ਕਦੇ ਸਮਾਂ ਸੀ ਜਦ 'ਲਤਾ', 'ਰਫ਼ੀ', 'ਕਿਸ਼ੋਰ', 'ਮੁਕੇਸ਼', 'ਆਸ਼ਾ' ,'ਸੁਮਨ ਕਲਿਆਣਪੁਰ' ਤੇ 'ਮਹਿੰਦਰ ਕਪੂਰ' ਵਰਗੇ ਗਾਇਕਾਂ ਦੀ ਫ਼ਿਲਮ ਇੰਡਸਟਰੀ 'ਚ ਤੂਤੀ ਬੋਲਦੀ ਸੀ ਤੇ ਹਰ ਛੋਟਾ ਵੱਡਾ ਗਾਇਕ ਇਨ੍ਹਾਂ ਗਾਇਕਾਂ ਦੇ ਸੁਰ ਨਾਲ ਸੁਰ ਮਿਲਾਉਣ ਦਾ ਚਾਹਵਾਨ ਸੀ, ਪਰ ਇਨ੍ਹਾਂ ਗਾਇਕਾਂ ਨਾਲ ਦੋਗਾਣਾ ਕਰਨ ਦਾ ਮੌਕਾ ਕਿਸੇ ਕਿਸੇ ਨੂੰ ਹੀ ਮਿਲਦਾ ਸੀ। ਜੇ ਕਿਸੇ ਨੂੰ ਬਚਪਨ 'ਚ ਹੀ ਇਹ ਮੌਕਾ ਮਿਲ ਜਾਏ ਤਾਂ... ...। ਜੀ ਹਾਂ, 'ਸੁਸ਼ਮਾ ਸ੍ਰੇਸ਼ਠ' ਇਕ ਅਜਿਹੀ ਕਿਸਮਤ ਦੀ ਧਨੀ ਗਾਇਕਾ ਹੈ ਜਿਸ ਨੇ ਉਪਰੋਕਤ ਗਾਇਕਾਂ ਨਾਲ ਬਚਪਨ 'ਚ ਹੀ ਦੋਗਾਣੇ ਗਾਏ ਤੇ ਵਾਹ ਵਾਹ ਖੱਟੀ। 'ਠੰਢੇ ਠੰਢੇ ਪਾਨੀ ਸੇ ਨਹਾਨਾ ਚਾਹੀਏ....' ਗੀਤ 'ਚ 'ਸੁਸ਼ਮਾ' ਨੇ 'ਮਹਿੰਦਰ ਕਪੂਰ' ਤੇ 'ਆਸ਼ਾ ਭੌਂਸਲੇ' ਦੇ ਸੁਰਾਂ ਨਾਲ ਸੁਰ ਮਿਲਾਇਆ। 'ਮੇਰਾ ਤੁਮ ਸੇ ਹੈ ਪਹਿਲੇ ਕਾ ਨਾਤਾ ਕੋਈ, ਯੂੰ ਹੀ ਨਹੀਂ ਦਿਲ ਲੁਭਾਤਾ ਕੋਈ....' ਗੀਤ 'ਚ 'ਸੁਸ਼ਮਾ' ਨੇ 'ਕਿਸ਼ੋਰ ਕੁਮਾਰ' ਨਾਲ ਆਵਾਜ਼ ਦਿੱਤੀ। 'ਹੈ ਨਾ ਬੋਲੋ ਬੋਲੋ ਹੈ ਨਾ ਬੋਲੋ....' ਗੀਤ 'ਚ 'ਸੁਸ਼ਮਾ' ਨੇ 'ਰਫ਼ੀ' ਤੇ 'ਸੁਮਨ ਕਲਿਆਣਪੁਰ' ਨਾਲ ਆਵਾਜ਼ ਦਿੱਤੀ। 'ਇੱੱਕ ਦਿਨ ਬਿਕ ਜਾਏਗਾ ਮਾਟੀ ਕੇ ਮੋਲ... ...' ਗੀਤ 'ਚ 'ਮੁਕੇਸ਼' ਨਾਲ 'ਸੁਸ਼ਮਾ' ਨੇ ਆਵਾਜ਼ ਦਿੱਤੀ। 'ਉੱਡਨ ਖਟੋਲੇ ਪਰ ਸਵਾਰ... ...' ਗੀਤ 'ਚ 'ਲਤਾ' ਜੀ ਦੇ ਨਾਲ 'ਸੁਸ਼ਮਾ' ਨੇ ਆਵਾਜ਼ ਦਿੱਤੀ। ਸੰਗੀਤ ਦੀ ਮੁੱਢਲੀ ਸਿੱਖਿਆ 'ਸੁਸ਼ਮਾ' ਨੇ ਆਪਣੇ ਪਿਤਾ 'ਭੋਲਾ ਸ੍ਰੇਸ਼ਠ' ਤੋਂ ਹੀ ਲਈ ਜੋ ਕਿ ਤਬਲਾ ਵਾਦਕ ਸਨ ਤੇ ਪ੍ਰਸਿੱਧ ਸੰਗੀਤਕਾਰ 'ਖੇਮ ਚੰਦ ਪ੍ਰਕਾਸ਼' ਦੇ ਸਹਾਇਕ ਹੋਇਆ ਕਰਦੇ ਸੀ। 'ਸੁਸ਼ਮਾ' ਨੇ ਇਕ ਬਾਲ ਗਾਇਕਾ ਦੇ ਰੂਪ 'ਚ ਆਪਣੀ ਇਕ ਖ਼ਾਸ ਪਹਿਚਾਣ ਬਣਾਈ। ਜਦ ਉਹ ਮਹਿਜ਼ 11 ਸਾਲ ਦੀ ਸੀ ਤਾਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ, ਜਿਸ ਕਾਰਨ ਘਰ ਦੀ ਸਾਰੀ ਜ਼ਿੰਮੇਦਾਰੀ ਉਸ ਦੇ ਸਿਰ 'ਤੇ ਹੀ ਆ ਗਈ ਤੇ ਉਹ ਸਟੇਜ ਸ਼ੋਅ ਕਰਨ ਲੱਗੀ ਤੇ 'ਪੰਜਾਬ ਐਸੋਸੀਏਸ਼ਨ' ਵਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਉਸ ਨੂੰ 'ਸਕਾਲਰਸ਼ਿਪ ਵੀ' ਦਿੱਤੀ ਗਈ। ਇਸ ਤੋਂ ਬਿਨਾਂ ਉਹ ਉਸਤਾਦ 'ਤਾਜ ਅਹਿਮਦ ਖਾਂ' ਤੋਂ ਸੰਗੀਤ ਦੀ ਸਿੱਖਿਆ ਵੀ ਲੈਣ ਲੱਗੀ। ਸੰਗੀਤਕਾਰ 'ਸ਼ੰਕਰ ਜੈ ਕਿਸ਼ਨ', 'ਕਲਿਆਣ ਜੀ ਅਨੰਦ ਜੀ', 'ਲਕਸ਼ਮੀ ਕਾਂਤ-ਪਿਆਰੇ ਲਾਲ', 'ਰਾਹੁਲ ਦੇਵ ਬਰਮਨ' ਤੇ 'ਰਵਿੰਦਰ ਜੈਨ' ਵਰਗੇ ਸੰਗੀਤਕਾਰਾਂ ਨੇ ਫ਼ਿਲਮਾਂ 'ਚ ਉਸ ਨੂੰ ਖ਼ੂਬ ਮੌਕੇ ਦਿੱਤੇ।
(ਬਾਕੀ ਅਗਲੇ ਬੁੱਧਵਾਰ ਦੇ ਅੰਕ 'ਚ)
-ਸਿਮਰਨ, ਜਗਰਾਉਂ