ਸਾਜਿਦ ਨਾਡਿਆਵਾਲਾ ਵਲੋਂ ਬਣਾਈ ਅਤੇ ਵਰੁਣ ਧਵਨ ਦੇ ਭਰਾ ਰੋਹਿਤ ਧਵਨ ਵਲੋਂ ਨਿਰਦੇਸ਼ਨ ਕੀਤੀ ਗਈ ਜਾਨ ਅਬ੍ਰਾਹਮ ਅਤੇ ਵਰੁਣ ਧਵਨ ਦੀ ਫ਼ਿਲਮ 'ਡਿਸ਼ੁਮ' ਦੇ ਵਿਸਥਾਰ ਨੂੰ ਲੈ ਕੇ ਚਰਚਾ ਸ਼ੁਰੂ ਹੈ। ਇਸ ਵਿਸਥਾਰ ਲਈ ਵਰੁਣ ਧਵਨ ਅਤੇ ਅਕਸ਼ੈ ਦਾ ਨਾਂਅ ਸਾਹਮਣੇ ਆ ਰਿਹਾ ਹੈ। ਸੂਤਰਾਂ ਅਨੁਸਾਰ ਅਕਸ਼ੈ ਕੁਮਾਰ ਨੇ ਵਰੁਣ ਧਵਨ ਨਾਲ ਫ਼ਿਲਮ ਵਿਚ ਕੰਮ ਕਰਨ ਨੂੰ ਲੈ ਕੇ ਆਪਣੀ ਸਹਿਮਤੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਇਕ ਲੰਮੇ ਸਮੇਂ ਬਾਅਦ ਫ਼ਿਲਮ 'ਭੂਤ ਬੰਗਲਾ' ਨਾਲ ਅਕਸ਼ੈ ਕੁਮਾਰ ਪ੍ਰਿਆਦਰਸ਼ਨ ਨਾਲ ਵਾਪਸੀ ਕਰਨ ਜਾ ਰਹੇ ਹਨ।
'ਭੂਤ ਬੰਗਲਾ' ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ ਕਾਮੇਡੀ ਦੇ ਮਜ਼ਬੂਤ ਡੋਜ਼ ਦੀ ਪੱਕੀ ਗਾਰੰਟੀ ਹੈ। ਦਰਸ਼ਕਾਂ ਨੂੰ ਯਕੀਨ ਹੈ ਕਿ ਇਸ ਫ਼ਿਲਮ ਜ਼ਰੀਏ ਉਨ੍ਹਾਂ ਨੂੰ ਇਕ ਵਾਰ ਫਿਰ ਪ੍ਰਿਆਦਰਸ਼ਨ ਅਤੇ ਆਪਣੀ ਜ਼ਬਰਦਸਤ ਕਾਮਿਕ ਟਾਈਮਿੰਗ ਲਈ ਮਸ਼ਹੂਰ ਅਕਸ਼ੈ ਕੁਮਾਰ ਦੀ ਜੋੜੀ ਦਾ ਕਮਾਲ ਦੇਖਣ ਨੂੰ ਮਿਲੇਗਾ। 'ਭੂਤ ਬੰਗਲਾ' ਅਗਲੇ ਸਾਲ 2 ਅਪ੍ਰੈਲ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਉਹ 'ਹਾਲੀਡੇ', 'ਐਂਟਰਟੇਨਮੈਂਟ', 'ਬੇਬੀ', 'ਗੱਬਰ ਇਜ਼ ਬੈਕ', 'ਏਅਰਲਿਫਟ', 'ਰੁਸਤਮ', 'ਜੌਲੀ ਐਲ.ਐਲ.ਬੀ.2', 'ਟਾਇਲਟ : ਏਕ ਪ੍ਰੇਮ ਕਥਾ', 'ਪੈਡਮੈਨ', 'ਗੋਲਡ', '2.0', 'ਕੇਸਰੀ', 'ਮਿਸ਼ਨ ਮੰਗਲ', 'ਹਾਊਸਫੁੱਲ-4' ਅਤੇ 'ਗੁੱਡ ਨਿਊਜ਼' ਵਰਗੀਆਂ ਹਿੱਟ ਫ਼ਿਲਮਾਂ ਵੀ ਦਿੰਦੇ ਰਹੇ।
ਕਰੀਅਰ ਦੇ ਲਿਹਾਜ਼ ਨਾਲ ਅਕਸ਼ੈ ਕੁਮਾਰ ਪਿਛਲੇ ਕੁਝ ਸਾਲਾਂ ਤੋਂ ਖ਼ਾਸ ਚੰਗੇ ਨਹੀਂ ਰਹੇ। ਉਨ੍ਹਾਂ ਦੀਆਂ ਫ਼ਿਲਮਾਂ ਲਗਾਤਾਰ ਟਿਕਟ ਖਿੜਕੀ 'ਤੇ ਫਲਾਪ ਹੁੰਦੀਆਂ ਰਹੀਆਂ ਹਨ। ਉਨ੍ਹਾਂ ਦੀ ਲਗਭਗ ਹਰ ਫ਼ਿਲਮ ਨੂੰ ਲਾਗਤ ਕੱਢਣ ਲਈ ਜੀਅ-ਤੋੜ ਮਿਹਨਤ ਕਰਨੀ ਪੈ ਰਹੀ ਹੈ।
ਪਿਛਲੇ ਸਾਲ ਉਨ੍ਹਾਂ ਦੀਆਂ ਤਿੰਨ ਫ਼ਿਲਮਾਂ 'ਖੇਲ ਖੇਲ ਮੇਂ', 'ਸਰਫਿਰਾ' ਅਤੇ 'ਬੜੇ ਮੀਆਂ ਛੋਟੇ ਮੀਆਂ' ਇਕ ਤੋਂ ਬਾਅਦ ਇਕ ਫਲਾਪ ਰਹੀਆਂ।
ਇਸ ਤੋਂ ਪਹਿਲਾਂ ਉਨ੍ਹਾਂ ਦੀ ਫ਼ਿਲਮ 'ਬੱਚਨ ਪਾਂਡੇ', 'ਸਮਰਾਟ ਪ੍ਰਿਥਵੀਰਾਜ', 'ਰਕਸ਼ਾਬੰਧਨ', 'ਕਠਪੁਤਲੀ', 'ਰਾਮ ਸੇਤੂ', 'ਸੈਲਫ਼ੀ' ਅਤੇ 'ਮਿਸ਼ਨ ਰਾਨੀਗੰਜ' ਵੀ ਠੀਕ ਰਹੀਆਂ ਸਨ।
ਇਸ ਸਾਲ ਦੀ ਸ਼ੁਰੂਆਤ ਵਿਚ 24 ਜਨਵਰੀ ਨੂੰ ਰਿਲੀਜ਼ ਉਨ੍ਹਾਂ ਦੀ ਫ਼ਿਲਮ 'ਸਕਾਈ ਫੋਰਸ' ਵੀ ਨਹੀਂ ਚੱਲੀ ਸੀ, ਪਰ ਇਸ ਸਾਲ ਜੂਨ ਵਿਚ ਰਿਲੀਜ਼ ਉਨ੍ਹਾਂ ਦੀ ਫ਼ਿਲਮ 'ਹਾਊਸਫੁੱਲ-5' ਨੇ ਟਿਕਟ ਖਿੜਕੀ 'ਤੇ ਕਾਫ਼ੀ ਚੰਗਾ ਕਾਰੋਬਾਰ ਕੀਤਾ।
'ਹਾਊਸਫੁੱਲ-5' ਤੋਂ ਬਾਅਦ ਅਕਸ਼ੈ ਕੁਮਾਰ ਦੀ 'ਜੌਲੀ ਐਲ.ਐਲ.ਬੀ.-3', 'ਵੈਲਕਮ ਟੂ ਦ ਜੰਗਲ', 'ਸ਼ੰਕਰਾ' ਅਤੇ ਤੇਲਗੂ ਫ਼ਿਲਮ 'ਕਨੱਪਪਾ' ਇਸੇ ਸਾਲ ਰਿਲੀਜ਼ ਹੋਵੇਗੀ। ਫ਼ਿਲਮ 'ਕਨੱਪਾ' ਵਿਚ ਅਕਸ਼ੈ ਦੀ ਕੈਮੀਓ ਭੂਮਿਕਾ ਹੋਵੇਗੀ।
ਕਾਮੇਡੀ ਫ਼ਿਲਮ 'ਵੈਲਕਮ ਟੂ ਦ ਜੰਗਲ' ਵਿਚ ਅਕਸ਼ੈ ਕੁਮਾਰ ਨਾਲ ਸੁਨੀਲ ਸ਼ੈਟੀ, ਅਰਸ਼ਦ ਵਾਰਸੀ ਅਤੇ ਰਾਜਪਾਲ ਯਾਦਵ ਵਰਗੇ ਅਦਾਕਾਰ ਦਿਸਣਗੇ। ਇਹ ਫ਼ਿਲਮ ਉਨ੍ਹਾਂ ਦੀ ਹੀ ਸੁਪਰਹਿਟ ਫ਼ਿਲਮ 'ਵੈਲਕਮ' ਦਾ ਵਿਸਥਾਰ ਹੈ।
ਫ਼ਿਲਮ 'ਸ਼ੰਕਰਾ' ਵਿਚ ਅਕਸ਼ੈ ਦਾ ਸਾਥ ਆਰ. ਮਾਧਵਨ ਅਤੇ ਅਨੰਨਿਆ ਪਾਂਡੇ ਦੇਣ ਵਾਲੇ ਹਨ। 'ਜੌਲੀ ਐਲ.ਐਲ.ਬੀ-3' ਅਕਸ਼ੈ ਕੁਮਾਰ ਦੀ ਹਿੱਟ ਫ੍ਰੈਂਚਾਈਜ਼ੀ 'ਜੌਲੀ ਐਲ.ਐਲ.ਬੀ.' ਦਾ ਅਗਲਾ ਹਿੱਸਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਲਗਭਗ ਪੂਰੀ ਹੋ ਚੁੱਕੀ ਹੈ।
'ਭੂਤ ਬੰਗਲਾ' ਵਿਚ ਨਜ਼ਰ ਆਵੇਗਾ ਅਕਸ਼ੈ ਕੁਮਾਰ
ਅਜੀਤ ਡੈਸਕ
03-09-2025