ਅੱਜ ਲਈ ਵਿਸ਼ੇਸ਼
ਫਿਰ ਵੀ ਕੋਈ ਨਹੀਂ ਲੈਂਦਾ ਸਬਕ
ਪਿਛਲੇ ਦਿਨੀਂ ਗੋਆ ਦੇ ਇਕ ਨਾਈਟ ਕਲੱਬ 'ਚ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਸੀ। ਅਜਿਹੀ ਹੀ ਇਕ ਘਟਨਾ ਡੱਬਵਾਲੀ ਵਿਖੇ ਵਾਪਰੀ ਸੀ, ਜਿਸ ਦੌਰਾਨ 442 ਲੋਕ ਮੌਤ ਦੇ ਮੂੰਹ 'ਚ ਚਲੇ ਗਏ ਸਨ। ਡੱਬਵਾਲੀ ਅਗਨੀਕਾਂਡ 23 ਦਸੰਬਰ 1995 ਨੂੰ ਵਾਪਰਿਆ ਸੀ, ਜਦੋਂ ਇੱਥੋਂ ਦੇ ਰਾਜੀਵ ਮੈਰਿਜ ਪੈਲੇਸ 'ਚ ਡੀ.ਏ.ਵੀ. ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਸ਼ਾਰਟ ਸਰਕਟ ਕਾਰਨ ਚੰਦ ਮਿੰਟਾਂ 'ਚ ਹੀ 442 ਲੋਕ ਅੱਗ ਦਾ ਸ਼ਿਕਾਰ ਬਣ ਗਏ ਸਨ। ਇਹ ਸਿਰਫ਼ ਅੰਕੜਾ ਨਹੀਂ ਸੀ, ਡੱਬਵਾਲੀ ਸ਼ਹਿਰ ਦੀ ਲਗਭਗ ਇਕ ਫ਼ੀਸਦੀ ਆਬਾਦੀ ਸੀ। ਸੈਂਕੜੇ ਪਰਿਵਾਰ ਬਰਬਾਦੀ ਕੰਢੇ ਪੁੱਜ ਗਏ ਤੇ ਦਰਜਨਾਂ ਘਰਾਂ ਨੂੰ ਜਿੰਦਰੇ ਲੱਗ ਗਏ ਸਨ।
ਇਹ ਦੇਸ਼-ਦੁਨੀਆ ਲਈ ਸਬਕ ਸੀ ਪਰ ਸਾਡੇ ਦੇਸ਼ ਵਿਚ ਹਾਦਸੇ ਤੋਂ ਕਿਸੇ ਨੇ ਕੋਈ ਸਿੱਖਿਆ ਨਹੀਂ ਲਈ। ਤਿੰਨ ਦਹਾਕਿਆਂ ਬਾਅਦ ਵੀ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਗੋਆ ਅੱਗ ਹਾਦਸੇ 'ਚ 25 ਮੌਤਾਂ ਦੀ ਖ਼ਬਰ ਆਈ ਤਾਂ ਲੱਗਾ ਜਿਵੇਂ ਵੇਲਾ ਠਹਿਰ ਗਿਆ ਹੋਵੇ, ਉਹੀ ਅਫਰਾ-ਤਫਰੀ, ਉਹੀ ਅੱਗ ਦਾ ਤਾਂਡਵ ਤੇ ਉਹੀ ਬੇਵਸੀ। ਡੱਬਵਾਲੀ ਅਗਨੀਕਾਂਡ ਦੇ ਮ੍ਰਿਤਕਾਂ 'ਚ 258 ਬੱਚੇ, 140 ਔਰਤਾਂ ਤੇ 44 ਪੁਰਸ਼ ਸਨ, ਕੁੱਲ 150 ਜਣੇ ਜ਼ਖ਼ਮੀ ਹੋਏ ਸਨ ਤੇ 31 ਲੋਕ ਦਿਵਿਆਂਗ ਹੋ ਗਏ ਸਨ।
ਮੈਂ ਇਕਬਾਲ ਸਿੰਘ ਸ਼ਾਂਤ ਉਸ ਹਾਦਸੇ ਦਾ ਜਿਉਂਦਾ ਦਿਵਿਆਂਗ ਪੀੜਤ ਹਾਂ। ਜੇਕਰ ਕੁਦਰਤ ਸਾਹ ਨਾ ਬਖ਼ਸ਼ਦੀ ਤਾਂ ਸ਼ਾਇਦ ਮੈਂ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਵਿਚ 443 ਨੰਬਰ 'ਤੇ ਹੁੰਦਾ। ਇਸ ਅਗਨੀਕਾਂਡ 'ਚ ਘਿਰੇ ਆਪਣੇ ਪਿਤਾ ਸੁਤੰਤਰਤਾ ਸੈਨਾਨੀ ਸ. ਗੁਰਦੇਵ ਸਿੰਘ ਸ਼ਾਂਤ ਨੂੰ ਬਚਾਉਣ ਲਈ ਮੈਂ ਮੁੜ ਅੰਦਰ ਦਾਖ਼ਲ ਹੋਇਆ, ਇਸ ਕੋਸ਼ਿਸ਼ 'ਚ ਮੇਰੇ ਦੋਵੇਂ ਹੱਥ ਤੇ ਪਿੱਠ ਬੁਰੀ ਤਰ੍ਹਾਂ ਝੁਲਸ ਗਏ ਤੇ ਮੇਰਾ ਸਰੀਰ 85 ਫ਼ੀਸਦੀ ਪ੍ਰਭਾਵਿਤ ਹੋ ਗਿਆ। ਤਸੱਲੀ ਸੀ ਕਿ ਪਿਤਾ ਨੂੰ ਬਾਹਰ ਕੱਢ ਲਿਆਂਦਾ ਸੀ ਪਰ ਅਫਸੋਸ 25 ਦਸੰਬਰ 1995 ਨੂੰ ਉਹ ਪੀ.ਜੀ.ਆਈ. ਚੰਡੀਗੜ੍ਹ 'ਚ ਜ਼ਿੰਦਗੀ ਦੀ ਜੰਗ ਹਾਰ ਗਏ। ਇਸ ਹਾਦਸੇ ਨੇ ਡੱਬਵਾਲੀ ਤੋਂ ਬਹੁਤ ਕੁਝ ਖੋਹ ਲਿਆ ਸੀ। ਇਸ ਅਗਨੀਕਾਂਡ ਤੋਂ ਬਾਅਦ ਮੈਰਿਜ ਪੈਲੇਸਾਂ ਦੀ ਸੁਰੱਖਿਆ ਵਧਾਉਣ, ਅੱਗ ਸੁਰੱਖਿਆ ਆਡਿਟ ਲਾਜ਼ਮੀ ਕਰਨ ਅਤੇ ਐਮਰਜੈਂਸੀ ਸੇਵਾਵਾਂ ਸੰਬੰਧੀ ਕਈ ਨਿਯਮ ਬਣੇ ਪਰ ਗੋਆ ਜਿਹੀਆਂ ਘਟਨਾਵਾਂ ਦੱਸਦੀਆਂ ਹਨ ਕਿ ਕਾਗ਼ਜ਼ਾਂ 'ਤੇ ਬਣੇ ਕਾਨੂੰਨ ਜ਼ਮੀਨ 'ਤੇ ਉਤਰਨ ਤੋਂ ਪਹਿਲਾਂ ਹੀ ਢਹਿ-ਢੇਰੀ ਹੋ ਜਾਂਦੇ ਹਨ।
ਸੀ.ਬੀ.ਆਈ. ਰਿਪੋਰਟ 'ਚ ਡੱਬਵਾਲੀ ਅਗਨੀਕਾਂਡ ਦਾ ਕਾਰਨ ਰਾਜੀਵ ਮੈਰਿਜ ਪੈਲੇਸ 'ਚ ਸਮਾਗਮ ਲਈ ਲਾਏ ਦੋ ਬਿਜਲੀ ਕੁਨੈਕਸ਼ਨ ਦੱਸੇ ਗਏ। ਬਿਜਲੀ ਟ੍ਰਿਪ ਹੋਣ ਸਮੇਂ ਜਨਰੇਟਰ ਦਾ ਚੇਂਜ-ਓਵਰ ਨਹੀਂ ਬਦਲਿਆ ਗਿਆ। ਪੰਡਾਲ 'ਚ ਪੀ.ਵੀ.ਸੀ. ਸ਼ੀਟ, ਜੂਟ ਰੱਸਾ, ਬਾਂਸ ਤੇ ਪਾਲੀਥੀਨ ਕਰਕੇ ਅੱਗ ਬੇਹੱਦ ਤੇਜ਼ੀ ਨਾਲ ਫੈਲ ਗਈ ਸੀ। ਬਿਜਲੀ ਨਿਗਮ, ਨਗਰ ਪਾਲਿਕਾ, ਪੈਲੇਸ ਮਾਲਕ ਤੇ ਦੋ ਨਿੱਜੀ ਬਿਜਲੀ ਕਰਮਚਾਰੀਆਂ ਸਣੇ ਕੁੱਲ 14 ਵਿਅਕਤੀ ਦੋਸ਼ੀ ਕਰਾਰ ਦਿੱਤੇ ਗਏ ਸਨ। ਸੀ.ਬੀ.ਆਈ. ਅਦਾਲਤ ਨੇ ਦੋ-ਦੋ ਸਾਲ ਦੀ ਸਜ਼ਾ ਸੁਣਾਈ ਸੀ ਪਰ ਹਾਈਕੋਰਟ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ। ਪੜਤਾਲ 'ਚ ਖ਼ੁਲਾਸਾ ਹੋਇਆ ਸੀ ਕਿ ਸਮਾਗਮ ਵਾਲੀ ਜਗ੍ਹਾ ਦਾ ਨਕਸ਼ਾ ਪਾਸ ਨਹੀਂ ਸੀ।
1995 ਤੋਂ ਬਾਅਦ ਦੇਸ਼ 'ਚ ਕਈ ਵੱਡੇ ਅਗਨੀਕਾਂਡ ਵਾਪਰੇ, ਜਿਨ੍ਹਾਂ ਕਰਕੇ ਸੁਰੱਖਿਆ ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਹੋਏ। 13 ਜੂਨ 1997 ਨੂੰ ਦਿੱਲੀ ਉਪਹਾਰ ਸਿਨੇਮਾ 'ਚ 59 ਲੋਕ, 16 ਜੁਲਾਈ 2004 ਨੂੰ ਅੱਗ ਹਾਦਸੇ 'ਚ ਤਾਮਿਲਨਾਡੂ ਦੇ ਕੁੰਭਕੋਣਮ ਸਕੂਲ 'ਚ 94 ਬੱਚੇ, 23 ਫਰਵਰੀ 2010 ਨੂੰ ਕੋਲਕਾਤਾ ਸਟੀਫਨ ਕੋਰਟ 'ਚ 43 ਲੋਕ, 29 ਦਸੰਬਰ 2017 ਨੂੰ ਮੁੰਬਈ ਕਮਲਾ ਮਿਲਜ਼ 'ਚ ਅੱਗ ਨਾਲ 14 ਲੋਕ, 20 ਜਨਵਰੀ 2018 ਨੂੰ ਦਿੱਲੀ ਬਵਾਨਾ ਸਨਅਤੀ ਖੇਤਰ 'ਚ 17 ਮਜ਼ਦੂਰ, 24 ਮਈ 2019 ਨੂੰ ਸੂਰਤ ਤਖ਼ਸ਼ਿਲਾ ਕੋਚਿੰਗ ਸੈਂਟਰ 'ਚ 22 ਵਿਦਿਆਰਥੀ, 2019 'ਚ ਦਿੱਲੀ ਦਾਣਾ ਮੰਡੀ 'ਚ 44 ਲੋਕ ਅਤੇ 13 ਮਈ 2022 ਨੂੰ ਦਿੱਲੀ ਮੁੰਡਕਾ ਦੀ ਇਮਾਰਤ 'ਚ ਅੱਗ ਕਾਰਨ ਲਗਭਗ 27 ਲੋਕ ਮਾਰੇ ਗਏ ਸਨ।
ਦੀਵਾਲੀ-2025 ਮੌਕੇ ਅੱਗ ਦੀਆਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਸੀ ਕਿ ਜਾਗਰੂਕਤਾ ਦਾ ਜਨਾਜ਼ਾ ਅਸੀਂ ਖ਼ੁਦ ਕੱਢ ਰਹੇ ਹਾਂ। ਪਟਾਕੇਬਾਜ਼ੀ ਦੀ ਅੱਗ 'ਚ ਦਿੱਲੀ, ਰਾਜਸਥਾਨ, ਹਿਮਾਚਲ ਤੇ ਬਿਹਾਰ ਵਿਚ 482 ਤੋਂ ਵੱਧ ਲੋਕ ਝੁਲਸ ਗਏ। ਇਨ੍ਹਾਂ ਹਾਦਸਿਆਂ ਲਈ ਸਿਰਫ਼ ਪ੍ਰਸ਼ਾਸਨ ਜਾਂ ਸਰਕਾਰਾਂ ਹੀ ਜ਼ਿੰਮੇਵਾਰ ਨਹੀਂ, ਅਸੀਂ ਸਭ ਵੀ ਬਰਾਬਰ ਦੇ ਜ਼ਿੰਮੇਵਾਰ ਹਾਂ, ਜੋ ਵਿਵਸਥਾ ਤੇ ਨਿਯਮਾਂ ਦੀ ਉਲੰਘਣਾ ਕਰਕੇ ਇਨ੍ਹਾਂ ਹਾਦਸਿਆਂ ਨੂੰ ਖੁੱਲ੍ਹਾ ਸੱਦਾ ਦਿੰਦੇ ਹਾਂ। ਸਰਕਾਰਾਂ ਵੀ ਉਦੋਂ ਹੀ ਜਾਗਦੀਆਂ ਹਨ, ਜਦੋਂ ਜ਼ਿੰਦਗੀਆਂ ਸੁਆਹ ਬਣ ਜਾਂਦੀਆਂ ਹਨ। ਡੱਬਵਾਲੀ ਅਗਨੀਕਾਂਡ ਨੇ ਮੈਨੂੰ ਭਾਵੇਂ ਦਿਵਿਆਂਗ ਕਰ ਦਿੱਤਾ ਪਰ ਘਟਨਾਕ੍ਰਮ ਮੇਰਾ ਹੌਸਲਾ ਨਹੀਂ ਤੋੜ ਸਕਿਆ। ਪਿਛਲੇ ਪੱਚੀ ਸਾਲਾਂ ਤੋਂ ਪੱਤਰਕਾਰਤਾ 'ਚ ਸਰਗਰਮ ਹਾਂ। ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬਣਦੇ-ਬਣਦੇ ਮੈਂ ਇਕ 'ਬਾਗੀ' ਪੱਤਰਕਾਰ ਬਣ ਗਿਆ। ਵੱਡੀ ਟੀਸ ਹੈ ਕਿ ਆਵਾਮ ਤੇ ਸਰਕਾਰੀ ਸਿਸਟਮ ਵਿਚ ਉਹ ਜਾਗਰੂਕਤਾ ਕਦੇ ਨਾ ਆ ਸਕੀ, ਜੋ ਇਕ ਜਿਊਂਦੇ ਜਾਗਦੇ ਸਮਾਜ ਵਿਚ ਹੋਣੀ ਚਾਹੀਦੀ ਹੈ।
ਲੋੜ ਸਿਰਫ਼ ਹਮਦਰਦੀ ਦੀ ਨਹੀਂ, ਸਗੋਂ ਸੁਰੱਖਿਆ ਪ੍ਰਬੰਧਾਂ ਨੂੰ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣਾਉਣ ਦੀ ਹੈ। ਸਕੂਲਾਂ-ਕਾਲਜਾਂ ਤੋਂ ਲੈ ਕੇ ਪਿੰਡ-ਕਸਬਿਆਂ ਤੱਕ ਅੱਗ ਸੁਰੱਖਿਆ ਦੀ ਕਿਤਾਬੀ ਸਿੱਖਿਆ ਲਾਜ਼ਮੀ ਹੋਣੀ ਚਾਹੀਦੀ ਹੈ। ਇਮਾਰਤਾਂ, ਵਿਆਹਾਂ, ਧਾਰਮਿਕ ਤੇ ਜਨਤਕ ਥਾਵਾਂ 'ਤੇ ਸੁਰੱਖਿਆ ਮਿਆਰਾਂ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ।
ਅੱਗ ਬੁਝਾਊ ਵਿਭਾਗ ਆਧੁਨਿਕ ਸਾਜ਼ੋ-ਸਾਮਾਨ ਤੇ ਪੂਰੇ ਸਟਾਫ਼ ਨਾਲ ਲੈਸ ਹੋਵੇ। ਜ਼ਿੰਮੇਵਾਰਾਂ 'ਤੇ ਕਾਰਵਾਈ ਲਈ ਫਾਸਟ-ਟ੍ਰੈਕ ਅਦਾਲਤਾਂ ਰਾਹੀਂ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਸਖ਼ਤ ਸਬਕ ਪ੍ਰਣਾਲੀ ਦਾ ਹਿੱਸਾ ਬਣ ਸਕਣ।
ਅਸੀਂ ਡੱਬਵਾਲੀ ਅਗਨੀਕਾਂਡ ਦੇ ਪੀੜਤ ਤਿੰਨ ਦਹਾਕਿਆਂ ਤੋਂ 23 ਦਸੰਬਰ ਨੂੰ 'ਰਾਸ਼ਟਰੀ ਅਗਨੀ ਸੁਰੱਖਿਆ ਦਿਵਸ' ਐਲਾਨੇ ਜਾਣ ਦੀ ਮੰਗ ਕਰਦੇ ਆ ਰਹੇ ਹਾਂ। ਲਗਦਾ ਹੈ ਕਿ ਹਾਦਸਿਆਂ ਦੀ ਅੱਗ ਦਾ ਸੇਕ ਅਜੇ ਤੱਕ ਸੱਤਾ ਦੇ ਗਲਿਆਰਿਆਂ ਤੱਕ ਨਹੀਂ ਪੁੱਜਾ, ਤਦੇ ਸੁਣਵਾਈ ਨਹੀਂ ਹੋ ਰਹੀ। ਇਸ 23 ਦਸੰਬਰ 2025 ਨੂੰ ਵੀ ਅਗਨੀਕਾਂਡ ਦੀ ਬਰਸੀ ਮਨਾਵਾਂਗੇ, ਇਸ ਵਾਰ ਗੋਆ ਹਾਦਸੇ ਦੇ 25 ਮ੍ਰਿਤਕਾਂ ਦਾ ਦਰਦ ਵੀ ਸਾਡੇ ਨਾਲ ਹੋਵੇਗਾ
।-ਪੱਤਰਕਾਰ, ਡੱਬਵਾਲੀ।
ਮੋਬਾਈਲ : 93178-26100, 98148-26100
ਈ-ਮੇਲ : iqbal.shant@gmail.com