਂ ਕਬਜ਼ਾ ਕਰਕੇ ਉੱਥੇ ਸ਼ਰੀਅਤ ਦਾ ਰਾਜ ਕਾਇਮ ਕਰਨਾ ਹੈ। ਉਨ੍ਹਾਂ ਦੀਆਂ ਸਰਗਰਮੀਆਂ ਕਾਰਨ ਪਾਕਿਸਤਾਨ ਵਿਚ ਲੰਮੇ ਸਮੇਂ ਤੋਂ ਹਾਲਾਤ ਲਗਾਤਾਰ ਖ਼ਰਾਬ ਹੋ ਰਹੇ ਹਨ। ਇਸ ਤੋਂ ਇਲਾਵਾ ਵੀ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਸਰਹੱਦ ਦੀ ਡੁਰੰਡ ਲਾਈਨ ਨੂੰ ਲੈ ਕੇ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਅਫ਼ਗਾਨਿਸਤਾਨ ਇਸ ਲਾਈਨ ਤੋਂ ਉਰੇ ਖ਼ੈਬਰ ਪਖ਼ਤੂਨਖਵਾ ਦੇ ਵੱਡੇ ਹਿੱਸੇ 'ਤੇ ਆਪਣਾ ਹੱਕ ਜਤਾਉਂਦਾ ਆਇਆ ਹੈ। ਪਿਛਲੇ ਸਾਲ ਨਵੰਬਰ ਦੇ ਮਹੀਨੇ ਵਿਚ ਪਾਕਿਸਤਾਨ ਵਲੋਂ ਅਫ਼ਗਾਨਿਸਤਾਨ ਦੇ ਸਰਹੱਦੀ ਖੇਤਰਾਂ ਵਿਚ ਕੀਤੀ ਬੰਬਾਰੀ ਤੋਂ ਬਾਅਦ ਤਣਾਅ ਵਧਦਾ-ਵਧਦਾ ਇਕ ਖ਼ਤਰਨਾਕ ਸਥਿਤੀ ਵਿਚ ਬਦਲ ਗਿਆ ਹੈ। ਬਿਨਾਂ ਸ਼ੱਕ ਪਾਕਿਸਤਾਨੀ ਤਾਲਿਬਾਨ ਅਫ਼ਗਾਨ ਤਾਲਿਬਾਨਾਂ ਤੋਂ ਉਤਸ਼ਾਹ ਲੈ ਰਹੇ ਹਨ। ਸਾਲ 1996 ਵਿਚ ਪਸ਼ਤੂਨ ਮੂਲ ਦੇ ਅਫ਼ਗਾਨ ਤਾਲਿਬਾਨ ਨੇ ਅਫ਼ਗਾਨਿਸਤਾਨ ਵਿਚ ਹਕੂਮਤ ਬਣਾ ਲਈ ਸੀ। ਉਸ ਤੋਂ ਬਾਅਦ ਸਾਲ 2001 ਵਿਚ ਅਲਕਾਇਦਾ ਵਲੋਂ ਅਮਰੀਕਾ 'ਤੇ ਕੀਤੇ ਗਏ ਹਮਲੇ ਤੋਂ ਬਾਅਦ ਅਮਰੀਕਾ ਨੇ ਹਮਲਾ ਕਰਕੇ ਤਾਲਿਬਾਨ ਦੀ ਹਕੂਮਤ ਖ਼ਤਮ ਕਰ ਦਿੱਤੀ ਸੀ। 20 ਸਾਲ ਦੀ ਲੜਾਈ ਤੋਂ ਬਾਅਦ 2021 ਵਿਚ ਹੀ ਉਨ੍ਹਾਂ ਨੇ ਮੁੜ ਦੇਸ਼ 'ਤੇ ਕਬਜ਼ਾ ਕੀਤਾ ਹੈ।
ਚਾਹੇ ਦੋਹਾਂ ਦੇਸ਼ਾਂ ਵਿਚਕਾਰ ਸਮਝੌਤਾ ਕਰਵਾਉਣ ਲਈ ਕਤਰ ਤੇ ਤੁਰਕੀ ਨੇ ਕਾਫ਼ੀ ਯਤਨ ਕੀਤੇ ਹਨ ਪਰ ਹੁਣ ਤੱਕ ਗੱਲ ਸਿਰੇ ਨਹੀਂ ਚੜ੍ਹੀ। ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਉਸ ਦੇ ਦੇਸ਼ ਨੂੰ ਹੁਣ ਤਾਲਿਬਾਨ ਤੋਂ ਕੋਈ ਉਮੀਦ ਨਹੀਂ ਅਤੇ ਆਪਸੀ ਸੰਬੰਧ ਬਣਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਖ਼ਤਮ ਹੋ ਗਈਆਂ ਹਨ। ਇਸੇ ਹੀ ਸਮੇਂ ਵਿਚ ਅਫ਼ਗਾਨਿਸਤਾਨ ਦੇ ਮਹੱਤਵਪੂਰਨ ਮੰਤਰੀਆਂ ਨੇ ਭਾਰਤ ਦਾ ਦੌਰਾ ਕਰਕੇ ਇਸ ਤੋਂ ਹਰ ਤਰ੍ਹਾਂ ਦੀ ਸਹਾਇਤਾ ਦੀ ਮੰਗ ਕੀਤੀ ਹੈ। ਅਫ਼ਗਾਨਿਸਤਾਨ ਵਿਚ ਇਸ ਸਮੇਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵਾਲੀਆਂ ਵਸਤਾਂ ਦੀ ਵੱਡੀ ਘਾਟ ਹੈ। ਉਸ ਦੇ ਮੰਤਰੀਆਂ ਨੇ ਦਵਾਈਆਂ ਦੀ ਸਪਲਾਈ ਹਾਸਿਲ ਕਰਨ ਲਈ ਭਾਰਤੀ ਦਵਾਈ ਕੰਪਨੀਆਂ ਨਾਲ ਸਮਝੌਤਾ ਕਰਨ ਨੂੰ ਤਰਜੀਹ ਦਿੱਤੀ ਹੈ। ਪਾਕਿਸਤਾਨ ਬਾਰੇ ਅਫ਼ਗਾਨਿਸਤਾਨ ਦੇ ਸਿਹਤ ਮੰਤਰੀ ਨੂਰ ਜਲਾਲ ਜਲਾਲੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਕਿਸੇ ਦਾ ਗ਼ੁਲਾਮ ਨਹੀਂ ਹੈ ਅਤੇ ਉਹ ਵਿਦੇਸ਼ੀ ਆਦੇਸ਼ਾਂ ਨੂੰ ਰੱਦ ਕਰਦੇ ਹਨ। ਉਹ ਗੁਆਂਢੀ ਮੁਲਕ ਦੇ ਕਿ 'ਤੁਸੀਂ ਜੋ ਵੀ ਕਰੋ ਪਹਿਲਾਂ ਸਾਨੂੰ ਪੁੱਛੋ' ਦੇ ਰਵੱਈਏ ਨਾਲ ਸਹਿਮਤ ਨਹੀਂ ਹਨ। ਅਫ਼ਗਾਨਿਸਤਾਨ ਦੇ ਆਰਥਿਕ ਮਸਲਿਆਂ ਬਾਰੇ ਉਪ ਪ੍ਰਧਾਨ ਮੰਤਰੀ ਮੁੱਲਾ ਅਬਦੁਲ ਘਨੀ ਬਰਾਦਰ ਨੇ ਵੀ ਪਾਕਿਸਤਾਨ ਨੂੰ ਚਿਤਾਵਨੀ ਦਿੰਦਿਆ ਕਿਹਾ ਹੈ ਕਿ ਉਹ ਕਿਸੇ ਵੀ ਦੇਸ਼ ਨੂੰ ਆਪਣੀ ਖੇਤਰੀ ਪ੍ਰਭੁਸੱਤਾ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦੇਣਗੇ।
ਇਸ ਸਾਰੀ ਸਥਿਤੀ ਨੂੰ ਦੇਖਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਪਾਕਿਸਤਾਨ ਆਪਣੇ ਹੀ ਬੁਣੇ ਜਾਲ ਵਿਚ ਫਸਦਾ ਨਜ਼ਰ ਆ ਰਿਹਾ ਹੈ। ਉਸ ਦੇ ਪਾਲੇ ਲਸ਼ਕਰ-ਏ-ਤਾਲਿਬਾਨ ਅਤੇ ਜੈਸ਼-ਏ-ਮੁਹੰਮਦ ਆਦਿ ਸੰਗਠਨਾਂ ਨਾਲ ਨਾਲ ਹੁਣ ਇਸ ਖਿਤੇ ਵਿਚ ਇਸਲਾਮਿਕ ਸਟੇਟ ਅਤੇ ਅਲਕਾਇਦਾ ਦੇ ਗੁਰਿੱਲਿਆਂ ਦੀਆਂ ਸਰਗਰਮੀਆਂ ਵੀ ਚੁਣੌਤੀ ਬਣਦੀਆਂ ਜਾ ਰਹੀਆਂ ਹਨ। ਪੈਦਾ ਹੋਈ ਇਸ ਸਥਿਤੀ ਨਾਲ ਉਸ ਦੇ ਗੁਆਂਢੀ ਦੇਸ਼ ਵੀ ਵੱਡੀ ਚਿੰਤਾ ਵਿਚ ਪਏ ਜਾਪਦੇ ਹਨ। ਪਾਕਿਸਤਾਨ ਇਸ ਹਾਲਾਤ ਤੋਂ ਕਿਸ ਤਰ੍ਹਾਂ ਨਿਜਾਤ ਪਾਏਗਾ, ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਅਫ਼ਗਾਨਿਸਤਾਨ ਨਾਲ ਸਖ਼ਤ ਲੜਾਈ ਹੋਣ ਦਾ ਖ਼ਤਰਾ ਉਸ ਦੇ ਸਿਰ 'ਤੇ ਮੰਡਰਾ ਰਿਹਾ ਹੈ। ਇਸ ਤੋਂ ਇਲਾਵਾ ਉਸ ਦੇ ਵੱਡੇ ਸੂਬੇ ਬਲੋਚਿਸਤਾਨ ਵਿਚ ਵੀ ਹਾਲਾਤ ਦਿਨੋ-ਦਿਨ ਖਰਾਬ ਹੋ ਰਹੇ ਹਨ। ਇਕ ਪਾਸੇ ਚਾਹੇ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਨੇ ਮੁਲਕ ਵਿਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ, ਦੂਜੇ ਪਾਸੇ ਵੱਖ-ਵੱਖ ਅੱਤਵਾਦੀ ਗਰੁੱਪਾਂ ਵਲੋਂ ਤਰ੍ਹਾਂ-ਤਰ੍ਹਾਂ ਦੀਆਂ ਦਿੱਤੀਆਂ ਜਾ ਰਹੀਆਂ ਚੁਣੌਤੀਆਂ ਉਸ ਦੇ ਰਾਹ ਵਿਚ ਖੜ੍ਹੀਆਂ ਹਨ। ਸਿਆਸੀ ਅਸਥਿਰਤਾ ਨੇ ਦੇਸ਼ ਨੂੰ ਡਾਵਾਂਡੋਲ ਕਰ ਦਿੱਤਾ ਹੈ। ਆਰਥਿਕ ਤੌਰ 'ਤੇ ਉਹ ਇਕ ਤਰ੍ਹਾਂ ਨਾਲ ਖੋਖਲਾ ਹੋਇਆ ਦਿਖਾਈ ਦੇ ਰਿਹਾ ਹੈ। ਜਦੋਂ ਤੋਂ ਦੋਹਾਂ ਦੇਸ਼ਾਂ ਦੀ ਇਹ ਲੜਾਈ ਭਖਣ ਲੱਗੀ ਹੈ, ਅਫ਼ਗਾਨ ਮੰਤਰੀਆਂ ਨੇ ਭਾਰਤ ਦੇ ਦੌਰੇ ਵਧਾ ਦਿੱਤੇ ਹਨ। ਪਿਛਲੇ ਦਿਨੀਂ ਉੱਥੋਂ ਦੇ ਵਣਜ ਅਤੇ ਉਦਯੋਗ ਮੰਤਰੀ ਹਾਜ਼ੀ ਨੁਰੂਦੀਨ ਅਜ਼ੀਜ਼ੀ ਭਾਰਤ ਦੇ ਦੌਰੇ 'ਤੇ ਆਇਆ ਸੀ। ਉਸ ਨੇ ਨਵੀਂ ਦਿੱਲੀ ਵਿਚ ਕਿਹਾ ਹੈ ਕਿ ਦੋਹਾਂ ਦੇਸ਼ਾਂ ਦਾ ਇਸ ਸਮੇਂ ਵਪਾਰ ਇਕ ਅਰਬ ਡਾਲਰ (ਲਗਭਗ 8881 ਕਰੋੜ ਰੁਪਏ) ਦੇ ਕਰੀਬ ਹੈ, ਜਿਸ ਦੇ ਵਧਣ ਦੀ ਉਹ ਹੋਰ ਆਸ ਕਰਦੇ ਹਨ। ਨੁਰੂਦੀਨ ਨੇ ਇਹ ਵੀ ਪੇਸ਼ਕਸ਼ ਕੀਤੀ ਹੈ ਕਿ ਉਹ ਭਾਰਤ ਤੋਂ ਜਾਣ ਵਾਲੇ ਕੱਚੇ ਮਾਲ ਅਤੇ ਮਸ਼ੀਨਰੀ 'ਤੇ ਸਿਰਫ਼ ਇਕ ਫ਼ੀਸਦੀ ਟੈਕਸ ਲਾਉਣਗੇ ਅਤੇ ਨਾਲ-ਨਾਲ ਉੱਥੇ ਸਨਅਤ ਸਥਾਪਤ ਕਰਨ ਲਈ ਮੁਫ਼ਤ ਜ਼ਮੀਨ ਵੀ ਦਿੱਤੀ ਜਾਏਗੀ ਇਸ ਤੋਂ ਇਲਾਵਾ ਸਨਅਤ ਨੂੰ ਲਗਾਤਾਰ ਬਿਜਲੀ ਵੀ ਮਿਲਦੀ ਰਹੇਗੀ। ਨਵੀਂ ਸਨਅਤ ਨੂੰ 5 ਸਾਲ ਤੱਕ ਟੈਕਸ ਤੋਂ ਛੋਟ ਵੀ ਦਿੱਤੀ ਜਾਏਗੀ।
ਇਸ ਦੇ ਨਾਲ ਹੀ ਦੋਹਾਂ ਦੇਸ਼ਾਂ ਨੇ ਹਵਾਈ ਕਾਰਗੋ ਸੇਵਾਵਾਂ ਜਲਦੀ ਸ਼ੁਰੂ ਕਰਨ ਦੀ ਯੋਜਨਾ ਵੀ ਬਣਾਈ ਹੈ। ਇਸ ਰਾਹੀਂ ਕਾਬੁਲ-ਦਿੱਲੀ ਅਤੇ ਕਾਬੁਲ-ਅੰਮ੍ਰਿਤਸਰ ਵਿਚਕਾਰ ਹਵਾਈ ਜਹਾਜ਼ਾਂ ਰਾਹੀਂ ਮਾਲ ਦੀ ਢੋਆ-ਢੁਆਈ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਖਣਿਜ, ਖੇਤੀ, ਸਿਹਤ ਅਤੇ ਹੋਰ ਖੇਤਰਾਂ ਵਿਚ ਭਾਰਤੀ ਸਨਅਤਾਂ ਅਤੇ ਤਕਨੀਕੀ ਸੰਸਥਾਵਾਂ ਨਾਲ ਆਪਣਾ ਸਹਿਯੋਗ ਵਧਾਉਣ ਦੀ ਗੱਲ ਵੀ ਕਹੀ ਹੈ। ਤਾਲਿਬਾਨ ਪ੍ਰਸ਼ਾਸਨ ਬੜੀ ਤੇਜ਼ੀ ਨਾਲ ਆਪਣੇ ਮੁਲਕ ਦੇ ਮੁੜ ਨਿਰਮਾਣ ਲਈ ਤਤਪਰ ਦਿਖਾਈ ਦਿੰਦਾ ਹੈ, ਜਿਸ ਲਈ ਉਸ ਨੂੰ ਭਾਰਤ ਦੀ ਵੱਡੀ ਮਦਦ ਦੀ ਜ਼ਰੂਰਤ ਹੋਵੇਗੀ। ਆਉਂਦੇ ਸਮੇਂ ਵਿਚ ਜੇਕਰ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਸੰਬੰਧ ਹੋਰ ਵਿਗੜਦੇ ਹਨ ਤਾਂ ਇਸ ਦਾ ਪ੍ਰਤੱਖ ਜਾਂ ਅਪ੍ਰਤੱਖ ਤੌਰ 'ਤੇ ਭਾਰਤ 'ਤੇ ਅਸਰ ਪੈਣਾ ਵੀ ਕੁਦਰਤੀ ਹੈ, ਜੋ ਭਾਰਤ ਲਈ ਕਿਸੇ ਵੀ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਮੌਸਮ, ਪਾਣੀ ਤੇ ਖ਼ੁਰਾਕੀ ਤੱਤਾਂ ਕਾਰਨ ਕਣਕ ਨੂੰ ਪੀਲਾ ਪੈਣ ਤੋਂ ਬਚਾਉਣਾ ਅਗਲੀ ਖ਼ਬਰ ਸਾਨੂੰ ਸ਼ਾਂਤੀ ਚਾਹੀਦੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਾਂਤੀ ਦੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ। -ਆਈਜਨ ਹ...
Ad Position 24