ਕਣਕ ਦੀ ਫ਼ਸਲ ਦਾ ਪੀਲਾ ਪੈਣਾ ਅੱਜਕਲ੍ਹ ਕਿਸਾਨਾਂ ਲਈ ਇਕ ਆਮ ਸਮੱਸਿਆ ਬਣ ਗਈ ਹੈ। ਬਹੁਤ ਵਾਰ ਕਿਸਾਨ ਸਹੀ ਕਾਰਨ ਨਾ ਜਾਣਦੇ ਹੋਏ ਇਸ ਨੂੰ ਰੋਗ ਸਮਝ ਕੇ ਤੁਰੰਤ ਦਵਾਈ ਛਿੜਕਣ ਲੱਗ ਜਾਂਦੇ ਹਨ, ਜਿਸ ਨਾਲ ਖ਼ਰਚਾ ਵੀ ਵਧਦਾ ਹੈ ਤੇ ਫ਼ਸਲ ਨੂੰ ਨੁਕਸਾਨ ਵੀ ਹੋ ਸਕਦਾ ਹੈ। ਦਰਅਸਲ ਕਣਕ ਦੇ ਪੀਲਾ ਹੋਣ ਦੇ ਕਈ ਕਾਰਨ ਹੁੰਦੇ ਹਨ, ਜਿਵੇਂ ਖਾਦ ਦੀ ਘਾਟ, ਖੇਤ ਵਿਚ ਪਾਣੀ ਰੁਕਣਾ ਜਾਂ ਪਾਣੀ ਦੀ ਕਮੀ, ਮਿੱਟੀ 'ਚ ਜ਼ਰੂਰੀ ਤੱਤਾਂ ਦੀ ਕਮੀ, ਸਿਉਂਕ ਜਾਂ ਹੋਰ ਕੀੜਿਆਂ ਦਾ ਹਮਲਾ ਅਤੇ ਕਈ ਵਾਰ ਪੀਲੀ ਕੁੰਗੀ ਵਰਗੇ ਰੋਗ। ਇਸ ਲਈ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਅਸਲੀ ਕਾਰਨ ਦੀ ਪਛਾਣ ਕੀਤੀ ਜਾਵੇ ਅਤੇ ਫਿਰ ਉਸ ਮੁਤਾਬਕ ਹੀ ਇਲਾਜ ਕੀਤਾ ਜਾਵੇ। ਜੇ ਸਮੇਂ ਸਿਰ ਸਹੀ ਕਦਮ ਚੁੱਕੇ ਜਾਣ ਤਾਂ ਫਜ਼ੂਲ ਦੇ ਖਰਚੇ ਤੋਂ ਬਚਦੇ ਹੋਏ ਵਧੀਆ ਝਾੜ ਹਾਸਲ ਕੀਤਾ ਜਾ ਸਕਦਾ ਹੈ।
ਮੌਸਮ ਤੇ ਪਾਣੀ ਨਾਲ ਜੁੜੇ ਕਾਰਨ
1) ਖ਼ਰਾਬ ਮੌਸਮ: ਕਣਕ ਦੇ ਬੂਟਿਆਂ ਦਾ ਰੰਗ ਖਰਾਬ ਮੌਸਮ ਦੇ ਅਸਰ ਨਾਲ ਵੀ ਬਦਲ ਜਾਂਦਾ ਹੈ। ਜਦੋਂ ਸਰਦੀਆਂ ਵਿਚ ਤਾਪਮਾਨ ਇਕਦਮ ਘੱਟ ਹੋ ਜਾਵੇ ਜਾਂ ਲੰਮਾ ਸਮਾਂ ਕੋਹਰਾ ਟਿਕਿਆ ਰਹੇ ਤਾਂ ਬੂਟਿਆਂ ਦੇ ਪੱਤੇ ਪੀਲੇ ਹੋ ਸਕਦੇ ਹਨ। ਆਮ ਤੌਰ 'ਤੇ ਇਹ ਸਮੱਸਿਆ ਕੁਝ ਦਿਨਾਂ ਵਿਚ ਆਪਣੇ ਆਪ ਠੀਕ ਹੋ ਜਾਂਦੀ ਹੈ। ਫਿਰ ਵੀ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਖੇਤ ਵਿਚ ਨਮੀ ਬਣਾਈ ਰੱਖਣ ਲਈ ਸਮੇਂ 'ਤੇ ਪਾਣੀ ਲਗਾਉਂਦੇ ਰਹਿਣ ਤਾਂ ਜੋ ਬੂਟਿਆਂ ਨੂੰ ਝਟਕਾ ਨਾ ਪਵੇ।
2) ਵੱਧ ਪਾਣੀ: ਪਹਿਲੀ ਸਿੰਚਾਈ ਤੋਂ ਬਾਅਦ ਕਈ ਵਾਰ ਖੇਤ ਵਿਚ ਪਾਣੀ ਜ਼ਰੂਰਤ ਤੋਂ ਵੱਧ ਰਹਿ ਜਾਂਦਾ ਹੈ ਜਾਂ ਸਿੰਚਾਈ ਤੋਂ ਤੁਰੰਤ ਬਾਅਦ ਹੀ ਮੀਂਹ ਪੈ ਜਾਂਦਾ ਹੈ। ਅਜਿਹੇ ਹਾਲਾਤ 'ਚ ਪਾਣੀ ਜ਼ਿਆਦਾ ਹੋਣ ਕਰਕੇ ਕਣਕ ਦੀਆਂ ਜੜ੍ਹਾਂ ਹਵਾ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ, ਜਿਸ ਨਾਲ ਜੜ੍ਹਾਂ ਕੰਮ ਨਹੀਂ ਕਰ ਪਾਉਦੀਆਂ ਤੇ ਪੱਤੇ ਪੀਲੇ ਹੋ ਕੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਭਾਰੀਆਂ ਜ਼ਮੀਨਾਂ ਵਿਚ ਇਹ ਸਮੱਸਿਆ ਵੱਧ ਦੇਖਣ ਨੂੰ ਮਿਲਦੀ ਹੈ। ਜੇ ਖੇਤ ਵਿੱਚ ਕਿਆਰੇ ਬਹੁਤ ਵੱਡੇ ਬਣਾਏ ਜਾਣ ਤਾਂ ਪਾਣੀ ਇਕਸਾਰ ਨਹੀਂ ਫੈਲਦਾ, ਜਿਸ ਨਾਲ ਪੀਲਾਪਣ ਹੋਰ ਵਧਦਾ ਹੈ। ਇਸ ਸਮੱਸਿਆ ਦੇ ਹੱਲ ਲਈ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਹਮੇਸ਼ਾਂ ਭਾਰੀਆਂ ਜਮੀਨਾਂ ਵਿਚ 8 ਕਿਆਰੇ ਪ੍ਰਤੀ ਏਕੜ ਅਤੇ ਹਲਕੀਆਂ ਜ਼ਮੀਨਾਂ ਵਿਚ 16 ਕਿਆਰੇ ਪ੍ਰਤੀ ਏਕੜ ਬਣਾ ਕੇ ਹੀ ਸਿੰਚਾਈ ਕਰਨ। ਪਹਿਲੇ ਪਾਣੀ ਨੂੰ ਬਹੁਤ ਭਰਵਾਂ ਨਹੀਂ ਦੇਣਾ ਚਾਹੀਦਾ ਤੇ ਜੇ ਖੇਤ ਵਿਚ ਵੱਧ ਪਾਣੀ ਇਕੱਠਾ ਹੋ ਜਾਵੇ ਤਾਂ ਉਸ ਨੂੰ ਬਾਹਰ ਕੱਢਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
3) ਮਾੜਾ ਜਾਂ ਖਾਰਾ ਪਾਣੀ: ਕਈ ਇਲਾਕਿਆਂ ਵਿਚ ਟਿਊਬਵੈੱਲ ਦਾ ਪਾਣੀ ਖ਼ਾਰਾ ਜਾਂ ਮਾੜਾ ਹੁੰਦਾ ਹੈ ਅਤੇ ਸਿੰਚਾਈ ਦੇ ਯੋਗ ਨਹੀਂ ਹੁੰਦਾ। ਅਜਿਹੇ ਮਾੜੇ ਪਾਣੀ ਦੀ ਵਰਤੋਂ ਨਾਲ ਵੀ ਕਈ ਵਾਰੀ ਕਣਕ ਪੀਲੀ ਪੈ ਜਾਂਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਸਭ ਤੋਂ ਪਹਿਲਾਂ ਟਿਊਬਵੈੱਲ ਦਾ ਪਾਣੀ ਟੈਸਟ ਕਰਵਾਉਣਾ ਚਾਹੀਦਾ ਹੈ। ਜੇ ਰਿਪੋਰਟ ਵਿੱਚ ਪਾਣੀ ਖਾਰਾ ਨਿਕਲੇ ਤਾਂ ਸਿਫ਼ਾਰਸ਼ ਅਨੁਸਾਰ ਜਿਪਸਮ ਪਾਉਣੀ ਚਾਹੀਦੀ ਹੈ। ਖਾਰਾ ਪਾਣੀ ਕਈ ਵਾਰ ਚੰਗੇ ਪਾਣੀ ਨਾਲ ਮਿਲਾ ਕੇ ਜਾਂ ਇਕ ਵਾਰ ਖਾਰਾ ਤੇ ਇਕ ਵਾਰ ਚੰਗਾ ਪਾਣੀ ਲਾ ਕੇ ਵੀ ਵਰਤਿਆ ਜਾ ਸਕਦਾ ਹੈ। ਇਸ ਤਰੀਕੇ ਨਾਲ ਫ਼ਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।
ਖ਼ੁਰਾਕੀ ਤੱਤਾਂ ਨਾਲ ਜੁੜੇ ਕਾਰਨ
1) ਨਾਈਟ੍ਰੋਜਨ ਦੀ ਘਾਟ: ਕਣਕ ਵਿਚ ਪੀਲਾਪਣ ਦਾ ਇਕ ਆਮ ਕਾਰਨ ਨਾਈਟ੍ਰੋਜਨ ਦੀ ਘਾਟ ਹੈ। ਇਹ ਘਾਟ ਸਭ ਤੋਂ ਪਹਿਲਾਂ ਪੁਰਾਣੇ ਪੱਤਿਆਂ 'ਤੇ ਦਿਖਦੀ ਹੈ, ਜਿਥੇ ਹੇਠਲੇ ਪੱਤੇ ਹੌਲੀ ਹੌਲੀ ਪੀਲੇ ਹੋਣ ਲਗਦੇ ਹਨ। ਨਾਈਟ੍ਰੋਜਨ ਦੀ ਘਾਟ ਉਨ੍ਹਾਂ ਖੇਤਾਂ ਵਿਚ ਵੱਧ ਹੁੰਦੀ ਹੈ, ਜਿੱਥੇ ਮੀਂਹ ਬਹੁਤ ਪੈਣ ਨਾਲ ਇਹ ਤੱਤ ਮਿੱਟੀ 'ਚੋਂ ਜੀਰ ਜਾਂਦਾ ਹੈ ਜਾਂ ਫਿਰ ਖਾਦਾਂ ਦਾ ਸਹੀ ਮਾਤਰਾ ਵਿਚ ਪ੍ਰਯੋਗ ਨਹੀਂ ਕੀਤਾ ਜਾਂਦਾ। ਜਿੱਥੇ ਫਸਲੀ ਰਹਿੰਦ-ਖੂੰਹਦ ਬਹੁਤ ਜ਼ਿਆਦਾ ਹੋਵੇ, ਉੱਥੇ ਵੀ ਇਹ ਸਮੱਸਿਆ ਵੱਧ ਪਾਈ ਜਾਂਦੀ ਹੈ। ਨਾਈਟ੍ਰੋਜਨ ਤੱਤ ਦੀ ਘਾਟ ਪੂਰੀ ਕਰਨ ਲਈ ਸਿਫ਼ਾਰਸ਼ ਮੁਤਾਬਿਕ (ਮਿੱਟੀ ਪਰਖ ਦੇ ਆਧਾਰ 'ਤੇ) ਯੂਰੀਆ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਮਾੜੀਆਂ ਤੇ ਕਲਰਾਠੀਆਂ ਜ਼ਮੀਨਾਂ ਵਿਚ ਕਿਸਾਨਾਂ ਨੂੰ ਸਿਫ਼ਾਰਸ਼ੀ ਮਾਤਰਾ ਤੋਂ ਲਗਭਗ 25% ਵੱਧ ਨਾਈਟਰੋਜਨ ਦੇਣੀ ਚਾਹੀਦੀ ਹੈ।
2) ਜ਼ਿੰਕ ਦੀ ਘਾਟ: ਜੇ ਮਿੱਟੀ ਵਿਚ ਜ਼ਿੰਕ ਘੱਟ ਹੋਵੇ ਤਾਂ ਕਣਕ ਦੇ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਤੇ ਬੂਟੇ ਛੋਟੇ ਤੇ ਕਮਜ਼ੋਰ ਹੋ ਕੇ 'ਭਾਂਤੀ ਵਰਗੇ' ਦਿਖਾਈ ਦੇਣ ਲਗਦੇ ਹਨ। ਪੌਦੇ ਦੇ ਵਿਚਕਾਰਲੇ ਪੱਤੇ ਪੀਲੇ ਪੈਣ ਲਗਦੇ ਹਨ ਤੇ ਬਾਅਦ ਵਿਚ ਉਹ ਹਿੱਸਾ ਸੁੱਕ ਕੇ ਟੁੱਟ ਜਾਂਦਾ ਹੈ। ਇਸ ਘਾਟ ਨੂੰ ਰੋਕਣ ਲਈ ਬਿਜਾਈ ਸਮੇਂ 25 ਕਿਲੋ ਜ਼ਿੰਕ ਸਲਫੇਟ (21%) ਪ੍ਰਤੀ ਏਕੜ ਮਿੱਟੀ ਵਿੱਚ ਮਿਲਾਉਣਾ ਚਾਹੀਦਾ ਹੈ। ਇਹ ਪ੍ਰਭਾਵ 2 3 ਸਾਲ ਲਈ ਰਹਿੰਦਾ ਹੈ। ਜੇ ਜ਼ਿੰਕ ਦੀ ਘਾਟ ਫਸਲ ਦੇ ਵਾਧੇ ਦੌਰਾਨ ਦਿਖਾਈ ਦੇਵੇ ਤਾਂ 0.5% ਜ਼ਿੰਕ ਸਲਫੇਟ ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਇਸ ਲਈ ਇਕ ਏਕੜ ਲਈ ਇਕ ਕਿਲੋ ਜ਼ਿੰਕ ਸਲਫੇਟ ਅਤੇ ਅੱਧਾ ਕਿੱਲੋ ਅਣਬੁਝਿਆ ਚੂਨਾ 200 ਲੀਟਰ ਪਾਣੀ ਵਿਚ ਘੋਲ ਕੇ 15 ਦਿਨਾਂ ਦੇ ਅੰਤਰ 'ਤੇ 2 3 ਵਾਰੀ ਛਿੜਕਣਾ ਚਾਹੀਦਾ ਹੈ।
3) ਮੈਂਗਨੀਜ਼ ਦੀ ਘਾਟ: ਮੈਂਗਨੀਜ਼ ਤੱਤ ਦੀ ਘਾਟ ਕਾਰਨ ਪੀਲਾਪਣ ਆਮ ਤੌਰ 'ਤੇ ਪੌਦੇ ਦੇ ਵਿਚਕਾਰਲੇ ਪੱਤਿਆਂ 'ਤੇ ਦਿਖਦਾ ਹੈ। ਪੱਤੇ ਦੀਆਂ ਨਾੜੀਆਂ ਦਾ ਰੰਗ ਹਰਾ ਹੀ ਰਹਿੰਦਾ ਹੈ ਪਰ ਨਾੜੀਆਂ ਦੇ ਵਿਚਲਾ ਹਿੱਸਾ ਪੀਲਾ ਪੈ ਜਾਂਦਾ ਹੈ। ਕਈ ਵਾਰ ਇਹ ਪੀਲੇ ਹਿੱਸੇ 'ਤੇ ਹਲਕੇ ਸਲੇਟੀ ਜਾਂ ਗੁਲਾਬੀ ਭੂਰੇ ਧੱਬੇ ਵੀ ਬਣ ਜਾਂਦੇ ਹਨ, ਜੋ ਬਾਅਦ ਵਿਚ ਮਿਲ ਕੇ ਧਾਰੀਆਂ ਵਰਗਾ ਰੂਪ ਧਾਰ ਲੈਂਦੇ ਹਨ। ਇਹ ਸਮੱਸਿਆ ਜ਼ਿਆਦਾਤਰ ਹਲਕੀਆਂ ਜ਼ਮੀਨਾਂ ਵਾਲੇ ਖੇਤਾਂ ਵਿਚ ਹੁੰਦੀ ਹੈ ਜਿੱਥੇ ਲੰਮੇ ਸਮੇਂ ਤੋਂ ਕਣਕ ਝੋਨੇ ਦਾ ਫ਼ਸਲੀ ਚੱਕਰ ਚੱਲ ਰਿਹਾ ਹੋਵੇ। ਇਸ ਘਾਟ ਨੂੰ ਪੂਰਾ ਕਰਨ ਲਈ ਧੁੱਪ ਵਾਲੇ ਦਿਨ ਇਕ ਕਿੱਲੋ ਮੈਂਗਨੀਜ਼ ਸਲਫੇਟ ਨੂੰ 200 ਲੀਟਰ ਪਾਣੀ 'ਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਣਾ ਚਾਹੀਦਾ ਹੈ। ਇਹ ਛਿੜਕਾਅ ਪਹਿਲੀ ਸਿੰਚਾਈ ਤੋਂ 2 4 ਦਿਨ ਬਾਅਦ ਕਰਨਾ ਵਧੀਆ ਹੁੰਦਾ ਹੈ। ਧਿਆਨ ਰੱਖਣਾ ਚਾਹੀਦਾ ਹੈ ਕਿ ਮੈਂਗਨੀਜ਼ ਸਲਫੇਟ ਦਾ ਸਿਰਫ਼ ਛਿੜਕਾਅ ਹੀ ਕਰਨਾ ਚਾਹੀਦਾ ਹੈ।
4) ਗੰਧਕ ਦੀ ਘਾਟ: ਰੇਤਲੀ ਜ਼ਮੀਨ ਵਿਚ ਅਕਸਰ ਗੰਧਕ ਦੀ ਘਾਟ ਕਾਰਨ ਕਣਕ ਦੇ ਬੂਟੇ ਪੀਲੇ ਪੈ ਜਾਂਦੇ ਹਨ। ਇਸ ਘਾਟ ਨਾਲ ਨਵੇਂ ਪੱਤਿਆਂ ਦਾ ਰੰਗ ਨੋਕ ਨੂੰ ਛੱਡ ਕੇ ਪੀਲਾ ਪੈ ਜਾਂਦਾ ਹੈ, ਜਦਕਿ ਪੁਰਾਣੇ ਪੱਤੇ ਹਰੇ ਹੀ ਰਹਿੰਦੇ ਹਨ। ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ, ਬੂਟੇ ਛੋਟੇ ਰਹਿੰਦੇ ਹਨ ਅਤੇ ਫ਼ਸਲ ਪੂਰਾ ਜਾੜ ਨਹੀਂ ਮਾਰਦੀ। ਜੇਕਰ ਫਸਲ ਦੇ ਮੁਢਲੇ ਵਾਧੇ ਦੌਰਾਨ ਲੰਮੇ ਸਮੇਂ ਤੱਕ ਬੱਦਲਵਾਈ ਜਾਂ ਮੀਂਹ ਪੈਂਦਾ ਰਹੇ ਤਾਂ ਇਹ ਸਮੱਸਿਆ ਹੋਰ ਵੀ ਵਧ ਜਾਂਦੀ ਹੈ। ਇਸ ਘਾਟ ਨੂੰ ਦੂਰ ਕਰਨ ਲਈ 100 ਕਿਲੋ ਜਿਪਸਮ ਜਾਂ 18 ਕਿਲੋ ਬੈਂਟੋਨਾਈਟ ਸਲਫਰ (90%) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਜੇ ਬਿਜਾਈ ਸਮੇਂ ਫਾਸਫੋਰਸ ਸਿੰਗਲ ਸੁਪਰ ਫਾਸਫੇਟ ਦੇ ਰੂਪ ਵਿਚ ਨਾ ਪਾਈ ਗਈ ਹੋਵੇ ਤਾਂ ਜਿਪਸਮ ਬਿਜਾਈ ਵੇਲੇ ਹੀ ਪਾ ਦੇਣੀ ਚਾਹੀਦੀ ਹੈ। ਖਿਆਲ ਰੱਖਣਾ ਚਾਹੀਦਾ ਹੈ ਕਿ ਜਿਪਸਮ ਹਮੇਸ਼ਾਂ ਤ੍ਰੇਲ ਉਤਰਨ ਤੋਂ ਬਾਅਦ ਹੀ ਪਾਓ ਕਿਉਂਕਿ ਪੱਤਿਆਂ ਤੇ ਤ੍ਰੇਲ ਹੋਵੇ ਤਾਂ ਜਿਪਸਮ ਦੇ ਕਣ ਪੱਤਿਆਂ ਨਾਲ ਚਿਪਕ ਕੇ ਉਨ੍ਹਾਂ ਨੂੰ ਸਾੜ ਸਕਦੇ ਹਨ।
ਮੌਸਮ, ਪਾਣੀ ਤੇ ਖ਼ੁਰਾਕੀ ਤੱਤਾਂ ਕਾਰਨ ਕਣਕ ਨੂੰ ਪੀਲਾ ਪੈਣ ਤੋਂ ਬਚਾਉਣਾ
ਅਜੀਤ ਡੈਸਕ
09-12-2025