ਸੈਕਰਾਮੈਂਟੋ, 4 ਸਤੰਬਰ (ਹੁਸਨ ਲੜੋਆ ਬੰਗਾ)-ਇਕ ਸੰਘੀ ਅਦਾਲਤ ਨੇ 2 ਅਰਬ ਡਾਲਰ ਦੀ ਫੰਡ ਕਟੌਤੀ ਦੇ ਮਾਮਲੇ 'ਚ ਹਾਰਵਰਡ ਯੁਨੀਵਰਿਸਟੀ ਦੇ ਹੱਕ 'ਚ ਫ਼ੈਸਲਾ ਦੇ ਕੇ ਟਰੰਪ ਪ੍ਰਸ਼ਾਸਨ ਨੂੰ ਵੱਡਾ ਝਟਕਾ ਦਿੱਤਾ ਹੈ | ਬੋਸਟਨ 'ਚ ਯੂ.ਐਸ. ਜਿਲ੍ਹਾ ਜੱਜ ਐਲੀਸਨ ਬੂਰੌਘਜ ਨੇ ਯੁਨੀਵਰਿਸਟੀ ਦੇ ਹੱਕ 'ਚ ਫ਼ੈਸਲਾ ਸੁਣਾਉਂਦਿਆਂ ਟਰੰਪ ਪ੍ਰਸ਼ਾਸਨ ਦੀ ਇਹ ਦਲੀਲ ਰੱਦ ਕਰ ਦਿੱਤੀ ਕਿ ਉਸ ਨੇ ਫੰਡ ਇਸ ਲਈ ਰੋਕੇ ਸਨ ਕਿਉਂਕਿ ਹਾਰਵਰਡ ਕੈਂਪਸ 'ਚ ਯਹੂਦੀ ਵਿਰੋਧੀ ਵਾਤਾਵਰਣ ਦੇ ਦੋਸ਼ ਲੱਗੇ ਸਨ | ਜੱਜ ਨੇ ਕਿਹਾ ਟਰੰਪ ਪ੍ਰਸ਼ਾਸਨ ਨੇ ਯਹੂਦੀ ਵਿਰੋਧੀ ਦੋਸ਼ਾਂ ਨੂੰ 'ਸਮੋਕਸਕਰੀਨ' ਵਜੋਂ ਵਰਤਿਆ ਹੈ | ਜੱਜ ਨੇ ਆਪਣੇ 84 ਸਫਿਆਂ 'ਤੇ ਅਧਾਰਤ ਫੈਸਲੇ 'ਚ ਕਿਹਾ ਹੈ ਕਿ ਇਸ ਤੋਂ ਇਲਾਵਾ ਹੋਰ ਕੋਈ ਸਿੱਟਾ ਕੱਢਣਾ ਮੁਸ਼ਕਿਲ ਹੈ ਕਿ ਟਰੰਪ ਪ੍ਰਸ਼ਾਸਨ ਨੇ ਦੇਸ਼ ਦੀ ਪ੍ਰਮੁੱਖ ਯੁਨੀਵਰਸਿਟੀ ਉਪਰ ਵਿਚਾਰਧਾਰਾ ਪ੍ਰੇਰਤ ਹਮਲਾ ਕੀਤਾ ਹੈ ਤੇ ਯਹੂਦੀਵਾਦ ਵਿਰੋਧ ਨੂੰ ਪਰਦੇ ਦੇ ਤੌਰ 'ਤੇ ਵਰਤਿਆ ਹੈ | ਹਾਰਵਰਡ ਯੁਨੀਵਰਸਿਟੀ ਦੀ ਇਹ ਵੱਡੀ ਜਿੱਤ ਹੈ | ਹਾਰਵਰਡ ਹੀ ਇੱਕੋ ਇੱਕ ਯੁਨੀਵਰਸਿਟੀ ਹੈ ਜੋ ਵਾਇਟ ਹਾਊਸ ਨੂੰ ਅਦਾਲਤ 'ਚ ਲੈ ਕੇ ਗਈ ਹੈ | ਜੱਜ ਨੇ ਹੋਰ ਕਿਹਾ ਕਿ 'ਸਾਨੂੰ ਯਹੂਦੀਵਾਦ ਵਿਰੋਧੀ ਲੜਾਈ ਜਰੂਰ ਲੜਨੀ ਚਾਹੀਦੀ ਹੈ ਪਰੰਤੂ ਅਜਿਹਾ ਕਰਦੇ ਸਮੇ ਸਾਨੂੰ ਬੋਲਣ ਜਾਂ ਭਾਸ਼ਣ ਦੇਣ ਦੀ ਆਜ਼ਾਦੀ ਦੇ ਹੱਕ ਨੂੰ ਸੁਰੱਖਿਅਤ ਕਰਨਾ ਪਵੇਗਾ |'