ਨਵੀਂ ਦਿੱਲੀ, 5 ਸਤੰਬਰ (ਪੀ.ਟੀ.ਆਈ.)-ਭਾਰਤੀ ਕ੍ਰਿਕਟ ਟੀਮ ਦੀ ਜਰਸੀ ਨੂੰ ਸਪਾਂਸਰ ਕਰਨਾ ਹੁਣ ਹੋਰ ਮਹਿੰਗਾ ਹੋ ਜਾਵੇਗਾ ਕਿਉਂਕਿ ਬੀ.ਸੀ.ਸੀ.ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੇ ਦੁਵੱਲੀ ਲੜੀ ਲਈ ਪ੍ਰਤੀ ਮੈਚ 3.5 ਕਰੋੜ ਰੁਪਏ ਤੇ ਬਹੁ-ਪੱਖੀ ਟੂਰਨਾਮੈਂਟਾਂ 'ਚ ਪ੍ਰਤੀ ਮੈਚ 1.5 ਕਰੋੜ ਰੁਪਏ ਕਰ ਦਿੱਤਾ ਹੈ | ਇਕ ਰਿਪੋਰਟ ਦੇ ਅਨੁਸਾਰ, ਨਵੀਆਂ ਦਰਾਂ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਤੇ ਏਸ਼ੀਅਨ ਕ੍ਰਿਕਟ ਪ੍ਰੀਸ਼ਦ (ਏ.ਸੀ.ਸੀ.) ਵਲੋਂ ਮਨਜ਼ੂਰ ਤੇ ਕਰਵਾਏ ਗਏ ਮੁਕਾਬਲਿਆਂ 'ਤੇ ਲਾਗੂ ਹੋਣਗੀਆਂ | ਰਿਪੋਰਟ 'ਚ ਉਦਯੋਗ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਇਹ ਅੰਕੜੇ ਮÏਜੂਦਾ ਦਰਾਂ ਤੋਂ ਥੋੜ੍ਹਾ ਵੱਧ ਹਨ | ਪਹਿਲਾਂ, ਦੁਵੱਲੇ ਮੈਚਾਂ ਲਈ 3.17 ਕਰੋੜ ਰੁਪਏ ਤੇ ਬਹੁ-ਪੱਖੀ ਮੈਚਾਂ ਲਈ 1.12 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਂਦਾ ਸੀ | ਜ਼ਿਕਰਯੋਗ ਹੈ ਕਿ ਇਹ ਬਦਲਾਅ 'ਡ੍ਰੀਮ11' ਵਲੋਂ 'ਔਨਲਾਈਨ ਗੇਮਿੰਗ ਐਕਟ, 2025' ਦੇ ਲਾਗੂ ਹੋਣ ਤੋਂ ਬਾਅਦ ਜਰਸੀ ਸਪਾਂਸਰ ਵਜੋਂ ਅਸਤੀਫਾ ਦੇਣ ਤੋਂ ਬਾਅਦ ਆਇਆ ਹੈ | ਇਹ ਵੀ ਧਿਆਨਦੇਣ ਯੋਗ ਹੈ ਕਿ ਇਹ ਸੋਧ ਆਉਣ ਵਾਲੇ ਏਸ਼ੀਆ ਕੱਪ ਦੇ ਖਤਮ ਹੋਣ ਤੋਂ ਬਾਅਦ ਹੀ ਲਾਗੂ ਹੋਵੇਗੀ | ਹਾਲਾਂਕਿ, ਬੀ.ਸੀ.ਸੀ.ਆਈ. ਨੂੰ 400 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਹੋਣ ਦੀ ਉਮੀਦ ਹੈ | ਬੋਲੀ ਦੇ ਨਤੀਜੇ ਦੇ ਆਧਾਰ 'ਤੇ ਅੰਤਿਮ ਅੰਕੜਾ ਵੱਧ ਹੋ ਸਕਦਾ ਹੈ | ਬੀ.ਸੀ.ਸੀ.ਆਈ. ਨੇ ਮੰਗਲਵਾਰ ਨੂੰ ਡ੍ਰੀਮ 11 ਦੇ ਹਟਣ ਤੋਂ ਬਾਅਦ ਭਾਰਤੀ ਟੀਮ ਦੇ ਟਾਈਟਲ ਸਪਾਂਸਰ ਅਧਿਕਾਰਾਂ ਲਈ ਬੋਲੀਆਂ ਮੰਗੀਆਂ ਸਨ | ਭਾਰਤੀ ਟੀਮ 9 ਸਤੰਬਰ ਤੋਂ ਯੂ.ਏ.ਈ. 'ਚ ਬਿਨਾਂ ਕਿਸੇ ਮੁੱਖ ਸਪਾਂਸਰ ਦੇ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ 'ਚ ਖੇਡੇਗੀ, ਕਿਉਂਕਿ ਬੋਰਡ ਨੇ ਬੋਲੀ ਜਮ੍ਹਾਂ ਕਰਨ ਦੀ ਆਖਰੀ ਮਿਤੀ 16 ਸਤੰਬਰ ਰੱਖੀ ਹੈ |