05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਪੁਤਿਨ ਦੀ ਭਾਰਤੀ ਚੈਨਲ ਨਾਲ 100 ਮਿੰਟ ਦੀ ਇੰਟਰਵਿਊ

Ad Position 21
No active advertisement
ਅਜੀਤ ਡੈਸਕ 22-12-2025

ਕਿਹਾ ਜਾਂਦਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੀ.ਬੀ.ਸੀ. ਅਤੇ ਅਲਜਜ਼ੀਰਾ ਜਿਹੇ ਸੰਸਾਰ ਪ੍ਰਸਿੱਧ ਚੈਨਲਾਂ ਨੂੰ ਇੰਟਰਵਿਊ ਲਈ ਨਾਂਹ ਕਰ ਦਿੱਤੀ ਸੀ ਪਰ ਇਕ ਭਾਰਤੀ ਚੈਨਲ ਨੂੰ 100 ਮਿੰਟ ਲੰਬੀ ਇੰਟਰਵਿਊ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਮੈਂ ਜਦ ਇਹ ਇੰਟਰਵਿਊ ਸੁਣ ਰਿਹਾ ਸੀ ਤਾਂ ਤੁਰੰਤ ਪਹਿਲੀ ਗੱਲ ਜਿਹੜੀ ਮੇਰੇ ਦਿਮਾਗ਼ ਵਿਚ ਆਈ ਉਹ ਇਹ ਸੀ ਕਿ ਅਜਿਹੀ ਇੰਟਰਵਿਊ ਸਮੇਂ ਐਂਕਰ ਕਦੇ ਮਹਿਮਾਨ ਦੇ ਸਾਹਮਣੇ ਲੱਤ 'ਤੇ ਲੱਤ ਰੱਖ ਕੇ ਨਹੀਂ ਬੈਠਦੇ। ਬਿਲਕੁਲ ਸਿੱਧੇ ਦੋਵੇਂ ਪੈਰ ਜ਼ਮੀਨ 'ਤੇ ਲਗਾ ਕੇ ਬੈਠਣਾ ਹੁੰਦਾ ਹੈ। ਇਹੀ ਸਹੀ ਸਲੀਕਾ ਹੈ, ਸਹੀ ਤਰੀਕਾ ਹੈ ਅਤੇ ਮਹਿਮਾਨ ਨੂੰ ਸਤਿਕਾਰ ਦੇਣ ਦਾ ਢੰਗ ਹੈ।
ਬੀਤੇ ਦੋ ਦਹਾਕਿਆਂ ਦੌਰਾਨ ਪੁਤਿਨ ਦੀ ਕਿਸੇ ਭਾਰਤੀ ਚੈਨਲ ਨਾਲ ਇਹ ਪਹਿਲੀ ਇੰਟਰਵਿਊ ਸੀ। ਇੰਟਰਵਿਊ ਦੌਰਾਨ ਤੇਜ਼ੀ ਨਾਲ ਬਦਲ ਰਹੀ ਦੁਨੀਆ ਬਾਰੇ, ਭਾਰਤ-ਰੂਸ ਸੰਬੰਧਾਂ ਬਾਰੇ ਖੁੱਲ੍ਹ ਕੇ ਗੱਲਬਾਤ ਹੋਈ। ਇਸ ਸਭ ਕੁਝ ਬਾਰੇ ਪੁਤਿਨ ਦੇ ਸਿੱਧੇ ਤੇ ਸਪੱਸ਼ਟ ਵਿਚਾਰ ਦਰਸ਼ਕਾਂ ਨੂੰ ਸੁਣਨ ਨੂੰ ਮਿਲੇ। ਹੁਣ ਜਦੋਂ ਅਮਰੀਕਾ ਨਾਲ ਭਾਰਤ ਦੇ ਸੰਬੰਧਾਂ ਵਿਚ ਪਹਿਲਾਂ ਨਾਲੋਂ ਅੰਤਰ ਆ ਰਿਹਾ ਹੈ ਤਾਂ ਇਸ ਮੌਕੇ ਇਸ ਇੰਟਰਵਿਊ ਦਾ ਮਹੱਤਵ ਹੋਰ ਵਧ ਜਾਂਦਾ ਹੈ। ਨਤੀਜੇ ਵਜੋਂ ਇਹ ਇੰਟਰਵਿਊ ਦੁਨੀਆ ਭਰ ਦੇ ਦਰਸ਼ਕਾਂ ਦੁਆਰਾ ਦੇਖੀ ਸੁਣੀ ਜਾ ਰਹੀ ਹੈ। ਦਰਅਸਲ ਇਹ ਇੰਟਰਵਿਊ ਕ੍ਰੇਮਲਿਨ ਵਿਚ ਕੀਤੀ ਗਈ ਸੀ। ਜਦੋਂ ਪੁਤਿਨ ਨੇ ਕੁਝ ਘੰਟੇ ਬਾਅਦ ਭਾਰਤ ਆਉਣ ਲਈ ਚੱਲਣਾ ਸੀ। ਇੰਟਰਵਿਊ ਦਿਲਚਸਪ ਤੇ ਮਹੱਤਵਪੂਰਨ ਇਸ ਲਈ ਸੀ ਕਿ ਇਕ ਤਾਂ ਪੁਤਿਨ ਭਾਰਤ ਆ ਰਹੇ ਸਨ, ਦੂਸਰਾ ਉਨ੍ਹਾਂ ਨੇ ਸਾਰੇ ਸਵਾਲਾਂ ਦੇ ਜਵਾਬ ਬੜੀ ਬੇਬਾਕੀ ਨਾਲ ਸਪੱਸ਼ਟ ਸ਼ਬਦਾਂ ਵਿਚ ਦਿੱਤੇ ਸਨ।
ਇਕ ਪਾਸੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੁੱਲ੍ਹ ਕੇ ਪ੍ਰਸੰਸਾ ਕੀਤੀ, ਦੂਸਰੇ ਪਾਸੇ ਭਾਰਤ ਨਾਲ ਗੂੜ੍ਹੀ ਦੋਸਤੀ ਦੇ ਇਤਿਹਾਸਕ ਪ੍ਰਸੰਗਾਂ ਦਾ ਜ਼ਿਕਰ ਕੀਤਾ। ਡੋਨਾਲਡ ਟਰੰਪ ਦੀਆਂ ਧਮਕੀਆਂ ਅਤੇ ਯੂਕਰੇਨ ਯੁੱਧ ਬਾਰੇ ਵਿਸ਼ੇਸ਼ ਤੌਰ 'ਤੇ ਆਪਣਾ ਪੱਖ ਪੇਸ਼ ਕੀਤਾ। 20 ਸਾਲਾਂ ਬਾਅਦ ਉਨ੍ਹਾਂ ਨੇ ਕਿਸੇ ਭਾਰਤੀ ਚੈਨਲ ਨੂੰ ਅਜਿਹੀ ਲੰਬੀ ਤੇ ਬੇਬਾਕ ਇੰਟਰਵਿਊ ਦਿੱਤੀ ਹੈ।
ਇਸ ਇੰਟਰਵਿਊ ਲਈ ਕ੍ਰੇਮਲਿਨ ਦੇ ਇਤਿਹਾਸਕ ਇਕਾਤੇਰਿਨਾ (ਕੈਥਰੀਨ) ਹਾਲ ਦੀ ਚੋਣ ਕੀਤੀ ਗਈ। ਬਤੌਰ ਐਂਕਰ ਅੰਜਨਾ ਦੇ ਨਾਲ ਗੀਤਾ ਮੋਹਨ ਮੌਜੂਦ ਸੀ। ਗੀਤਾ ਮੋਹਨ ਸੰਬੰਧਿਤ ਚੈਨਲ ਦੀ ਵਿਦੇਸ਼ੀ ਮਾਮਲਿਆਂ ਦੀ ਸੰਪਾਦਕ ਹੈ। ਇੰਟਰਵਿਊ ਨੂੰ ਕ੍ਰੇਮਲਿਨ ਪ੍ਰੈੱਸ ਦਫ਼ਤਰ ਦੀ ਵੈੱਬਸਾਈਟ 'ਤੇ ਹੀ ਪਾਇਆ ਗਿਆ ਹੈ।
ਇੰਟਰਵਿਊ ਦੌਰਾਨ ਪੁਤਿਨ ਨੇ ਕਿਹਾ ਕਿ ਭਾਰਤ ਇਕ ਵੱਡੀ ਤਾਕਤ ਹੈ। ਉਨ੍ਹਾਂ ਨੇ ਉੱਚ ਤਕਨੀਕ ਦੇ ਖੇਤਰ ਵਿਚ ਭਾਰਤ-ਰੂਸ ਦੇ ਆਪਸੀ ਸਹਿਯੋਗ ਤੇ ਭਾਈਵਾਲੀ ਲਈ 'ਰੋਡਮੈਪ' ਪੇਸ਼ ਕੀਤਾ।
ਕ੍ਰੇਮਲਿਨ ਪ੍ਰੈੱਸ ਦਫ਼ਤਰ ਉਹ ਜਗ੍ਹਾ ਹੈ ਜਿਹੜੀ ਰੂਸ ਦੇ ਰਾਸ਼ਟਰਪਤੀ ਅਤੇ ਮੀਡੀਆ ਦਰਮਿਆਨ ਗੱਲਬਾਤ ਦਾ ਪ੍ਰਬੰਧ ਕਰਦੀ ਹੈ। ਰਾਸ਼ਟਰਪਤੀ ਦੇ ਰੁਝੇਵਿਆਂ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਵੀ ਇਸੇ ਦਫ਼ਤਰ ਦੁਆਰਾ ਜਾਰੀ ਕੀਤੀ ਜਾਂਦੀ ਹੈ। ਵੱਖ-ਵੱਖ ਖ਼ਬਰਾਂ ਅਤੇ ਵਿਸ਼ਵ ਸਰਗਰਮੀਆਂ ਸੰਬੰਧੀ ਰੂਸ ਅਤੇ ਰੂਸ ਦੇ ਰਾਸ਼ਟਰਪਤੀ ਦਾ ਰੁਖ਼ ਵੀ ਇੱਥੋਂ ਹੀ ਪਤਾ ਚਲਦਾ ਹੈ।
ਕ੍ਰੇਮਲਿਨ ਰੂਸ ਦੀ ਸਰਕਾਰ ਦਾ ਮੁੱਖ ਕੇਂਦਰ ਹੈ ਅਤੇ ਰਾਸ਼ਟਰਪਤੀ ਪੁਤਿਨ ਦਾ ਨਿਵਾਸ ਸਥਾਨ ਹੈ। ਤੁਸੀਂ ਹੈਰਾਨ ਹੋਵੋਗੇ ਕਿ ਕ੍ਰੇਮਲਿਨ ਅੰਦਰ ਸਮਾਰਟ ਫੋਨਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਵਲਾਦੀਮੀਰ ਪੁਤਿਨ ਖ਼ੁਦ ਵੀ ਸਮਾਰਟ ਫੋਨ ਦੀ ਵਰਤੋਂ ਨਹੀਂ ਕਰਦੇ, ਕਿਉਂਕਿ ਸਮਾਰਟ ਫੋਨ ਦੀ ਵਰਤੋਂ ਵਿਅਕਤੀ ਦੀ ਨਿੱਜਤਾ ਅਤੇ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਂਦੀ ਹੈ। ਪੁਤਿਨ ਖ਼ੁਦ ਕਹਿੰਦੇ ਹਨ ਕਿ ਉਹ ਮੋਬਾਈਲ ਫ਼ੋਨ ਦੀ ਵਰਤੋਂ ਨਹੀਂ ਕਰਦੇ ਅਤੇ ਇੰਟਰਨੈੱਟ 'ਤੇ ਭਰੋਸਾ ਵੀ ਨਹੀਂ ਕਰਦੇ। ਉਹ ਅਜਿਹੇ ਵਿਸ਼ੇਸ਼ ਫ਼ੋਨ ਦੀ ਵਰਤੋਂ ਕਰਦੇ ਹਨ, ਜਿਹੜਾ ਇੰਟਰਨੈੱਟ ਨਾਲ ਜੁੜਿਆ ਹੋਇਆ ਨਹੀਂ ਹੁੰਦਾ।
ਪੁਤਿਨ ਦੇ ਮੀਡੀਆ ਨਾਲ ਸੰਬੰਧ ਆਪਣੀ ਕਿਸਮ ਦੇ ਹਨ। ਉੱਚ ਪੱਧਰੀ ਨਿਗਰਾਨੀ ਅਤੇ ਮੁਲਕ ਦੇ ਹਿੱਤਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਹੈ। ਲੰਘੀ 19 ਦਸੰਬਰ ਨੂੰ ਸਾਲਾਨਾ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿਚ ਸਿੱਧੇ ਸਵਾਲ-ਜਵਾਬ ਸਨ ਅਤੇ ਜਿਹੜੀ ਸਾਢੇ ਚਾਰ ਘੰਟੇ ਚੱਲੀ ਸੀ, ਉਸ ਦੌਰਾਨ ਪੁਤਿਨ ਨੇ ਸ਼ਾਂਤੀ ਲਈ ਟਰੰਪ ਦੇ ਸੰਜੀਦਾ ਯਤਨਾਂ ਦੀ ਪ੍ਰਸੰਸਾ ਕੀਤੀ ਸੀ। ਬੀ.ਬੀ.ਸੀ. ਨਾਲ ਟਰੰਪ ਦੇ ਚੱਲ ਰਹੇ ਵਿਵਾਦ ਦਾ ਉਨ੍ਹਾਂ ਜ਼ਿਕਰ ਕੀਤਾ ਅਤੇ ਟਰੰਪ ਦੇ ਫ਼ੈਸਲੇ ਨੂੰ ਸਹੀ ਦੱਸਿਆ।
ਜਾਅਲੀ ਖ਼ਬਰਾਂ ਸੰਬੰਧੀ ਰੂਸ ਨੇ ਸਖ਼ਤ ਨਿਯਮ ਕਾਨੂੰਨ ਬਣਾਏ ਹੋਏ ਹਨ। ਲੋੜ ਅਨੁਸਾਰ ਉਨ੍ਹਾਂ ਵਿਚ ਅਦਲ-ਬਦਲ ਅਤੇ ਸੋਧ ਸੁਧਾਈ ਕੀਤੀ ਜਾਂਦੀ ਹੈ।

-ਈਮੇਲ : prof_kulbir@yahoo.com

Ad Position 22
No active advertisement
ਪਿਛਲੀ ਖ਼ਬਰ ਪਿੰਡਾਂ ਦੇ ਵਿਕਾਸ ਦਾ ਨਵਾਂ ਸੰਕਲਪ ਹੈ 'ਵਿਕਸਿਤ ਭਾਰਤ ਜੀ ਰਾਮ ਜੀ' ਅਗਲੀ ਖ਼ਬਰ ਕੀ ਮੁੜ ਬਣ ਸਕਦਾ ਹੈ ਅਕਾਲੀ-ਭਾਜਪਾ ਗੱਠਜੋੜ?
Ad Position 24