ਪੰਜਾਬ ਵਿਚ ਮਾਰਚ 2027 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਅਕਾਲੀ ਦਲ ਤੇ ਭਾਜਪਾ ਵਿਚਕਾਰ ਦੁਬਾਰਾ ਗੱਠਜੋੜ ਬਣਾਉਣ ਲਈ 'ਬੈਕ-ਚੈਨਲ' ਗੱਲਬਾਤ ਸ਼ੁਰੂ ਹੋ ਗਈ ਹੈ। ਦੋਵੇਂ ਪਾਰਟੀਆਂ ਨੂੰ ਪਤਾ ਲੱਗ ਗਿਆ ਹੈ ਕਿ ਇਕੱਲੇ ਚੋਣਾਂ ਲੜਨ ਨਾਲ ਸ਼ਾਇਦ ਕੁਝ ਵੀ ਪ੍ਰਾਪਤ ਨਾ ਹੋਵੇ। ਦੋਵੇਂ ਪਾਰਟੀਆਂ ਵਿਚਕਾਰ ਲਗਭਗ 25 ਸਾਲਾਂ ਦਾ ਗੱਠਜੋੜ 3 ਵਿਵਾਦਤ ਖੇਤੀਬਾੜੀ ਬਿੱਲਾਂ ਤੇ ਕਿਸਾਨ ਅੰਦੋਲਨ ਕਾਰਨ ਟੁੱਟ ਗਿਆ ਸੀ। ਇਸ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ਤੇ 2024 ਦੀਆਂ ਲੋਕ ਸਭਾ ਚੋਣਾਂ ਦੋਵੇਂ ਪਾਰਟੀਆਂ ਵੱਖ-ਵੱਖ ਲੜੀਆਂ ਤੇ ਦੋਹਾਂ ਨੂੰ ਵੱਡੇ ਝਟਕੇ ਲੱਗੇ। ਹੁਣ ਵਿਧਾਨ ਸਭਾ ਚੋਣਾਂ ਨੇੜੇ ਆਉਣ 'ਤੇ ਦੋਵੇਂ ਪਾਰਟੀਆਂ ਦਾ ਮੰਨਣਾ ਹੈ ਕਿ ਜੇਕਰ ਉਹ ਇਕੱਠੇ ਚੋਣਾਂ ਲੜਦੇ ਹਨ ਤਾਂ ਮਜ਼ਬੂਤ ਤਿਕੋਣਾ ਮੁਕਾਬਲਾ ਹੋ ਸਕਦਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਨੂੰ 20 ਫ਼ੀਸਦੀ ਤੋਂ ਥੋੜ੍ਹਾ ਜ਼ਿਆਦਾ, ਜਦਕਿ ਭਾਜਪਾ ਨੂੰ ਲਗਭਗ 8 ਫ਼ੀਸਦੀ ਵੋਟ ਮਿਲੇ। 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੂੰ 18.5 ਫ਼ੀਸਦੀ ਤੇ ਅਕਾਲੀ ਦਲ ਨੂੰ 13.5 ਫ਼ੀਸਦੀ ਵੋਟ ਮਿਲੇ ਸਨ। ਦੋਵੇਂ ਪਾਰਟੀਆਂ ਦਾ ਸੰਯੁਕਤ ਵੋਟ 32 ਫ਼ੀਸਦੀ ਸੀ, ਜੋ ਕਿ ਆਮ ਆਦਮੀ ਪਾਰਟੀ (ਆਪ) ਤੇ ਕਾਂਗਰਸ ਨੂੰ ਮਿਲੇ 26-26 ਫ਼ੀਸਦੀ ਵੋਟਾਂ ਨਾਲੋਂ 6 ਫ਼ੀਸਦੀ ਵੱਧ ਸੀ। ਇਸ ਲਈ ਦੋਵੇਂ ਪਾਰਟੀਆਂ ਦਾ ਮੰਨਣਾ ਹੈ ਕਿ ਗੱਠਜੋੜ ਹੋਣ 'ਤੇ ਉਹ 'ਆਪ' ਤੇ ਕਾਂਗਰਸ ਨੂੰ ਤਿਕੋਣੇ ਮੁਕਾਬਲੇ 'ਚ ਹਰਾ ਸਕਦੇ ਹਨ।
ਲੜਖੜਾਉਂਦਾ ਸੈਰ-ਸਪਾਟਾ ਕਾਰੋਬਾਰ
ਭਾਰਤ ਦੇ ਸੈਰ-ਸਪਾਟਾ ਉਦਯੋਗ ਲਈ ਇਕ ਹੋਰ ਸਾਲ ਨਿਰਾਸ਼ਾਜਨਕ ਸਾਬਤ ਹੋ ਰਿਹਾ ਹੈ। ਮੌਜੂਦਾ ਰੁਝਾਨਾਂ ਅਨੁਸਾਰ ਇਸ ਸਾਲ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿਚ 12 ਫ਼ੀਸਦੀ ਕਮੀ ਆ ਸਕਦੀ ਹੈ। ਕਰੋਨਾ ਮਹਾਂਮਾਰੀ ਤੋਂ ਪਹਿਲਾਂ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 2019 ਤੋਂ ਬਾਅਦ ਕਦੇ ਵੀ ਉਸ ਮੁਕਾਮ ਤੱਕ ਨਹੀਂ ਪਹੁੰਚੀ। ਦਰਅਸਲ ਅਮੀਰ ਭਾਰਤੀ ਸੈਲਾਨੀ ਹੁਣ ਵੀ ਵਿਦੇਸ਼ ਯਾਤਰਾ ਕਰਨ ਵਿਚ ਵੱਧ ਦਿਲਚਸਪੀ ਦਿਖਾ ਰਹੇ ਹਨ। ਅੰਕੜਿਆਂ ਅਨੁਸਾਰ ਪਿਛਲੇ ਸਾਲ ਕ੍ਰਿਸਮਸ ਤੇ ਨਵੇਂ ਸਾਲ ਦੇ ਸੀਜ਼ਨ ਦੌਰਾਨ 24 ਲੱਖ ਤੋਂ ਵੱਧ ਭਾਰਤੀ ਵਿਦੇਸ਼ ਯਾਤਰਾ 'ਤੇ ਗਏ, ਜਦਕਿ ਇਸ ਸਾਲ ਇਹ ਗਿਣਤੀ 25 ਲੱਖ ਨੂੰ ਪਾਰ ਕਰ ਸਕਦੀ ਹੈ। ਹੁਣ ਸਵਾਲ ਇਹ ਹੈ ਕਿ ਭਾਰਤੀ ਸੈਰ-ਸਪਾਟਾ ਸਥਾਨ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਿਚ ਕਿਉਂ ਅਸਫਲ ਰਹੇ ਹਨ? ਸੈਰ-ਸਪਾਟਾ ਉਦਯੋਗ ਨਾਲ ਜੁੜੇ ਲੋਕਾਂ ਅਨੁਸਾਰ ਭਾਰਤ 'ਚ ਸੈਰ-ਸਪਾਟਾ ਬਹੁਤ ਮਹਿੰਗਾ ਹੈ, ਜਦਕਿ ਬੁਨਿਆਦੀ ਢਾਂਚਾ ਕਮਜ਼ੋਰ ਤੇ ਸੁਰੱਖਿਆ ਚਿੰਤਾਵਾਂ ਗੰਭੀਰ ਹਨ। ਬੰਗਲਾਦੇਸ਼ ਨਾਲ ਤਣਾਅਪੂਰਨ ਸਬੰਧਾਂ ਤੇ ਪਹਿਲਗਾਮ ਅੱਤਵਾਦੀ ਹਮਲੇ ਕਾਰਨ ਬਣੇ ਮਾਹੌਲ ਕਾਰਨ ਸੈਲਾਨੀਆਂ ਦੀ ਆਮਦ ਘਟੀ ਹੈ, ਜਦਕਿ ਸਾਲ ਦੇ ਅੰਤ 'ਚ ਇੰਡੀਗੋ ਏਅਰਲਾਈਨਜ਼ ਦੇ ਸੰਕਟ ਨੇ ਵੀ ਵੱਡੀ ਭੂਮਿਕਾ ਨਿਭਾਈ ਹੋ ਸਕਦੀ ਹੈ। ਸੈਰ-ਸਪਾਟਾ ਇਕ ਅਜਿਹਾ ਕਾਰੋਬਾਰ ਹੈ ਜੋ ਵਿਦੇਸ਼ੀ ਮੁਦਰਾ ਪੈਦਾ ਕਰਨ ਦੇ ਨਾਲ ਹੀ ਲੱਖਾਂ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਹੈ। ਪਰ ਸੈਰਸਪਾਟਾ ਕਾਰੋਬਾਰ ਸਿੱਧੇ ਤੌਰ 'ਤੇ ਦੇਸ਼ ਦੀ ਸਮੁੱਚੀ ਸਥਿਤੀ ਨਾਲ ਜੁੜਿਆ ਹੋਣ ਕਰਕੇ ਲੜਖੜਾ ਰਿਹਾ ਹੈ।
ਅਜੀਤ ਪਵਾਰ ਦੀ ਆਰ.ਐੱਸ.ਐੱਸ. ਤੋਂ ਦੂਰੀ
ਐਨ.ਸੀ.ਪੀ. ਨੇਤਾ ਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਭਾਜਪਾ ਨਾਲ ਗੱਠਜੋੜ ਸਰਕਾਰ ਵਿਚ ਬਣੇ ਹੋਏ ਹਨ, ਪਰ ਭਾਜਪਾ ਦੇ ਹੋਰ ਸਹਿਯੋਗੀਆਂ ਦੇ ਉਲਟ ਉਹ ਭਾਜਪਾ ਦੀ ਰਾਜਨੀਤਕ ਲਾਈਨ ਦੀ ਪਾਲਣਾ ਨਹੀਂ ਕਰਦੇ। ਉਹ ਨੀਤਿਸ਼ ਕੁਮਾਰ ਵਾਂਗ ਰਾਜਨੀਤੀ ਕਰਦੇ ਹਨ, ਉਦਾਹਰਨ ਵਜੋਂ, ਅਜੀਤ ਪਵਾਰ ਨੇ ਵਿਧਾਨ ਸਭਾ ਚੋਣਾਂ 'ਚ ਮੁਸਲਮਾਨਾਂ ਨੂੰ ਟਿਕਟਾਂ ਨਾ ਦੇਣ ਦੀ ਨੀਤੀ ਦੀ ਪਾਲਣਾ ਨਹੀਂ ਕੀਤੀ। ਉਨ੍ਹਾਂ ਨਵਾਬ ਮਲਿਕ ਨੂੰ ਉਮੀਦਵਾਰ ਬਣਾਇਆ, ਜਿਸ ਨੂੰ ਭਾਜਪਾ ਨੇਤਾ ਦਾਊਦ ਇਬਰਾਹਿਮ ਦਾ ਆਦਮੀ ਕਹਿੰਦੇ ਸਨ। ਅਜੀਤ ਪਵਾਰ ਜਨਤਕ ਸਮਾਗਮਾਂ ਅਕਸਰ ਕਹਿੰਦੇ ਰਹੇ ਹਨ ਕਿ ਉਸ ਦੀ ਅਗਵਾਈ ਵਿਚ ਮੁਸਲਮਾਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਉਹ ਆਰ.ਐੱਸ.ਐੱਸ. ਨਾਲ ਸਬੰਧਤ ਸਮਾਗਮਾਂ 'ਚ ਜਾਣ ਤੋਂ ਬਚਦੇ ਰਹੇ ਹਨ। ਹਾਲ ਹੀ ਵਿਚ ਮਹਾਰਾਸ਼ਟਰ ਦੇ ਮਹਾਂਯੁਤੀ ਗਠਜੋੜ- ਭਾਜਪਾ, ਸ਼ਿਵ ਸੈਨਾ ਅਤੇ ਐਨ.ਸੀ.ਪੀ ਦੇ ਵਿਧਾਇਕਾਂ ਦਾ ਨਾਗਪੁਰ ਵਿਖੇ ਹੇਡਗੇਵਾਰ ਸਮ੍ਰਿਤੀ ਮੰਦਰ ਜਾਣ ਦਾ ਪ੍ਰੋਗਰਾਮ ਸੀ। ਹਰ ਸਾਲ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਭਾਜਪਾ ਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦੇ ਵਿਧਾਇਕ ਆਰ.ਐੱਸ.ਐੱਸ. ਦੇ ਸੰਸਥਾਪਕ ਕੇਸ਼ਵ ਬਲੀਰਾਮ ਹੇਡਗੇਵਾਰ ਨੂੰ ਸ਼ਰਧਾਂਜਲੀ ਦੇਣ ਜਾਂਦੇ ਹਨ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਆਪਣੀਆਂ ਪਾਰਟੀਆਂ ਦੇ ਸਾਰੇ ਵਿਧਾਇਕਾਂ ਦੇ ਨਾਲ ਹੇਡਗੇਵਾਰ ਨੂੰ ਸ਼ਰਧਾਂਜਲੀ ਦੇਣ ਗਏ, ਪਰ ਅਜੀਤ ਪਵਾਰ ਤੇ ਉਸ ਦੀ ਪਾਰਟੀ ਦੇ ਵਿਧਾਇਕ ਇਸ 'ਚ ਸ਼ਾਮਿਲ ਨਹੀਂ ਹੋਏ। ਅਜਿਹਾ ਲਗਾਤਾਰ ਤੀਜੇ ਸਾਲ ਹੋਇਆ ਹੈ। ਐਨ.ਸੀ.ਪੀ. ਨੇਤਾਵਾਂ ਦਾ ਕਹਿਣਾ ਹੈ ਕਿ ਭਾਜਪਾ ਤੇ ਸ਼ਿਵ ਸੈਨਾ ਦੀ ਰਾਜਨੀਤੀ ਤੇ ਏਜੰਡਾ ਇਕੋ ਜਿਹਾ ਹੈ, ਪਰ ਸਾਡੀ ਪਾਰਟੀ ਦੀ ਰਾਜਨੀਤੀ ਮੁਸਲਮਾਨਾਂ ਤੇ ਮਰਾਠਿਆਂ ਦੇ ਸਮਰਥਨ ਤੋਂ ਬਿਨਾਂ ਸਫਲ ਨਹੀਂ ਹੋ ਸਕਦੀ।
ਥਰੂਰ ਦੇ ਭਾਜਪਾ ਵੱਲ ਵਧਦੇ ਕਦਮ ਰੁਕੇ
ਇਕ ਤੋਂ ਬਾਅਦ ਇਕ ਵਾਪਰੀਆਂ 3 ਘਟਨਾਵਾਂ ਤੋਂ ਲਗਦਾ ਹੈ ਕਿ ਕੇਰਲ ਦੇ ਤਿਰੂਵਨੰਤਪੁਰਮ ਤੋਂ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੇੇ ਕਦਮ ਰੁਕ ਗਏ ਹਨ ਅਤੇ ਉਹ ਭਾਜਪਾ ਵੱਲ ਵਧਣ ਦੀ ਬਜਾਏ ਜਿੱਥੇ ਹਨ ਉੱਥੇ ਹੀ ਰਹਿਣਾ ਚਾਹੁੰਦੇ ਹਨ। ਇਕ ਹਫ਼ਤਾ ਪਹਿਲਾਂ ਤੱਕ ਲੱਗ ਰਿਹਾ ਸੀ ਕਿ ਥਰੂਰ ਭਾਜਪਾ ਵਿਚ ਸ਼ਾਮਿਲ ਹੋਣ ਵਾਲੇ ਹਨ ਕਿਉਂਕਿ ਉਹ ਹਰ ਮੁੱਦੇ 'ਤੇ ਕੇਂਦਰ ਸਰਕਾਰ ਦਾ ਸਮਰਥਨ ਕਰਦਿਆਂ ਕਾਂਗਰਸ ਦੀ ਰਣਨੀਤੀ 'ਤੇ ਸਵਾਲ ਉਠਾ ਰਹੇ ਸਨ। ਪਰ ਕੇਰਲ ਵਿਚ ਸਥਾਨਕ ਸੰਸਥਾਵਾਂ ਦੇ ਚੋਣ ਨਤੀਜਿਆਂ ਕਾਰਨ ਸਥਿਤੀ ਬਦਲ ਗਈ ਹੈ। ਜਿੱਥੇ ਕਾਂਗਰਸ ਨੇ ਭਾਰੀ ਜਿੱਤ ਪ੍ਰਾਪਤ ਕੀਤੀ ਹੈ, ਜਦੋਂ ਕਿ ਭਾਜਪਾ ਨੇ ਸਿਰਫ਼ ਥਰੂਰ ਦੇ ਸੰਸਦੀ ਖੇਤਰ ਤਿਰੂਵੰਨਤਪੁਰਮ ਵਿਚ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ। ਦਰਅਸਲ ਥਰੂਰ ਦਾ ਦਿਲ ਬਦਲਣ ਦੀ ਸ਼ੁਰੂਆਤ ਸਾਵਰਕਰ ਪੁਰਸਕਾਰ ਲੈਣ ਤੋਂ ਇਨਕਾਰ ਕਰਨ ਨਾਲ ਹੋਈ ਹੈ, ਇਹ ਪੁਰਸਕਾਰ ਸੀਨੀਅਰ ਭਾਜਪਾ ਨੇਤਾਵਾਂ ਦੁਆਰਾ ਦਿੱਤਾ ਜਾਣਾ ਸੀ। ਥਰੂਰ ਨੇ ਆਖਰੀ ਸਮੇਂ 'ਤੇ ਪੁਰਸਕਾਰ ਨਾ ਲੈਣ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਲਈ ਉਨ੍ਹਾਂ ਦੀ ਸਹਿਮਤੀ ਨਹੀਂ ਲਈ ਗਈ ਸੀ। ਦੂਜਾ ਮੁੱਦਾ ਮਨਰੇਗਾ ਨੂੰ ਖਤਮ ਕਰਨ ਤੇ ਨਵਾਂ ਕਾਨੂੰਨ ਲਾਗੂ ਕਰਨ ਦੀ ਸਰਕਾਰੀ ਪਹਿਲਕਦਮੀ ਦੇ ਖ਼ਿਲਾਫ਼ ਥਰੂਰ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ। ਉਨ੍ਹਾਂ ਮਨਰੇਗਾ ਦਾ ਨਾਮ ਬਦਲ ਕੇ 'ਜੀ ਰਾਮ ਜੀ' ਕਰਨ 'ਤੇ ਇਤਰਾਜ਼ ਕਰਦਿਆਂ ਲਿਖਿਆ ਹੈ ਕਿ 'ਰਾਮ ਦਾ ਨਾਮ ਬਦਨਾਮ ਨਾ ਕਰੋ।' ਉਨ੍ਹਾਂ ਸਰਕਾਰ ਵਲੋਂ ਨਿੱਜੀ ਕੰਪਨੀਆਂ ਨੂੰ ਪਰਮਾਣੂ ਊਰਜਾ ਖੇਤਰ ਵਿਚ ਕੰਮ ਕਰਨ ਦੀ ਆਗਿਆ ਦੇਣ ਲਈ ਬਿੱਲ ਪੇਸ਼ ਕਰਨ ਦਾ ਵੀ ਸਖ਼ਤ ਵਿਰੋਧ ਕੀਤਾ ਹੈ। ਥਰੂਰ ਵਲੋਂ ਦੋਵੇਂ ਸਰਕਾਰੀ ਬਿੱਲਾਂ ਦਾ ਵਿਰੋਧ ਕਰਨਾ ਕੋਈ ਛੋਟੀ ਗੱਲ ਨਹੀਂ ਹੈ।
ਗ਼ਾਲਿਬ ਨਾਲ ਫਿਰ ਅਨਿਆਂ
ਦੁਨੀਆ ਭਰ ਵਿਚ ਸ਼ੇਅਰੋ-ਸ਼ਾਇਰੀ ਨਾਲ ਜੁੜੇ ਲੋਕ ਜਾਣਦੇ ਹਨ ਕਿ ਮਿਰਜ਼ਾ ਅਸਦੁੱਲਾ ਖਾਨ ਗ਼ਾਲਿਬ ਅਜਿਹੇ ਸ਼ਾਇਰ ਹਨ, ਜਿਨ੍ਹਾਂ ਬਾਰੇ ਸਭ ਤੋਂ ਵੱਧ ਗ਼ਲਤ ਹਵਾਲੇ ਦਿੰਦਿਆਂ ਉਨ੍ਹਾਂ ਨੂੰ ਘੱਟ ਕਰਕੇ ਸਮਝਿਆ ਗਿਆ ਹੈ। ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਆਖ਼ਰੀ ਹਫ਼ਤੇ ਦੇ ਪਹਿਲੇ ਦਿਨ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਨੇ ਕਾਂਗਰਸ ਨੂੰ ਨਸੀਅਤ ਦਿੰਦਿਆਂ ਇਕ ਸ਼ੇਅਰ ਪੜ੍ਹਿਆ- 'ਉਮਰ ਭਰ ਗ਼ਾਲਿਬ ਉਹੀ ਗਲਤੀ ਕਰਦਾ ਰਿਹਾ: ਧੂੜ ਚਿਹਰੇ 'ਤੇ ਸੀ ਔਰ ਆਇਨਾ ਸਾਫ਼ ਕਰਦਾ ਰਿਹਾ।' ਦਰਅਸਲ ਇਹ ਸ਼ੇਅਰ ਗ਼ਾਲਿਬ ਦਾ ਨਹੀਂ ਹੈ, ਜਿਸ ਨੂੰ ਇਕ ਪ੍ਰਮੁੱਖ ਅੰਗਰੇਜ਼ੀ ਅਖ਼ਬਾਰ ਨੇ ਪ੍ਰਕਾਸ਼ਿਤ ਕਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਜੂਨ 2019 ਵਿਚ ਲੋਕ ਸਭਾ ਚੋਣਾਂ ਤੋਂ ਬਾਅਦ ਸੰਸਦ ਦੇ ਪਹਿਲੇ ਸੈਸ਼ਨ ਦੌਰਾਨ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਕਾਂਗਰਸ ਨੂੰ ਸੁਣਾਉਂਦਿਆ ਇਹੀ ਸ਼ੇਅਰ ਪੜ੍ਹਿਆ ਸੀ। ਉਸ ਸਮੇਂ ਜਾਵੇਦ ਅਖਤਰ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਇਹ ਸ਼ੇਅਰ ਗ਼ਾਲਿਬ ਦਾ ਨਹੀਂ ਹੈ ਕਿਉਂਕਿ ਸ਼ੇਅਰ ਦੀਆਂ ਦੋਵੇਂ ਲਾਈਨਾਂ ਸ਼ਾਇਰੀ ਦੇ ਮੀਟਰ 'ਤੇ ਫਿੱਟ ਨਹੀਂ ਬੈਠਦੀਆਂ। ਕੁਝ ਹਵਾਲੇ ਇਸ ਨੂੰ ਅਸਰ ਫੈਜ਼ਾਬਾਦੀ ਦਾ ਸ਼ੇਅਰ ਦੱਸਦੇ ਹਨ। ਪਰ ਸੋਸ਼ਲ ਮੀਡੀਆ ਨੇ ਇਸ ਨੂੰ ਗ਼ਾਲਿਬ ਦੇ ਸ਼ੇਅਰ ਵਜੋਂ ਪ੍ਰਚਾਰ ਦਿੱਤਾ ਹੈ। ਇਹ ਸਾਡੀ ਵਿਰਾਸਤ ਪ੍ਰਤੀ ਅਗਿਆਨਤਾ ਦਾ ਇਕ ਨਮੂਨਾ ਵੀ ਹੈ।
ਕੀ ਮੁੜ ਬਣ ਸਕਦਾ ਹੈ ਅਕਾਲੀ-ਭਾਜਪਾ ਗੱਠਜੋੜ?
ਅਜੀਤ ਡੈਸਕ
22-12-2025