ਬੀਜਿੰਗ, 3 ਸਤੰਬਰ (ਪੀ.ਟੀ.ਆਈ.)-ਦੂਸਰੇ ਵਿਸ਼ਵ ਯੁੱਧ 'ਚ ਜਪਾਨ ਦੀ ਹਾਰ ਦੇ 80 ਸਾਲ ਪੂਰੇ ਹੋਣ 'ਤੇ ਚੀਨ 'ਚ ਬੁੱਧਵਾਰ ਨੂੰ ਵਿਕਟਰੀ ਪਰੇਡ ਮਨਾਇਆ ਗਿਆ | ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਰਾਜਧਾਨੀ ਬੀਜਿੰਗ ਦੇ ਥਿਆਨਮੇਨ ਚੌਕ 'ਤੇ ਪਰੇਡ ਦੀ ਸਲਾਮੀ ਲਈ | ਜਿਨਪਿੰਗ ਦੇ ਭਾਸ਼ਣ ਤੋਂ ਬਾਅਦ ਸੈਨਾ ਪਰੇਡ ਕੱਢੀ ਗਈ | ਜਿਨਪਿੰਗ ਨੇ ਕਿਹਾ ਕਿ ਚੀਨ ਕਿਸੇ ਦੀਆਂ ਧਮਕੀਆਂ ਤੋਂ ਡਰਦਾ ਨਹੀਂ ਤੇ ਹਮੇਸ਼ਾਂ ਅੱਗੇ ਵੱਧਦਾ ਹੈ | ਉਨ੍ਹਾਂ ਨੇ ਲੋਕਾਂ ਨੂੰ ਇਤਿਹਾਸ ਯਾਦ ਰੱਖਣ ਤੇ ਜਪਾਨ ਖਿਲਾਫ਼ ਲੜਨ ਵਾਲੇ ਸੈਨਿਕਾਂ ਨੂੰ ਸਨਮਾਨ ਦੇਣ ਦੀ ਅਪੀਲ ਕੀਤੀ | ਪਰੇਡ ਦੌਰਾਨ ਹਾਈਪਰਸੌਨਿਕ ਗਲਾਈਡ ਵਾਹਨ, ਵਾਈ ਜੇ-21 ਐਂਟੀ ਸ਼ਿੱਪ ਕਰੂਜ਼ ਮਿਜ਼ਾਈਲ ਅਤੇ ਜੇ.ਐਲ.-3 ਪਣਡੁੱਬੀ ਤੋਂ ਛੱਡੀਆਂ ਜਾਣ ਵਾਲੀਆਂ ਬੈਲਿਸਟਿਕ ਮਿਜ਼ਾਈਲਾਂ ਸ਼ਾਮਿਲ ਸਨ | ਉੱਥੇ ਡੀ.ਐਫ.-5 ਸੀ ਨਿਊਕਲੀਅਰ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਦਾ ਐਡਵਾਂਸਡ ਵਰਜ਼ਨ 6 ਐਫ ਵੀ ਦਿਖਾਇਆ ਗਿਆ | ਇਹ ਮਿਜ਼ਾਈਲ ਅਮਰੀਕਾ ਤਕ ਮਾਰ ਕਰਦੀ ਹੈ | ਲੇਜ਼ਰ ਯੁੱਧ ਨੂੰ ਨਵਾਂ ਫੌਜੀ ਖੇਤਰ ਮੰਨਿਆ ਜਾਂਦਾ ਹੈ | ਭਾਰਤ ਨੇ ਪਿਛਲੇ ਮਹੀਨੇ ਇੱਕ ਏਕੀਕਿ੍ਤ ਹਵਾਈ ਰੱਖਿਆ ਹਥਿਆਰ ਪ੍ਰਣਾਲੀ, ਖਾਸ ਕਰਕੇ ਉੱਚ-ਸ਼ਕਤੀ ਵਾਲੇ ਲੇਜ਼ਰ-ਅਧਾਰਿਤ ਨਿਰਦੇਸ਼ਿਤ-ਊਰਜਾ ਹਥਿਆਰ ਪ੍ਰਣਾਲੀ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ, ਜਿਸਦੀ ਇੱਕ ਚੀਨੀ ਫੌਜੀ ਮਾਹਿਰ ਵਲੋਂ ਪ੍ਰਸ਼ੰਸਾ ਕੀਤੀ ਗਈ | ਚੀਨ ਨੇ ਪਹਿਲੀ ਵਾਰ ਇੱਕ ਨਵੀਂ ਕਿਸਮ ਦੀ ਡੀ ਐਫ-5ਸੀ ਤਰਲ-ਈਾਧਨ ਵਾਲੀ ਅੰਤਰ-ਮਹਾਂਦੀਪੀ ਰਣਨੀਤਕ ਪ੍ਰਮਾਣੂ ਮਿਜ਼ਾਈਲਾਂ ਪ੍ਰਦਰਸ਼ਿਤ ਕੀਤੀਆਂ | ਇਕ ਰਿਪੋਰਟ ਅਨੁਸਾਰ ਮਿਜ਼ਾਈਲ ਦੀ ਅੰਦਾਜ਼ਨ ਰੇਂਜ 20,000 ਕਿਲੋਮੀਟਰ ਤੋਂ ਵੱਧ ਹੈ | ਇਹ ਪੂਰੀ ਦੁਨੀਆ ਨੂੰ ਆਪਣੀ ਸਟ੍ਰਾਈਕ ਰੇਂਜ ਦੇ ਅਧੀਨ ਕਵਰ ਕਰ ਸਕਦੀ ਹੈ | ਪਰੇਡ ਦੌਰਾਨ ਇਹ ਦੁਨੀਆ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਅਤਿ-ਆਧੁਨਿਕ ਸਟੀਲਥ ਲੜਾਕੂ ਜਹਾਜ਼ਾਂ ਦੇ ਪੰਜ ਮਾਡਲ ਇੱਕ ਪਰੇਡ ਵਿਚ ਦਿਖਾਈ ਦਿੱਤੇ ਹਨ |