ਨਵੀਂ ਦਿੱਲੀ, 3 ਸਤੰਬਰ (ਏਜੰਸੀ)- ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ, ਕਰਨ ਜੌਹਰ, ਆਲੀਆ ਭੱਟ ਅਤੇ ਰਣਦੀਪ ਹੁੱਡਾ ਸਮੇਤ ਹੋਰ ਹਸਤੀਆਂ ਨੇ ਹੜ੍ਹ ਪ੍ਰਭਾਵਿਤ ਪੰਜਾਬ ਦੇ ਲੋਕਾਂ ਨਾਲ ਆਪਣਾ ਸਮਰਥਨ ਜਤਾਇਆ ਹੈ ਅਤੇ ਆਪਣੇ ਪ੍ਰਸੰਸਕਾਂ ਤੇ ਹੋਰਾਂ ਨੂੰ ਰਾਹਤ ਕਾਰਜਾਂ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ | 'ਐਕਸ' 'ਤੇ ਇਕ ਪੋਸਟ ਵਿਚ ਸ਼ਾਹਰੁਖ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਲਈ ਪ੍ਰਾਰਥਨਾਵਾਂ ਕਰ ਰਹੇ ਹਨ ਕਿ ਪ੍ਰਮਾਤਮਾ ਉਨ੍ਹਾਂ ਨੂੰ ਬਲ ਬਖਸ਼ੇ | ਉਨ੍ਹਾਂ ਲਿਖਿਆ ਕਿ ਮੇਰੀਆਂ ਸੰਵੇਦਨਾਵਾਂ ਪੰਜਾਬ ਦੇ ਵਿਨਾਸ਼ਕਾਰੀ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨਾਲ ਹਨ | ਮੈਂ ਉਨ੍ਹਾਂ ਲਈ ਪ੍ਰਾਰਥਨਾਵਾਂ ਅਤੇ ਹੌਂਸਲਾ ਭੇਜ ਰਿਹਾ ਹਾਂ, ਪੰਜਾਬ ਦਾ ਮਨੋਬਲ ਕਦੇ ਨਹੀਂ ਡਿੱਗੇਗਾ, ਪਰਮਾਤਮਾ ਸਾਰਿਆਂ 'ਤੇ ਮਿਹਰ ਬਣਾਈ ਰੱਖੇ | ਕਰਨ ਜੌਹਰ ਨੇ ਇੰਸਟਾਗ੍ਰਾਮ 'ਤੇ ਕਿਹਾ ਕਿ ਪੰਜਾਬ 'ਚ ਸਾਡੇ ਦੋਸਤਾਂ ਅਤੇ ਪਰਿਵਾਰਾਂ ਲਈ ਇਹ ਇਕ ਔਖਾ ਸਮਾਂ ਹੈ | ਇਸ ਮੁਸੀਬਤ ਮੌਕੇ ਮੇਰੀ ਪ੍ਰਾਰਥਨਾ ਹੈ ਕਿ ਪ੍ਰਭਾਵਿਤ ਲੋਕ ਠੀਕ-ਠਾਕ ਰਹਿਣ | ਉਨ੍ਹਾਂ ਲਿਖਿਆ ਕਿ ਕਿਰਪਾ ਕਰਕੇ ਕਿਸੇ ਵੀ ਤਰੀਕੇ ਨਾਲ ਆਪਣਾ ਹਿੱਸਾ ਪਾਓ ਅਤੇ ਸਿਰਫ਼ ਪ੍ਰਮਾਣਿਤ ਜਾਣਕਾਰੀ ਹੀ ਸਾਂਝੀ ਕਰੋ | ਆਲੀਆ ਭੱਟ ਨੇ ਕਿਹਾ ਕਿ ਪੰਜਾਬ 'ਚ ਹੜ੍ਹਾਂ ਤੋਂ ਪ੍ਰਭਾਵਿਤ ਹਰ ਵਿਅਕਤੀ ਨਾਲ ਉਸ ਦੀਆਂ ਸੰਵੇਦਨਾਵਾਂ ਹਨ | ਉਸ ਨੇ ਅੱਗੇ ਕਿਹਾ ਕਿ ਮੈਂ ਪ੍ਰਭਾਵਿਤ ਸਾਰੇ ਲੋਕਾਂ ਲਈ ਪਿਆਰ, ਤਾਕਤ ਅਤੇ ਪ੍ਰਾਰਥਨਾਵਾਂ ਭੇਜ ਰਹੀ ਹਾਂ ਅਤੇ ਜ਼ਮੀਨੀ ਪੱਧਰ 'ਤੇ ਅਣਥੱਕ ਮਿਹਨਤ ਕਰ ਰਹੇ ਲੋਕਾਂ ਦਾ ਧੰਨਵਾਦ ਕਰਦੀ ਹਾਂ ਤਾਂ ਜੋ ਹਰ ਪਰਿਵਾਰ ਨੂੰ ਉਭਰਨ ਅਤੇ ਮੁੜ ਨਿਰਮਾਣ ਲਈ ਲੋੜੀਂਦੀ ਸਹਾਇਤਾ ਮਿਲ ਸਕੇ | ਹੁੱਡਾ, ਜੋ ਗੁਰਦਾਸਪੁਰ ਜ਼ਿਲ੍ਹੇ ਵਿਚ ਜ਼ਮੀਨੀ ਪੱਧਰ 'ਤੇ ਲੋਕਾਂ ਦੀ ਮਦਦ ਕਰ ਰਹੇ ਹਨ, ਨੇ ਕਿਹਾ ਕਿ ਪਾਣੀ ਹੇਠਾਂ ਆ ਗਿਆ ਸੀ ਅਤੇ ਅੱਜ ਫਿਰ ਵੱਧ ਗਿਆ ਹੈ... ਨੁਕਸਾਨ ਦਿਲ ਤੋੜਨ ਵਾਲਾ ਹੈ | ਉਨ੍ਹਾਂ ਕਿਹਾ ਕਿ ਮੈਂ ਜ਼ਮੀਨੀ ਪੱਧਰ 'ਤੇ ਮਦਦ ਕਰਨ ਤੇ ਜਾਗਰੂਕਤਾ ਪੈਦਾ ਕਰਨ ਲਈ ਇੱਥੇ ਹਾਂ ਅਤੇ ਇਹ ਵੀ ਕਿਹਾ ਕਿ ਉਹ ਗਲੋਬਲ ਸਿੱਖਸ ਸੰਗਠਨ ਰਾਹੀਂ ਮਦਦ ਕਰ ਰਿਹਾ ਹੈ |