ਸੁਪਰ ਨਿਰਦੇਸ਼ਕ ਅਦਿਤਿਯਾ ਦੀ ਧਰਮਪਤਨੀ ਅਭਿਨੇਤਰੀ ਯਾਮੀ ਗੌਤਮ ਦਾ ਬੇਟਾ ਅਜੇ ਚਾਰ ਮਹੀਨੇ ਦਾ ਹੈ। ਪਰ ਯਾਮੀ ਇਕਦਮ ਤਰੋਤਾਜ਼ਾ ਤੇ ਸਿਹਤਮੰਦ ਅਤੇ ਫਿਟਨੈੱਸ 'ਚ ਪੂਰੀ ਨਜ਼ਰ ਆ ਰਹੀ ਹੈ। ਕਈ ਤਾਂ ਇਹ ਵੀ ਕਹਿ ਰਹੇ ਹਨ ਕਿ ਬੱਚੇ ਦੇ ਜਨਮ ਤੋਂ ਚਾਰ ਮਹੀਨੇ ਬਾਅਦ ਯਾਮੀ ਇਸ ਕਦਰ ਫਿੱਟ ਤੇ ਸੁੰਦਰ ਨਜ਼ਰ ਆ ਰਹੀ ਹੈ ਜਿਵੇਂ ਹਾਲੇ ਉਹ ਕੁਆਰੀ ਹੋਵੇ। ਇਸ ਸਿਹਤ ਤੇ ਫਿਟਨੈੱਸ ਦਾ ਰਾਜ਼ ਸਾਰੇ ਜਾਨਣ ਲਈ ਚਾਹਵਾਨ ਹਨ ਤਾਂ ਦੱਸ ਦੇਈਏ ਯਾਮੀ ਨੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ 'ਪੰਜੀਰੀ' ਖਾਧੀ ਹੈ, ਜਿਹੜੀ ਉਸ ਦੀ ਭੈਣ ਸੁਰੀਲੀ ਗੌਤਮ ਨੇ ਬਣਾਈ ਹੈ। ਪੰਜਾਬੀ ਪੰਜੀਰੀ ਦੇ ਲੱਡੂ ਯਾਮੀ ਨੇ ਜਣੇਪੇ ਤੋਂ ਬਾਅਦ ਖਾਧੇ ਹਨ। ਪੰਜਾਬੀ ਪਰਿਵਾਰਾਂ 'ਚ ਬੱਚਾ ਜੰਮਣ ਤੋਂ ਬਾਅਦ ਪੇਕੇ ਘਰ ਵਾਲੇ ਬੇਟੀ ਨੂੰ ਪੰਜੀਰੀ ਜਾਂ ਪੰਜੀਰੀ ਦੇ ਲੱਡੂ ਭੇਜਦੇ ਹਨ। ਯਾਮੀ ਰੋਜ਼ ਦਾ ਇਕ ਲੱਡੂ ਬੱਚੇ ਦੇ ਜਨਮ ਤੋਂ ਬਾਅਦ ਖਾਂਦੀ ਰਹੀ ਹੈ। ਤਾਜ਼ਾ ਸਮਾਚਾਰ ਅਨੁਸਾਰ ਇਮਰਾਨ ਹਾਸ਼ਮੀ ਨਾਲ ਯਾਮੀ ਗੌਤਮ 'ਸ਼ਾਹਬਾਨੋ' 'ਤੇ ਬਣਨ ਜਾ ਰਹੀ ਫ਼ਿਲਮ ਕਰ ਰਹੀ ਹੈ। ਭਾਰਤ ਦੇ ਚਰਚਿਤ ਤੇ ਵਿਵਾਦ ਵਾਲੇ 1985 ਦੇ ਸੁਪਰੀਮ ਕੋਰਟ 'ਚ ਆਏ 'ਸ਼ਾਹਬਾਨੋ' ਕੇਸ 'ਤੇ ਇਹ ਫ਼ਿਲਮ ਆਧਾਰਿਤ ਹੈ। 'ਧੂਮਧਾਮ', 'ਆਰਟੀਕਲ 370' ਤੋਂ ਬਾਅਦ ਯਾਮੀ ਦੀ ਇਹ ਮਹੱਤਵਪੂਰਨ ਫ਼ਿਲਮ ਹੋਵੇਗੀ। ਯਾਮੀ ਉਹ ਹੀਰੋਇਨ ਹੈ, ਜਿਸ ਨੇ ਬਹੁਤ ਵੱਡੇ ਬੈਨਰ ਦੀ ਫ਼ਿਲਮ ਨਹੀਂ ਸੀ ਕੀਤੀ, ਕਿਉਂਕਿ ਉਹ ਦਿਖਾਵੇ ਦੀ ਚੀਜ਼ ਬਣ ਕੇ ਨਹੀਂ ਦਿਸਣਾ ਚਾਹੁੰਦੀ ਸੀ। ਯਾਦ ਰਹੇ ਬਹੁਤ ਸਾਰੇ ਐਵਾਰਡ ਯਾਮੀ ਦੇ ਘਰ ਦਾ ਸ਼ਿੰਗਾਰ ਬਣੇ ਹਨ। ਯਾਮੀ ਨੂੰ ਨਵੀਂ ਪੀੜ੍ਹੀ ਦੀ 2.0 ਅਭਿਨੇਤਰੀ ਵੀ ਕਿਹਾ ਜਾ ਰਿਹਾ ਹੈ। ਯਾਮੀ ਨੇ ਕਿਹਾ ਹੈ ਕਿ ਉਹ ਆਪਣੇ ਬੇਟੇ ਨੂੰ ਮੀਡੀਆ 'ਚ ਨਹੀਂ ਦਿਖਾ ਸਕਦੀ, ਕਿਉਂਕਿ ਇਹ ਉਸ ਦਾ ਤੇ ਉਸ ਦੇ ਪਤੀ ਦਾ ਨਿੱਜੀ ਫ਼ੈਸਲਾ ਹੈ ਕਿ ਬੇਟਾ ਆਪਣੀ ਨਿੱਜੀ ਜ਼ਿੰਦਗੀ ਦਾ ਆਨੰਦ ਵੱਡੇ ਹੋਣ ਤੱਕ ਲਏ। ਦੂਰਦਰਸ਼ਨ ਤੋਂ ਬਾਅਦ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਯਾਮੀ ਗੌਤਮ ਅੱਜ ਵੀ ਪੇਸ਼ਕਸ਼ ਆਉਣ 'ਤੇ ਦੂਰਦਰਸ਼ਨ ਲਈ ਕੰਮ ਕਰਨ ਨੂੰ ਤਿਆਰ ਹੈ। ਯਾਮੀ ਦੇ ਪਿਤਾ ਮੁਕੇਸ਼ ਗੌਤਮ ਇਕ ਨਾਮਵਰ ਪੰਜਾਬੀ ਚੈਨਲ 'ਤੇ ਉਪ-ਮੁਖੀ ਹਨ। ਯਾਮੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਵੱਡੀ ਪ੍ਰਸੰਸਕ ਹੈ ਤੇ ਇਕ ਅਖ਼ਬਾਰ ਤੇ ਟੀ.ਵੀ. ਸਮੂਹ ਦੇ ਪ੍ਰੋਗਰਾਮ 'ਚ ਉਹ ਦੱਖਣ ਦੇ ਐਕਟਰ ਵਿਜੈ ਦੇਵਰਕੋਂਡਾ ਨਾਲ ਸਤਿਕਾਰਤ ਮੋਦੀ ਜੀ ਨੂੰ ਮਿਲੀ ਵੀ ਸੀ। ਫਿਲਹਾਲ ਯਾਮੀ ਗੌਤਮ ਮਹੀਨੇ ਤੱਕ ਦੁਬਾਰਾ ਸੈੱਟ 'ਤੇ ਦੇਖੀ ਜਾਵੇਗੀ ਤੇ ਉਹ 'ਸ਼ਾਹਬਾਨੋ' 'ਚ ਮੁਸਲਿਮ ਔਰਤਾਂ ਦੇ ਅਧਿਕਾਰਾਂ ਲਈ ਲੜਦੀ ਨਜ਼ਰ ਆਵੇਗੀ।
-ਸੁਖਜੀਤ ਕੌਰ