ਹਰਮਨਪਿਆਰੀ ਟੈਲੀਵਿਜ਼ਨ ਅਦਾਕਾਰਾ ਸੰਗੀਤਾ ਘੋਸ਼ ਨੇ ਸਿਰਫ਼ 10 ਸਾਲ ਦੀ ਉਮਰ ਵਿਚ ਨਿਰਦੇਸ਼ਕ ਰਿਸ਼ੀਕੇਸ਼ ਮੁਖਰਜੀ ਨਾਲ ਲੜੀਵਾਰ 'ਹਮ ਹਿੰਦੁਸਤਾਨੀ' ਤੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ। 50-60 ਬੱਚਿਆਂ ਦੇ ਨਾਲ ਰਿਸ਼ੀ-ਦਾ ਦੇ ਘਰ ਆਡੀਸ਼ਨ ਦੇਣ ਪਹੁੰਚੀ ਸੰਗੀਤਾ ਦਾ ਆਡੀਸ਼ਨ ਕਦੋਂ ਸ਼ੁਰੂ ਹੋਇਆ ਅਤੇ ਕਦੋਂ ਖ਼ਤਮ ਹੋ ਗਿਆ, ਇਸ ਦਾ ਉਸ ਨੂੰ ਕੁਝ ਪਤਾ ਹੀ ਨਹੀਂ ਚੱਲ ਸਕਿਆ। ਬਸ ਕੁਝ ਬੰਗਾਲੀ ਅਤੇ ਕੁਝ ਹਿੰਦੀ ਵਿਚ ਗੱਲ ਕਰ ਕੇ ਸੰਗੀਤਾ ਨੂੰ ਵਾਪਸ ਘਰ ਭੇਜ ਦਿੱਤਾ ਗਿਆ। ਫਿਰ ਰਿਸ਼ੀਕੇਸ਼ ਮੁਖਰਜੀ ਨੇ ਅਗਲੇ ਦਿਨ ਸੰਗੀਤਾ ਨੂੰ ਫਿਰ ਬੁਲਾਇਆ ਅਤੇ ਸੰਗੀਤਾ ਨੂੰ ਇਕ ਡਾਇਲਾਗ ਬੋਲਣ ਲਈ ਕਿਹਾ ਗਿਆ, ਜੋ ਸੰਗੀਤਾ ਨੇ ਉਂਝ ਹੀ ਬੋਲ ਦਿੱਤਾ ਅਤੇ ਉਸ ਨੂੰ ਚੁਣ ਲਿਆ ਗਿਆ। 18 ਅਗਸਤ, 1976 ਨੂੰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿਚ ਪੈਦਾ ਹੋਈ ਸੰਗੀਤਾ ਮੁੰਬਈ ਵਿਚ ਪਲੀ ਹੈ। ਮੁੰਬਈ ਦੇ 'ਏਅਰਪੋਰਟ ਹਾਈ ਸਕੂਲ' ਤੋਂ ਉਸ ਨੇ ਆਪਣੀ ਪੜ੍ਹਾਈ ਕੀਤੀ ਹੈ। ਸਾਲ 1996 ਵਿਚ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 'ਡੋਨੀਅਰ ਸੂਟਿੰਗਜ਼' ਅਤੇ 'ਨਿਰਮਾ' ਵਰਗੇ ਬ੍ਰਾਂਡਾਂ ਲਈ ਮਾਡਲਿੰਗ ਕੀਤੀ। ਉਸ ਤੋਂ ਬਾਅਦ ਉਹ 'ਕੁਰੂਕਸ਼ੇਤਰ', 'ਦਰਾਰ', 'ਅਜੀਬ ਦਾਸਤਾਨ', 'ਮਹਿੰਦੀ ਤੇਰੇ ਨਾਮ ਕੀ' ਅਤੇ 'ਅਧਿਕਾਰ' ਵਰਗੇ ਲੜੀਵਾਰਾਂ ਵਿਚ ਅਭਿਨੈ ਕਰਦੇ ਹੋਏ ਨਜ਼ਰ ਆਈ। 'ਦੇਸ ਮੇਂ ਨਿਕਲਾ ਹੋਗਾ ਚਾਂਦ' ਵਿਚ ਉਸ ਨੇ ਪੰਮੀ ਦੀ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਉਸ ਨੇ ਕਈ ਪੁਰਸਕਾਰ ਸ਼ੋਆਂ ਤੋਂ ਇਲਾਵਾ ਸ਼ੱਬੀਰ ਆਹਲੂਵਾਲੀਆ ਨਾਲ ਟੈਲੀਵਿਜ਼ਨ ਰਿਆਲਿਟੀ ਸੀਰੀਜ਼ 'ਨੱਚ ਬੱਲੀਏ-1' ਅਤੇ 'ਨੱਚ ਬੱਲੀਏ-2' ਸ਼ੋਅ ਦੀ ਐਂਕਰਿੰਗ ਵੀ ਕੀਤੀ। ਸੰਗੀਤਾ ਘੋਸ਼ ਨੇ ਹਰਮਨਪਿਆਰੇ ਟੀ.ਵੀ. ਸ਼ੋਅ ਵਿਰਾਸਤ' ਵਿਚ ਪ੍ਰਿਅੰਕਾ ਖਰਬੰਦਾ ਦੀ ਯਾਦਗਾਰ ਭੂਮਿਕਾ ਨਿਭਾਈ ਸੀ। ਉਸ ਤੋਂ ਬਾਅਦ ਉਸ ਨੇ ਕੰਮ ਤੋਂ ਲੰਮੀ ਬ੍ਰੇਕ ਲਈ ਸੀ। ਹਾਲਾਂਕਿ ਇਸ ਵਿਚਾਲੇ ਉਸ ਨੇ ਰਿਆਲਿਟੀ ਡਾਂਸ ਸ਼ੋਅ 'ਜ਼ਰਾ ਨੱਚਕੇ ਦਿਖਾ-2' ਵਿਚ ਪ੍ਰਤੀਯੋਗੀ ਦੇ ਰੂਪ ਵਿਚ ਹਿੱਸਾ ਲਿਆ, ਪਰ ਸਹੀ ਅਰਥਾਂ ਵਿਚ 6 ਸਾਲ ਬਾਅਦ ਉਸ ਨੇ ਟੀ.ਵੀ. ਸ਼ੋਅ 'ਕਹਿਤਾ ਹੈ ਦਿਲ ਜੀ ਲੇ ਜ਼ਰਾ' ਰਾਹੀਂ ਵਾਪਸੀ ਕੀਤੀ। ਇਸ ਸ਼ੋਅ ਵਿਚ ਉਹ ਅਭਿਨੇਤਾ ਰੁਸਲਾਨ ਮੁਮਤਾਜ ਨਾਲ ਸਾਂਚੀ ਦੇ ਰੂਪ ਵਿਚ ਨਜ਼ਰ ਆਈ। ਸ਼ੋਅ ਵਿਚ ਦੋਵਾਂ ਦੀ ਕੈਮਿਸਟਰੀ ਨੂੰ ਬਹੁਤ ਪਸੰਦ ਕੀਤਾ ਗਿਆ। ਉਸ ਤੋਂ ਬਾਅਦ ਸੰਗੀਤਾ 'ਪਰਵਰਿਸ਼ ਸੀਜ਼ਨ-2' ਵਿਚ ਦਿਖਾਈ ਦਿੱਤੀ ਸੀ। ਉਸ ਨੇ ਸਟਾਰ ਪਲੱਸ ਦੀ ਥ੍ਰਿਲਰ ਸੀਰੀਜ਼ 'ਰਿਸ਼ਤੋਂ ਕਾ ਚੱਕਰਵਿਊ' ਵਿਚ ਸੁਧਾ ਦੀ ਭੂਮਿਕਾ ਨਿਭਾਈ ਸੀ। 'ਦਿਵਿਆ ਦ੍ਰਿਸ਼ਟੀ' ਵਿਚ 'ਭੂਤਨੀ' ਦੀ ਯਾਦਗਾਰ ਭੂਮਿਕਾ ਲਈ ਸੰਗੀਤਾ ਦੇ ਕੰਮ ਦੀ ਹਰ ਕਿਸੇ ਨੇ ਭਰਪੂਰ ਪ੍ਰਸੰਸਾ ਕੀਤੀ। ਇਹ ਸ਼ੋਅ ਟੀ.ਆਰ.ਪੀ. ਦੇ ਲਿਹਾਜ਼ ਨਾਲ ਕਾਫ਼ੀ ਸਫਲ ਰਿਹਾ ਸੀ। ਸੰਗੀਤਾ ਘੋਸ਼ ਨੇ ਸਾਲ 2011 ਵਿਚ ਜੈਪੁਰ ਦੇ ਪੋਲੋ ਖਿਡਾਰੀ ਸ਼ੈਲੇਂਦਰ ਸਿੰਘ ਰਾਠੌਰ ਨਾਲ ਵਿਆਹ ਕੀਤਾ। ਕਿਹਾ ਜਾਂਦਾ ਹੈ ਕਿ ਜੈਪੁਰ ਉਹ ਘੋੜਸਵਾਰੀ ਸਿੱਖਣ ਗਈ ਸੀ। ਉਥੇ ਸ਼ੈਲੇਂਦਰ ਨਾਲ ਪਹਿਲੀ ਮੁਲਾਕਾਤ ਤੋਂ ਬਾਅਦ ਦੋਵਾਂ ਵਿਚਾਲੇ ਦੋਸਤੀ ਹੋਈ। ਦੋਸਤੀ ਕਦੋਂ ਪਿਆਰ ਵਿਚ ਬਦਲ ਗਈ, ਕੁਝ ਪਤਾ ਨਹੀਂ ਲੱਗ ਸਕਿਆ। ਸਾਲ 2022 ਵਿਚ ਸੰਗੀਤਾ ਨੇ ਬੇਟੀ ਦੇਵੀ ਨੂੰ ਜਨਮ ਦਿੱਤਾ। ਸਾਲ 2024-25 'ਚ ਉਸ ਨੇ ਟੀ.ਵੀ. ਸ਼ੋਅ 'ਸਾਂਝਾ ਸਿੰਧੂਰ' ਰਾਹੀਂ ਵਾਪਸੀ ਕੀਤੀ ਹੈ।
'ਸਾਂਝਾ ਸਿੰਧੂਰ' ਦੀ 'ਸਰੋਜ' ਬਨਾਮ ਸੰਗੀਤਾ ਘੋਸ਼
ਅਜੀਤ ਡੈਸਕ
03-09-2025